ਆਪ ਵਿਸਾਖੀ ਸਾਖੀ ਹੋਈ
ਐਤਵਾਰ ਦੇ ਲੌਢੇ ਵੇਲੇ
ਜਦ ਹੰਕਾਰੇ ਹਾਕਮ ਨੇ ਸੀ
ਜਬਰ ਜ਼ੁਲਮ ਦੀ ਵਾਢੀ ਪਾਈ।
ਪਲਾਂ ਛਿਣਾਂ ਵਿਚ
ਬੇਦੋਸ਼ੇ ਮਾਸੂਮ ਨਿਹੱਥੇ
ਜਿਸਮਾਂ ਦੇ ਸੀ ਸੱਥਰ ਲੱਥੇ।
ਪਰ ਜਿਸਮਾਂ ਦੇ ਅੰਦਰ ਬਲ਼ਦੀ
ਲਾਟ ਕਦੀ ਨਹੀਂ ਮੱਧਮ ਹੁੰਦੀ।
ਤੇ ਸਿੱਕੇ ਦੀ ਵਾਛੜ ਵਿਚ ਵੀ
ਸੱਚ ਕਦੀ ਨਾ ਜ਼ਖ਼ਮੀ ਹੁੰਦਾ।
ਤੇ ਆਦਰਸ਼ ਕਦੀ ਨਾ ਮਰਦੇ।
ਇਹ ਸਿੱਕੇ ਦੇ ਦਾਗ਼ ਨਹੀਂ ਹਨ।
ਜਲ੍ਹਿਆਂਵਾਲੇ ਬਾਗ਼ ਦੀਆਂ ਕੰਧਾਂ ਉੱਤੇ
ਉੱਕਰਿਆ ਇਤਿਹਾਸ ਹੈ ਸਾਡਾ।
ਇਸ ਮੈਦਾਨ ਚ ਲਹੂ ਦੇ ਸਿੰਜੇ
ਫੁੱਲਾਂ ਨੇ ਨਿੱਤ ਮੁਸਕਾਣਾ ਹੈ।
ਓਸ ਬਿਰਛ ਨੇ ਹੈ ਹਾਲੀਂ ਘਣਛਾਵਾਂ ਹੋਣਾ
ਸਾਡੇ ਬੱਚਿਆਂ
ਜਿਸਦਾ ਮਿੱਠਾ ਫਲ ਖਾਣਾ ਹੈ।