ਦੁਨੀਆਂ ਦਾ ਮੀਡੀਆ ਕੀ ਕਹਿ ਰਿਹਾ ਹੈ
ਕੋਰੋਨਾ ਆਇਆ ਤਾਂ ਇਸ ਨੇ ਦੁਨੀਆਂ ਹਿਲਾਕੇ ਰੱਖ ਦਿੱਤੀ। ਦਿਲ ਹਿੱਲ ਗਏ, ਆਰਥਿਕਤਾ ਹਿੱਲ ਗਈ, ਇਨਸਾਨੀਅਤ ਦਾ ਦਿਲ ਦਹਿਲ ਗਿਆ। ਬੇਸ਼ੁਮਾਰ ਜਾਨਾਂ ਗਈਆਂ, ਬੇਪਨਾਹ ਲੋਕ ਮੌਤ ਦੇ ਨੇੜਿਓਂ ਦੀ ਲੰਘੇ ਅਤੇ ਹਰ ਵੇਲੇ ਦਾ ਸਹਿਮ ਸਾਡੇ ਨਾਲ ਜੀਵਨ ਜਾਚ ਦੇ ਇੱਕ ਹਿੱਸੇ ਵਾਂਗ ਜੁੜ ਗਿਆ । ਗੱਲ ਇਹ ਵੀ ਚੱਲੀ ਕੀ ਕੋਰੋਨਾ ਹੈ ਹੀ ਨਹੀਂ ਤੇ ਕੋਰੋਨਾ ਦੇ ਨਾਮ ਉੱਤੇ ਸਿਆਸਤ ਤਾਂ ਬਿਨਾ ਸ਼ੱਕ ਚੱਲੀ । ਹੌਲੀ ਹੌਲੀ ਅਸੀਂ ਇਹਨੂੰ ਸਮਝਣ ਅਤੇ ਇਸਤੋਂ ਬਚਣ ਦਾ ਚਾਰਾ ਕੀਤਾ, ਕਿਸੇ ਨੇ ਅਕਲ ਨਾਲ ਕਿਸੇ ਨੇ ਡਰਕੇ । ਦਿਸੰਬਰ ਜਨਵਰੀ ਤੱਕ ਆਉਂਦੇ ਆਉਂਦੇ ਹੌਲੀ ਹੌਲੀ ਵਿਸ਼ਵ ਉਸ ਸਥਿਤੀ ਤੱਕ ਪਹੁੰਚਿਆ ਜਿਥੇ ਲੱਗਣ ਲੱਗਿਆ ਕਿ ਅਸੀਂ ਇਸ ਬੰਦੇ ਭੱਖਣੇ ਰਾਖਸ਼ ਤੇ ਜਿੱਤ ਹਾਸਿਲ ਕਰ ਲਵਾਂਗੇ । ਲੇਕਿਨ ਭਾਰਤ ਵਿੱਚ ਇਸ ਰਾਖਸ਼ ਨਾਲ ਇੱਕ ਹੋਰ ਬਦਰੂਹ ਰਲੀ ਹੋਈ ਸੀ ਜੋ ਸ਼ਾਇਦ ਇਸ ਦਾ ਖਾਤਮਾ ਚਾਹੁੰਦੀ ਹੀ ਨਹੀਂ ਸੀ । ਉਹ ਸੀ ਸਾਡੀ ਸਰਕਾਰ ਜਿਸ ਕੋਲ ਦਿਲ ਨਹੀਂ ਹੈ ਸਿਰਫ ਨਿਰੰਕੁਸ਼ ਤਾਨਾਸ਼ਾਹ ਸੱਤਾ ਲਈ ਲਪਲਪਾਉਂਦੀ ਜੀਭ ਹੈ ਤੇ ਜਾਂ ਫਿਰ ਐਸੀ ਅੱਖ ਹੈ ਜੀਹਦਾ ਟੀਰ ਸਿਰਫ ਸੱਤਾ ਸੱਤਾ ਦੇਣ ਵਾਲੇ ਅਵਾਮ ਵੱਲ ਦੇ ਹਿਤਾਂ ਵੱਲ ਦੇਖਦਾ ਹੀ ਨਹੀਂ । ਅੱਜ ਦੇਸ਼ ਤੇ ਛਾਇਆ ਮਾਤਮ ਮੋਦੀ ਸਰਕਾਰ ਦੀ ਲਾਪਰਵਾਹੀ ਨਹੀਂ ਹੈ, ਮੱਕਾਰੀ ਹੈ ਕਿਉਂਕਿ ਉਸ ਦਾ ਜ਼ੋਰ ਹਮੇਸ਼ਾ ਆਪਣੀ ਫਿਰਕੂ ਅਤੇ ਲੋਕ ਮਾਰੂ ਨੀਤੀ ਦੇ ਜਮਹੂਰੀ ਵਿਰੋਧੀਆਂ ਦੇ ਦਮਨ ‘ਤੇ ਹੀ ਰਿਹਾ, ਦੇਸ਼ ਦੇ ਵਿਕਾਸ ਜਾਂ ਜਾਨ-ਮਾਲ ਦੀ ਰਾਖੀ ਵੱਲ ਉਹਦਾ ਧਿਆਨ ਸੱਤਾ ਦੇ ਨਸ਼ੇ ਨੇ ਜਾਣ ਹੀ ਨਹੀਂ ਦਿੱਤਾ ।
ਨਸ਼ੇ ਦਾ ਅਸਰ ਹੁੰਦਾ ਹੀ ਐਸਾ ਹੈ, ਬੰਦੇ ਨੂੰ ਬਾਉਲਾ ਕਰ ਦਿੰਦਾ ਹੈ । ਆਪਣੇ ਇਸ ਕਮਲਪੁਣੇ ਵਿੱਚ ਸਰਕਾਰ ਨੇ ਦੇਸ਼ ਦਾ ਮੀਡੀਆ ਆਪਣਾ ਪ੍ਰਾਈਵੇਟ ਭੌਂਪੂ ਬਣਾ ਲਿਆ ਅਤੇ ਪੱਤਰਕਾਰ ਅਖਵਾਉਣ ਵਾਲਾ ਵਿਕਿਆ ਮੀਡੀਆ ਭੁੱਲ ਗਿਆ ਕਿ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਣ ਵਾਲੀ ‘ਪ੍ਰੈਸ’ ਜਾਂ ਮੀਡੀਆ ਉੱਤੇ ਲੋਕਤੰਤਰ ਲਈ ਖੜ੍ਹਨ ਦੀ ਜ਼ਿੰਮੇਵਾਰੀ ਕੋਈ ਸੰਵਿਧਾਨ ਜਾਂ ਕਾਨੂੰਨ ਨਹੀਂ ਪਾਉਂਦਾ, ਜਿਵੇਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਨਪਾਲਿਕਾ ਉੱਤੇ ਪਾਉਂਦਾ ਹੈ ਬਲਕਿ ਇਹ ਉਸਦੀ ਖੁਦ ਓਟੀ ਨੈਤਿਕ ਜ਼ਿੰਮੇਵਾਰੀ ਹੈ । ਲੇਕਿਨ ਆਪਣੀ ਨੈਤਿਕਤਾ ਨੂੰ ਗੋਦੀ ਮੀਡੀਆ ਦੇ ਵੇਚਿਆ ਸੀ ਅੰਤਰਰਾਸ਼ਟਰੀ ਮੀਡੀਆ ਨੇ ਨਹੀਂ ਤੇ ਅੱਜ ਦੁਨੀਆ ਦੇ ਕੋਨੇ ਕੋਨੇ ਤੋਂ ਅੰਤਰਰਾਸ਼ਟਰੀ ਮੀਡੀਆ ਦੀਆਂ ਲਾਹਨਤਾਂ ਕਰਕੇ ਭਾਜਪਾ ਸਰਕਾਰ ਬੁਖਲਾਈ ਪਈ ਹੈ । ਬਿਨਾਂ ਸ਼ੱਕ ਇਹਨਾਂ ਲਾਹਨਤਾਂ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਸਿਰ ਦੁਨੀਆਂ ਦੇ ਬਾਕੀ ਸਾਰੇ ਦੇਸ਼ਾਂ ਅੱਗੇ ਝੁਕਿਆ ਹੈ ਲੇਕਿਨ ਉਹਦੇ ਕਸੂਰਵਾਰ ਅਸੀਂ ਦੇਸ਼ ਦੇ ਲੋਕ ਨਹੀਂ । ਸਾਨੂੰ ਸੁਖ ਦਾ ਸਾਹ ਆਇਆ ਹੈ ਕਿ ਭਾਜਪਾ ਦੇ ਘੁਮੰਡ ਨੂੰ ਤਕੜੀ ਸੱਟ ਵੱਜੀ ਹੈ । ਐਪਰ ਹਾਲੇ ਵੀ ਭਾਜਪਾ ਦੀ ਬੇਸ਼ਰਮੀ ਦੇਖੋ ਕਿ ਜਵਾਬ ਚ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੈਸ਼ੰਕਰ ਇੱਕ ਹੋਰ ਬੇਸ਼ਰਮੀ ਭਰਿਆ ਬਿਆਨ ਜਾਰੀ ਕਰਦੇ ਨੇ ਤੇ ਉਹ ਵੀ ਦੁਨੀਆਂ ਭਰ ਵਿਚਲੇ ਭਾਰਤੀ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨਾਲ ਇੱਕ ਆਨਲਾਈਨ ਮੀਟਿੰਗ ਚ — “ਭਾਰਤ ਦੀ ਇਸ ਮਹਾਮਾਰੀ ਅੱਗੇ ਮੁਕੰਮਲ ਨਾਕਾਮੀ ਦੇ ‘ਝੂਠੇ ਬਿਰਤਾਂਤ’ ਦੇ ਅੰਤਰਾਸ਼ਟਰੀ ਮੀਡੀਆ ਦੇ ਪ੍ਰਚਾਰ ਦੇ ਜਵਾਬ ਚ ਪ੍ਰਚਾਰ ਕਰੋ ।“
ਮਤਲਬ ਕਿ ਸਰਕਾਰ ਚ ਹਾਏ ਤੌਬਾ ਤਾਂ ਮੱਚੀ ਹੀ ਹੈ। ਹੁਣ ਸਵਾਲ ਇਹ ਹੈ ਕਿ ਦੁਨੀਆਂ ਦਾ ਮੀਡੀਆ ਕਹਿ ਕੀ ਰਿਹਾ ਹੈ ? ਫਰਾਂਸ ਦਾ ਮਸ਼ਹੂਰ ਅਖ਼ਬਾਰ ‘ਲੇ ਮੋਂਦੇ’ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਦੀ ਦੂਜੀ ਅਤੇ ਭਿਅੰਕਰ ਲਹਿਰ ਦਾ ਕਾਰਨ ਸਪਸ਼ਟ ਤੌਰ ‘ਤੇ ਪ੍ਰਧਾਨਮੰਤਰੀ ਮੋਦੀ ਦਾ ਘੁਮੰਡ ਅਤੇ ਬਹਿਕਾਊ ਸ਼ਾਸਨ ਸ਼ੈਲੀ ਹੈ ਜਿਸ ਕਰਕੇ ਸਥਿਤੀ ਹੁਣ ਭਾਰਤ ਦੇ ਵਸੋਂ ਬਾਹਰ ਹੈ ਅਤੇ ਹੁਣ ਵਿਸ਼ਵ ਨੂੰ ਸਾਂਝੇ ਤੌਰ ‘ਤੇ ਹਰਕਤ ਚ ਆਉਣਾ ਪਵੇਗਾ । ਇਸ ਦੂਜੀ ਲਹਿਰ ਦੀ ਤੋਪ ਦੇ ਪੁੱਠੇ ਚੱਲਣ ਨਾਲ ਤੁਲਨਾ ਕਰਦਾ ਉਹ ਲਿਖਦਾ ਹੈ ਕਿ 2020 ਚ ਇਸ ਸਰਕਾਰ ਨੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਲਾਵਾਰਿਸ ਛੱਡਕੇ ਅਤੇ ਜਨਤਾ ਨੂੰ ਬੇਦਰਦੀ ਨਾਲ ਘਰਾਂ ਚ ਡੱਕ ਕੇ ਦੇਸ਼ ਨੂੰ ਲਕਵੇ ਦੀ ਹਾਲਤ ਚ ਲਿਜਾਣ ਤੋਂ ਬਾਅਦ 2021 ਦੇ ਸ਼ੁਰੂ ਚ ਹੀ ਕੁੰਭ ਮੇਲੇ ਅਤੇ ਚੋਣ ਰੈਲੀਆਂ ਚ ਰੋਕਾਂ ਤੋਂ ਉੱਕਾ ਹੀ ਧਿਆਨ ਹਟਾਕੇ ਮੋਦੀ ਦੇਸ਼ ਨੂੰ ਇਸ ਸਥਿਤੀ ਤੱਕ ਲਈ ਆਏ ਨੇ ਅਤੇ ਹੁਣ ‘ਵਾਇਰਸ ਦੇ ਬਦਲੇ ਰੂਪ’ ਜਾਂ ‘ਅਣਕਿਆਸੇ ਹਾਲਾਤ’ ਵਰਗੇ ਸ਼ਬਦ ਇਸਦੀ ਕੋਈ ਸਫਾਈ ਨਹੀਂ ਹਨ । ਸਿੰਗਾਪੁਰ ਦੇ ਅਖ਼ਬਾਰ ਸਟ੍ਰੈਟਸ ਟਾਈਮਸ ਨੇ ਭਾਰਤ ਸਰਕਾਰ ਵੱਲੋਂ ਹੀ ਥਾਪੇ ਗਏ ਵਿਗਿਆਨਿਕ ਸਲਾਹਕਾਰਾਂ ਦੇ ਫੋਰਮ Indian Sars-CoV-2 Genetics Consortium ਜਾਂ Insacog ਤੋਂ ਮੰਗੀ ਜਾਣਕਾਰੀ ਦੇ ਹਵਾਲੇ ਨਾਲ ਇੱਕ ਖੋਜੀ ਖ਼ਬਰ ਛਾਪੀ ਹੈ ਕਿ ਵਿਗਿਆਨੀਆਂ ਦੀ ਚਿਤਾਵਨੀ ਦੇ ਬਾਵਜੂਦ ਦੇਸ਼ ਦੀ ਸਰਕਾਰ ਨੇ ਕੋਰੋਨਾ ਲਈ ਜਾਇਜ਼ ਬੰਦੋਬਸਤ ਕਰਨ ਦੀ ਬਜਾਏ ਕੁੰਭ ਮੇਲੇ ਅਤੇ ਚੋਣ ਰੈਲੀਆਂ ਨੂੰ ਤਰਜੀਹ ਦਿੱਤੀ ਜਿਹਨਾਂ ਵਿੱਚ ਕੋਵਿਡ ਪ੍ਰੋਟੋਕਾਲ ਦੀ ਵੱਡੇ ਪੱਧਰ ਉੱਤੇ ਉਲੰਘਣਾ ਹੋਈ । ਇਹੀ ਗੱਲ ਇੰਗਲੈਂਡ ਦਾ ‘ਦ ਗਾਰਡੀਅਨ’ ਅਤੇ ਅੰਤਰਰਾਸ਼ਟਰੀ ਖ਼ਬਰ ਏਜੰਸੀ ‘ਰਾਇਟਰਸ’ ਵੀ ਕਹਿ ਰਹੀ ਹੈ । ‘ਰਾਇਟਰਸ’ 20 ਅਪ੍ਰੈਲ ਨੂੰ ਭਾਰਤ ਦੀ ਇੱਕ ਸਾਬਕਾ ਵੇਡੇਸ਼ ਸਕੱਤਰ ਨਿਰੂਪਮਾ ਰਾਏ ਮੈਨਨ ਦੇ ਇੱਕ ਟਵੀਟ ਦਾ ਵੀ ਹਵਾਲਾ ਦਿੰਦਾ ਹੈ ਜੀਹਦੇ ਚ ਉਹ ਮੋਦੀ ਲਈ ਲਿਖਦੀ ਹੈ, “ਕਿੰਨੀਆਂ ਮੌਤਾਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਲੋਕ ਮਰ ਗਏ ਹਨ ।“ ਦੁਨੀਆ ਭਰ ਚ ਪ੍ਰਸਿੱਧ ਅਮਰੀਕੀ ਰਸਾਲਾ “ਟਾਈਮ’ ਲਿਖਦਾ ਹੈ ਕਿ ਮੋਦੀ ਨੇ ਭਾਰਤ ਨੂੰ ਇੱਕ ‘ਵਾਇਰਲ ਮਹਾਵਿਨਾਸ਼’ ਚ ਲਿਆ ਖੜ੍ਹਾ ਕੀਤਾ। ਇਸ ਰਸਾਲੇ ਦੇ ਬਾਹਰਲੇ ਸਫੇ ਉੱਤੇ ਤਸਵੀਰੇ ਦੇ ਨਾਲ ਮੁੱਖ ਲੇਖ ਪੱਤਰਕਾਰਤਾ ਦੀ ਦੁਨੀਆਂ ਲਈ ਸਭ ਤੋਂ ਅਹਿਮ ਘਟਨਾ ਹੁੰਦੀ ਹੈ। (ਯਾਦ ਰਹੇ ਇਸ ਤੋਂ ਪਹਿਲਾਂ ਰਸਾਲੇ ਨੇ ਦਿੱਲੀ ਮੋਰਚੇ ਤੇ ਡਟੀਆਂ ਮਹਿਲਾ ਕਿਸਾਨਾਂ ਦੀ ਤਸਵੀਰ ਛਾਪੀ ਸੀ)। ਰਸਾਲੇ ਨੇ ਭਾਰਤ ਦੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਬਲਦੀਆਂ ਚਿਖਾਵਾਂ ਵਿਚੋਂ ਇੱਕ ਹੋਰ ਲਾਸ਼ ਲਈ ਜਾਂਦੇ ਚਾਰ ਬੰਦਿਆਂ ਦੀ ਤਸਵੀਰ ਦੇ ਨਾਲ ਸਿਰਲੇਖ ਦਿੱਤਾ ਹੈ – “ਸੰਕਟ ਚ ਭਾਰਤ: ਕਿਵੇਂ ਮੋਦੀ ਨੇ ਸਾਨੂੰ ਨਾਕਾਮ ਕੀਤਾ ।“ ‘ਵਾਸ਼ਿੰਗਟਨ ਪੋਸਟ’, ‘ਦ ਨਿਊਯਾਰਕ ਟਾਈਮਜ਼’, ‘ਬੀਬੀਸੀ’, ‘ਦ ਆਸਟ੍ਰੇਲੀਅਨ’ ਅਤੇ ‘ਦ ਫਾਇਨੈਂਸ਼ੀਅਲ ਰੀਵਿਊ’ ਸਮੇਤ ਦੁਨੀਆਂ ਦੇ ਬਹੁਤ ਅਖਬਾਰਾਂ ਅਤੇ ਚੈਨਲਾਂ ਨੇ ਇਸ ਮੌਤ ਦੇ ਤਾਂਡਵ ਲਈ ਨਿਰੋਲ ਤੌਰ ਤੇ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।
