ਭਗਤ ਸਿੰਘ ਦੀ ਤਸਵੀਰ

ਭਗਤ ਸਿੰਘ ਦੀ ਤਸਵੀਰ

ਸਾਡੇ ਕੋਲ ਭਗਤ ਸਿੰਘ ਦੀਆਂ ਕੁਲ ਚਾਰ ਤਸਵੀਰਾਂ ਹਨਬਚਪਨ ਵੇਲੇ ਦੀ ਜਿਸ ਵਿਚ ਭਗਤ ਸਿੰਘ ਦੇ ਹੱਥ ਵੀ ਦਿਸਦੇ ਹਨ; ਦੂਜੀ ਨੈਸ਼ਨਲ ਕਾਲਜ ਲਹੌਰ ਦੀ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਕੱਢੀ ਟੌਰਹੇ ਵਾਲ਼ੀ ਪੱਗ ਵਾਲ਼ੀ; ਤੀਜੀ ਪੁਲਸ ਹਿਰਾਸਤ ਵਿਚ ਮੰਜੀ ਉੱਤੇ ਬੈਠੇ ਦੀ ਅਤੇ ਅਖ਼ੀਰਲੀ ਟੋਪ ਵਾਲ਼ੀ। ਸਭ ਤੋਂ ਵੱਧ ਜਾਣੀ ਜਾਂਦੀ ਟੋਪ ਵਾਲ਼ੀ ਤਸਵੀਰ ਹੀ ਹੈ ਇਹ ਤਸਵੀਰ ਭਾਵੇਂ ਕਲਾ ਦਾ ਕੋਈ ਚੰਗਾ ਨਮੂਨਾ ਨਹੀਂ, ਪਰ ਇਹ ਸਾਡੇ ਲਈ ਬਹੁਤ ਕੁਝ ਹੈ। ਮੈਂ ਹੁਣ ਇਸ ਤਸਵੀਰ ਬਾਰੇ ਗੱਲ ਕਰਨੀ ਹੈ।

ਵੀਹਵੀਂ ਸਦੀ ਵਿਚ ਪੰਜਾਬ ਵਿਚ ਜਿੰਨੀ ਭਗਤ ਸਿੰਘ ਦੇ ਨਾਂ ਦੀ ਸੋਭਾ ਹੋਈ, ਓਨੀ ਕਿਸੇ ਦੀ ਨਹੀਂ ਹੋਈ। ਸਿੱਖ ਗੁਰੂਆਂ ਜਿੰਨਾ ਪਿਆਰ ਤੇ ਸ਼ਰਧਾ ਲੋਕਾਂ ਦੇ ਮਨਾਂ ਵਿਚ ਭਗਤ ਸਿੰਘ ਵਾਸਤੇ ਵੀ ਹੈ। ਨਾਨਕ ਜਾਂ ਗੋਬਿੰਦ ਸਿੰਘ ਤੇ ਭਗਤ ਸਿੰਘ ਦੀ ਤਸਵੀਰ ਵਿਚ ਏਨਾ ਹੀ ਫ਼ਰਕ ਹੈ ਕਿ ਗੁਰੂਆਂ ਦੀ ਮੂਰਤ ਫ਼ਰਜ਼ੀ ਹੈ, ਪਰ ਭਗਤ ਸਿੰਘ ਦੀ ਨਹੀਂ। ਇਹ ਹਰ ਕਿਸੇ ਦੇ ਏਨਾ ਨੇੜੇ ਤੇ ਆਪਣੇ ਵਰਗਾ ਹੈ ਕਿ ਇਸ ਅੱਗੇ ਮੱਥਾ ਤਾਂ ਭਾਵੇਂ ਟੇਕਦਾ ਹੋਏ ਪਰ ਮੰਨਤਾਂ ਨਹੀਂ ਮੰਗਦਾ ਹੋਣਾ। ਆਪਣੀ ਜ਼ਿੰਦਗੀ ਤੇ ਕੁਰਬਾਨੀ ਸਦਕਾ ਭਗਤ ਸਿੰਘ ਆਮ ਬੰਦੇ ਦੇ ਆਪਣੇ ਵਰਗਾ ਹੁੰਦਿਆਂ ਵੀ ਏਨਾ ਕੁ ਵੱਖਰਾ ਜ਼ਰੂਰ ਹੈ, ਜਿਸ ਤੋਂ ਅਹਿਸਾਸਮੰਦੀ, ਇਜ਼ਤ ਤੇ ਸ਼ਰਧਾ ਸ਼ੁਰੂ ਹੁੰਦੀ ਹੈ। ਢਾਬਿਆਂ ਤੇ ਨਾਈਆਂ ਦੀਆਂ ਹੱਟੀਆਂ ਵਿਚ ਲਟਕਦੇ ਕੈਲੰਡਰਾਂ, ਟਰੱਕਾਂ ਦੀਆਂ ਬਾਰੀਆਂ ਤੇ ਰਿਕਸ਼ਿਆਂ ਦੇ ਪਿਛਾੜੀ, ਮੇਲਿਆਂ ਵਿੱਚ ਵਿਕਦੇ ਕਿੱਸਿਆਂ ਚਿੱਠਿਆਂ ਦੇ ਮੋਹਰੇ ਭਗਤ ਸਿੰਘ ਦੀ ਟੋਪ ਵਾਲ਼ੀ ਮੂਰਤ ਆਮ ਨਜ਼ਰ ਆਉਂਦੀ ਹੈ। ਟੋਪ ਤੇ ਮੁੱਛਾਂ ਨੂੰ ਛੱਡ ਕੇ ਹਰ ਮੂਰਤ ਵਿਚ ਨੈਣ ਨਕਸ਼ਾਂ ਪਿਆ ਫ਼ਰਕ ਜਾਂ ਤਾਂ ਮੂਰਤ ਨੂੰ ਸੁਹਜਾ ਬਣਾ ਦਿੰਦਾ ਹੈ ਜਾਂ ਕੁਹਜਾ; ਪਰ ਇਹਦਾ ਸੁਨੇਹਾ ਕਦੇ ਨਹੀਂ ਬਦਲਦਾ; ਇਹ ਆਦਿਜੁਗਾਦੀ ਜੁ ਹੋ ਗਿਆ ਹੈ।

