8 ਮਈ 2021 ਨੂੰ, ਬ੍ਰਿਟਿਸ਼-ਭਾਰਤੀ ਮੁਜ਼ਾਹਰਕਾਰੀਆਂ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਈਤ ਵਿਚ ਲੰਡਨ ਦੇ ਭਾਰਤੀ ਹਾਈ ਕਮਿਸ਼ਨ ਮੂਹਰੇ ਸੌਂ ਕੇ ਰੋਸ ਜਤਾਇਆ। ਮੁਜ਼ਾਹਰਾ ਲੰਡਨ ਦੀਆਂ ਸੜਕਾਂ ‘ਤੇ ਰਹਿਰਾਸ ਸਾਹਿਬ ਦੇ ਪਾਠ ਨਾਲ਼ ਸ਼ੁਰੂ ਹੋਇਆ ਅਤੇ ਹਰ ਜਾਤ ਧਰਮ ਦੇ ਲੋਕ ਇਸ ਵਿਚ ਸ਼ਾਮਿਲ ਹੋਏ। ਇਸ ਤੋਂ ਬਾਅਦ ਪ੍ਰਬੰਦਕ ਦਲਜੀਤ ਸਿੰਘ ਮੇਹਤ ਨੇ ਦੱਸਿਆ ਕਿਸਾਨਾਂ ਦੀ ਤਾਕਤ ਕੀ ਹੈ ਅਤੇ ਇਸ ਇਤਿਹਾਸਿਕ ਲਹਿਰ ਵਿਚ ਹਿੱਸਾ ਪਾਉਣ ਦੀ ਕਿਉਂ ਲੋੜ ਹੈ। ਰਹਮਿਤ ਕੌਰ ਰਿਆਤ ਨੇ ਆਪਣੀ ਦਸਤਾਵੇਜੀ ਫ਼ਿਲਮ “ਟੌਕਸੀਫਿਕੇਸ਼ਨ” ਦਿਖਾਈ ਜਿਹੜੀ ਹਰੀ ਕ੍ਰਾਂਤੀ ਦੇ ਬਾਅਦ ਕਿਸਾਨਾਂ ਨੂੰ ਦਰਪੇਸ਼ ਮਸਲਿਆਂ ਤੇ ਚਾਨਣਾ ਪਾਉਂਦੀ ਸੀ। ਰਹਿਮਤ ਨੇ ਇਕ ਕਿਸਾਨ ਵੱਲੋਂ ਲਿਖੀ ਕਵਿਤਾ ਵੀ ਸੁਣਾਈ।
ਭਾਸ਼ਨਾਂ ਤੋਂ ਬਾਅਦ, ਮੁਜ਼ਾਹਰਾਕਾਰੀ ਨੇ ਇਕੱਠੇ ਬਹਿ ਕੇ ਵਾਹਿਗੂਰੂ ਸਿਮਰਨ ਕਰਦੇ ਹੋਏ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਕਿਸਾਨਾਂ ਲਈ ਅਰਦਾਸ ਕੀਤੀ ਅਤੇ ਇਸ ਇਤਿਹਾਸਕ ਲਹਿਰ ਵਿਚ ਸ਼ਹੀਦੀਆਂ ਪਾਉਣ ਵਾਲਿਆ ਦੀ ਯਾਦ ਵਿਚ ਵੀ ਅਰਦਾਸ ਹੋਈ। ਰਾਤ ਵੇਲ਼ੇ ਨਿਸ਼ਕਾਮ ਸਿੱਖ ਵੈਲਫੇਅਰ ਅਵੇਅਰਨੈਸ ਨੇ ਮੁਜ਼ਾਹਰਾਕਾਰੀਆਂ ਨੂੰ ਲੰਗਰ ਛਕਾਇਆ। ਮੁਜ਼ਾਹਰਾਕਾਰੀਆਂ ਨੇ ਕਿਸਾਨਾਂ ਦੀ ਹਮਾਇਤ ਵਿਚ ਬੈਨਰ ਫੜੇ ਹੋਏ ਸਨ। ਸਭ ਤੋਂ ਛੋਟਾ ਮੁਜ਼ਾਹਰਾਕਾਰੀ 8 ਸਾਲਾਂ ਦਾ ਰਾਜਨ ਸਿੰਘ ਵੀ ਆਪਣੇ ਮਾਪਿਆਂ ਨਾਲ਼ ਪਹੁੰਚਿਆ ਸੀ। ਯੂਕੇ ਵਿਚ ਸੜਕ ਤੇ ਟੈਂਟ ਲਾਉਣ ਦੀ ਮਨਾਹੀ ਹੋਣ ਕਰਕੇ ਮੁਜ਼ਾਹਰਾਕਾਰੀ ਸਲੀਪਿੰਗ ਬੈਗ ਵਿਚ ਖੁੱਲ ਅਸਮਾਨ ਹੇਠ ਭਾਰਤੀ ਹਾਈ ਕਮਿਸ਼ਨ ਦੀ ਫਰਸ਼ ਤੇ ਹੀ ਸੁੱਤੇ। ਦਲਜੀਤ ਨੇ ਬਾਅਦ ਵਿਚ ਸਵੈਮਾਣ ਸਿੰਘ ਅਤੇ ਜੈਸੇ ਸਿੰਘ ਨਾਲ਼ ਇੰਸਟਗਰਾਮ ਲਾਈਵ ਵਿਚ ਗੱਲ ਵੀ ਕੀਤੀ। ਇਹ ਦੋਵੇਂ ਜਾਣੇ ਅਮਰੀਕਾ ਵਿਚੋਂ ਆਪਣੇ ਘਰਬਾਰ ਛੱਡ ਕੇ ਦਿੱਲੀ ਮੋਰਚੇ ਵਿਚ ਸੇਵਾ ਕਰ ਰਹੇ ਹਨ। ਦਲਜੀਤ ਨੇ ਯੂਕੇ ਦੇ ਮੁਜ਼ਾਹਰਾਕਾਰੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿਚ ਜੱਦੋ ਜਹਿਦ ਜਾਰੀ ਰੱਖਣ ਦੀ ਲੋੜ ਤੇ ਜੋਰ ਦਿੱਤਾ।