ਨੀਲਾ ਬਾਣਾ – ਲਾਲ ਝੰਡਾ

ਨੀਲਾ ਬਾਣਾ – ਲਾਲ ਝੰਡਾ

ਦਸੰਬਰ ਜਨਵਰੀ ਦੀ ਕੜਾਕੇ ਦੀ ਠੰਢ ਵਿਚ ਦਿੱਲੀ ਮੋਰਚਿਆਂ ਵੱਲ ਜਦੋਂ ਆਉਣਾ ਜਾਣਾ ਹੋਇਆ ਤਾਂ ਬਹੁਤ ਸਾਰੀਆਂ ਕਹਾਣੀਆਂ ਜੁੜਦੀਆਂ ਗਈਆਂ। ਸਿੰਘੂ ਬਾਰਡਰਤੇ ਬਟਾਰੀ ਪਿੰਡ ਦੀਆਂ ਟਰਾਲੀਆਂ ਪਹਿਲੇ ਦਿਨੋਂ ਪੱਕੀਆਂ ਹੀ ਖੜ੍ਹੀਆਂ ਸਨ। ਹੁਣ ਵੀ ਹਨ। ਜਮਹੂਰੀ ਕਿਸਾਨ ਸਭਾ ਦੇ ਲਾਲ ਝੰਡੇ ਇਹਨਾਂ ਟਰਾਲੀਆਂਤੇ ਧੁੱਪਾਂ, ਮੀਹਾਂ, ਝੱਖੜਾਂ ਹਨੇਰੀਆਂ ਝੂਲਦੇ ਹਨ। 

ਨਿਹੰਗ ਬਾਬਾ ਕਾਬਲ ਸਿੰਘ ਜੀ ਰੋਜ਼ ਪਹਿਲਾਂ ਹੀ ਜਾਗੇ ਹੁੰਦੇ। ਇਸ਼ਨਾਨ ਕਰਕੇ ਆਪਣੇ ਨੀਲੇ ਬਾਣੇ ਵਿਚ ਤਿਆਰ ਹੁੰਦੇ। ਨੀਲੇ ਚੋਲੇ ਤੇ ਜਥੇਬੰਦੀ ਦਾ ਲਾਲ ਬਿੱਲਾ ਚਮਕਦਾ ਦਿਸਦਾ।  ਗੱਫਾ ਲਾਉਣ, ਮਤਲਬ ਕਿ ਰੋਟੀ ਖਾਣ ਉਹ ਸਟੇਜ ਲਾਗੇ ਲੱਗੇ ਨਿਹੰਗਾਂ ਦੇ ਲੰਗਰ ਵੱਲ ਹੀ ਜਾਂਦੇ। ਸਰਬ ਲੋਹ ਦੇ ਭਾਂਡੇ ਬਣਿਆ ਤੇ ਸਰਬ ਲੋਹ ਦੇ ਭਾਂਡਿਆਂ ਵਰਤਿਆ ਹੀ ਖਾਂਦੇ ਨੇ ਨਿਹੰਗ ਸਿੰਘ। 

ਸ਼ਾਮ ਦਾ ਗੱਫਾ ਲਾ ਕੇ ਉਹ ਮੁੜਦੇ ਤੇ ਆਮ ਟਰਾਲੀਆਂ ਵਾਲਿਆਂ, ਯਾਨੀ ਕਿ ਸਾਡੇ ਨਾਲ਼, ਲਸਣ ਛਿੱਲਣ, ਪਿਆਜ਼ ਕੱਟਣ, ਸਬਜ਼ੀ ਕੱਟਣ ਮਦਦ ਕਰਦੇ। ਰਾਤ ਦੇਰ ਤਕ ਧੂਣੀ ਦੁਆਲੇ ਬਹਿ ਕੇ ਗੱਲਾਂ ਕਰਦੇ।  ਇਨ੍ਹਾਂ ਗੱਲਾਂ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦੇ ਬਜ਼ੁਰਗ ਬਾਬਾ ਬਕਾਲਾ ਦੇ ਨਿਹੰਗ ਡੇਰੇ ਨਾਲ਼ ਜੁੜੇ ਹੋਏ ਸਨ। ਜਮਹੂਰੀ ਕਿਸਾਨ ਸਭਾ ਨਾਲ਼ ਉਹ ਤੇ ਉਨ੍ਹਾਂ ਦਾ ਛੋਟਾ ਭਰਾ 2002 ਤੋਂ ਹੀ ਜੁੜੇ ਹੋਏ ਹਨ। 