ਇਹ ਤਸਵੀਰ ਭਗਤ ਸਿੰਘ ਨੇ ਬਟੁਕੇਸ਼ਵਰ ਦੱਤ ਨਾਲ਼ ਜਾ ਕੇ ਕਸ਼ਮੀਰੀ ਗੇਟ ਦਿੱਲੀ ਦੇ ਫ਼ੋਟੋਗਰਾਫ਼ਰ ਰਾਮ ਨਾਥ ਤੋਂ 9 ਅਪ੍ਰੈਲ 1929 ਵਾਲ਼ੇ ਦਿਨ ਪਾਰਲੀਮੈਂਟ ਵਿਚ ਬੰਬ ਸੁੱਟਣ ਤੇ ਗ੍ਰਿਫ਼ਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਖਿਚਵਾਈ ਸੀ। ਇੱਕੋ ਦਿਨ ਇੱਕੋ ਵੇਲ਼ੇ ਅੱਗੜ ਪਿੱਛੜ ਖਿਚਵਾਈਆਂ ਫ਼ੋਟੋਆਂ ਵਿਚ ਦੱਤ ਨੇ ਸਿਰਤੇ ਟੋਪ ਨਹੀਂ ਲਿਆ ਹੋਇਆ। ਸ਼ਾਇਦ ਉਹ ਟੋਪ ਲੈਣੋਂ ਸੰਗਦਾ ਹੋਏਗਾ। ਨਾਲ਼ੇ ਇਹ ਭਗਤ ਸਿੰਘ ਜਿੰਨਾ ਸ਼ੌਕੀਨ ਵੀ ਨਹੀਂ ਸੀ। ਦੱਤ ਤਸਵੀਰ ਵਿਚ ਕੈਮਰੇ ਜਾਂ ਦਰਸ਼ਕ ਵਲ ਨਹੀਂ ਦੇਖ ਰਿਹਾ। ਆਮ ਲੋਕਾਂ ਭਾਣੇ ਭਗਤ ਸਿੰਘ ਦੱਤ ਇੱਕੋ ਬੰਦੇ ਦਾ ਨਾਂ ਹੈ। ਭਗਤ ਸਿੰਘ ਦੀ ਤਸਵੀਰ ਜ਼ਿੰਦਾਦਿਲੀ, ਸਾਦਗੀ ਤੇ ਨਿਹਚੇ ਦਾ ਨਿਸ਼ਾਨ ਹੈ। ਫ਼ੋਟੋਗਰਾਫ਼ਰ ਦੇ ਗਾਹਕਾਂ ਵਾਸਤੇ ਰੱਖੇ ਫ਼ੈਲਟ ਹੈਟ ਨੂੰ ਪਾ ਕੇ ਭਗਤ ਸਿੰਘ ਬਾਂਕਾ ਛੈਲ ਜਵਾਨ ਨਜ਼ਰ ਆਉਂਦਾ ਹੈ। (ਇਹ ਫ਼ਿਲਮਾਂ ਦੇਖਣ ਦਾ ਸ਼ੌਕੀਨ ਸੀ ) ਪਰ ਏਨਾ ਜੈਂਟਲਮੈਨ ਵੀ ਨਹੀਂ ਕਿ ਟੋਪ ਨਾਲ਼ ਜੈਕਟ ਪਾ ਲੈਂਦਾ। ਭਾਵੇਂ ਨਿਰੀ ਕਮੀਜ਼  ਨਾਲ਼ ਪਾਇਆ ਟੋਪ ਬੇਢਬਾ ਲੱਗਦਾ ਹੈ, ਪਰ ਇਸ ਤੋਂ ਮਸਤੀ ਝਲਕਦੀ ਹੈ। ਇਹਨੇ ਜ਼ੇਲ੍ਹਚੋਂ ਚਿੱਠੀ ਲਿਖ ਕੇਸ਼ੈਕਸਪੀਅਰੀਕਾਲਰਾਂ ਵਾਲ਼ੀ ਕਮੀਜ਼ ਮੰਗਵਾਈ ਸੀ। 

