ਪੰਜਾਬੀ ਟ੍ਰਿਬਿਊਨ ਵਿਚੋਂ
ਕੁਝ ਦਿਨ ਤੇ ਤਿੱਥਾਂ ’ਤੇ ਕਿਸੇ ਭੂਗੋਲਿਕ ਖ਼ਿੱਤੇ ਦੇ ਜੀਵਨ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਇਤਿਹਾਸ ’ਤੇ ਅਮਿੱਟ ਪ੍ਰਭਾਵ ਛੱਡਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਹਮੇਸ਼ਾਂ ਪ੍ਰੇਰਨਾ ਅਤੇ ਸ਼ਕਤੀ ਮਿਲਦੀ ਰਹਿੰਦੀ ਹੈ। 10 ਫੱਗਣ ਅਜਿਹਾ ਹੀ ਦਿਨ ਹੈ ਜਦ ਸੌ ਸਾਲ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਕ ਸ਼ਾਂਤਮਈ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ’ਚੋਂ ਛੁਡਾਉਣ ਪਹੁੰਚਿਆ। ਮਹੰਤ ਅਤੇ ਉਸ ਦੇ ਗੁੰਡਿਆਂ ਨੇ ਇਸ ਜਥੇ ’ਤੇ ਗੋਲੀਆਂ ਚਲਾਈਆਂ, ਛਵੀਆਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ, ਜੰਡ ਨਾਲ ਬੰਨ੍ਹ ਕੇ ਸਾੜਿਆ ਪਰ ਇਸ ਜਥੇ ਦੇ ਸਿੰਘਾਂ ਨੇ ਅਕਹਿ ਧੀਰਜ ਅਤੇ ਸਬਰ ਨਾਲ ਜ਼ੁਲਮ ਦਾ ਸਾਹਮਣਾ ਕੀਤਾ। ਸੈਂਕੜੇ ਸਿੰਘ ਸ਼ਹੀਦ ਹੋਏ ਪਰ ਅਖੀਰ ਗੁਰਦੁਆਰੇ ਦਾ ਕਬਜ਼ਾ ਸਿੰਘਾਂ ਕੋਲ ਆ ਗਿਆ। ਸ਼ਹੀਦਾਂ ਵੱਲੋਂ ਦਿਖਾਏ ਗਏ ਅਨੂਠੇ ਸਬਰ ਅਤੇ ਮਹਾਨ ਕੁਰਬਾਨੀਆਂ ਦੇ ਸੰਗਮ ਸਦਕਾ ਇਹ ਦਿਨ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਵਿਚ ਹੀ ਨਹੀਂ ਸਗੋਂ ਸਾਰੀ ਮਾਨਵਤਾ ਅਤੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਦਿਹਾੜਾ ਬਣ ਗਿਆ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ।
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚੇ ਇਹ ਵੀ ਦਰਸਾਉਂਦੇ ਹਨ ਕਿ ਸਿੱਖ ਆਗੂਆਂ ਨੇ ਮਹੰਤਾਂ ’ਤੇ ਨਿੱਜੀ ਹਮਲਾ ਕਰਕੇ ਮਾਰ–ਮੁਕਾਉਣ ਨਾਲੋਂ ਸ਼ਾਂਤਮਈ ਢੰਗ ਨਾਲ ਮਹੰਤ–ਪਰੰਪਰਾ ਦਾ ਵਿਰੋਧ ਕਰਨ ਅਤੇ ਗੁਰਦੁਆਰਿਆਂ ਨੂੰ ਨੈਤਿਕ ਬਲ ਨਾਲ ਸਿੱਖ ਸੰਗਤ ਦੇ ਪ੍ਰਬੰਧ ਹੇਠ ਲਿਆਉਣ ਲਈ ਤਰਜੀਹ ਦਿੱਤੀ। ਗੁਰਬਖਸ਼ ਸਿੰਘ ਝੁਬਾਲੀਆ ਅਨੁਸਾਰ ਧਾਰੋਵਾਲੀ ਦੇ ਜਲਸੇ ਵਿਚ ਭਾਈ ਟਹਿਲ ਸਿੰਘ ਨੇ ਕਿਹਾ ਕਿ ਸੰਗਤ ਹੁਕਮ ਦੇਵੇ ਤਾਂ ‘‘ਮੈਂ ਦਿਨ ਚੜ੍ਹਦੇ ਨੂੰ ਮਹੰਤ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹਾਂ ਪਰ ਉਨ੍ਹਾਂ ਨੂੰ ਹੌਸਲਾ ਤੇ ਧੀਰਜ ਦੇ ਕੇ ਇਸ ਗੱਲੋਂ ਰੋਕ ਦਿੱਤਾ ਗਿਆ।’’ ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ ਦੇ ਵਿਚਾਰਧਾਰਕ ਆਧਾਰ ਦੇ ਪਰਪੱਕ ਹੋਣ ਦੀ ਗਵਾਹੀ ਦਿੰਦੀ ਹੈ। ਇਹੀ ਕਾਰਨ ਹੈ ਕਿ ਇਸ ਲਹਿਰ ਦੀਆਂ ਪ੍ਰਾਪਤੀਆਂ ਵੱਡੀਆਂ ਅਤੇ ਇਤਿਹਾਸ ’ਤੇ ਦੂਰਗਾਮੀ ਅਸਰ ਪਾਉਣ ਵਾਲੀਆਂ ਸਨ। ਸੋਹਨ ਸਿੰਘ ਜੋਸ਼ ਅਨੁਸਾਰ, ‘‘ਸ਼ਰੋਮਣੀ ਕਮੇਟੀ ਨੇ ਇਕਸਾਰ ਅਹਿੰਸਾ–ਮਈ ਸਤਿਆਗ੍ਰਹਿ ਦਾ ਹਥਿਆਰ ਵਰਤਿਆ ਅਤੇ ਅੰਗਰੇਜ਼ ਹਾਕਮਾਂ ਦੀ ਇਹ ਖਾਹਸ਼ ਪੂਰੀ ਨਾ ਹੋਣ ਦਿੱਤੀ ਕਿ ਸਿੱਖ ਅੱਜ ਨਹੀਂ ਭਲਕੇ ਨਹੀਂ ਤਾਂ ਪਰਸੋਂ ਅਹਿੰਸਾ ਛੱਡ ਦੇਣਗੇ ਅਤੇ ਹਿੰਸਾ ਦਾ ਰਾਹ ਅਪਨਾਣ ਲੱਗ ਪੈਣਗੇ।’’
ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੇ ਅੰਦੋਲਨ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਅਮੀਰ ਵਿਰਸੇ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਸ਼ਾਂਤਮਈ ਰਹਿ ਕੇ ਵਿਰੋਧ ਕਰਨਾ, ਦੁੱਖ ਝੱਲਣੇ ਅਤੇ ਉੱਚੇ ਇਖ਼ਲਾਕੀ ਪੱਧਰ ਕਾਇਮ ਕਰਨੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉਹ ਮਹਾਨ ਪ੍ਰਾਪਤੀਆਂ ਸਨ ਜਿਸ ਤੋਂ ਪੰਜਾਬ, ਦੇਸ਼ ਅਤੇ ਸਮੁੱਚੀ ਮਾਨਵਤਾ ਨੂੰ ਹਮੇਸ਼ਾਂ ਪ੍ਰੇਰਨਾ ਮਿਲਦੀ ਰਹੇਗੀ। ਇਹ ਸਮਾਂ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ, ਸਿਦਕ ਅਤੇ ਸਬਰ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਰਾਹਾਂ ’ਤੇ ਚੱਲਕੇ ਅਨਿਆਂ ਵਿਰੁੱਧ ਲੜਨ ਦਾ ਹੈ।