ਤਰਨਦੀਪ ਬਿਲਾਸਪੁਰ
“ਮੈਂ ਉਸਤੋਂ ਮਹਿਕਦੀ ਰੁੱਤ ਦਾ ਹਿਸਾਬ ਮੰਗ ਬੈਠਾ
ਉਹ ਮਲਕੜੇ ਮੇਰੀ ਝੋਲੀ ‘ਚ ਭਰ ਗਿਆ ਪੱਥਰ।”
ਸ਼ਾਇਰ ਰਾਜਿੰਦਰਜੀਤ ਦੇ ਸ਼ਬਦ ਸਾਡੇ ਸਮਿਆਂ ਦੀ ਕਥਾ ਨੇ , ਹਾਕਮ ਨੂੰ ਹੁਣ ਪੂਰੇ ਸਾਲਮ ਭਾਰਤ ਵਿੱਚ ਹਰ ਮੋੜ ਤੇ ਪਾਕਿਸਤਾਨੀ, ਖਾਲਿਸਤਾਨੀ ਤੇ ਨਕਸਲੀ ਦਿਖਦੇ ਹਨ। ਸੰਘਰਸ਼ ਕਰਨ ਵਾਲੇ ਹੁਣ ਪਰਜੀਵੀ ਹੋ ਗਏ ਹਨ। ਤਾਂ ਫਿਰ ਸਾਲਮ ਭਾਰਤ ਵੀ 37% ਵੋਟਾਂ ਲੈ ਕੇ ਕਿ ਤੀਸਰੀ ਡਿਵੀਜਨ ‘ਚ ਪਾਸ ਹੋਈ ਭਾਰਤੀ ਜਨਤਾ ਪਾਰਟੀ ਤੇ ਉਸਦੇ ਮਨੀਟਰ ਨਰਿੰਦਰ ਮੋਦੀ ਨੂੰ ਲੋਕਤੰਤਰ ਨੂੰ ਲੱਗੀ ਜੋਕ ਕਹਿਕੇ ਸੰਬੋਧਿਤ ਕਰ ਸਕਦਾ ਹੈ। ਐਸੀ ਜੋਕ ਜੋ ਲੋਕਾਈ ਦੇ ਲਹੂ ਦੀਆਂ ਘੁੱਟਾਂ ਭਰ ਭਰ ਦੈਂਤ ਬਣ ਰਹੀ ਹੈ। ਅਜਿਹਾ ਦੈਂਤ ਜਿਸਦਾ ਏਜੰਡਾ ਇੱਕ ਸੂਤਰੀ ਹੈ, ਕਾਰਪੋਰੇਟ ਦੀ ਮੁਨਾਫੇ ਦੀ ਮਸ਼ੀਨ ਬਣਨਾ ਤੇ ਉਸ ਦੀ ਮਾਇਆ ਨਾਲ ਆਪਣਾ ਸਿਆਸੀ ਦਮਨ ਚੱਕਰ ਚਲਾਉਣਾ। ਰਾਮ ਮੰਦਰ, ਧਾਰਾ 370, ਸਿਟੀਜਨ ਬਿੱਲ ਸਭ ਇਸ ਦੈਂਤ ਦੇ ਛਲਾਵੇ ਮਾਤਰ ਨੇ ਤਾਂ ਕਿ 37% ਵਾਲੀ ਉਸਦੀ ਖੇਡ ਚੱਲਦੀ ਰਹੇ।
ਹੁਣ ਜਦੋਂ ਮੀਡੀਆ ਦਾ ਵੱਡਾ ਹਿੱਸਾ ਸੱਤਾ ਦੀ ਗੋਦੀ ਵਿੱਚ ਸਜਿਆ ਬੈਠਾ ਹੈ ਤਾਂ ਉਸ ਸਮੇਂ #ਟਵਿੱਟਰ ਵਰਗੇ ਸਾਧਨ ਜਨ ਊਰਜਾ ਦੇ ਟੂਲ ਨੇ, ਇੱਥੇ ਵੀ ਰਾਸ਼ਟਰੀ ਸੁਰੱਖਿਆ ਵਰਗੇ ਸ਼ਬਦ ਹੁਣ ਇਹਨਾਂ ਤਕਨੀਕੀ ਟੂਲਾਂ (ਸੰਦਾਂ) ਨੂੰ ਬੇਅਸਰ ਕਰਨ ਲਈ ਐਨੇ ਸਰਗਰਮ ਸ਼ਬਦ ਬਣ ਗਏ ਨੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੂਚਨਾ ਤੇ ਜਨ ਸੰਵਾਦ ਨੂੰ ਇਵੇਂ ਕੰਟਰੋਲ ਕਰਨਾ ਹੈ। ਇਹ ਇੱਕ ਇਸ਼ਾਰਾ ਹੈ ਕਿ ਭਾਰਤ ਦੂਸਰੀ ਪਹਿਲਾ ਨਾਲੋਂ ਵੀ ਵੱਡ ਅਕਾਰੀ ਸਰਕਾਰੀ ਐਂਮਰਜੈਂਸੀ ਲਈ ਤਿਆਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਬਹੁਤ ਵੱਡੀ ਤਦਾਦ ਵਿੱਚ ਸੱਤਾ ‘ਚ ਬੈਠੇ ਲੋਕ ਉਸ ਐਂਮਰਜੈਂਸੀ ਨੂੰ ਹੰਢਾਵੇ ਰੂਪ ‘ਚ ਜਾਣਦੇ ਹਨ। ਪਰ ਉਹ ਇਤਿਹਾਸ ਦੇ ਨਲਾਇਕ ਵਿਦਿਆਰਥੀ ਦੀ ਤਰਾਂ ਭੁੱਲ ਗਏ ਹਨ ਕਿ ਐਮਰਜੈਂਸੀ ਦਾ ਹਸ਼ਰ ਕੀ ਹੋਇਆ ਸੀ ਜਾਂ ਮੁਨਾਫੇ ਤੇ ਸੱਤਾ ਨੇ ਉਹਨਾਂ ਨੂੰ ਉਸ ਗਧੇ ਵਾਂਗ ਬਣਾ ਦਿੱਤਾ ਹੈ, ਜਿਸਨੂੰ ਮਾਲਕ ਦੋ ਖੋਪੇ ਲਾ ਕੇ ਸਿੱਧੀ ਸੜਕ ਹੀ ਦਿਖਾਉਂਦਾ ਹੈ,ਜਿਸਤੇ ਉਸਨੇ ਉਹਨਾਂ ਨੂੰ ਤੋਰ ਕਿ ਸਿਰਫ ਕਿਰਾਇਆ ਢੋਣਾ ਹੈ।
ਇਸ ਮੌਕੇ ਸਵਾਲ ਉਹਨਾਂ ਤੇ ਵੀ ਹੈ ਜੋ ਇਸ ਆਉਣ ਵਾਲੇ ਵੱਡੇ ਸਿਆਸੀ ਘੋਲ ਤੋਂ ਪਹਿਲਾ ਦੇ ਪਰਦਰਸ਼ਨੀ ਮੈਚਾਂ ‘ਚ ਇੱਕ ਦੂਸਰੇ ਦੇ ਸਿਆਸੀ ਤੇ ਜਮਾਤੀ ਵਿਰੋਧੀਆਂ ਦੀ ਪਿੱਠ ਲੱਗਣ ਤੇ ਉੱਚੀ ਹੇਕ ‘ਚ ਮਰਸੀਏ ਗਾਉਂਦੇ ਹਨ ਉਹ ਸਭ ਪੀੜੇ ਜਾਣਗੇ, ਜੇ ਇਕੱਠੇ ਨਾ ਹੋਏ। ਲੜਾਈ ਉਹਨੀਂ ਲੰਬੀ, ਪੀੜਾਦਾਇਕ ਤੇ ਔਖੀ ਹੈ। ਜਿਹਨੇਂ ਅਸੀਂ ਦੌਫਾੜ ਹਾਂ। ਸਟੇਟ ਦੇ ਇਹ ਪੈਂਤੜੇ ਸਦੀਵੀ ਫਿੱਟ ਬੈਠੇ ਹਨ ਕਿ ਲੜਦਿਆਂ ਨੂੰ ਭਿੜਨ ਦਿਉ ਤੇ ਆਪਸੀ ਘੋਲ ਖੂਨੀ ਕਰ ਦਿਉ ਤਾਂ ਕਿ ਸਟੇਟ ਅਮਰਵੇਲ ਵਾਂਗ ਸਭ ਨੂੰ ਆਪਣੇ ਕਲਾਵੇ ਵਿੱਚ ਘੁੱਟ ਲਵੇ। ਸੋ ਆਪੋ ਆਪਣੇ ਟੈਗ ਲਾਹ ਕਿ ਸੰਤ ਰਾਮ ਉਦਾਸੀ ਦੇ ਸ਼ਬਦ ਹੀ ਸਾਡਾ ਅਸਲ ਨਿਤਾਰਾ ਨੇ ਜਦੋਂ ਸਾਡਾ ਸਿਰਮੌਰ ਕਵੀ ਕਹਿੰਦਾ ਹੈ ਕਿ
“ਕਿਵੇਂ ਸਾਡੀ ਨਿਭਦੀ ਏ ਨਿੱਕਿਆਂ ਪੜਾਵਾਂ ਨਾਲ,
ਮੰਜ਼ਲਾਂ ਦੇ ਅਸੀਂ ਹਾਂ ਵਰੇ।
ਮੰਜ਼ਲਾਂ ‘ਤੇ ਖੜੀ ਸਾਨੂੰ ਜਿੰਦਗੀ ਉਡੀਕਦੀ ਏ,
ਤੁਰੇ ਬਿਨਾ ਕੰਮ ਨਾ ਸਰੇ।”