ਮਿਹਰਬਾਨ ਜੱਜ ਸਾਹਿਬ
ਮਹਾਵੀਰ ਨਰਵਾਲ ਮਰ ਗਿਐ
ਹਾਂ, ਜੱਜ ਸਾਹਿਬ
ਨਤਾਸ਼ਾ ਦਾ ਪਿਉ
ਇਸ ਜੱਗ ‘ਚ ਨਹੀਂ ਰਿਹਾ।
ਮਿਹਰਬਾਨ ਜੱਜ ਸਾਹਿਬ
ਉਹ ਧੀ ਧਿਆਣੀ
ਪਿਛਲੇ ਦਿਨੀਂ
ਤੁਹਾਡੇ ਦਰਬਾਰ ‘ਚ ਆਈ ਸੀ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੇਰੇ ‘ਤੇ ਮੁਕੱਦਮਾ ਨਾ ਚਲਾਓ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੈਨੂੰ ਦੋਸ਼ ਮੁਕਤ ਕਰ ਦਿਓ
ਉਸ ਦੇ ਵਕੀਲ ਨੇ ਮਿੰਨਤ ਕੀਤੀ ਸੀ
ਕਿ ਉਸ ਨੂੰ ਦੇ ਦਿਓ ਦੋ ਪਲ
ਉਸ ਨੇ ਆਪਣੇ ਪਿਓ ਦਾ ਮੂੰਹ ਵੇਖਣੈ
ਉਸ ਦੇ ਨਾਲ ਦੋ ਗੱਲਾਂ ਕਰਨੀਆਂ ਨੇ
ਉਹ ਬਿਮਾਰ ਹੈ
ਉਹ ਤੇਰ੍ਹਾਂ ਵਰ੍ਹਿਆਂ ਦੀ ਸੀ
ਜਦ ਉਹਦੀ ਮਾਂ ਮਰ ਗਈ
ਉਹਦਾ ਪਿਉ ਹੀ ਉਹਦੀ ਮਾਂ ਸੀ
ਡੂੰਘੀ ਛਾਂ ਸੀ ਉਹ।
ਤੁਸੀਂ ਜਾਣਦੇ ਓ ਜੱਜ ਸਾਹਿਬ
ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਐ
ਇਸ ਕੁੜੀ ਨੇ
ਦਿੱਲੀ ਦੇ ਦੰਗੇ ਨਹੀਂ ਸੀ ਕਰਾਏ
ਉਹ ਨਿਰਦੋਸ਼ ਐ
ਉਹ ਸਮਾਜ ਦੇ ਪਿੰਜਰੇ ਤੋੜਨਾ ਚਾਹੁੰਦੀ ਸੀ
ਤੁਸੀਂ ਉਸ ਨੂੰ ਤਾਕਤ ਦੇ ਪਿੰਜਰੇ ‘ਚ ਕੈਦ ਕਰ ਦਿੱਤੈ
ਤੁਸੀਂ ਬਹੁਤ ਤਾਕਤਵਰ ਓ, ਜੱਜ ਸਾਹਿਬ
ਤੁਸੀਂ ਮੁਨਸਿਫ਼ ਓ
ਤੁਸੀਂ ਉਸਨੂੰ
ਉਹ ਦੋ ਪਲ ਦੇ ਸਕਦੇ ਸੀ
ਕਿ ਉਹ ਆਪਣੇ ਪਿਉ ਦਾ ਮੂੰਹ ਵੇਖ ਸਕਦੀ
ਤੁਸੀਂ ਉਸ ਨੂੰ ਹੋਰ ਕੈਦ ਵਿੱਚ ਰੱਖ ਸਕਦੇ ਓ ਜੱਜ ਸਾਹਿਬ
ਤੁਸੀਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਸਕਦੇ ਓ
ਤੁਹਾਡੇ ਕੋਲ ਹਰ ਤਾਕਤ ਐ, ਜੱਜ ਸਾਹਿਬ
ਤੁਸੀਂ ਇਨਸਾਫ ਕਰ ਸਕਦੇ ਓ
ਉੱਪਰ ਲਿਖਿਐ ਗਲਤ ਐ
ਤੁਸੀਂ ਸਭ ਕੁਝ ਕਰ ਸਕਦੇ ਓ ਜੱਜ ਸਾਹਿਬ
ਪਰ ਤੁਸੀਂ
ਉਸ ਨੂੰ ਆਪਣੇ ਪਿਉ ਨਾਲ ਗੱਲਾਂ ਕਰਨ ਲਈ
ਦੋ ਪਲ ਨਹੀਂ ਸੀ ਦੇ ਸਕਦੇ
ਤੁਸੀਂ ਉਹ ਦੋ ਪਲ ਨਹੀਂ ਸੀ ਦੇ ਸਕਦੇ ਜੱਜ ਸਾਹਿਬ
ਤੁਹਾਡੇ ਕੋਲ
ਉਹ ਦੋ ਪਲ ਦੇਣ ਵਾਲਾ ਦਿਲ ਨਹੀਂ ਹੈ, ਜੱਜ ਸਾਹਿਬ
ਤੁਹਾਡੇ ਕੋਲ ਤਾਕਤ ਹੈ
ਤੁਹਾਡੇ ਕੋਲ ਇਨਸਾਫ ਹੈ
ਤੁਹਾਡਾ ਦਿਲ ਸਾਫ਼ ਸ਼ਫਾਫ ਹੈ
ਤੁਸੀਂ ਕਿਹਾ ਸੀ
ਤੁਸੀਂ ਉਸਦੀ ਫਰਿਆਦ
ਸੋਮਵਾਰ ਸੁਣੋਗੇ
ਜੱਜ ਸਾਹਿਬ
ਉਹ ਸੋਮਵਾਰ ਹੁਣ ਨਹੀਂ ਆਵੇਗਾ
ਉਹ ਸੋਮਵਾਰ
ਹੁਣ ਕੈਲੰਡਰ ‘ਚੋਂ ਗਾਇਬ ਹੋ ਗਿਐ।
ਜੱਜ ਸਾਹਿਬ
ਤੁਸੀਂ ਸਾਰੀ ਉਮਰ
ਇਸ ਸੋਮਵਾਰ ਦੀ ਤਲਾਸ਼ ਕਰਦੇ ਰਹੋਗੇ।
(ਨਤਾਸ਼ਾ ਨਰਵਾਲ ਡੇੜ੍ਹ ਸਾਲ ਤੋਂ ਝੂਠੇ ਕੇਸਾਂ ਵਿੱਚ ਤਿਹਾੜ ਜੇਲ ਚ ਕੈਦ ਹੈ। ਉਸਦੇ ਪਿਤਾ ਜੀ ਮਹਾਵੀਰ ਨਰਵਾਲ ਕਰੋਨਾ ਮਹਾਮਾਰੀ ਦੀ ਲਾਗ ਨਾਲ਼ ਚੱਲ ਵਸੇ । ਨਤਾਸ਼ਾ ਨੂੰ ਜ਼ਮਾਨਤ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਦਿੱਤੀ ਗਈ। )