ਇਕੇ ਸਾਹ ਸਭ ਮੁਰਦੇ ਬੋਲੇ ‘ਸਭ ਕੁਝ ਚੰਗਾ-ਚੰਗਾ’
ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ
ਮੁੱਕ ਗਏ ਸ਼ਮਸ਼ਾਨ ਨੇ ਤੇਰੇ, ਮੁੱਕੀ ਬਾਲਣ ਦੀ ਬੋਰੀ
ਥੱਕ ਗਏ ਸਭਨਾਂ ਦੇ ਮੋਢੇ, ਅੱਖ ਹੰਝੂਆਂ ਤੋਂ ਕੋਰੀ
ਦਰ ਦਰ ਜਾ ਜਮਦੂਤ ਖੇਡਦੇ, ਮੌਤ ਦਾ ਨਾਚ ਇਹ ਨੰਗਾ
ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ
ਨਿਤ ਨਿਰੰਤਰ ਸਿਵੇ ਨੇ ਬਲਦੇ
ਸਾਹ ਲੈਣ ਦੀ ਵਿਹਲ ਨਾ ਪਲ ਭਰ
ਨਿਤ ਨਿਰੰਤਰ ਟੁੱਟਦੇ ਚੂੜੇ
ਹਰ ਘਰ ਵਿਚ ਪੈਣ ਦੁਹੱਥੜ
ਲਾਟਾਂ ਵੇਖ ਵਜਾਵਣ ਬੰਸੀ, ਵਾਹ ਓਏ ‘ਬਿੱਲਾ-ਰੰਗਾ’
ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ
ਸਾਹਬ ਤੇਰੇ ਵਸਤਰ ਗ਼ੈਬੀ, ਦੇਵਾਂ ਜੇਹੀ ਜੋਤੀ
ਕਾਸ਼ ਲੋਕ ਤੇਰਾ ਮੂਲ ਪਛਾਣਨ, ਤੂੰ ਪੱਥਰ, ਨਹੀਂ ਮੋਤੀ
ਹੈ ਹਿੰਮਤ ਤਾਂ ਆ ਕੇ ਬੋਲੋ ‘ਮੇਰਾ ਸਾਹਬ ਨੰਗਾ’
ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ
(ਗੁਜਰਾਤੀ ਕਵਿਤਾ ‘ਸ਼ਵ-ਵਾਹਿਨੀ’ ਦਾ ਪੰਜਾਬੀ ਤਰਜਮਾ ਸੁਕੀਰਤ ਨੇ ਕਵਿਤਾ ਦੇ ਹਿੰਦੀ ਅਨੁਵਾਦ ਤੋਂ ਕੀਤਾ ਹੈ )