ਹੁਣ ਜਦੋਂ ਦੁਨੀਆ ਮੋਦੀ ਨੂੰ ‘ਭੀੜ ਦਾ ਸ਼ੌਂਕੀ’ ਅਤੇ ‘ਇਨਸਾਨੀਅਤ ਵੱਲੋਂ ਲਾਪਰਵਾਹ ਨੇਤਾ’ ਵਰਗੇ ਵਿਸ਼ੇਸ਼ਣਾਂ ਨਾਲ ਲੱਦ ਰਹੀ ਹੈ ਤਾਂ ਮੋਦੀ ਸਰਕਾਰ ਕੀਤੇ ‘ਤੇ ਪਰਦਾ ਪਾਉਣ ਅਤੇ ਆਪਣਾ ਦੋਸ਼ ਹੋਰਾਂ ਉੱਤੇ ਮੜ੍ਹਨ ਚ ਰੁਝੀ ਹੈ। ਬੀਤੇ ਦਿਨੀਂ ਟਵਿੱਟਰ ਅਤੇ ਫੇਸਬੁੱਕ ਉੱਤੇ ਮੋਦੀ ਦੇ ਅਸਤੀਫੇ ਦੀ ਹੈਸ਼ਟੈਗ ਚ ਉੱਠੀ ਮੰਗ ਇੱਕ ਪੂਰੀ ਮੁਹਿੰਮ ਬਿਐਨ ਗਈ ਓਦੋਂ ਵੀ ਮੋਦੀ ਸਰਕਾਰ ਨੇ ਪ੍ਰਤੀਕਰਮ ਫੇਸਬੁੱਕ ਪੋਸਟਾਂ ਅਤੇ ਟਵੀਟ ਹਟਾਉਣ, ਅਤੇ ਫੇਸਬੁੱਕ ਪੇਜ ਬੰਦ ਕਰਾਉਣ ਰਾਹੀਂ ਦਿੱਤਾ ਲੇਕਿਨ ਇਹ ਵੀ ਮੋਦੀ ਸਰਕਾਰ ਨੂੰ ਪੁੱਠਾ ਪਿਆ । ਦੁਨੀਆ ਦੇ ਐਸਬਿਐਚ ਤੋਂ ਪ੍ਰਸਿੱਧ ਚੈਨਲਾਂ ਚੋ ਇੱਕ ‘ਅਲ ਜਜ਼ੀਰਾ’ ਉੱਤੇ ਅੰਤਰਰਾਸ਼ਟਰੀ ਪੱਤਰਕਾਰ ਰਾਣਾ ਅਯੂਬ ਕਹਿੰਦੀ ਹੈ ਕਿ ਅਸੀਂ ਨੈਤਿਕ ਤੌਰ ਤੇ ਮਰ ਚੁੱਕਿਆ ਅਤੇ ਭ੍ਰਿਸ਼ਟ ਮੁਲਕ ਹੋ ਚੁੱਕੇ ਹਾਂ ਜੀਹਦੇ ਇਨਸਾਨੀਅਤ ਦੇ ਬੁਨਿਆਦੀ ਸਿਧਾਂਤ ਵੀ ਸਹੀ ਨਹੀਂ । ਉਹ ਕਹਿੰਦੀ ਹੈ ਕਿ ਦੁਨੀਆਂ ਦੀ ਅਮਨ ਕਨੂੰਨ ਨਾਲ ਸਾਂਝ ਬਾਕੀ ਰਹਿ ਗਈ ਹੁੰਦੀ ਤਾਂ ਮੋਦੀ ਉੱਤੇ ਮਨੁੱਖਤਾ ਪ੍ਰਤੀ ਜੁਰਮ ਦਾ ਦੋਸ਼ ਆਇਦ ਕੀਤਾ ਜਾਂਦਾ ।
ਅੱਜ ਦੁਨੀਆ ਭਾਰਤ ਦੀ ਮਦਦ ਲਈ ਅੱਗੇ ਆਈ ਹੈ ਲੇਕਿਨ ਮੋਦੀ ਭਗਤ ਹਾਲੇ ਵੀ ਝੂਠ ਪ੍ਰਚਾਰ ਰਹੇ ਨੇ ਕਿ ਇਹ ਮੋਦੀ ਦੀ ਅੰਤਰਰਾਸ਼ਟਰੀ ਸਾਖ ਕਰਕੇ ਹੈ ਲੇਕਿਨ ਸੱਚ ਇਹ ਹੈ ਕਿ ਮੋਦੀ ਦੇ ਦਮਗਜੇ ਭਾਰਤ ਦੀ ਇਸ ਸਥਿਤੀ ਦਾ ਕਰਨ ਬਣੇ ਹਨ । 1 ਮਈ 2021, ਨੂੰ ‘ਦ ਨਿਊਯਾਰਕ ਟਾਈਮਜ਼’ ਲਿਖਦਾ ਹੈ ਇੱਕ ਪਾਸੇ ਸਰਕਾਰ ਦੀ ਕੋਵਿਡ ਟੀਮ ਕਈ ਮਹੀਨੇ ਆਪੋ ਵਿੱਚ ਮਿਲੀ ਨਹੀਂ ਸੀ ਅਤੇ ਦੂਜੇ ਪਾਸੇ ਮੋਦੀ ‘ਵਰਲਡ ਇਕਨਾਮਿਕ ਫੋਰਮ’ ਦੀ ਇੱਕ ਆਨਲਾਈਨ ਮੀਟਿੰਗ ਚ ਕਹਿ ਰਹੇ ਸਨ ਕਿ ਭਾਰਤ ਕੋਰੋਨਾ ਦੇ ਮੁਕੰਮਲ ਖਾਤਮੇ ਤੱਕ ਪਹੁੰਚ ਚੁੱਕਿਆ ਹੈ । ਸੰਯੁਕਤ ਰਾਸ਼ਟਰ ਦੇ ਬੁਲਾਰੇ ਫਰਹਾਨ ਹੱਕ ਦਾ ਕਹਿਣਾ ਹੈ ਕਿ ਮੋਦੀ ਨੇ ਕੋਰੋਨਾ ਨਾਲ ਲੜਨ ਵਿੱਚ ਉਹਨਾਂ ਦੀ ਮਦਦ ਦੀ ਪੇਸ਼ਕਸ਼ ਇਹ ਕਹਿ ਕੇ ਠੁਕਰਾਈ ਸੀ ਕਿ ‘ਭਾਰਤ ਕੋਲ ਮਹਾਮਾਰੀ ਨਾਲ ਲੜਨ ਲਈ ਯੋਗ ਸਾਧਨ ਜ਼ਰੂਰੀ ਮਾਤਰਾ ਚ ਮੌਜੂਦ ਨੇ।‘ ਦੁਨੀਆ ਦੇ ਦੇਸ਼ ਜਾਣ ਚੁੱਕੇ ਨੇ ਕਿ ਮੋਦੀ ਸਰਕਾਰ ਨੇ ਆਪਣੇ ਘੁਮੰਡ ਅਤੇ ਸੰਗਦਿਲ ਸੱਤਾਮੋਹ ਚ ਭਾਰਤ ਦੀ ਇਸ ਸਥਿਤੀ ਦੇ ਰੂਪ ਚ ਪੂਰੀ ਦੁਨੀਆ ਉਹ ਵੱਡਾ ਖਤਰਾ ਖੜ੍ਹਾ ਕਰ ਦਿੱਤਾ ਹੈ ਜੋ ਹੁਣ ਭਾਰਤ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਤੇ ਸਿਰਫ ਅੰਤਰਰਾਸ਼ਟਰੀ ਪੱਧਰ ਉੱਤੇ ਰਲਕੇ ਹੀ ਇਸ ਨਾਲ ਨਜਿੱਠਣਾ ਪੈਣਾ ਹੈ । ਕਨੇਡਾ ਅਤੇ ਨਿਊਜੀਲੈਂਡ ਵਰਗੇ ਮੁਲਕ ਸ਼ਾਇਦ ਇਸ ਸਰਕਾਰ ਦਾ ਭ੍ਰਿਸ਼ਟ ਚਿਹਰਾ ਵੀ ਪਛਾਣ ਗਏ ਹਨ ਇਸ ਲਈ ਉਹ ਆਪਣੀ ਮਦਦ ਸਿੱਧੇ ਭਾਰਤ ਸਰਕਾਰ ਨੂੰ ਨਹੀਂ, ਰੈਡ ਕਰਾਸ ਰਾਹੀਂ ਭੇਜ ਰਹੇ ਨੇ ।
