ਜਿੱਤ ਕੇ ਹੀ ਜਾਵਾਂਗੇ

ਜਿੱਤ ਕੇ ਹੀ ਜਾਵਾਂਗੇ

ਮੇਰਾ ਨੌਂ ਸੁਰਿੰਦਰ ਕੌਰ ਹੈ ਤੇ ਮੇਰਾ ਪਿੰਡ ਜੋਗੇਵਾਲਾ, ਜਿਲਾ ਮੋਗਾ ਹੈ। ਹੁਣ 65 ਕਿ 64 ਸਾਲ ਉਮਰ ਹੋਣੀ ਮੇਰੀ ਪਰ ਪਤਾ ਹੀ ਨਾ ਲੱਗਾ ਕਿ ਕਿੱਥੇ ਲੰਘ ਗਏ ਇੰਨੇ ਵਰ੍ਹੇ ਮੇਰੇ ਤਾਂ ਪੁੱਤ ਸਹੁਰੇ ਵੀ ਓਹੀ ਰਹੇ ਤੇ ਪੇਕੇ ਵੀ! ਮੇਰੇ ਬਾਪੂ ਜੀ ਬਹੁਤ ਬਿਮਾਰ ਰਹਿੰਦੇ ਹੁੰਦੇ ਸਨ, ਨਾ ਕੋਈ ਭਰਾ ਨਾ ਕੋਈ ਬਹੁਤੀ ਜ਼ਮੀਨ, 2 ਕੁ ਕਿੱਲੇ ਸੀ ਉਹ ਵੀ ਗਹਿਣੇ। ਮੈਂ ਜਵਾਨ ਹੋਈ ਤਾਂ ਬਾਪੂ ਜੀ ਨੂੰ ਵਿਆਹ ਦੀ ਚਿੰਤਾ ਰਹਿੰਦੀ ਕਿ ਕੱਲ ਕੋਈ ਵਿਆਹ ਤੋਂ ਬਾਅਦ ਉੱਨੀ – ਇੱਕੀ ਹੋਈ ਤਾਂ ਆਪਣੀ ਸਿਹਤ ਦੇ ਚੱਲਦੇ ਉਹ ਸਾਡੀ ਸਾਰ ਵੀ ਨਾ ਲੈ ਸਕਣ ਤਾਂ ਪਿੰਡ ‘ਚ ਹੀ ਇੱਕ ਟੱਬਰ ਭਾਲ ਕੇ ਮੇਰਾ ਵਿਆਹ ਕਰ ਦਿੱਤਾ। ਸ਼ੁਰੂ ਸ਼ੁਰੂ ‘ਚ ਤਾਂ ਪਿੰਡ ਦੇਆਂ ਲੋਕਾਂ ਨੇ ਵੀ ਬੜਾ ਇਤਰਾਜ਼ ਜਿਆ ਕੀਤਾ, ਸਾਹਮਣੇ ਨਹੀਂ ਤਾਂ ਪਿੱਠ ਪਿੱਛੇ ਤਾਂ ਗੱਲਾਂ ਕਰਦੇ ਹੀ ਸੀ ਪਰ ਮੇਰੇ ਬਾਪੂ ਨੇ ਕੋਈ ਨਾ ਜਾਣੀ ਤੇ ਕੁਝ ਸਾਲ ਮਗਰੋਂ ਮੇਰੀ ਛੋਟੀ ਇਕ ਭੈਣ ਦਾ ਵਿਆਹ ਵੀ ਉਰੇ ਹੀ ਕੀਤਾ। ਉਸ ਦਾ ਸਾਕ ਅਸੀਂ ਹੀ ਮੰਗ ਕੇ ਲਿਆ ਸੀ ਆਪਣੇ ਘਰੇ ਜਿਵੇਂ ਮੇਰੇ ਇੱਧਰ ਦੇ ਚਾਚੇ ਦੇ ਮੁੰਡੇ ਵੱਲ, ਕੰਧ ਜੁੜਦੀ ਜਮਾਂ ਸਾਡੇ ਨਾਲ਼ ਉਨਾਂ ਦੀ। ਹੁਣ ਅਸੀਂ ਦੋ ਭੈਣਾਂ ਇੱਕੋ ਹੀ ਪਿੰਡ ‘ਚ ਇੱਕ ਦੂਜੇ ਦੀਆਂ ਦਰਾਣੀਆਂ ਜਠਾਣੀਆਂ ਵੀ ਬਣ ਗਈਆਂ, ਇਸ ਪਾਸੋਂ ਸੱਚ ਦੱਸਾਂ ਲੋਕਾਂ ਦੀਆਂ ਗੱਲਾਂ ਤਾਂ ਇੱਕ ਪਾਸੇ ਮੈਨੂੰ ਬੜਾ ਸੁੱਖ ਮਿਲਿਆ, ਨਾਂ ਤਾਂ ਕੋਈ ਕਦੀ ਮੈਨੂੰ ਮਿਹਣਾ ਮਾਰੇ ਨਾ ਹੀ ਕਦੀ ਕੋਈ ਤਕਲੀਫ ਹੀ ਦਿੱਤੀ ਸ਼ਾਇਦ ਮੈਂ ਉਸੇ ਪਿੰਡ ਦੀ ਜੰਮ-ਪਲ ਸੀ ਜਾਂ ਉਨਾਂ ਨੂੰ ਡਰ ਸੀ ਕਿ ਇਹਦਾ ਬਾਪੂ ਆਜੂ ਸਾਡੇ ਨਾਲ਼ ਲੜਣ ਪਤਾ ਨਹੀਂ ਪਰ ਸੁਖੀ ਰਿਹਾ।

ਜਵਾਨੀ ਵੇਲੇ ਤਾਂ 20-20 ਡੰਗਰ ਸਾਂਭਣੇ, ਅਸੀਂ ਭੈਣਾਂ ਸਾਰੀਆਂ ਆਪਣੇ ਡੰਗਰ ਇੱਕ ਬੰਨੇ ਹੀ ਬੰਨ੍ਹ ਲੈਂਦੀਆਂ, ਇੱਕੋ ਵਾੜੇ ‘ਚ ਕੰਮ ਵੱਟ ਜਾਂਦਾ ਤੇ ਕਰਨੇ ਨੂੰ ਸੌਖਾ ਹੋ ਜਾਂਦਾ, ਸਾਰਾ ਦਿਨ ਨਾ ਮਹਿਸੂਸ ਹੁੰਦਾ ਕਿ ਕਿੱਥੇ ਲੰਘ ਗਿਆ ਕਬੀਲਦਾਰੀਆਂ ‘ਚ ਹੋਕੇ ਵੀ ਜਮਾਂ ਬੌਲੀਆਂ ਕੁੜੀਆਂ ਹੀ ਬਣੀਆਂ ਰਹਿੰਦਿਆਂ, ਭੱਜ ਭੱਜ ਕੰਮ ਕਰਦੀਆਂ ਛੇਤੀ ਵਿਹਲੇ ਹੋ ਬਹਿਕੇ ਗੱਲਾਂ ਕਰਨੀਆਂ, ਸਾਡੇ ਮਗਰੇ ਸਾਡੇ ਆਪਦੇ ਤੇ ਕਈ ਨਾਲ਼ਦੇ ਪਿੰਡਾਂ ‘ਚ ਇਉਂ ਹੀ ਨਾਲ਼ਦੇ ਆਪਣੇ  ਨੇੜੇ ਨੇੜੇ ਹੀ ਵਿਆਹ ਹੋਏ, ਜਿਵੇਂ ਬਾਪੂ ਜੀ ਦੀ ਇੱਕ ਹਿੰਮਤ ਨੇ ਲੋਕਾਂ ਨੂੰ ਵੀ ਪ੍ਰੇਰਿਤ ਕਰਤਾ ਹੋਵੇ ਕਿ ਬਿਨਾਂ ਦਾਜ ਤੇ ਫੋਕੀ ਟੌਰ ਟੰਬੇ ਨਾਲ਼ੋਂ ਆਪਣੀ ਜੇਬ ਤੇ ਵਿਚਾਰਾਂ ਦੀ ਸਾਂਝ ਪਾਕੇ ਵੀ ਵਿਆਹ ਕੀਤੇ ਜਾ ਸਕਦੇ ਹਨ, ਰਿਵਾਜਾਂ ਦਾ ਕੀ ਹੈ ਇਹ ਵੀ ਰਿਵਾਜ ਬਣ ਗਿਆ ਹੁਣ।

ਕਿੱਲੇ ਤਾਂ ਉਰੇ ਵੀ ਜਿਵੇਂ ਵੰਡ ਤੋਂ ਬਾਅਦ 2 ਹੀ ਰਹਿ ਗਏ ਖਰਚੇ ਪੱਖੋਂ ਤਾਂ ਚਲੋਂ ਊਈਂ ਹੀ ਐ, ਚੱਲਦਾ ! ਅਗਾਂਹ ਬੱਚੇ ਮਿਹਨਤੀ ਨੇ ਆਪੇ ਸਾਰ ਲੈਣਗੇ ਅਸੀਂ ਤਾਂ ਕਰਕੇ ਦਿੱਤਾ ਬਥੇਰਾ , ਹੁਣ ਇਥੇ ਮੈਂ ਤੇ ਭੈਣ ਵਾਰੀ ਆਈਆਂ ਆਂ 5 ਦਿਨ ਹੋ ਗਏ ਨੇ , ਅੱਗੇ ਲਾ ਗਏ ਸੀ ਮਹੀਨਾ ਜਨਵਰੀ ਲਾਗੇ  ਪਿੰਡ ਦੇ ਬੰਦੇ ਜਿਹੜੇ ਆ ਉਹ ਕਣਕ ਸਾਂਭਣ  ਰੁਝੇ ਆਪਣੀ ਅਸੀਂ ਉਰੇਂ ਆਂ ਬੱਸ , ਕਿਸੇ ਨੇ ਤਾਂ ਫਿਰ ਆਉਣਾ ਹੀ ਹੋਇਆ ਮੋਰਚਾ ਥੋੜੀ ਛਡਿਆ ਜਾਂਦਾ । ਬਸ ਉਰੇ ਆਰਾਮ ਏ ਦੋ ਜਾਣੀਆਂ ਕਰ ਲੈਂਦੀਆਂ ਆਪਣਾ ਰੋਟੀ ਟੁਕ ਬਾਲਾ ਕੋਈ ਔਖਾ ਨਹੀਂ , ਵਧੀਆ ਚੁੱਲਾ ਭਾਂਡੇ ਪੱਖਾ ਸਾਰਾ ਕੁਸ਼ ਤਾਂ ਹੈ ਉਰੇ ਵੀ ਤਾਂ ਸਰੀ ਜਾਂਦਾ । ਜੇ ਮਾਲਕ ਨੇ ਚਾਹਿਆ ਤਾਂ ਜਿੱਤ ਕੇ ਹੀ ਜਾਵਾਂਗੇ ਜੇ ਇਥੇ ਮੁਕ ਗਏ ਤਾਹਵੀਂ ਠੀਕ ਏ ।

en_GBEnglish

Discover more from Trolley Times

Subscribe now to keep reading and get access to the full archive.

Continue reading