ਮੁੱਛਾਂ ਤੇ ਘੰਡੀ ਵਾਲ਼ੀ ਗਰਦਨ ਤੋਂ ਮਰਦਾਨਗੀ ਝਲਕਦੀ ਹੈ ਅਤੇ ਅਪਣੀ  ਮਾਂ ਵਰਗੀਆਂ ਅੱਖਾਂ ਤੇ ਠੋਡੀ ਤੋਂ ਨਿਹਚਾ। ਬੁੱਲ੍ਹਾਂ ਵਿਚ ਸੰਵੇਦਨਾ ਹੈ। ਰਾਮ ਨਾਥ ਇਹ ਤਾਂ ਜਾਣਦਾ ਹੀ ਹੋਣਾ ਹੈ ਕਿ ਭਗਤ ਸਿੰਘ ਮਫ਼ਰੂਰ ਹੈ ਪਤਾ ਨਹੀਂ ਇਹਦੀ ਇਹ ਮੂਰਤ ਲਾਂਹਦਿਆਂ ਇਹਨੂੰ ਇਹਦੀ ਤਵਾਰੀਖੀ ਅਹਿਮੀਅਤ ਦਾ ਪਤਾ ਸੀ ਜਾਂ ਨਹੀਂ; ਪਰ ਭਗਤ ਸਿੰਘ ਦੱਤ ਨੂੰ ਜ਼ਰੂਰ ਪਤਾ ਸੀ। ਇਹ ਮੂਰਤ ਵਾਪਰਨ ਵਾਲ਼ੀ ਬਹੁਤ ਵੱਡੀ ਘਟਨਾ ਵੱਲ ਇਸ਼ਾਰਾ ਹੈ। ਕਿੰਨੇ ਚੰਗਾ ਹੁੰਦਾ, ਜੇ ਰਾਮ ਨਾਥ ਇਨ੍ਹਾਂ ਦੀਆਂ ਹੋਰ ਤਸਵੀਰਾਂ ਵੀ ਲਾਹ ਕੇ ਰੱਖ ਲੈਂਦਾ। ਬਹੁਤ ਘੱਟ ਤਸਵੀਰਾਂ ਹੁੰਦੀਆਂ ਹਨ, ਜਿੰਨ੍ਹਾਂ ਦੇ ਸਿਰਲੇਖ ਰੱਖਣ ਦੀ ਜ਼ਰੂਰਤ ਨਹੀ ਪੈਂਦੀ। ਸ਼ਹੀਦ ਭਗਤ ਸਿੰਘ ਦੀ ਇਹ ਤਸਵੀਰ ਵੀ ਐਸੀਆਂ ਤਸਵੀਰਾਂ ਵਰਗੀ ਹੈ। ਫਰਾਂਸੀਸੀ ਫੈਲਸੂਫ ਰੋਲਾਂ ਬਾਰਤ ਦੇ ਕਹਿਣ ਵਾਂਗ ਤਸਵੀਰ ਦਾ ਸਿਰਲੇਖ ਜਾਂ ਤਾਂ ਤਸਵੀਰ ਨੂੰ ਉਚਿਆਣ ਵਾਸਤੇ ਲਿਖੀਦਾ ਹੈ, ਜਾਂ ਤਰਸ ਪੈਦਾ ਕਰਨ ਲਈ ਅਤੇ ਜਾਂ ਕੋਈ ਮਨਤਕ ਦੇਣ ਵਾਸਤੇ। ਭਗਤ ਸਿੰਘ ਲੋਕ ਮਨ ਵਿਚ ਏਨਾ ਵੱਸਿਆ ਹੋਇਆ ਹੈ ਕਿ ਇਹਦੀ ਇਕ ਇਕ ਝਲਕ ਮਾਤਰ ਹੀ ਆਪਣੇ ਆਪ ਨੂੰ ਉਚਿਆਂਦੀ ਵੀ ਹੈ ਤੇ ਤਰਸ ਵੀ ਪੈਦਾ ਕਰਦੀ ਹੈ।

ਪੁਲਸ ਵਾਲ਼ੇ ਸ਼ਨਾਖ਼ਤ ਵਾਸਤੇ ਮੁਲਾਜ਼ਮ ਦੇ ਗਲ਼ ਵਿਚ ਨੰਬਰ ਵਾਲ਼ੀ ਸਲੇਟ ਪਾ ਕੇ ਸਾਹਮਣਿਓਂ ਤੇ ਪਾਸਿਓਂ ਫ਼ੋਟੋਆਂ ਉਤਾਰਦੇ ਹੁੰਦੇ ਹਨ। ਪਤਾ ਨਹੀਂ ਕਿ ਦਿੱਲੀ ਜਾਂ ਲਹੌਰ ਪੁਲਸ ਨੇ ਭਗਤ ਸਿੰਘ ਦੀਆਂ ਇਹੋ ਜਿਹੀਆਂ ਤਸਵੀਰਾਂ ਖਿੱਚੀਆਂ ਸਨ ਜਾਂ ਨਹੀਂ। ਜੇ ਕਿਤੇ ਇਹ ਲੱਭ ਪੈਣ, ਤਾਂ ਭਗਤ ਸਿੰਘ  ਉਹਨਾਂ ਵਿੱਚ ਕਿਹੋ ਜਿਹਾ ਨਜ਼ਰ ਆਉਂਦਾ ਹੋਵੇਗਾ? ਟੋਪ ਤਾਂ ਉਹਨਾਂ ਕਦੇ ਹੋ ਨਹੀ ਸਕਦਾ। ਕੁਝ ਦਿਨਾਂ  ਦੀ ਕਰੜ ਬਰੜੀ ਦਾਹੜੀ ਹੋਏਗੀ। ਤਸ਼ੱਦਦ ਦੇ ਝੰਬੇ ਹੋਏ ਭਗਤ ਸਿੰਘ ਦੇ ਥੱਕੇ ਹੋਏ ਮੁੱਖੜੇਤੇ ਟੋਪ ਵਾਲ਼ੀ ਤਸਵੀਰ ਵਾਲ਼ੀ ਅਲਸਾਹਟ ਤੇ ਜਲਾਲ ਭਾਵੇਂ ਨਾ ਹੋਵੇ, ਪਰ ਨਿਹਚਾ ਜ਼ਰੂਰ ਹੋਏਗਾ।