ਮੋਦੀ ਜੀ, ਦੁਨੀਆਂ ਦੇ ਇੱਕ ਨਿੱਕੇ ਜਹੇ ਵਿਕਾਸਸ਼ੀਲ ਮੁਲਕ ਜਾਰਡਨ ਵਿੱਚ ਮਾਰਚ ਚ ਇੱਕ ਹਸਪਤਾਲ ਚ ਆਕਸੀਜਨ ਨਾ ਮਿਲਣ ਕਰਕੇ 8 ਮੌਤਾਂ ਹੋਣ ਕਾਰਨ ਮੁਲਕ ਦੇ ਸਿਹਤ ਮੰਤਰੀ ਨਾਥਿਰ ਓਬੇਦਾਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਤੁਹਾਡੇ ਰਾਜ ਚ ਯੂਪੀ ਦੇ ਮੁਖਮਂਤਰੀ ਇੱਕ ਨੌਜਵਾਨ ਦੇ ਆਪਣੇ ਮਰ ਰਹੇ ਪਿਓ ਲਈ ਫੇਸਬੁੱਕ ਉੱਤੇ ਆਕਸੀਜਨ ਲਭਣ ਲਈ ਪਾਈ ਪੋਸਟ ਬਦਲੇ ਪਰਚਾ ਡਿਆਰਜੇ ਕਰਵਾਉਂਦੇ ਨੇ । ਤੁਸੀਂ ਮਹਾਮਾਰੀ ਲਈ ਸਹੂਲਤਾਂ ਜੁਟਾਉਣ ਦੀ ਬਜਾਏ ਕਹਿ ਰਹੇ ਹੋ ਕਿ ਕਿਸਾਨ ਦੇਸ਼ ਲਈ ਖਤਰਾ ਬਣੇ ਹੋਏ ਨੇ । ਕਿਸਾਨ ਜਾਂ ਅਵਾਮ ਚੋਂ ਕਿਸੇ ਨੂੰ ਜਾਣ ਗਵਾਉਣ ਦਾ ਸ਼ੌਂਕ ਨਹੀਂ ਹੈ। ਹਾਂ, ਤੁਹਾਨੂੰ ਲਾਸ਼ਾਂ ਦੇ ਢੇਰ ‘ਤੇ ਬਹਿਕੇ ‘ਦੀਦੀ ਓ ਦੀਦੀ’ ਵਰਗਾ ਨਿਰਲੱਜ ਮਸਖਰਾਪੁਣਾ ਕਰਦੇ ਅਸੀਂ ਦੇਖਿਆ ਹੋਇਆ ਹੈ । ਐਚਆਰ ਵੇਲੇ ਰਾਮ ਰਾਮ ਕਰਦੇ ਹੋ, ਲੱਗਦਾ ਤਾਂ ਨਹੀਂ ਪਰ ਜੇ ਸੱਚੀ ਰੱਬ ਚ ਯਕੀਨ ਹੈ ਤਾਂ ਉਹਤੋਂ ਡਰੋ ਅਤੇ ਵੇਖੋ ਕਿ ਖ਼ਲਕਤ ਚ ਹੀ ਖ਼ਾਲਿਕ ਵਸਦਾ ਹੈ ਜੀਹਨੂੰ ਤੁਸੀਂ ਬਹੁਤ ਜ਼ਿਆਦਾ ਦੁੱਖ ਦੇ ਚੁੱਕੇ ਹੋ । ਤੁਹਾਡੇ ਗੁਨਾਹ ਰੱਬ ਦੇ ਘਰੋਂ ਮੁਆਫੀ ਦੀ ਹੱਦ ਤਾਂ ਲੰਘ ਚੁੱਕੇ ਨੇ, ਹੁਣ ਘੱਟੋ ਘੱਟ ਆਪਣੇ ਮਨ ਲਈ ਹੀ ਸਹੀ, ਪ੍ਰਾਸਚਿਤ ਸ਼ੁਰੂ ਕਰਨ ਦਾ ਵੇਲਾ ਹੈ ।