ਛੇ ਬੀਬੀਆਂ

ਛੇ ਬੀਬੀਆਂ

ਛੇ ਬੀਬੀਆਂ ਦਾ ਇਕ ਜਥਾ ਪਿੰਡ ਚੋਟੀਆਂ, ਜ਼ਿਲ੍ਹਾ ਬਠਿੰਡਾ ਤੋਂ ਹਫ਼ਤੇ ਲਈ ਆਇਆ। ਅਸੀਂ ਚਾਰ-ਪੰਜ ਵਾਰੀਂ ਰਲਕੇ ਬੈਠੀਆਂ। ਮੈਂ ਉਹਨਾਂ ਨੂੰ ਦਸਤਖ਼ਤ ਸਿੱਖਣ ਲਈ ਕਿਹਾ। ਉਹਨਾਂ ਵਿਚੋਂ ਚਾਰ ਨੂੰ ਨਹੀਂ ਸੀ ਆਉਂਦੇ, ਉਹ ਬੜੀ ਜਲਦੀ ਅੱਖਰਾਂ ਦੀ ਬਣਤਰ ਸਿੱਖ ਗਈਆਂ। ਪਰ ਨਿਗਾਹ ਪਾਟਣ ਕਰਕੇ ਜ਼ਿਆਦਾ ਵਕ਼ਤ ਨਹੀਂ ਲਿਖ ਸਕਦੀਆਂ ਸਨ। ਉਹਨਾਂ ਦੀਆਂ ਦੋ ਗੱਲਾਂ ਮੈਨੂੰ ਬਾਹਲੀਆਂ ਸੋਹਣੀਆਂ ਲੱਗੀਆਂ।

1) ਮੈਂ ਕਿਹਾ- ਆਜੋ ਦਸਤਖ਼ਤ ਕਰਨੇ ਸਿਖਾਵਾਂ!

ਇੱਕ ਬੀਬੀ ਬੋਲੀ- ਹੁਣ ਕਿੱਥੇ ਆਉਣੇ ਆਂ, ਅੱਖਰ ਪਾਉਣੇ! 

ਉਹਨਾਂ ਵਿਚੋਂ ਈ ਦੂਜੀ ਬੀਬੀ ਦਾ ਇਹ ਕਹਿਣਾ ਸੀ- ਤੂੰ ਦੁਨੀਆਂ ਦੀ ਹਰ ਕਢਾਈ ਕਰ ਲੈਨੀ ਆਂ, ਊੜਾ ਕੀ ਆ ਤੇਰੇ ਸਾਹਮਣੇ! ਤੂੰ ਕਰ ਸ਼ੁਰੂ, ਸਭ ਆਜੂ! ਜੀਹਨੂੰ ਕਢਾਈ ਆਉਂਦੀ ਆ, ਉਹ ਕੁਛ ਵੀ ਸਿੱਖ ਸਕਦਾ!

2) ਸ਼ਿੰਦਰ ਮਾਤਾ ਨੇ ਆਪਣੀ ਜਵਾਨੀ ਦੀ ਗੱਲ ਸੁਣਾਈ। ਉਹ ਆਵਦੇ ਨਾਨਕੀਂ ਗਈ ਤੇ ਮਾਮੇ ਦੀ ਕੁੜੀ ਨਾਲ ਦਰੀਆਂ ਲਾਈਆਂ। ਅਖ਼ੇ ਅਸੀਂ ਪੁਰਾਣੇ ਨਮੂਨੇ ਲਾਹ ਕੇ ਅੱਕ ਗਈਆਂ। ਉਹ ਕਹਿੰਦੀ ਬਈ ਅੜੀਏ ਆਪਾਂ ਚਿੜੀਆਘਰ ਆਲੀ ਦਰੀ ਬਣਾਈਏ! ਪਰ ਹੁਣ ਜਨੌਰਾਂ ਦੇ ਨਮੂਨੇ ਹੈ ਨਾ ਕੋਲ। ਅਖ਼ੇ ਅਸੀਂ ਤਾਂ ਭਾਈ ਪਿੰਡ ਆਲੇ ਰਾਹ ‘ਤੇ ਖੜ ਜਾਇਆ ਕਰੀਏ, ਜੇ ਕੋਈ ਭਾਈ ਝੋਲਾ ਲੈ ਕੇ ਲੰਘੇ, ਜੀਹਦੇ ‘ਤੇ ਤੋਤਾ, ਚਿੜੀਆਂ ਜਾਂ ਕੋਈ ਵੀ ਜਨੌਰ ਜਾਂ ਪਸ਼ੂ ਦਿਸੇ, ਅਸੀਂ ਤਾਂ ਉਹਦੀਆਂ ਈ ਮਿੰਨਤਾਂ ਕਰਨ ਲੱਗ ਜਾਇਆ ਕਰੀਏ ਬਈ ਭਾਈ ਥੋੜੇ ਜੇ ਦਿਨਾਂ ਆਸਤੇ ਦੇ ਦੇ ਆਹ ਝੋਲਾ! ਨਮੂਨਾ ਲਾਹ ਕੇ ਦੇ ਦਵਾਂਗੇ! ਫੇਰ ਆਏਂ ਇੱਕ-ਇੱਕ ਕਰਕੇ ਅੱਠ ਕੁ ਜਾਨਵਰ ਤੇ ਪੰਛੀ ਲੱਭ ਗਏ ਤੇ ਉਹ ਸਾਰੇ ਦਰੀ ‘ਤੇ ਪਾਏ ਤੇ ਫੇਰ ਓਹਦੇ ਨਾਲ ਦੀ ਇੱਕ ਹੋਰ ਦਰੀ ਬਣਾਈ ਬਈ ਦੋਹੇਂ ਸਹੇਲੀਆਂ ਨਿਸ਼ਾਨੀ ਰੱਖਾਂਗੇ ਇੱਕ ਦੂਜੀ ਦੀ। ਇਹ ਸੀ ਚਿੜੀਆਘਰ ਦਰੀ ਦੀ ਕਹਾਣੀ! 

ਮੈਂ ਵਾਅਦਾ ਕੀਤਾ ਕਿ ਮੈਂ ਉਹਨਾਂ ਦੇ ਪਿੰਡ ਜਾ ਕੇ ਉਹ ਦਰੀ ਵੇਖ ਕੇ ਆਉਂਗੀ ਤੇ ਨਾਲੇ ਫੋਟੋ ਕਰਕੇ ਲਿਆਊਂਗੀ। ਉਹਨਾਂ ਮੈਨੂੰ ਨਾਲਾ ਪਾਉਣੀ ਬਣਾਉਣੀ ਸਿਖਾਈ ਤੇ ਮੈਂ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਤੋਂ ਰੰਗ ਭਰਵਾਏ। ਮਿਲਣੀ ਬਾਹਲੀ ਸੋਹਣੀ ਰਹੀ ਤੇ ਉਮਰ ਭਰ ਯਾਦ ਰਹੂ। ਦੇਖੋ ਹੁਣ ਅੱਗੇ ਕਦੋਂ ਮਿਲਦੇ ਹਾਂ!  ਸੱਚ ਬੀਬੀ ਹੋਰਾਂ ਨੇ ਮੋਦੀ ਸਪੈਸ਼ਲ ਕੁਝ ਬੋਲੀਆਂ ਵੀ ਲਿਖੀਆਂ!

en_GBEnglish