ਭਗਤ ਸਿੰਘ ਨੇ ਅਮਰੀਕਾ ਰਹਿੰਦੇ ਆਪਣੇ ਗਰਾਂ ਅਮਰ ਚੰਦ ਨੂੰ ਮਈ 1927 ਵਿੱਚ ਚਿੱਠੀ ਲਿਖੀ ਸੀ: “ਵੀਰ ਮੇਰੀ ਵਿਦੇਸ਼ ਜਾ ਕੇ ਤਾਲੀਮ ਹਾਸਲ ਕਰਨ ਦੀ ਖ਼ਾਹਿਸ਼ ਖ਼ੂਬ ਬਰਬਾਦ ਹੋ ਗਈ।ਜੇ ਭਗਤ ਸਿੰਘ ਦੀ ਇਹ ਖ਼ਾਹਿਸ਼ ਪੂਰੀ ਹੋਈ ਹੁੰਦੀ ਜਾਂ ਇਹ ਹੋਰਨਾਂ ਪੰਜਾਬੀ ਇਨਕਲਾਬੀਆਂ ਵਾਂਗ ਰੂਸ ਗਿਆ ਹੁੰਦਾ ਤਾਂ ਇਹਨਾਂ ਨੂੰ ਪਾਸਪੋਰਟ ਵਾਸਤੇ ਫ਼ੋਟੋ ਜ਼ਰੂਰ ਖਿਚਾਵਣੀ ਪੈਣੀ ਸੀ। ਪਾਸਪੋਰਟ ਵਾਲ਼ੀ ਫ਼ੋਟੋ ਵਿੱਚ ਟੋਪ ਨਹੀਂ ਪਾਈਦਾ ਤਾਂ ਵੀ ਟੋਪ ਵਾਲ਼ੀ ਤਸਵੀਰ ਵਾਂਗ ਪਾਸਪੋਰਟ ਦੀ ਤਸਵੀਰ ਦਾ ਮੂੰਹ ਭਵਿੱਖ ਵੱਲ ਹੁੰਦਾ। ਪੁਲਸ ਦੀ ਲਾਹੀ ਤਸਵੀਰ ਦਾ ਮੂੰਹ ਹਮੇਸ਼ਾ ਅਤੀਤ ਵੱਲ ਹੁੰਦਾ ਹੈ। ਪੁਲਸੀਏ ਤਸੀਹੇ ਵੀ ਬੀਤੇ ਵੇਲੇ ਦੀਆਂ ਤਹਿਆਂ ਫੋਲਣ ਲਈ ਦਿੰਦੇ ਹਨ। ਪੁਲਸ ਹਿਰਾਸਤ ਵਿਚ ਭਵਿੱਖ ਅਲੋਪ ਹੋ ਜਾਂਦਾ ਹੈ। ਭਗਤ ਸਿੰਘ ਦੀ ਇਸ ਤਸਵੀਰ ਦੀ ਇਕ ਹੋਰ ਸਿਫ਼ਤ ਇਹ ਵੀ ਹੈ ਕਿ ਇਹ ਰਿਆਸਤ(ਸਟੇਟ)ਦਾ ਲੋਕਾਂ ਉੱਤੇ ਮੁੜਿਆਂ  ਹੋਇਆਂ ਇਮੇਜ ਨਹੀਂ। ਅਸੀਂ ਲੋਕਾਂ ਨੇ ਇਹਨੂੰ ਏਸ ਲਈ ਸਾਂਭ ਸਾਂਭ ਰੱਖਿਆ ਹੈ, ਕਿਉਂਕਿ ਇਹ ਸਾਨੂੰ ਪਿਆਰਾ ਲੱਗਦਾ ਹੈ। ਏਸ ਪਿਆਰ ਵਿਚ ਰਹਿੰਦੀ ਦੁਨੀਆ ਤੱਕ  ਕੋਈ ਫ਼ਰਕ ਨਹੀਂ ਪੈਣਾ। ਇਹ ਤਸਵੀਰ ਦੇਖਣ ਵਾਲ਼ੇ ਵੱਲ ਦੋਸਤੀ  ਦਾ ਹੱਥ ਵਧਾਉਦੀ ਹੈ। ਇਹਦੇ ਐਨ ਉਲਟ ਸਟਾਲਿਨ ਦੀ ਤਸਵੀਰ ਵੀ ਹੈ।

