ਕੰਵਲਜੀਤ ਸਿੰਘ
ਮਿੱਸੇ ਪਰੌਂਠੇ ਬੇਲਦਿਆਂ ਜਗਸੀਰ ਨੇਂ ਬਾਬੇ ਘੋਪ ਨੂੰ ‘ਵਾਜ ਮਾਰੀ ਕਿ ਥਾਲ ਚੱਕ ਕੇ ਪਰੌਂਠੇ ਲੈ ਲਵੇ ਗਰਮ ਗਰਮ। ਤਵੀ ਤੇ ਪਾਏ ਪਤਲੇ ਗੋਲ ਪਰੌਂਠੇ ਨੂੰ ਤੇਲ ਲਾਉਂਦਿਆਂ ਮੱਖਣ ਸਿੰਘ ਨੇਂ ਉਸਦੀ ਗੱਲ ਨੂੰ ਵਿੱਚੇ ਕੱਟਦਿਆਂ ਕਿਹਾ “ਬਾਬਾ, ਮਾੜ੍ਹੀ ਜਿਹੀ ਖੇਚਲ ਕਰੀਂ ਪਹਿਲਾਂ…ਓਹ ਜਾਖਲ਼ ਵਾਲਿਆਂ ਕੋਲੋਂ ਲੱਸੀ ਲੈ ਕੇ ਆਈਂ, ਕਹੀਂ ਭੀਖੀ ਆਲਿਆਂ ਨੇ ਮੰਗਾਈ ਆ!” ਇਹ ਸਵੇਰ ਵੇਲੇ ਦਾ ਬੜਾ ਸਾਦਾ ਜਿਹਾ ਵਿਜ਼ੁਯਲ ਟੀਕਰੀ ਬਾਡਰ ਵਾਲੇ ਪੰਜਾਬ ਦਾ ਹੈ। ਹਿੰਦੀ ਬੋਲਦੀ ਇੱਕ ਪੱਤਰਕਾਰ ਨੂੰ ਵੀ ਇਹ ਵਿਜ਼ੁਯਲ ਆਪਣੇ ਕੈਮਰੇ ਵਿਚ ਕੈਦ ਕਰਨ ਯੋਗ ਲੱਗਿਆ ਤਾਂ ਨਾਲੋ ਨਾਲ ਓਹ ਸਵਾਲ ਵੀ ਪੁਛਣ ਲੱਗੀ – ‘ਆਪਕੋ ਯੇ ਰਸੋਈ ਕੇ ਕਾਮ ਕਰਨਾ ਅਛਾ ਲਗ ਰਹਾ ਹੈ ਕਿ ਮਜਬੂਰੀ ਹੈ ਬੱਸ ?” “ ਮਜਬੂਰੀ ਵਿਚ ਕਰ ਰਹੇ ਹੈਂ” ਮੁੰਡਿਆਂ ਨੇ ਕੋਈ ਲੁਕੋਅ ਨਹੀਂ ਰਖਿਆ। ਉਨ੍ਹਾਂ ਲਈ ਪ੍ਰਗਤੀਵਾਦੀ ਨਜਰ ਆਉਣਾ ਕੋਈ ਮਜਬੂਰੀ ਨਹੀਂ ਸੀ। “ਲੇਕਿਨ ਯਹ ਅਹਸਾਸ ਤੋ ਹੁਆ ਕਿ ਕਿਤਨਾ ਮੁਸ਼ਕਿਲ ਕਾਮ ਹੈ ਜੋ ਘਰ ਕੀ ਮਹਿਲਏਂ ਕਰਤੀ ਹੈਂ ?” ਪੱਤਰਕਾਰ ਕੁੜੀ ਸਿਰਫ ਪੱਤਰਕਾਰ ਨਹੀਂ ਸੀ। “ਹਾਂ ਯਹ ਤੋ ਮਹਸੂਸ ਹੁਆ ਹੈ!” ਦੋਵੇਂ ਮੁੰਡੇ ਸਿਰ ਹਿਲਾਉਂਦਿਆਂ ਸਹਿਮਤ ਹੋਏ। “ਤੋ ਫਿਰ ਆਈਂਦਾ ਸੇ ਘਰ ਮੇਂ ਕਿਆ ਕਰੋਗੇ?” ਬੀਬੀ ਆਪਣੀ ਧੁਨ ਦੀ ਪੱਕੀ ਸੀ। “ ਘਰ ਮੇ ਜਾ ਕੇ ਰਸੋਈ ਮੇ ਹਾਥ ਬਟਾ ਦੀਆ ਕਰੇੰਗੇ, ਔਰ ਕਿਆ!” ਇਮਾਨਦਾਰੀ ਅਤੇ ਔਰਤਾਂ ਲਈ ਤਰਸ ਉਨ੍ਹਾਂ ਦੇ ਚੇਹਰੇ ਅਤੇ ਆਵਾਜ ਦੋਵਾਂ ਵਿਚ ਝਲਕ ਰਹੀ ਸੀ। ਪੱਤਰਕਾਰ ਨੇਂ ਪਲਟਵੇਂ ਸਵਾਲ ਨਾਲ ਘੇਰਿਆ “ਕਿਓਂ ਨਾ ਵਹਾਂ ਜਾ ਕੇ ਭੀ ਆਪ ਹੀ ਕਾਮ ਕਰਨਾ ਹਾਥ ਵੋ ਬਟਾ ਦੀਆ ਕਰੇਂਗੀ?” ਮੈਂ ਉਕਤ ਡਾਇਲਾਗ ਵਿਚੋਂ ਕਿਸੇ ਰੇਨੇਸਾਂ ਦੇ ਮੁਢਲੇ ਇਸ਼ਾਰੇ ਤਲਾਸ਼ ਹੀ ਰਿਹਾ ਸੀ ਕਿ ਸਵੇਰੇ ਸਵੇਰੇ ਨਸ਼ੇ ਵਿਚ ਡੱਕੋ–ਡੋਲੇ ਖਾਂਦੇ ਤੀਹ ਕੁ ਸਾਲਾਂ ਦੇ ਨੌਜਵਾਨ ਨੇ ਮੋਦੀ ਨੂੰ ਭੈਣ ਦੀ ਗਾਹਲ ਕਢਦਿਆਂ ਕਿਹਾ “ਭੈਣਦੇਣੇ ਨੇਂ ਜੱਟ ਰੋਟੀਆਂ ਬੇਲਣ ਲਾਤੇ!…” ਮਰਦਾਂ ਦੇ ਵਿਵਹਾਰ ਵਿਚ ਆਏ ਇਹ ‘ਜਨਾਨਾਂ’ ਕਾਰਜ ਹਾਲੇ ਸਾਡੇ ਲੋਕ ਮਨਾਂ ਦੇ ਫਰੇਮਵਰਕ ਵਿਚ ਸ਼ਾਮਿਲ ਹੋਣ ਨੂੰ ਸਮਾਂ ਲੱਗ ਸਕਦਾ ਹੈ ਉਸਤੋਂ ਵੀ ਵਧੇਰੇ ਸਮਾਂ ‘ਕਾਰਜਾਂ’ ਦੇ ਮਰਦਊ ਜਾਂ ਜਨਾਨਾਂ ਹੋਣ ਦੀ ਬਜਾਏ ਮਹਿਜ ਕਾਰਜ ਹੋਣ ਵਿਚ ਲੱਗੇਗਾ ਲੇਕਿਨ ਟਿੱਕਰੀ ਅਤੇ ਸਿੰਘੁ ਬਾਡਰ ਤੇ ਇਹ ਬਹਿਸ ਸ਼ੁਰੂ ਹੋ ਚੁੱਕੀ ਹੈ।
ਜਮੀਨਾਂ ਅਤੇ ਸੰਯੁਕਤ ਪਰਿਵਾਰ ਦੇ ਨਿੱਕੀਆਂ ਇਕਾਈਆਂ ਵਿਚ ਵੰਡੇ ਜਾਣ ਨਾਲ ਅਤੇ ਇਸ ਪ੍ਰੀਕਿਰਿਆ ਦੌਰਾਨ ਆਮ ਦਿਨਾਂ ਦੇ ਕਾਰ ਵਿਹਾਰ ਕਰਦਿਆਂ ਪਿੰਡਾਂ ਵਿਚ ਸਾਡੀਆਂ ਆਪਸੀ ਖਹਿ ਬਾਜੀਆਂ ਉਭਰਦੀਆਂ ਰਹੀਆਂ ਹਨ। ਸਮੇਂ ਨਾਲ ਬਦਲਦੀ ਆਰਥਿਕ ਸਮਾਜਿਕ ਸਥਿਤੀ ਨੇਂ ਆਂਢ ਗੁਆਂਢ, ਬਿਰਾਦਰੀ ਸ਼ਰੀਕੇ ਨਾਲ ਦਾਲ ਦੀ ਕੌਲੀ ਬਾਟੀ ਵਟਾ ਲੈਣ ਦੇ ਸਿਲਸਿਲੇ ਨੂੰ ਕਾਫੀ ਸਮੇਂ ਤੋਂ ਹੀ ਤੋੜ ਦਿੱਤਾ ਸੀ। ਸਿਰਫ ਏਨਾ ਹੀ ਨਹੀਂ ਸਗੋਂ ਇਸ ਸਭ ਕੁਝ ਨੇ ਲੋਕ ਮਨਾਂ ਵਿਚ ਸਾਮੂਹਿਕਤਾ ਦੀ ਥਾਵੇਂ ਨਿੱਜ ਵਾਦ ਨੂੰ ਜੇਤੂ ਕਰਾਰ ਦੇ ਦਿੱਤਾ ਸੀ। ਸਮਾਜ ਅੰਦਰ ਭਾਰੂ ਮਾਨਸਿਕਤਾ ਇਹ ਮਨਦੀ ਆ ਰਹੀ ਹੈ ਕਿ ਵਿਅਕਤੀ ਨੇਂ ਆਪਣੇ ਹਿਤ ਆਪਣੇ ਦਮ ਤੇ ਅਤੇ ਬਾਕੀ ਸਮਾਜ ਨਾਲ ਮੁਕਾਬਲੇ ਵਿਚ ਹੀ ਸਾਧਣੇ ਹਨ। ਵਿਅਕਤੀਆਂ ਅਤੇ ਪਰਿਵਾਰਾਂ ਦਰਮਿਆਨ ਇਸੇ ਪ੍ਰੀਕਿਰਿਆ ਵਿਚੋਂ ਪੈਦਾ ਹੋਏ ਈਰਖਾ ਅਤੇ ਸ਼ੱਕ ਇਨ੍ਹਾਂ ਵਿਚਾਰਾਂ ਨੂੰ ਸਥਾਈਪੁਣਾ ਬਖਸ਼ਦੇ ਹਨ। ਲੇਕਿਨ ਟੀਕਰੀ ਬਾਡਰ ਤੇ ਜਦੋਂ ਭੀਖੀ ਵਾਲੇ ਜਾਖਲ ਵਾਲਿਆਂ ਤੋਂ ਲੱਸੀ ਮੰਗਣ ਜਾਂਦੇ ਹਨ ਤਾਂ ਜਾਖਲ ਵਾਲਿਆਂ ਨੇਂ ਸਿਰਫ ਏਨਾ ਵੇਖਣਾ ਹੈ ਕਿ ਕੀ ਲੱਸੀ ਹੈਗੀ ਐ? ਕੋਈ ਪੁਰਾਣੀ ਰੰਜਿਸ਼ ਇਸ ਨਵੀਂ ਉਠਦੀ ਸਾਂਝ ਦੇ ਰਾਹ ਦਾ ਰੋੜਾ ਨਹੀਂ। ਇਸ ਸੰਘਰਸ਼ ਦੇ ਸਾਂਝੇ ਨਿਸ਼ਾਨੇ ਵੱਲ ਵਧਦਿਆਂ ਸਾਂਝੇ ਮੁਫਾਦ ਨੂੰ ਹਾਸਲ ਕਰਦਿਆਂ ਖਲਕਤ ਜਰੂਰ ਪੁਰਾਣੇ ਕਢੇ ਨਤੀਜਿਆਂ ਦੇ ਸ਼ੱਕੀ ਹੋਣ ਬਾਰੇ ਸੋਚ ਸਕਦੀ ਹੈ। ਸਾਂਝੀਵਾਲਤਾ ਦੀ ਸਫਲਤਾ ਦਰਸਾਉਣ ਲਈ ਅਧਾਰ ਵੀ ਤਿਆਰ ਹੋ ਸਕਦਾ ਹੈ।
