ਬਲਬੀਰ ਸਿੰਘ ਰਾਜੇਵਾਲ, ਤਕਰੀਰ ਵਿਚੋਂ
ਅੱਜ ਸਰਕਾਰ ਆਪਣੇ ਅਸੂਲਾਂ ਤੋਂ ਉੱਖੜ ਚੁੱਕੀ ਹੈ। ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਕਿਰਦਾਰ ਦੀ ਗੱਲ ਹੁੰਦੀ ਹੈ। ਉਨ੍ਹਾਂ ਦੇ ਮੂੰਹੋਂ ਇਹ ਕਿਹਾ ਹੋਇਆ ਹੈ, ਇੱਕ ਇੱਕ ਸ਼ਬਦ ਦੁਨੀਆ ਤੋਲਦੀ ਹੈ ਅਤੇ ਉਸਨੂੰ ਘੋਖਦੀ ਹੈ। ਜੋ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਕਿਹਾ, ਜੋ ਕੁਝ ਸਾਨੂੰ ਕਿਹਾ ਅਤੇ ਕਿਸਾਨਾਂ ਬਾਰੇ ਬੋਲਿਆ, ਬਹੁਤੀ ਹੀ ਜ਼ਿਆਦਾ ਨਿੰਦਣਯੋਗ ਹੈ ਅਤੇ ਮੁਆਫ਼ ਕਰਨ ਵਾਲਾ ਵੀ ਨਹੀਂ ਹੈ। ਉਨ੍ਹਾਂ ਨੇ ਇਕ ਤਰ੍ਹਾਂ ਨਾਲ ਸਾਨੂੰ ਗਾਲ੍ਹਾਂ ਕੱਢੀਆਂ ਹਨ। ਉਨ੍ਹਾਂ ਨੇ ਇੱਕ ਸ਼ਬਦ ਵਰਤਿਆ ਹੈ ਜਿਸ ਦਾ ਮਤਲਬ ਹੈ, ਅਸੀਂ ਗੰਦ ਦੇ ਕੀੜੇ ਹਾਂ। ਕਿਸਾਨ ਗੰਦ ਦੇ ਕੀੜੇ ਨੇ, ਇਹ ਸ਼ਬਦ ਇਸ ਤਰ੍ਹਾਂ ਦਾ ਵਰਤਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਕਰਨਾ ਸਾਡਾ ਪੇਸ਼ਾ ਹੈ। ਇਸ ਤਰਾਂ ਦੀਆਂ ਗੱਲਾਂ ਕਹਿ ਕੇ ਉਹ ਇਕ ਪਾਸੇ ਜਿਸਨੂੰ ਦੇਸ ਤਾਂ ਅੰਨਦਾਤਾ ਕਹਿੰਦਾ ਹੈ ਅਤੇ ਦੂਜੇ ਪਾਸੇ ਗੰਦਗੀ ਦਾ ਕੀੜਾ ਕਹਿੰਦਾ ਹੈ। ਇਹ ਸ਼ਬਦ ਉਨ੍ਹਾਂ ਨੇ ਪਾਰਲੀਮੈਂਟ ਵਿਚ ਬੋਲੇ ਹਨ। ਪਾਰਲੀਮੈਂਟ ਦੇਸ਼ ਦਾ ਸਭ ਤੋਂ ਉੱਚਾ ਸਦਨ ਹੈ।
ਜਿੱਥੇ ਇਕ ਇਕ ਸ਼ਬਦ ਤੋਲ ਕੇ ਬੋਲਣਾ ਹੁੰਦਾ ਹੈ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਉਹ ਪ੍ਰਧਾਨ ਮੰਤਰੀ ਰਹਿਣ ਦੇ ਯੋਗ ਨਹੀਂ ਹੈ। ਉਹ ਆਪਣੇ ਹੀ ਕਿਸਾਨਾਂ ਦੇ ਵਿਰੁੱਧ ਹੈ ਅਤੇ ਆਪਣੇ ਦੇਸ਼ ਦੇ ਉਨ੍ਹਾਂ ਲੋਕਾਂ ਦੇ ਵਿਰੁੱਧ, ਜਿਹੜੇ ਅੰਨ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦੇ ਹਨ। ਓਹਨਾ ਨੂੰ ਹੀ ਇੰਨੀ ਭੱਦੀ ਸ਼ਬਦਾਵਲੀ ਵਰਤਣਾ। ਇਹ ਨਿੰਦਣਯੋਗ ਹੀ ਨਹੀਂ, ਇਹ ਨਾ ਬਰਦਾਸ਼ਤ ਕਰਨ ਦੇ ਯੋਗ ਹੈ। ਅਸੀਂ ਇਸ ਦਾ ਸਮੇਂ ਸਿਰ ਜਵਾਬ ਜ਼ਰੂਰ ਦੇਵਾਂਗੇ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਰਕਾਰ ਘਬਰਾਈ ਕਿੰਨੀ ਹੋਈ ਹੈ ਅਤੇ ਮੋਦੀ ਉੱਖੜਿਆ ਕਿੰਨਾ ਹੋਇਆ ਹੈ। ਇਸ ਲਈ ਉਹ ਇਖ਼ਲਾਕ ਤੋਂ ਨੀਵੇਂ ਪੱਧਰ ਤੇ ਆਇਆ ਹੈ। ਇਸ ਲਈ ਸਾਨੂੰ ਸਮਝਣਾ ਚਾਹੀਦਾ ਹੈ ਕੇ ਜਿੱਤ ਸਾਡੇ ਨੇੜੇ ਆ ਚੁੱਕੀ ਹੈ।