ਪੰਜਾਬ ਸਰਕਾਰ ਨੇ ਭਗਤ ਸਿੰਘ ਦੀ ਇਸ ਤਸਵੀਰ ਨੂੰ ਬਦਲਣ ਦੀ ਫਿਰਕਾਪ੍ਰਸਤ ਕਰਤੂਤ ਕੀਤੀ ਹੈ। ਚਿੱਤਰਕਾਰ ਅਮਰ ਸਿੰਘ ਬਾਂਸਲ ਨੇ ਟੋਪ ਲਾਹ ਕੇ ਪੱਗ ਰੱਖ ਦਿੱਤੀ। ਇਹੀ ਹਾਲ ਊਧਮ ਸਿੰਘ ਦੀ ਤਸਵੀਰ ਦਾ ਵੀ ਹੋਇਆ। ਪੰਜਾਬ ਸਰਕਾਰ ਨੂੰ ਤਾਂ ਕੀ ਦੋਸ਼ ਦਿੱਤਾ ਜਾ ਸਕਦਾ ਹੈ। ਬੜੇ ਸਾਲ ਪਹਿਲਾਂ ਕਿਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇਕ ਬੋਦੀਆਂ ਵਾਲ਼ੀ  ਤਸਵੀਰ ਨੂੰ ਅਮ੍ਰਿਤਸਰ ਦੇ ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬੰਨ੍ਹਵਾ ਦਿੱਤੀ ਸੀ। ਭਗਤ ਸਿੰਘ ਦੀ ਮੰਜੀ ਵਾਲ਼ੀ ਤਸਵੀਰ ਵਿੱਚ ਨਾਲ਼ ਜੋ ਸੀ ਆਈ ਡੀ ਦਾ ਬੰਦਾ ਬੈਠਾ ਹੈ, ਉਹ ਹੁਣ ਬਣਾਏ ਜਾਂਦੇ ਕੈਲੰਡਰਾਂ ਵਿੱਚ ਭਾਈ ਰਣਧੀਰ ਸਿੰਘ ਬਣਾਇਆਂ ਹੁੰਦਾ ਹੈ।

ਜਿਉਂ ਮੌਤ ਉਮਰ ਨੂੰ ਵਧਣੋਂ ਯਕਲ਼ਖਤ ਰੋਕ ਦਿੰਦੀ ਹੈ, ਇਵੇਂ ਕੈਮਰੇ ਦੀ ਕਲਿਕ ਵੇਲੇ ਦੇ ਅਨੰਤ ਵਹਿਣ ਨੂੰ ਤੋੜ ਕੇ ਦਰਜ਼ ਕਰ ਲੈਂਦੀ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ। ਅੱਜ ਅਸੀਂ ਅੱਸੀ ਸਾਲਾਂ ਦਾ ਬਾਬਾ ਭਗਤ ਸਿੰਘ ਨਹੀਂ ਚਿੱਤਵ ਸਕਦੇ। ਭਗਤ ਸਿੰਘ ਦੀ ਇਹ ਤਸਵੀਰ ਸਦਾ ਬਹਾਰ ਰੁੱਤ ਦੀ ਨਿਸ਼ਾਨੀ ਹੈ। ਲੋਕ ਅਮਰ ਬਿੰਬ ਦੀ ਲਾਲਸਾ ਕਰਦਿਆਂ ਬਹੁਤੀ ਵੇਰ ਖੁਦਗਰਜ਼ ਤੇ ਬੇਕਿਰਕ ਵੀ ਹੁੰਦੇ ਹਨ। ਪਰ ਭਗਤ ਸਿੰਘ ਦੀ ਕਰੀਬੀ ਸਾਕਾਂ ਖ਼ਾਸ ਕਰਕੇ ਇਹਦੀ ਮਾਂ ਲਈ ਮੌਤ ਦਾ ਰੋਮਾਂਸ ਮਾਅਨੇ ਨਹੀਂ ਰੱਖਦਾ ਹੋਣਾ। ਉਹਦੀ ਤਾਂ ਦੁਨੀਆ ਲੁੱਟੀ ਗਈ ਸੀ। ਇਹ ਤਸਵੀਰ ਮਾਂ ਨੂੰ ਸਲੵਦੀ ਰਹਿੰਦੀ ਹੋਣੀ ਹੈ।