ਬਾਬਾ ਕਾਬਲ ਸਿੰਘ ਜੀ 1980 ਤੋਂ 2001 ਤੱਕ ਟਰੱਕ ਚਲਾਉਂਦੇ ਸਨ। ਸਾਰਾ ਹਿੰਦੁਸਤਾਨ ਘੁੰਮਿਆ। ਜੰਮੂ ਤੋਂ ਕੇਰਲਾ। ਘਰ ਵਾਪਸੀ ਕੀਤੀ ਤਾਂ ਜਥੇਬੰਦੀ ਨਾਲ਼ ਪੱਕੀ ਸਾਂਝ ਪਾ ਲਈ। 26 ਜਨਵਰੀ ਦੀਆਂ ਕੁਝ ਅਨਸਰਾਂ ਵੱਲੋਂ ਕੀਤੀਆਂ ਕਾਰਵਾਈਆਂ ਖ਼ਿਲਾਫ਼ ਉਹ  ਖੁੱਲ੍ਹ ਕੇ ਗੱਲਾਂ ਕਰਦੇ ਰਹੇ। ਨਿਹੰਗ ਹੋ ਕੇ ਖੱਬੇਪੱਖੀ ਜਥੇਬੰਦੀ ਨਾਲ਼ ਲੰਬੇ ਸਮੇਂ ਤੋਂ ਸ਼ਿੱਦਤ ਨਾਲ਼ ਜੁੜੇ ਰਹਿਣਾ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ। ਅਜੇ ਵੀ ਹੈ।

ਜਦੋਂ 80ਵਿਆਂ ਦਾ ਦੌਰ ਸੀ, ਲੋਕਾਂ ਆਖਣਾ ਕਿ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ।  ਮੈਂ ਆਖਿਆ, ਜਿਹੜੀ ਗੋਲੀ ਤੇ ਮੇਰਾ ਨਾਂ ਲਿਖਿਆ, ਉਹਨੇ ਮੈਨੂੰ ਵੱਜਣਾ। ਜੇ ਨਹੀਂ ਲਿਖਿਆ ਤਾਂ ਵੱਜੀ ਹੋਈ ਗੋਲੀ ਨੇ ਵੀ ਨ੍ਹੀਂ ਮਾਰਨਾ।  ਮੈਂ ਗੱਡੀ ਚਲਾਉਂਦਾ ਰਿਹਾ। ਏਦਾਂ ਆਪਹੁਦਰਾ ਹੋਣਾ, ਸਭ ਤੋਂ ਚਲਾਕ ਹੋਣ ਦਾ ਵਹਿਮ ਵੀ ਇਕ ਗੋਲੀ ਹੈ, ਜੀਹਦੇ ਨਾਂ ਲਿਖੀ ਜਾਵੇ, ਉਹਦੇ ਅੰਦਰੋਂ ਇਨਸਾਨ ਮਾਰਿਆ ਜਾਂਦਾ। ਮੈਂ ਕਹਿੰਨਾ ਬਾਬੇ ਬਕਾਲੇ (ਨਿਹੰਗ ਡੇਰਾ) ਨਾਲ਼ ਜੁੜਨਾ ਤੇ ਜਥੇਬੰਦੀ ਨਾਲ਼ ਜੁੜਨਾ ਡਿਸਪਲਿਨ ਸਿਖਾਉਂਦਾ ਹੈ। ਹਲੀਮੀ ਅਤੇ ਭਰੋਸੇ ਦਾ ਡਿਸਪਲਿਨ

ਹੋਲੇ ਮਹੱਲੇ ਤੇ ਬਾਬਾ ਜੀ ਜਥੇਬੰਦੀ ਦੀ ਆਗਿਆ ਨਾਲ਼ ਆਨੰਦਪੁਰ ਸਾਹਿਬ ਗਏ। ਵਿਸਾਖੀ ਤੇ ਦਮਦਮਾ ਸਾਹਿਬ ਜਾਣਾ ਹੈ। ਵਿਸਾਖੀ ਤੋਂ ਬਾਅਦ ਮੁੜ ਮੋਰਚਾ ਸੰਭਾਲਣਾ ਹੈ।

en_GBEnglish