ਦਿੱਲੀ ਪੁਲਿਸ ਦੇ ਡਰਾਵੇ

ਦਿੱਲੀ ਪੁਲਿਸ ਦੇ ਡਰਾਵੇ

ਦਿੱਲੀ ਪੁਲਿਸ ਦੇ ਡਰਾਵੇ ਵਾਲੀਆਂ ਤਫ਼ਤੀਸ਼ਾਂ ਜਾਰੀ ਹਨ। ਉਹਨਾਂ ਦੇ ਸਪੈਸ਼ਲ ਸੈੱਲ ਨੇ ਦਿੱਲੀ ਦੇ ਸਿਆਸੀ ਆਗੂ ਰਵੀ ਰਾਏ ਦੇ ਘਰ ਕੇ ਟਰਾਲੀ ਟਾਈਮਜ਼ ਅਤੇ ਸਾਡੀ ਸੰਪਾਦਕੀ ਟੀਮ ਦੀ ਮੈਂਬਰ ਨਵਕਿਰਨ ਨੱਤ ਬਾਰੇ ਪੁੱਛਗਿੱਛ ਕੀਤੀ। ਉਹਨਾਂ ਕੋਲ ਕੋਈ ਵਾਰੰਟ ਨਹੀਂ ਸੀ। ਇਹ ਮਹਿਜ਼ ਅੰਦੋਲਨ ਦੇ ਹੱਕ ਵਿਚ ਬੁਲੰਦ ਅਵਾਜ਼ਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਡਰਾਉਣ ਦੀ ਕੋਸ਼ਿਸ਼ ਹੈ। ਇਸ ਦੀ ਜਿੰਨੀ ਨਿਖੇਧੀ ਹੋ ਸਕੇ ਘੱਟ ਹੈ। ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।

ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਵੀ ਏਸੇ ਤਰ੍ਹਾਂ ਹੀ ਪੁੱਛਗਿੱਛ ਕਰਨ ਦੇ ਚੱਕਰ ਵਿਚ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਰੱਖਿਆ। ਦਿੱਲੀ ਦੀ ਅਦਲਾਤ ਨੇ ਦਿਸ਼ਾ ਰਵੀ ਨੂੰ ਜ਼ਮਾਨਤ ਦਿੰਦਿਆਂ ਇਸ ਬਾਬਤ ਕਿਹਾ ਸੀ ਕਿਲੋਕਰਾਜ ਵਿਚ ਲੋਕ ਹੀ ਦੇਸ਼ ਦੀ ਜ਼ਮੀਰ ਦੇ ਰਾਖੇ ਹੁੰਦੇ ਹਨ, ਜੇ ਉਹ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਉਠਾਉਂਦੇ ਹਨ ਤਾਂ ਉਹਨਾਂ ਨੂੰ ਸਲਾਖਾਂ ਪਿੱਛੇ ਕੈਦ ਨਹੀਂ ਕੀਤਾ ਜਾ ਸਕਦਾ।

ਸੰਯੁਕਤ ਕਿਸਾਨ ਮੋਰਚਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਨੂੰਨੀ ਟੀਮਾਂ ਦੇ ਯਤਨਾਂ ਨਾਲ਼ 50 ਬੰਦੇ ਜੇਲਾਂ ਤੋਂ ਬਾਹਰ ਚੁੱਕੇ ਹਨ ਅਤੇ ਸੈਸ਼ਨ ਅਦਾਲਤ ਨੇ ਦਿੱਲੀ ਪੁਲਸ ਵੱਲੋਂ ਲੋਕਾਂ ਨੂੰ ਭੇਜੇ ਨੋਟਿਸਾਂਤੇ ਰੋਕ ਲਾ ਦਿੱਤੀ ਹੈ, ਕਿਸੇ ਨੂੰ ਪੁਲਿਸ ਕੋਲ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ।

ਮਜ਼ਦੂਰ ਕਿਸਾਨ ਮਹਾਂਪੰਚਾਇਤਾਂ 

ਪਿਛਲੇ ਦਿਨਾਂ ਵਿਚ ਦੇਸ਼ ਵਿਚ ਥਾਈਂਥਾਈਂ ਮਜ਼ਦੂਰਾਂ ਕਿਸਾਨਾਂ ਦੇ ਇਸ ਅੰਦੋਲਨ ਦੀ ਹਮਾਇਤ ਵਿੱਚ ਵੱਡੇ ਇਕੱਠ ਹੋਏ ਹਨ। ਇਹਨਾਂ ਇਕੱਠਾਂ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਹਮਾਇਤੀ ਜਥੇਬੰਦੀਆਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਹਨਾਂ ਮਹਾਂਪੰਚਾਇਤਾਂ ਰਾਹੀਂ ਅੰਦੋਲਨ ਵਿਚ ਨੌਜਵਾਨਾਂ, ਮਜ਼ਦੂਰਾਂ ਅਤੇ ਸ਼ਹਿਰੀ ਵਰਗ ਨੂੰ ਲਾਮਬੰਦ ਕਰਨ, ਉਹਨਾਂ ਨੂੰ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ ਅਤੇ ਸਰਕਾਰ ਦੀਆਂ ਚਾਲਾਂ ਨਾਲ਼ ਨਜਿੱਠਣ ਦਾ ਕੰਮ ਜਾਰੀ ਹੈ। ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਦੇ ਨੋਟਿਸਾਂ ਅਤੇ ਕਾਰਵਾਈਆਂ ਦਾ ਜਵਾਬ ਇਕੱਠੇ ਹੋ ਕੇ ਦੇਣ ਲਈ ਕਿਹਾ। ਜਥੇਬੰਦ ਲੋਕਾਂ ਦੀ ਤਾਕਤ ਹੀ ਲੋਕ ਦੋਖੀ ਨੀਤੀਆਂ ਅਤੇ ਕਾਰਵਾਈਆਂ ਦਾ ਤੋੜ ਹੈ। 

ਦਾਤਾਰ ਸਿੰਘ ਨੂੰ ਅਲਵਿਦਾ

ਪੰਜਾਬ ਦੀ ਮੁਲਾਜ਼ਮ ਲਹਿਰ ਦੇ ਜੁਝਾਰੂ ਆਗੂ, ਡੈਮੋਕਰੇਟਿਕ ਟੀਚਰਜ਼ ਯੂਨੀਅਨ ਦੇ ਸੰਸਥਾਪਕ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨਿਧੜਕ ਜਰਨੈਲ ਦਾਤਾਰ ਸਿੰਘ 21 ਫ਼ਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ। ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਹੋਣ ਮਗਰੋਂ ਉਹ ਕਿਸਾਨ ਯੂਨੀਅਨ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਅਚਾਨਕ ਉਹਨਾਂ ਨੇ ਆਪਣੇ ਜੀਵਨ ਦਾ ਆਖ਼ਰੀ ਸਾਹ ਲਿਆ। ਅਸੀਂ ਕਿਸਾਨ ਮੋਰਚੇ ਦੇ ਸੂਝਵਾਨ ਆਗੂ ਦਾਤਾਰ ਸਿੰਘ ਜੀ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਉਹਨਾਂ ਦੀਆਂ ਬੇਸ਼ੁਮਾਰ ਲੋਕਪੱਖੀ ਘਾਲਣਾਵਾਂ ਨੂੰ ਸਲਾਮ ਕਰਦੇ ਹਾਂ।

 

en_GBEnglish