“ਮੇਰਾ ਨਾਂ ਬਾਬੂ ਸਿੰਘ ਹੈ। ਮੇਰੀ ਉਮਰ ਕਰੀਬ 70 ਸਾਲ ਹੈ। ਮੇਰੇ ਇਕ ਮੁੰਡਾ ਹੈ, ਜਿਸ ਦਾ ਨਾਂ ਜਗਦੀਸ਼ ਹੈ। ਪਹਿਲਾਂ ਮੇਰਾ ਮੁੰਡਾ ਮੋਰਚੇ ‘ਚ ਵਾਰੀ ਲਾ ਗਿਆ ਸੀ ਤੇ ਹੁਣ ਮੈਂ ਆਇਆ ਹਾਂ। ਪਰ ਮੈਂ ਝੂਠ ਕਿਉਂ ਬੋਲਾਂ, ਹਾਲੇ ਤੱਕ ਮੇਰੀ ਘਰਵਾਲੀ ਇੱਥੇ ਨਹੀਂ ਆਈ। ਮੇਰਾ ਪਿੰਡ ਮਾਨਬੀਬੜੀਆਂ ਹੈ ਮਾਨਸਾ ਜ਼ਿਲ੍ਹੇ ਵਿੱਚ।
ਪਹਿਲਾ ਜਿਵੇਂ ਯੂਨੀਅਨਾਂ ਵਾਲੇ ਜਾਂਦੇ ਹੁੰਦੇ ਸੀ ਪਿੰਡਾਂ ‘ਚ ਪ੍ਰਚਾਰ ਲਈ ਤਾਂ ਮੈਂ ਉਨ੍ਹਾਂ ਨਾਲ਼ ਜਾਂਦਾ ਹੁੰਦਾ ਸੀ। ਕਿਤੇ ਧਰਨਾ ਲੱਗਿਆ ਹੁੰਦਾ ਤਾਂ ਉਥੇ ਵਗ ਜਾਂਦੇ। ਅਸੀਂ ਹਰ ਮੋਰਚਾ ਫਤਹਿ ਕੀਤਾ ਹੈ। ਇਹ ਮੋਰਚਾ ਵੀ ਲਾਜ਼ਮੀ ਸਿਰੇ ਚੜੂਗਾ। ਸਰਕਾਰ ਸੋਧਾਂ ਲਈ ਤਾਂ ਪਹਿਲਾਂ ਹੀ ਤਿਆਰ ਬੈਠੀ ਹੈ। ਆਪਣੀਆਂ ਵੋਟਾਂ ਨਾਲ਼ ਹੀ ਪ੍ਰਧਾਨ ਮੰਤਰੀ ਬਣਿਆ ਹੈ ਮੋਦੀ, ਹੋਰ ਕਿਹੜਾ ਉਹ ਘਰੋਂ ਬਣ ਗਿਆ?
ਪਿੰਡਾਂ ‘ਚ ਵੱਟਾਂ ਪਿੱਛੇ ਜਾਂ ਪਾਣੀਆਂ ਪਿੱਛੇ ਜੱਟਾਂ ਦੀਆਂ ਆਪਸ ਵਿੱਚ ਨਿੱਤ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ, ਆਪਣੀ ਜ਼ਮੀਨ ਲੈਣ ਵਾਸਤੇ ਮੈਨੂੰ ਆਪਦੇ ਹੀ ਤਾਏ ਨਾਲ਼ ਕੋਰਟ ਜਾਣਾ ਪਿਆ ਸੀ, ਮੈਂ ਆਵਦੀ ਉਮਰ ‘ਚ ਦੋ ਵਾਰ ਗਰੀਬੀ ਦੇਖੀ ਤੇ ਮਿਹਨਤ ਦੇ ਸਿਰ ‘ਤੇ ਦੋਨੇ ਵਾਰੀ ਰਾਜੀ ਹੋ ਗਿਆ।ਪਰ ਇਥੇ ਮੋਰਚੇ ‘ਤੇ ਅਸੀਂ ਪਿਆਰ ਨਾਲ਼ ਰਲ ਮਿਲ ਕੇ ਬੈਠੇ ਆਂ। ਇਥੇ ਆਪਾਂ ਕਿਹੜਾ ਜ਼ਮੀਨ ਵੰਡਣੀ ਐ? ਉਲਟਾ ਆਪਾਂ ਤਾਂ ਸਿਆਣਪ ਨਾਲ਼ ਏਕਤਾ ਬਣਾ ਕੇ ਆਪਣੀ ਜ਼ਮੀਨ ਬਚਾਉਣੀ ਐ। ਅਸੀਂ ਰੋਟੀ ਆਪ ਵੀ ਬਣਾ ਲੈਂਦੇ ਹਾਂ, ਕਦੇ ਕਦੇ ਲੰਗਰ ਚ ਵੀ ਖਾ ਆਉਂਦੇ ਹਾਂ। ਅੱਜ ਬਿਜਲੀ ਆਲੀ ਤਾਰ ਟੁੱਟ ਗਈ ਸੀ ਤੇ ਰੋਟੀ ਪਕਾਉਣ ਨੂੰ ਕੁਵੇਲਾ ਹੋ ਗਿਆ ਸੀ। ਇਸ ਕਰਕੇ ਨਹੀਂ ਬਣਾਈ, ਅਪਣੀ ਮਰਜ਼ੀ ਦੇ ਮਾਲਕ ਹਾਂ।
