ਲਾਸ਼ਾਂ ਢੋਂਦੀ ਗੰਗਾ

ਲਾਸ਼ਾਂ ਢੋਂਦੀ ਗੰਗਾ

ਕੱਠੇ ਹੋ ਸਭ ਮੁਰਦੇ ਬੋਲੇ,

“ਸਭ ਕੁਛ ਚੰਗਾ ਚੰਗਾ”

ਰਾਜਨ ਤੇਰੇ ਰਾਮਰਾਜ ਵਿਚ

ਲਾਸ਼ਾਂ ਢੋਵੇ ਗੰਗਾ

ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,

ਲੱਕੜਾਂ ਬਲ ਬਲ ਮੁੱਕੀਆਂ।

ਥੱਕ ਗਏ ਨੇ ਮੋਢੇ ਸਾਰੇ,

ਅੱਖੀਆਂ ਰੋ ਰੋ ਸੁੱਕੀਆਂ।

ਦਰ ਦਰ ਜਾ ਜਮਦੂਤ ਖੇਲਦੇ,

ਮੌਤ-ਨਾਚ ਬੇਢੰਗਾ।

ਰਾਜਨ ਤੇਰੇ ਰਾਮਰਾਜ ਵਿਚ

ਲਾਸ਼ਾਂ ਢੋਵੇ ਗੰਗਾ।

ਦਿਨ ਰਾਤ ਜੋ ਬਲਣ ਚਿਤਾਵਾਂ,

ਰੋਕ ਨਾ ਪੈਂਦੀ ਪਲ ਭਰ।

ਟੁੱਟੀ ਜਾਂਦੇ ਗਜਰੇ ਵੰਙਾਂ,

ਛਾਤੀਆਂ ਪਿੱਟਣ ਘਰ ਘਰ।

ਲਾਟਾਂ ਦੇਖ ਵੀ ਮੱਛਰੇ ਫਿਰਦੇ,

ਦੋਵੇਂ ‘ਬਿੱਲਾ-ਰੰਗਾ’।

ਰਾਜਨ ਤੇਰੇ ਰਾਮਰਾਜ ਵਿਚ

ਲਾਸ਼ਾਂ ਢੋਵੇ ਗੰਗਾ।

ਰਾਜਨ ਤੇਰੇ ਉਜਲੇ ਵਸਤਰ,

ਕਹਿਣ ਤੂੰ ਰੱਬੀ ਜੋਤੀ।

ਤੂੰ ਜੋ ਸੀ ਪੱਥਰ ਤੋਂ ਭੈੜਾ,

ਰਹੇ ਸਮਝਦੇ ਮੋਤੀ।

ਹਿੰਮਤ ਹੈ ਤਾਂ ਬੋਲੋ ਭਾਈ,

ਸਾਡਾ ਰਾਜਨ ਨੰਗਾ।

ਰਾਜਨ ਤੇਰੇ ਰਾਮਰਾਜ ਵਿਚ

ਲਾਸ਼ਾਂ ਢੋਵੇ ਗੰਗਾ।

 

(ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ)

en_GBEnglish