ਸਹਿਕਾਰੀ ਖੇਤੀਬਾੜੀ ਪ੍ਰਣਾਲੀ ਦੇ ਵੱਖ ਵੱਖ ਰੂਪਾਂ ਵਿਚੋਂ ਸਭ ਤੋਂ ਵਧੀਆ ਸਹਿਕਾਰੀਸਾਂਝੀ ਖੇਤੀਬਾੜੀ (Coperative Unit Farming) ਨੂੰ ਮੰਨਿਆ ਜਾਦਾ ਹੈ। ਇਸ ਪ੍ਰਣਾਲੀ ਅਧੀਨ ਕਿਸਾਨ ਆਪਣIਆਂ ਜੋਤਾਂ ਉੱਪਰ ਮਿਲਕੇ ਖੇਤੀਬਾੜੀ ਕਰਦੇ ਹਨ। ਜੋਤਾਂ ਦੀ ਮਲਕੀਅਤ ਨਿੱਜੀ ਰਹਿੰਦੀ ਹੈ ਅਤੇ ਖੇਤੀਬਾੜੀ ਦੇ ਸਾਰੇ ਕੰਮ ਕਿਸਾਨ ਰਲ-ਮਿਲਕੇ ਕਰਦੇ ਹਨ। ਇਸ ਪ੍ਰਣਾਲੀ ਅਧੀਨ ਮੈਂਬਰਸ਼ਿਪ ਸਵੈ-ਇੱਛਤ ਹੁੰਦੀ ਹੈ। ਕਿਸਾਨਾਂ ਦੀਆਂ ਸਾਰੀਆਂ ਜੋਤਾਂ ਉੱਪਰ ਖੇਤੀਬਾੜੀ ਇਕ ਜੋਤ ਦੇ ਤੌਰ ਉੱਤੇ ਹੁੰਦੀ ਹੈ। ਕੰਮ ਕਰਨ ਲਈ ਮੇਹਨਤਾਨਾ ਅਤੇ ਜੋਤਾਂ ਦੇ ਆਕਾਰ ਅਨੁਸਾਰ ਨਫ਼ੇ ਦੀ ਵੰਡ ਹੁੰਦੀ ਹੈ। ਇਸ ਪ੍ਰਣਾਲੀ ਅਧੀਨ ਕੰਮ ਕਰਵਾਉਣ ਲਈ ਕਮੇਟੀ ਲੋਕਤੰਤਰਿਕ ਢੰਗ ਨਾਲ਼ ਚੁਣੀ ਜਾਂਦੀ ਹੈ। ਇਸ ਪ੍ਰਣਾਲੀ ਅਧੀਨ ਜੋਤਾਂ ਨੂੰ ਇਕਠਾ ਕਰਨ ਦੇ ਨਤੀਜੇ ਵਜੋਂ ਵੱਡੇ ਆਕਾਰ ਦੀ ਜੋਤ ਉੱਪਰ ਖੇਤੀਬਾੜੀ ਕਰਨ ਲਈ ਖੇਤੀਬਾੜੀ ਕਰਨ ਦੀਆਂ ਆਧੁਨਿਕ ਵਿਧੀਆਂ ਨੂੰ ਅਪਣਾਇਆ ਜਾ ਸਕਦਾ ਹੈ ਜਿਸ ਨਾਲ਼ ਕਿਸਾਨਾਂ ਦੀ ਆਮਦਨ ਦੇ ਵਧਣ ਅਤੇ ਉਨ੍ਹਾਂ ਦੇ ਜੀਵਨਪੱਧਰ ਦੇ ਉੱਚਾ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ।
ਭਾਵੇਂ ਮੁਲਕ ਵਿਚ ਸਰਕਾਰੀ ਸਰਪ੍ਰਸਤੀ ਅਧੀਨ ਸ਼ੁਰੂ ਕੀਤੀ ਗਈ ਸਹਿਕਾਰੀ ਖੇਤੀਬਾੜੀ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਨਾ ਆਉਣ ਕਰਕੇ ਇਸ ਪ੍ਰਣਾਲੀ ਦੀ ਨੁਕਤਾਚੀਨੀ ਹੁੰਦੀ ਰਹੀ ਹੈ, ਪਰ ਖੇਤੀਬਾੜੀ ਖੇਤਰ ਨਾਲ਼ ਸੰਬੰਧਿਤ ਸਹਿਕਰਤਾ ਦੀ ਸ਼ਾਨਦਾਰ ਕਾਮਯਾਬੀ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਵਿਚ ਅਮੂਲ ਡੇਅਰੀ, ਇਫ਼ਕੋ, ਕਰਿਭਕੋ, ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਲਾਂਬੜਾ ਕਾਂਗੜੀ, ਮੋਗੇ ਜ਼ਿਲ੍ਹੇ ਦਾ ਪਿੰਡ ਚੱਕ ਕੰਨੀਆਂ ਕਲਾਂ, ਪੰਜਾਬ ਦਲਿਤ ਪਰਵਾਰਾਂ ਦੁਆਰਾ ਪਿੰਡ ਬਲਦ ਕਲਾਂ ਅਤੇ ਕਈ ਹੋਰ ਪਿੰਡਾਂ ਵਿਚ ਕਾਮਯਾਬ ਕੀਤੀ ਸਹਿਕਾਰੀ ਖੇਤੀਬਾੜੀ ਅਤੇ ਇਨ੍ਹਾਂ ਤੋਂ ਬਿਨਾਂ ਬਿਹਾਰ, ਪੱਛਮੀ ਬੰਗਾਲ, ਕੇਰਲਾ, ਤਲਿੰਗਾਨਾ ਅਤੇ ਗੁਜਰਾਤ ਵਿਚ ਕੀਤੀ ਜਾ ਰਹੀ ਸਹਿਕਾਰੀ ਖੇਤੀਬਾੜੀ ਹਨ।
ਇਹ ਸਾਰੀਆਂ ਉਦਾਹਰਣਾਂ ਆਉਣ ਵਾਲ਼ੇ ਸਮੇਂ ਦੌਰਾਨ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦੁਆਰਾ ਸਹਿਕਾਰੀ ਖੇਤੀਬਾੜੀ ਅਪਣਾਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿਚ ਸਹਾਈ ਹੋਣਗੀਆਂ। ਪ੍ਰੋਫੈਸਰ ਬੀਨਾ ਅਗਰਵਾਲ ਦੁਆਰਾ ਕੀਤੇ ਗਏ ਇਕ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਕੇਰਲਾ ਵਿਚ 4-10 ਔਰਤਾਂ ਦੇ 68000 ਤੋਂ ਵੱਧ ਗਰੁੱਪ ਠੇਕੇ ਉੱਪਰ ਜ਼ਮੀਨ ਲੈਕੇ ਸਹਿਕਾਰੀ ਖੇਤੀਬਾੜੀ ਕਰਦੇ ਹਨ ਜਿਸ ਨੇ ਉਨ੍ਹਾਂ ਔਰਤਾਂ ਦੀ ਵੱਖ ਵੱਖ ਪੱਖਾਂ ਤੋਂ ਕਾਇਆ ਕਲਪ ਕਰ ਦਿੱਤੀ ਹੈ। ਇਸ ਅਧਿਐਨ ਅਨੁਸਾਰ ਕੇਰਲਾ ਵਿਚ ਔਰਤਾਂ ਵਾਲ਼ੀਆਂ ਸਹਿਕਾਰੀ ਖੇਤੀਬਾੜੀ ਜੋਤਾਂ ਦੀ ਪ੍ਰਤਿ ਹੈਕਟੇਅਰ ਉਤਪਾਦਕਤਾ ਨਿੱਜੀ ਜੋਤਾਂ (95 ਫ਼ੀਸਦ ਮਰਦਾ ਵਾਲ਼ੀਆਂ) ਨਾਲ਼ੋਂ 1.8 ਗੁਣਾ ਅਤੇ ਸ਼ੁੱਧ ਆਮਦਨ ਪੰਜ ਗੁਣਾ ਹੈ। ਪੰਜਾਬ ਦੇ ਦਲਿਤਾਂ ਵੱਲੋਂ ਪੰਚਾਇਤੀ ਜ਼ਮੀਨਾਂ ਵਿਚੋਂ ਆਪਣੇ ਹਿੱਸੇ 1/3 ਜ਼ਮੀਨ ਠੇਕੇ ਉੱਪਰ ਲੈ ਕੇ ਕੀਤੀ ਗਈ ਸਹਿਕਾਰੀ ਖੇਤੀਬਾੜੀ ਨੇ ਦਲਿਤ ਪਰਿਵਾਰਾਂ ਦੀ ਆਮਦਨ ਵਧਾਉਣ, ਉਨ੍ਹਾਂ ਲਈ ਸਾਲ਼ ਭਰ ਦਾ ਅਨਾਜ, ਹਰੇ ਅਤੇ ਸੁੱਕੇ ਚਾਰੇ ਅਤੇ ਸਾਗ ਸਬਜ਼ੀਆਂ ਦੀਆਂ ਲੋੜਾਂ ਪੂਰਾ ਕਰਨ ਦੇ ਨਾਲ਼ ਨਾਲ਼ ਸਨਮਾਨ ਦੀ ਜ਼ਿੰਦਗੀ ਜਿਊਣ ਦਾ ਰਾਹ ਦਿਖਾਇਆ ਹੈ।
ਹੁਣ ਸਮੇਂ ਦੀ ਲੋੜ ਹੈ ਕਿ ਪੰਚਾਇਤੀ, ਧਾਰਮਿਕ ਸਥਾਨਾਂ ਅਤੇ ਹੋਰ ਸਾਂਝੀਆਂ ਜ਼ਮੀਨਾਂ ਨੂੰ ਸਹਿਕਾਰੀ ਖੇਤੀਬਾੜੀ ਅਧੀਨ ਲਿਆਂਦਾ ਜਾਵੇ। ਇਨ੍ਹਾਂ ਜ਼ਮੀਨਾਂ ਵਿੱਚੋਂ ਇਕ-ਤਿਹਾਈ ਜ਼ਮੀਨ ਦਲਿਤਾਂ, ਇਕ-ਤਿਹਾਰੀ ਜ਼ਮੀਨ ਔਰਤਾਂ ਅਤੇ ਇਕ-ਤਿਹਾਈ ਜ਼ਮੀਨ ਨਿਮਨ ਕਿਸਾਨਾਂ ਦੀਆਂ ਸਹਿਕਾਰੀਆਂ ਸੰਮਤੀਆਂ ਨੂੰ ਖੇਤੀਬਾੜੀ ਕਰਨ ਲਈ ਬਿਨਾਂ ਠੇਕੇ ਤੋਂ ਦਿੱਤੀ ਜਾਵੇ ਕਿਉਂਕਿ ਪੰਚਾਇਤੀ ਜ਼ਮੀਨ ਤੋਂ ਪ੍ਰਾਪਤ ਆਮਦਨ ਦਾ ਉਦੇਸ਼ ਪੇਂਡੂ ਲੋਕਾਂ ਦੀ ਭਲਾਈ ਅਤੇ ਧਾਰਮਿਕ ਸਥਾਨਾਂ ਦੀ ਜ਼ਮੀਨ ਦਾ ਉਦੇਸ਼ ਧਾਰਮਿਕ ਸੰਦੇਸ਼ਾਂ ਨੂੰ ਜਨ-ਸਮੂਹਾਂ ਤੱਕ ਪਹੁੰਚਾਉਣਾ ਹੁੰਦਾ ਹੈ। ਸਿੱਖ ਧਰਮ ਅਨੁਸਾਰ ”ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ” ਉਦੇਸ਼ ਸਹਿਕਾਰੀ ਖੇਤੀਬਾੜੀ ਕਰਨ ਲਈ ਸੇਧ ਦਿੰਦਾ ਹੈ।
ਨਿਮਨ ਕਿਸਾਨ ਆਪਣੀਆਂ ਜ਼ਮੀਨਾਂ ਅਤੇ ਉਤਪਾਦਨ ਦੇ ਹੋਰ ਸਾਧਨ ਇੱਕਠੇ ਕਰਕੇ ਸਹਿਕਾਰੀ ਖੇਤੀਬਾੜੀ ਦੁਆਰਾ ਆਪਣੀਆਂ ਕਾਫ਼ੀ ਮੁਸ਼ਕਿਲਾਂ ਨੂੰ ਹੱਲ ਕਰ ਸਕਦੇ ਹਨ। ਜੇਕਰ ਇਹ ਕਿਸਾਨ ਗੁਆਂਢੀ ਜਾਂ ਇਕ-ਦੂਜੇ ਨੂੰ ਜਾਣਦੇ ਹੋਣਗੇ ਤਾਂ ਉਹਨਾਂ ਦੀ ਕਾਮਯਾਬੀ ਦੀਆਂ ਜ਼ਿਆਦਾ ਸੰਭਾਵਨਾਵਾਂ ਹੋਣ ਗਈਆਂ। ਸਹਿਕਾਰੀ ਖੇਤੀਬਾੜੀ ਕਰਨ ਨਾਲ਼ ਜਿੱਥੇ ਉਤਪਾਦਨ ਅਤੇ ਆਮਦਨ ਵਧਣਗੇ, ਉੱਥੇ ਸਮਾਜਿਕ ਕਦਰਾਂ-ਕੀਮਤਾਂ ਵੀ ਨਿੱਗਰ ਹੋਣਗੀਆਂ ਅਤੇ ਸਹਿਕਾਰਤਾ ਦਾ ਮੁੱਖ ਸਨੇਹਾ ”ਸਾਰੇ ਇਕ ਲਈ ਇਕ ਸਾਰਿਆਂ ਲਈ” ਦੂਰ ਤੱਕ ਜਾਵੇਗੀ।