ਸਾਨੂੰ ਜੋ ਦੁੱਧ ਆਉਂਦਾ ਹੈ ਮੋਰਚੇ ‘ਤੇ ਉਹ ਬਹੁਤਾ ਹਰਿਆਣੇ ਵਿੱਚੋਂ ਈ ਆਉਂਦਾ ਹੈ। ਲੱਸੀ ਤੇ ਸਬਜ਼ੀ ਵੀ ਹਰਿਆਣੇ ਵਿੱਚੋਂ ਆਉਂਦੀ ਹੈ। ਜਾਟ ਭਰਾਵਾਂ ਦੀਆਂ ਜਿੰਨੀਆਂ ਵੀ ਲਵੇਰੀਆਂ ਨੇ, ਉਹ ਰੋਜ਼ ਚੋਅ ਕੇ ਦੁੱਧ ਸਾਡੀਆਂ ਟਰਾਲੀਆਂ ਤੇ ਲੰਗਰਾਂ ਵਿੱਚ ਪਾ ਕੇ ਜਾਂਦੇ ਨੇ। ਤੁਸੀਂ ਸਟੋਰੀ ਸੁਣੀ ਹੋਊਗੀ ਭਗਤ ਸਿੰਘ ਊਧਮ ਸਿੰਘ ਵਰਗੇ ਇਨਕਲਾਬੀਆਂ ਦੀ, ਉਨਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ‘ਚੋਂ ਅੰਗਰੇਜ਼ ਕੱਢੇ ਸੀ। ਹੁਣ ਆਪਾਂ ਨੂੰ ਮੁੜ ਕੇ ਗ਼ੁਲਾਮ ਕਰਨ ਨੂੰ ਫਿਰਦੈ ਮੋਦੀ। ਉਹ ਆਪਣੀ ਜਾਇਦਾਦ ਖੋਹਕੇ ਕੰਪਨੀਆਂ ਨੂੰ ਦੇਊਗਾ ਤੇ ਆਪਣੇ ਕੋਲੋਂ ਦਿਹਾੜ੍ਹੀਆਂ ਕਰਾਊਗਾ। ਆਪਾਂ ਗੁਲਾਮ ਕਿਉਂ ਹੋਈਏ? ਮੁਲਕ ਤਾਂ ਸਾਡਾ ਹੈ, ਪਰ ਮੋਦੀ ਸਰਕਾਰ ਰਾਹੀਂ ਇਸ ਉਤੇ ਆਪਣਾ ਮਨਮਾਨਾ ਰਾਜ ਕਰਨ ਦੀਆਂ ਸਕੀਮਾਂ ਘੜ ਰਹੇ ਨੇ ਅੰਬਾਨੀ ਅਡਾਨੀ ਵਰਗੇ ਵੱਡੀਆਂ ਕੰਪਨੀਆਂ ਦੇ ਮਾਲਕ! ਉਹ ਸਾਡੀਆਂ ਜ਼ਮੀਨਾਂ ਉਤੇ ਕਾਬਜ਼ ਹੋਣ ਨੂੰ ਤਾਹੂ ਨੇ। ਪਰ ਅਸੀਂ ਕਿਸੇ ਦੇ ਅਧੀਨ ਨਹੀਂ ਹੋਣਾ ਚਾਹੁੰਦੇ।
ਜੇਕਰ ਅਸੀਂ ਕੰਪਨੀਆਂ ਤੇ ਉਨਾਂ ਦੇ ਸੇਵਾਦਾਰ ਮੋਦੀ ਦਾ ਮੂੰਹ ਨਾ ਭੰਨਿਆ, ਤਾਂ ਸਾਡੀ ਅਗਲੀ ਪੀੜ੍ਹੀ ਦੇ ਬੱਚੇ ਸਾਨੂੰ ਪੁੱਛਣਗੇ ਕਿ ਬਾਪੂ ਜੀ ਸਾਡੇ ਲਈ ਤੁਸੀਂ ਕੀ ਕਰ ਕੇ ਗਏ ਹੋ? ਸੋ ਅਸੀਂ ਅਪਣੇ ਜੁਆਕਾਂ ਤੇ ਪੋਤੇ ਪੋਤੀਆਂ ਖਾਤਰ ਹੀ ਕੁਰਬਾਨੀ ਦੇ ਰਹੇ ਹਾਂ। ਊਧਮ ਸਿੰਘ ਉਡਵਾਇਰ ਤੋਂ ਜ੍ਹਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਇੱਕੀ ਸਾਲ ਉਸ ਦੀ ਭਾਲ ਵਿਚ ਫਿਰਦਾ ਰਿਹਾ ਸੀ। ਆਪਾਂ ਨੂੰ ਤਾਂ ਹਾਲੇ ਤਿੰਨ ਚਾਰ ਮਹੀਨੇ ਹੀ ਹੋਏ ਨੇ ਦਿੱਲੀ ਦੇ ਬਾਰਡਰ ਉਤੇ ਬੈਠਿਆਂ ਨੂੰ। ਸਰਕਾਰ ਨਾਲ਼ ਟੱਕਰ ਲੈਣੀ ਕੋਈ ਚੌੜ ਥੋੜ੍ਹੀ ਹੈ। ਜੇਕਰ ਸੈਂਟਰ ਸਰਕਾਰ ਦੇ ਗਲ਼ ‘ਚ ‘ਗੂਠਾ ਆਊਗਾ, ਫੇਰ ਹੀ ਝੁਕੁਗਾ ਮੋਦੀ। ਜੇ ਮੋਦੀ ਨੂੰ ਕੋਈ ਕਿਸਾਨ ਮਜ਼ਦੂਰ ਵੋਟ ਈ ਨਾ ਪਾਵੇ, ਤਾਂ ਅਗਾਂਹ ਨੂੰ ਉਹਦਾ ਰਾਜ ਭਾਗ ਆਪੇ ਹੀ ਖੁਸ ਜਾਊਗਾ।
ਮੋਦੀ ਨੂੰ ਭਰਮ ਸੀ ਕਿ ਸਾਡਾ ਇਹ ‘ਖਾੜਾ ਕੰਮ ਦੇ ਸੀਜ਼ਨ ਵਿਚ ਆਪੇ ਪੱਟਿਆ ਜਾਊ। ਪਰ ਉਸ ਦੀ ਇਹ ਆਸ ਅਸੀਂ ਪੂਰੀ ਨੀਂ ਹੋਣ ਦਿੰਦੇ। ਲੋਕ ਵਾਰੀ ਸਿਰ ਕੰਮ ਧੰਦਾ ਕਰਕੇ ਮੁੜ ਆਉਣਗੇ, ਇਥੇ ਫੇਰ ਪਹਿਲਾਂ ਤੋਂ ਵੀ ਵੱਧ ਇਕੱਠ ਹੋਜੂ। ਜੇ ਕੋਈ ਇੱਕ ਅੱਧੀ ਟਰਾਲੀ ਲੈ ਵੀ ਗਿਆ, ਉਹ ਵੀ ਫੇਰ ਇੱਥੇ ਆ ਜਾਊਗਾ। ਕੱਲ ਸਵੇਰੇ ਵਾਪਸ ਜਾਵਾਂਗੇ ਅਸੀਂ। ਸੱਤ ਦਿਨ ਹੋ ਗਏ ਮੈਨੂੰ ਆਏ ਨੂੰ। ਹੁਣ ਦੂਜੇ ਬੰਦੇ ਆ ਜਾਣਗੇ। ਅੱਠ ਦਿਨਾਂ ਦਾ ਪ੍ਰੋਗਰਾਮ ਹੁੰਦਾ, ਫੇਰ ਦੂਜੀ ਪਾਰਟੀ ਆ ਜਾਂਦੀ ਹੈ। ਮੈਂ ਹੁਣ 70 ਦੇ ਲਵੇ ਲੱਗਿਆ ਹੋਇਆਂ। ਮੈਂ ਅਜੇ ਵੀ ਆਪ ਖੇਤੀ ਕਰਦਾ ਹਾਂ। ਸਾਡੇ ਕੋਲ ਸਾਢੇ ਸੱਤ ਕਿੱਲੇ ਪੈਲੀ ਹੈ। ਇਹ ਜਿਹੜਾ ਮੋਦੀ ਹੈ ਇਹ ਬੜਾ ਘਟੀਆ ਪ੍ਰਧਾਨ ਮੰਤਰੀ ਸਾਬਤ ਹੋਇਐ। ਪਰ ਕਿਸਾਨ ਵੀ ਅੜੇ ਖੜੇ ਨੇ। ਇਹ ਇੱਕਠ ਹੁਣ ਵਿਝੜਦਾ ਨੀਂ। ਕਣਕਾਂ ਸਾਂਭਣ ਵੇਲੇ ਇੱਕਠ ਜ਼ਰੂਰ ਥੋੜਾ ਘੱਟਜੂਗਾ, ਜਿਵੇਂ ਆਪਣੇ ਸੂਬਿਆਂ ਕੱਸੀਆਂ ਦਾ ਪਾਣੀ ਘਟਦਾ ਵੱਧਦਾ ਰਹਿੰਦੈ, ਕਦੇ ਸੂਆ ਉਤਰ ਗਿਆ, ਫੇਰ ਮੁੜ ਪਾਣੀ ਵੱਧ ਗਿਆ। ਉਵੇਂ ਈ ਤੂੜੀ ਤੰਦ ਬਣਾ ਕੇ ਫੇਰ ਏਥੇ ਉਸੇ ਤਰ੍ਹਾਂ ਹੀ ਜ਼ੋਰ ਹੋਜੂਗਾ। ਜਿੰਨਾ ਚਿਰ ਮਸਲਾ ਹੱਲ ਨੀਂ ਹੁੰਦਾ, ਉਨ੍ਹਾਂ ਚਿਰ ਲੋਕ ਇਥੋਂ ਨਹੀਂ ਮੁੜਦੇ।
ਮੇਰਾ ਮੁੰਡਾ ਬਾਰਾਂ ਪੜ੍ਹਿਆ ਹੈ। ਜੇਕਰ ਉਸ ਨੂੰ ਕੋਈ ਕੰਮ ਮਿਲ ਗਿਆ, ਤਾਂ ਵਾਹ ਭਲੀ, ਨਹੀਂ ਤਾਂ ਫਿਰ ਖੇਤੀ ਹੀ ਕਰਾਂਗੇ। ਲੋਕ ਬੀਏ ਐਮਏ ਪੜ੍ਹ ਕੇ ਵੇਹਲੇ ਫਿਰਦੇ ਨੇ। ਸਾਰੇ ਲੋਕ ਤਾਂ ਫੌਜ ‘ਚ ਵੀ ਨੀਂ ਜਾ ਸਕਦੇ। ਭਾਵੇਂ ਭਰਤੀ ਹੋਣ ਨੂੰ ਤਾਂ ਕੁੱਲ ਬੇਰੁਜ਼ਗਾਰਾਂ ਦਾ ਜੀਅ ਕਰਦੈ। ਕਿੰਨੀਆਂ ਕਿੰਨੀਆਂ ਜਮਾਤਾਂ ਪਾਸ ਕਰੀਂ ਤੇ ਕੋਰਸ ਕਰੀਂ ਫਿਰਦੇ ਨੇ ਮੁੰਡੇ ਕੁੜੀਆਂ, ਪਰ ਉਨ੍ਹਾਂ ਨੂੰ ਕੋਈ ਨੌਕਰੀ ਕੋਈ ਰੁਜ਼ਗਾਰ ਨੀਂ ਮਿਲਦਾ। ਹਰ ਥਾਂ ਭ੍ਰਿਸ਼ਟਾਚਾਰ ਹੈ। ਮੈਂ ਅਣਪੜ੍ਹ ਹਾਂ, ਖੱਬਲ ਪੁੱਟਣ ਵਾਲਾ। ਸਾਡਾ ਤਾਂ ਖੇਤੀ ਉਤੇ ਹੀ ਗੁਜ਼ਾਰਾ ਹੈ। ਜੇ ਮੋਦੀ ਸਰਕਾਰ ਸਾਡੇ ਪਰਿਵਾਰ ਦੇ ਗੁਜ਼ਾਰੇ ਦੇ ਇਕੋ ਇਕ ਸਾਧਨ – ਸਾਡੀ ਖੇਤੀ ਤੇ ਜ਼ਮੀਨ ਨੂੰ ਵੀ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਕਰਨ ਲਈ ਕਾਨੂੰਨ ਪਾਸ ਕਰ ਦਿੰਦੀ ਹੈ, ਤਾਂ ਸਾਡੇ ਕੋਲ ਇਕੋ ਰਾਹ ਬਚਦਾ ਹੈ ਕਿ ਅਸੀਂ ਮੋਦੀ ਸਰਕਾਰ ਦੇ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜੀਏ, ਅਸੀਂ ਇਹ ਲੜਾਈ ਜ਼ਰੂਰ ਲੜਾਂਗੇ ਭਾਵੇਂ ਸਾਨੂੰ ਇਸ ਵਿਚ ਕਿੰਨੀ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।