ਜਸਦੀਪ ਸਿੰਘ
ਸਰਕਾਰ ਨੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਡਰਾਉਣ ਦੀ ਮੁਹਿੰਮ ਜਾਰੀ ਰੱਖਦਿਆਂ 21 ਸਾਲਾ ਵਾਰਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲੀਸ ਦੀ ਸਾਈਬਰ ਸੈੱਲ ਦੀ ਟੀਮ ਨੇ ਬੰਗਲੌਰ ਤੋਂ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਗ੍ਰੇਟਾ ਥੁਨਬਰਗ ਤੇ ਵੀ ਕੇਸ ਦਰਜ ਕੀਤਾ ਗਿਆ ਸੀ।
ਗ੍ਰੇਟਾ ਨੇ ਇਕ ਦਸਤਾਵੇਜ਼ ਸਾਂਝਾ ਕੀਤਾ ਸੀ ਜਿਸ ਵਿੱਚ ਕਿਸਾਨ ਮੋਰਚੇ ਦੀ ਹਮਾਇਤ ਕਰਨ ਦੇ ਤਰੀਕੇ ਦੱਸੇ ਗਏ ਸਨ। ਭਾਜਪਾ ਸਰਕਾਰ ਨੇ ਇਸ ਨੂੰ ਕੌਮਾਂਤਰੀ ਸਾਜਿਸ਼ ਗਰਦਾਨਦਿਆਂ ਦਸਤਾਵੇਜ਼ ਬਨਾਉਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੇ ਹਫ਼ਤੇ ਆਜ਼ਾਦ ਖ਼ਬਰੀ ਅਦਾਰੇ ‘ਨਿਊਜ ਕਲਿਕ’ ਦੇ ਦਫਤਰ ਅਤੇ ਮਾਲਕਾਂ ਦੇ ਘਰਾਂ ਤੇ ਇਨਫੋਰਸਮੈਂਟ ਡਿਪਾਰਟਮੈਂਟ ਨੇ ਛਾਪਾ ਮਾਰਿਆ। ਇਹ ਅਦਾਰਾ ਦਲੇਰੀ ਨਾਲ਼ ਕਿਸਾਨ ਮੋਰਚੇ ਦੀਆਂ ਖ਼ਬਰਾਂ ਅਤੇ ਦਿੱਲੀ ਪੁਲਿਸ ਦੀ ਲੋਕ ਵਿਰੋਧੀ ਕਾਰਗੁਜ਼ਾਰੀ ਬਾਰੇ ਲਿਖ ਰਿਹਾ ਸੀ। ਇਹ ਛਾਪਾ ਚਾਰ ਦਿਨ ਚੱਲਿਆ।
ਦਿੱਲੀ ਪੁਲਿਸ ਅੰਦੋਲਨਕਾਰੀਆਂ ਤੇ ਤਾਂ ਕੇਸ ਪਾ ਹੀ ਰਹੀ ਹੈ ਪਰ ਹਮਾਇਤ ਵਿੱਚ ਆਵਾਜ਼ ਚੁੱਕਣ ਵਾਲੇ ਪੱਤਰਕਾਰਾਂ ਅਤੇ ਆਮ ਸ਼ਹਿਰੀਆਂ ਨੂੰ ਵੀ ਕਾਨੂੰਨੀ ਕੇਸਾਂ ਵਿੱਚ ਫਸਾ ਕੇ ਡਰਾ ਧਮਕਾ ਰਹੀ ਹੈ। ਭਾਜਪਾ ਸਰਕਾਰ ਬੁਖਲਾਹਟ ਵਿੱਚ ਕਿਸਾਨ ਮੋਰਚੇ ਦੇ ਹੱਕ ਵਿੱਚ ਉੱਠੀ ਹਰ ਆਵਾਜ਼ ਨੂੰ ਕੁਚਲਣ ਵਿੱਚ ਲੱਗੀ ਹੋਈ ਹੈ ਤਾਂ ਕਿ ਸ਼ਹਿਰੀ ਹਮਾਇਤ ਨੂੰ ਰੋਕਿਆ ਜਾ ਸਕੇ। ਸਰਕਾਰ ਨੂੰ ਡਰ ਹੈ ਕਿ ਅੰਦੋਲਨ ਪਿੰਡਾਂ ਦਾ ਜਾਂ ਕਿਸਾਨੀ ਦਾ ਨਾ ਰਹਿ ਕੇ ਕਦੇ ਸ਼ਹਿਰੀ ਖੇਤਰ ਵਿਚਲੇ ਮੁਲਾਜ਼ਮਾਂ ਕਿਰਤੀਆਂ ਦਾ ਨਾ ਬਣ ਜਾਵੇ। ਪਰ ਲੋਕ ਸਰਕਾਰ ਦੇ ਹਰ ਹਮਲੇ ਦਾ ਜਵਾਬ ਆਪਣੀ ਤਾਕਤ ਅਤੇ ਏਕੇ ਦਾ ਮੁਜ਼ਾਹਰਾ ਕਰ ਕੇ ਦੇ ਰਹੇ ਹਨ।