ਕਿਸਾਨ ਸੰਘਰਸ਼ ਦੀ ਸ਼ਾਨਦਾਰ ਕਾਮਯਾਬੀ ਵਿਚ ਦਲਿਤਾਂ, ਔਰਤਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦੀ ਅਹਿਮ ਅਤੇ ਨਿਰਸੁਆਰਥ ਭੂਮਿਕਾ ਨੂੰ ਦੇਖਦੇ ਵੱਡੇ ਕਿਸਾਨਾਂ ਦੀ ਇਨ੍ਹਾਂ ਗ਼ਰੀਬ ਵਰਗਾਂ ਦੁਆਰਾ ਸਹਿਕਾਰੀ
ਖੇਤੀਬਾੜੀ ਕਰਨ ਵਿਚ ਵੱਡੀ ਭੂਮਿਕਾ ਬਣਦੀ ਹੈ ਅਤੇ ਉਮੀਦ ਵੀ ਕੀਤੀ ਜਾਂਦੀ ਹੈ ਕਿ ਸਹਿਕਾਰੀ ਖੇਤੀਬਾੜੀ ਇਨ੍ਹਾਂ ਵੱਖ ਵੱਖ ਕਿਰਤੀ ਵਰਗਾਂ ਦੀ ਆਰਥਿਕ-ਸਮਾਜਿਕ ਬਿਹਤਰੀ ਅਤੇ ਰਾਜਸੀ ਭਾਗੀਦਾਰੀ ਨੂੰ ਵਧਾਉਣ ਵਿਚ ਕਾਮਯਾਬ ਹੋਵੇਗੀ। ਸਹਿਕਾਰੀ ਖੇਤੀਬਾੜੀ ਤੋਂ ਬਿਨਾਂ ਐਗਰੋ-ਪ੍ਰੋਸੈਸਿੰਗ, ਕੁਦਰਤੀ ਖੇਤੀਬਾੜੀ ਅਤੇ ਵੱਖ ਵੱਖ ਖੇਤੀਬਾੜੀ ਵਸਤਾਂ ਨੂੰ ਆਪਣੇ ਖੇਤਾਂ ਦੇ ਨਾਲ਼ ਲੱਗਦੀਆਂ ਸੜਕਾਂ ਦੇ ਕਿਨਾਰਿਆਂ ਉੱਪਰ, ਕਸਬਿਆਂ ਅਤੇ ਸ਼ਹਿਰਾਂ ਵਿੱਚ ਆਪਣੇ ਬੂਥ ਬਣਾਕੇ ਵੇਚਣਾ ਜਿੱਥੇ ਕਿਸਾਨਾਂ ਦੇ ਰੁਜ਼ਗਾਰ ਅਤੇ ਆਮਦਨ ਵਿਚ ਵਾਧਾ ਕਰੇਗਾ, ਉੱਥੇ ਖ਼ਪਤਕਾਰਾਂ ਨੂੰ ਤਾਜ਼ਾ ਅਤੇ ਵਧੀਆ ਵਸਤਾਂ ਮੰਡੀ ਨਾਲ਼ੋਂ ਸਸਤੀਆਂ ਮਿਲਣਗੀਆਂ।
ਖੇਤੀਬਾੜੀ ਸੇਵਾਵਾਂ ਜਿਵੇਂ ਕਿਰਾਏ ਉੱਪਰ ਮਸ਼ੀਨਰੀ, ਮਸ਼ੀਨਰੀ ਦੀ ਰਿਪੇਅਰ, ਵਿੱਤ ਦਾ ਪ੍ਰਬੰਧ ਅਤੇ ਹੋਰਾਂ ਦੇ ਸੰਬੰਧ ਵਿੱਚ ਵੀ ਸਹਿਕਾਰਤਾ ਸ਼ਾਨਦਾਰ ਪ੍ਰਾਪਤੀਆਂ ਕਰੇਗੀ। ਸਹਿਕਾਰੀ ਖੇਤੀਬਾੜੀ ਦੀ ਕਾਮਯਾਬੀ ਵਿੱਚ ਜ਼ਮੀਨੀ ਸੁਧਾਰ ਸ਼ਾਨਦਾਰ ਯੋਗਦਾਨ ਪਾਉਣਗੇ।