ਪੰਜਾਬ ਦੀ ਸਿਆਸਤ ਦਾ ਸਿੱਕੇਬੰਦ ਅਧਾਰ ਪਾਣੀਆਂ ਦਾ ਮਾਮਲਾ ਰਿਹਾ ਹੈ। ‘ਪਾਣੀ ਦੀ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ’ ਪ੍ਰਮਾਣਿਕ ਰਾਜਨੀਤਿਕ ਦਮਗਜ਼ਾ ਸੀ। ਜੇਕਰ ਕੋਈ ਏਨਾ ਵੀ ਕਹਿ ਦਿੰਦਾ ਕਿ ਖੇਤੀ ਦਾ ਸਰੂਪ ਬਦਲ ਗਿਆ ਹੈ ਅਤੇ ਅੱਜ ਹੋਰ ਮੁੱਦੇ ਪਾਣੀਆਂ ਦੀ ਵੰਡ ਨਾਲੋਂ ਵੀ ਵਧੇਰੇ ਵੱਡੀ ਤਵੱਜੋ ਮੰਗਦੇ ਹਨ ਤਾਂ ਉਸਤੇ ਪੰਜਾਬ ਵਿਰੋਧੀ ਹੋਣ ਦਾ ਲੇਬਲ ਲਗਾ ਦਿੱਤਾ ਜਾਂਦਾ। ਇਸ ਵਿਚੋਂ ਪੈਦਾ ਹੋਈ ਸ਼ਰੀਕੇਬਾਜ਼ੀ ਕਾਰਨ ਹਰਿਆਣੇ ਅਤੇ ਯੂਪੀ ਵਾਲਿਆਂ ਲਈ ਕਈ ਅਪਮਾਨਜਨਕ ਸ਼ਬਦ ਆਮ ਹੀ ਵਰਤੇ ਜਾਂਦੇ। ਉਨ੍ਹਾਂ ਦੀਆਂ ਹੁੱਕਾ ਅਤੇ ਬੀੜੀ ਪੀਣ ਦੀਆਂ ਸਾਧਾਰਣ ਆਦਤਾਂ ਨੂੰ ਬੇਹਦ ਹਿਕਾਰਤ ਨਾਲ ਵੇਖਿਆ ਜਾਂਦਾ ਸੀ। ਲੇਕਿਨ ਇਸ ਘੋਲ ਨੇ ਸੂਬਿਆਂ ਅਤੇ ਇਲਾਕਿਆਂ ਨਾਲ ਜੁੜੇ ਵਾਦਾਂ ਵਿਵਾਦਾਂ ਨੂੰ ਪੇਤਲਾ ਕਰ ਦਿੱਤਾ ਹੈ, ਪ੍ਰਾਥਮਿਕਤਾਵਾਂ ਦੀ ਸੂਚੀ ਵਿਚ ਮਿਲੀ ਸਥਾਈ ਸੀਟ ਦੀ ਬਜਾਏ ਹਰ ਮੁੱਦੇ ਵਾਂਗ ਬਣਦਾ ਸਥਾਨ ਦੇ ਦਿੱਤਾ ਹੈ। ਹੁਣ ‘ਮਜਦੂਰ ਕਿਸਾਨ ਏਕਤਾ’ ਅਤੇ ‘ਹਰਿਆਣਾ ਪੰਜਾਬ ਏਕਤਾ’ ਸਹਿਜੇ ਹੀ ਸਰਭਪ੍ਰਮਾਣਿਤ ਨਾਅਰੇ ਬਣ ਗਏ ਹਨ। ਵਰ੍ਹਿਆਂ ਤੋਂ ਪਈਆਂ ਸਿਆਸੀ ਵੰਡੀਆਂ ਜਰਜਰ ਹੋ ਚੁੱਕੀਆਂ ਹਨ। ਐਸਾ ਨਹੀਂ ਕਿ ਪਾਣੀ ਦੀ ਵੰਡ ਹੁਣ ਮੁੱਦਾ ਹੀ ਨਹੀਂ ਰਹੇਗਾ ਲੇਕਿਨ ਇਹ ਆਪਣੀ ਸਹੀ ਆਰਥਿਕ ਮਹਤਤਾ ਮੁਤਾਬਿਕ ਤਵੱਜੋ ਹਾਸਿਲ ਕਰੇਗਾ। ਦੋਵਾਂ ਸੂਬਿਆਂ ਦੇ ਕਿਸਾਨਾਂ ਦੇ ਸਾਂਝੇ ਹਿਤਾਂ ਦੇ ਦਾਇਰੇ ਵਿਚ ਹੱਲ ਭਾਲੇਗਾ। ਕਿਸੇ ਸੌੜੀ ਸਿਆਸਤ ਤਹਿਤ ਰਾਜਨੀਤਿਕ ਰੋਟੀਆਂ ਸੇਕਣ ਲਈ ਲੁੜੀਂਦੇ ਡੈਡਲਾਕ ਦੀ ਬਜਾਏ ਹੱਲ ਦੀ ਮੰਗ ਕਰਦੀ ਹਰਿਆਣੇ ਪੰਜਾਬ ਦੇ ਕਿਸਾਨਾਂ ਦੀ ਇੱਕ ਸਾਂਝੀ ਸਮੱਸਿਆ ਵਜੋਂ ਵੇਖਿਆ ਘੋਖਿਆ ਅਤੇ ਹੱਲ ਕੀਤਾ ਜਾਵੇਗਾ।
ਯੂਨੀਅਨ ਆਧੁਨਿਕਤਾ ਦੀਆਂ ਬਹੁਤ ਸਾਰੀਆਂ ਨਿਆਮਤਾਂ ਵਿਚੋਂ ਇੱਕ ਸੀ। ਭਾਰਤ ਅੰਦਰ ਮਜਦੂਰਾਂ ਨੇਂ ਤਾਂ ਪਿਛਲੀ ਸਦੀ ਦੀ ਸ਼ੁਰੁਆਤ ਵਿਚ ਹੀ ਇਸ ਨਾਲ ਤਜੁਰਬੇ ਸ਼ੁਰੂ ਕਰ ਦਿੱਤੇ ਸਨ ਲੇਕਿਨ ਕਿਸਾਨੀਂ ਵਿਚ ਯੂਨੀਅਨ ਦਾ ਸੰਕਲਪ ਬਾਰ ਬਾਰ ਹਾਸ਼ੀਏ ਤੇ ਚਲਾ ਜਾਂਦਾ ਅਤੇ ਮਾਲਕ ਕਿਸਾਨੀ ਰਾਜ ਕਰਦੀਆਂ ਪਾਰਟੀਆਂ ਦੀ ਧੜੇਬੰਦੀ ਦੇ ਗੇੜ ਵਿਚ ਹੀ ਫਸੀ ਰਹੀ। ਮੌਜੂਦਾ ਘੋਲ ਧੜੇਬੰਦੀ ਨੂੰ ਤੋੜ ਕੇ ਇੱਕਜੁੱਟ ਹੋਣ ਦੇ ਮੁਹਾਵਰੇ ਵਿਚ ਲੜਿਆ ਜਾ ਰਿਹਾ ਹੈ। ਇਸਨੇ ਕਿਸਾਨੀਂ ਨੂੰ ਯੂਨੀਅਨ ਦੇ ਮੁਹਾਵਰੇ ਵਿਚ ਸੋਚਣ ਦਾ ਮੌਕਾ ਦਿੱਤਾ ਹੈ। ਕਈ ਯੂਨੀਅਨ ਲੀਡਰ ਆਪਣੇ ਕੈਡਰ ਦੇ ਨਾ ਰਹਿ ਕੇ ਸਮੂਹ ਕਿਸਾਨੀ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਨਜਰ ਆ ਰਹੇ ਹਨ ਅਤੇ ਦੂਜੇ ਪਾਸੇ ਕਿਸਾਨੀ ਵੀ ਉਨ੍ਹਾਂ ਨੂੰ ਇਓਂ ਹੀ ਸਵੀਕਾਰ ਰਹੀ ਹੈ। ਨਿੱਜ ਵਾਦ ਦੀ ਧੜੇਬੰਦਕ ਦੌੜ ਵਿਚ ਦੌੜ ਰਹੇ ਕਾਫੀ ਵੱਡੇ ਹਿੱਸੇ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਲੋਕਾਈ ਨੂੰ ਆਪਣੇ ਨਾਲ ਜੋੜ ਕੇ ਰੱਖਨ ਦੇ ਜਿਨ੍ਹਾਂ ਢੰਗਾਂ ਤਰੀਕਿਆਂ ਵਿਚ ਮੁਹਾਰਤ ਹਾਸਲ ਕੀਤੀ ਸੀ ਓਹ ਕੰਮ ਕਰਦੇ ਨਜ਼ਰ ਨਹੀਂ ਆ ਰਹੇ। ਤੇ ਦੂਜੇ ਪਾਸੇ ਹਮੇਸ਼ਾ ਤਕੜਿਆਂ ਨੂੰ ਵੰਗਾਰ ਕੇ ਹਾਰਦੇ ਆ ਰਹੇ ਯੂਨੀਅਨਾਂ ਦੇ ਕੇਡਰ ਕਾਰਗਰ ਸਾਬਿਤ ਹੋ ਰਹੇ ਹਨ। ਪੰਜਾਬ ਦੀ ਨੌਜਵਾਨੀ ਜਿਸ ਨੇ ਲੰਬੇ ਸਮੇ ਤੋਂ ਨਾ ਕੋਈ ਵੱਡਾ ਸੰਘਰਸ਼ ਹੀ ਦੇਖਿਆ ਸੀ ਅਤੇ ਨਾ ਹੀ ਕਿਸੇ ਜਥੇਬੰਦੀ ਵਿਚ ਕੰਮ ਕਰਨ ਦਾ ਤਜੁਰਬਾ ਹਾਸਿਲ ਕਰਨ ਦਾ ਮੌਕਾ ਮਿਲਿਆ ਸੀ, ਓਹ ਪਹਿਲੀ ਵਾਰੀ ਯੂਨੀਅਨ ਸਰਗਰਮੀ ਦੇ ਰੂਬਰੂ ਹੋ ਰਿਹਾ ਹੈ। ‘ਧਰਨਾ’ ਅਤੇ ‘ਝੰਡਾ’ ਮਖੌਲ ਦੇ ਪਾਤਰ ਸਨ ਲੇਕਿਨ ਅੱਜ ਝੰਡੇ ਨਾਲ ਸੈਲਫੀ ਲੈਣੀ ਅਤੇ ਧਰਨਾ ‘ਜੰਗ’ ਜਿੰਨੀ ਫੈਸ਼ਨੇਬਲ ਗੱਲ ਲੱਗਣ ਲੱਗਾ ਹੈ। ਕਿਸਾਨ ਜਥੇਬੰਦੀ ਦਾ ਬਿੱਲਾ ਮੈਡਲ ਲੱਗਣ ਲੱਗਾ ਹੈ। ਫੈਸਲੇ ਲੈਣ ਦੀ ਸਮੂਹਿਕ ਪ੍ਰੀਕਿਰਿਆ – ਮੀਟਿੰਗ, ਜਿਸਨੂੰ ਕਾਫੀ ਸਮੇਂ ਤੋਂ ਤਿਰਸਕਾਰ ਦੀ ਪਾਤਰ ਬਣਾਇਆ ਗਿਆ ਸੀ, ਕਿਵੇਂ ਵੱਡੀ ਗਿਣਤੀ ਵਿਚ ਜਥੇਬੰਦੀਆਂ ਨੂੰ ਸਾਂਝੇ ਫੈਸਲੇ ਲੈ ਕੇ ਇੱਕਠਿਆਂ ਰੱਖਣ ਵਿਚ ਸਹਾਈ ਹੋ ਸਕਦੀ ਹੈ ਇਹ ਸ਼ਾਇਦ ਏਡੇ ਵੱਡੇ ਪੈਮਾਨੇ ਤੇ ਪਹਿਲੀ ਵਾਰੀ ਵੇਖਣ ਦਾ ਮੌਕਾ ਮਿਲ ਰਿਹਾ ਹੈ।