ਭਗਤ ਸਿੰਘ ਦੀ  ਇਹ ਤਸਵੀਰ ਪੰਜਾਬ ਦੀ ਕੌਮੀ ਤਸਵੀਰ ਹੈ। ਇਹ ਜੋ ਸਾਡੀਆਂ ਨਜ਼ਰਾਂ ਵਿਚ ਹੈ,ਉਹ ਗ਼ੈਰ ਪੰਜਾਬੀਆਂ ਦੀਆਂ ਨਜ਼ਰਾਂ ਨਹੀਂ ਹੋ ਸਕਦਾ। ਸੋਵੀਅਤ ਰੂਸ ਦੇ ਕਿਸੇ ਸਮੁੰਦਰੀ ਜਹਾਜ਼ ਦਾ ਨਾਂ ਭਗਤ ਸਿੰਘ ਸੀ। ਪਰ ਕੀ ਉਸ ਜਹਾਜ਼ ਦਾ ਕਪਤਾਨ ਤੇ ਜਹਾਜ਼ੀ ਭਗਤ ਸਿੰਘ ਨੂੰ ਸਾਡੇ ਵਾਂਗ ਹੀ ਪਿਆਰ ਕਰਦੇ ਹੋਣਗੇ? ਜਿਉਂ ਮੌਤ ਉਮਰ ਨੂੰ ਵਧਣੋਂ ਯਕਲ਼ਖਤ ਰੋਕ ਦਿੰਦੀ ਹੈਇਵੇਂ ਕੈਮਰੇ ਦੀ ਕਲਿਕ ਵੇਲੇ ਦੇ ਅਨੰਤ ਵਹਿਣ ਨੂੰ ਤੋੜ ਕੇ ਦਰਜ਼ ਕਰ ਲੈਂਦੀ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ।ਅੱਜ ਅਸੀਂ ਅੱਸੀ ਸਾਲਾਂ ਦਾ ਬਾਬਾ ਭਗਤ ਸਿੰਘ ਨਹੀਂ ਚਿੱਤਵ ਸਕਦੇ। ਭਗਤ ਸਿੰਘ ਦੀ ਇਹ ਤਸਵੀਰ ਸਦਾ ਬਹਾਰ ਰੁੱਤ ਦੀ ਨਿਸ਼ਾਨੀ ਹੈ।ਲੋਕ ਅਮਰ ਬਿੰਬ ਦੀ ਲਾਲਸਾ ਕਰਦਿਆਂ ਬਹੁਤੀ ਵੇਰ ਖੁਦਗਰਜ਼ ਤੇ ਬੇਕਿਰਕ ਵੀ ਹੁੰਦੇ ਹਨ। ਪਰ ਭਗਤ ਸਿੰਘ ਦੀ ਕਰੀਬੀ ਸਾਕਾਂ ਖ਼ਾਸ ਕਰਕੇ ਇਹਦੀ ਮਾਂ ਲਈ ਮੌਤ ਦਾ ਰੋਮਾਂਸ ਮਾਅਨੇ ਨਹੀਂ ਰੱਖਦਾ ਹੋਣਾ।ਉਹਦੀ ਤਾਂ ਦੁਨੀਆ ਲੁੱਟੀ ਗਈ ਸੀ। ਇਹ ਤਸਵੀਰ ਮਾਂ ਨੂੰ ਸਲੵਦੀ ਰਹਿੰਦੀ ਹੋਣੀ ਹੈ।

ਭਗਤ ਸਿੰਘ ਦੀ  ਇਹ ਤਸਵੀਰ ਪੰਜਾਬ ਦੀ ਕੌਮੀ ਤਸਵੀਰ ਹੈ। ਇਹ ਜੋ ਸਾਡੀਆਂ ਨਜ਼ਰਾਂ ਵਿਚ ਹੈ,ਉਹ ਗ਼ੈਰ ਪੰਜਾਬੀਆਂ ਦੀਆਂ ਨਜ਼ਰਾਂ ਨਹੀਂ ਹੋ ਸਕਦਾ। ਸੋਵੀਅਤ ਰੂਸ ਦੇ ਕਿਸੇ ਸਮੁੰਦਰੀ ਜਹਾਜ਼ ਦਾ ਨਾਂ ਭਗਤ ਸਿੰਘ ਸੀ। ਪਰ ਕੀ ਉਸ ਜਹਾਜ਼ ਦਾ ਕਪਤਾਨ ਤੇ ਜਹਾਜ਼ੀ ਭਗਤ ਸਿੰਘ ਨੂੰ ਸਾਡੇ ਵਾਂਗ ਹੀ ਪਿਆਰ ਕਰਦੇ ਹੋਣਗੇ?

 

en_GBEnglish