ਦੋ ਨੁਕਤੇ ਇਸ ‘ਸਭ ਅਛਾ ਹੈ’ ਵਾਲੇ ਬਿਰਤਾਂਤ ਦੇ ਨਾਲ ਜੋੜਨੇ ਜਰੂਰੀ ਹਨ। ਉਪਰੋਕਤ ਸਭ ਸੰਭਾਵਨਾ ਮਈ ਹੈ, ਅੱਟਲ ਨਹੀਂ. ਇਸਤੋਂ ਠੀਕ ਉਲਟ ਵਰਤਾਰੇ ਵੀ ਆਪਣੇ ਖਤਰਨਾਕ ਫਣ ਫੈਲਾ ਕੇ ਬੈਠੇ ਹਨ। ਜੇ ਮੋਰਚਿਆਂ ਨੂੰ ਦੇਖੀਏ ਤਾਂ ਅੰਦੋਲਨ ਹਾਲੇ ਵੀ ਜੱਟਭਾਰੂ ਹੀ ਹੈ। ਜੇਕਰ ਜਮਹੂਰੀ ਸਮਾਜਿਕ ਪਾਠ ਨਾਲੋ ਨਾਲ ਨਾ ਪੜ੍ਹਿਆ ਅਤੇ ਪੁਰਾਣੇ ਪ੍ਰਚਲਤ ਹੈਂਕੜ ਬਾਜ ਰਾਵਾਯੀਏ ਦੀ ਜਮਹੂਰੀ ਆਲੋਚਨਾ ਅਤੇ ਉਸ ਨੂੰ ਛਡਣ ਦੀ ਜਰੂਰਤ ਤੇ ਲੋੜੀਂਦਾ ਜੋਰ ਨਾ ਦਿੱਤਾ ਗਿਆ ਤਾਂ ਘੋਲ ਵਿਚ ਉਤਰੀ ਕਿਸਾਨੀ ਆਪਣੇ ਆਲੇ ਦੁਆਲੇ ਤੋਂ ਅਲਹਿਦਗੀ ਦਾ ਸ਼ਿਕਾਰ ਹੁੰਦੀ ਚਲੀ ਜਾਵੇਗੀ ਜਿਸਦਾ ਫਾਇਦਾ ਦੁਸ਼ਮਣ ਉਠਾਏਗਾ।
ਔਰਤ ਮਰਦ ਦੀ ਬਰਾਬਰੀ ਦੇ ਕੁਝ ਆਯਾਮ, ਸਾਂਝੀਵਾਲਤਾ ਵੱਲ ਨੂੰ ਸੇਧਤ ਆਦਤਾਂ, ਹਰਿਆਣਾ ਪੰਜਾਬ ਏਕਤਾ, ਯੂਨੀਅਨਾਂ ਦੇ ਕਾਰਜਸ਼ੈਲੀ ਅਤੇ ਫੈਸਲੇ ਲੈਣ ਦੇ ਜਮਹੂਰੀ ਢੰਗ ਤਰੀਕੇ, ਸਭ ਪ੍ਰਾਪਤੀਆਂ ਬੌਧਿਕ ਹਨ ਲੇਕਿਨ ਜਿੰਨੀ ਵੱਡੀ ਲੋਕਾਈ ਵਿਚ ਇਹ ਵਿਆਪਤ ਹਨ ਉਸ ਤੋਂ ਇਹਨਾਂ ਦੇ ਇੱਕ ਤਬਦੀਲੀਕਾਰੀ ਤਾਕਤ ਵਿਚ ਵਟ ਜਾਣ ਦੀਆਂ ਪੁਖਤਾ ਸੰਭਾਵਨਾਵਾਂ ਨਜਰ ਆਉਂਦੀਆਂ ਹਨ।