ਅਮਨਦੀਪ ਕੌਰ ਖੀਵਾ
ਸਿੰਘੂ ਬਾਰਡਰ ਦੇ ਆਸ ਪਾਸ ਬਸਤੀਆਂ ਚ ਰਹਿਣ ਵਾਲੇ ਮਜ਼ਦੂਰਾਂ ਦੇ ਜਵਾਕ ਸਾਡਾ ਕਿਤਾਬਾਂ ਵਾਲਾ ਟੈਂਟ, ‘ਠੇਕਾ ਕਿਤਾਬ’ ਲਾਇਬ੍ਰੇਰੀ, ਵੇਖ ਕੇ ਭੱਜੇ ਆਏ “ਦੀਦੀ ਆਪ ਪੜ੍ਹਾਉਗੇ ਹਮੇੰ?” ਹੁੰਗਾਰਾ ਭਰਨ ‘ਤੇ ਦੂਜੇ ਹੀ ਦਿਨ ਤੋਂ ਟੋਲੀਆਂ ਬੰਨ ਕੇ ਆਉਣ ਲੱਗ ਪਏ।
ਉਹਨਾਂ ਨਾਲ ਮੁੱਡਲੀ ਜਾਣ ਪਹਿਚਾਣ ਦੇ ਦੌਰਾਨ ਜਦ ਮੈਂ ਓਹਨਾਂ ਦੇ ਨਾਮ ਪੁੱਛੇ ਤਾਂ ਇੰਜ ਲੱਗਿਆ ਜਿਵੇਂ ਮੁਸਲਮਾਨਾਂ ਦੇ ਬੱਚੇ ਹੋਣ। ਪੁੱਛੇ ਜਾਣ ‘ਤੇ ਦੋ ਜਣਿਆਂ ਨੇ ਮੇਰੇ ਅੰਦਾਜ਼ੇ ‘ਤੇ ਸਹੀ ਲਾਈ। ਇਜਾਜ, ਅਹਿਮਦ, ਮਾਲਾ, ਰੀਹਾਨ…..। ਇੱਕ ਜਵਾਕ ਬੋਲਿਆ “ਨਹੀਂ, ਹੱਮ ਤੋ ਹਿੰਦੂ ਹੈਂ…” ਨਾਲ ਵਾਲੇ ਬੱਚੇ ਬੋਲੇ “ਦੀਦੀ ਯੇ ਝੂਠ ਬੋਲਤਾ ਹੈ, ਹੱਮ ਲੋਗ ਮੁਸਲਿਮ ਹੀ ਹੈਂ, ਇਸਕੋ ਪੂਛੋ ਅਗਰ ਮੁਸਲਿਮ ਨਹੀਂ ਤੋ ਹੱਮ ਲੋਗ ਈਦ ਮਨਾਨੇ ਕਿਉਂ ਜਾਤੇ ਹੈਂ ਗਾਓਂ ਮੇਂ?” “ਦੀਦੀ ਇਸਕੋ ਨਾ ਸ਼ਰਮ ਆਤੀ ਹੈ ਬਤਾਨੇ ਮੇਂ, ਕਿ ਹੱਮ ਮੁਸਲਿਮ ਹੈਂ…” ਮੈਂ ਇਹ ਸੁਣਕੇ ਪ੍ਰੇਸ਼ਾਨ ਹੋ ਗਈ? ਮੈਨੂੰ ਸਮਝ ਨਾ ਆਵੇ ਕਿ ਕਿਉਂ ਇੱਕ ਧਰਮ ਨੂੰ ਮੰਨਣ ਲਈ ਛੋਟੇ ਛੋਟੇ ਜਵਾਕਾਂ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ। ਦੂਜਾ ਜਵਾਕ ਬੋਲਿਆ, “ਦੀਦੀ, ਹਮਨੇ ਟੀਵੀ ਮੇਂ ਦੇਖਾ ਮੁਸਲਿਮ ਕੋ ਨਾ ਭੀੜ ਮਾਰ ਦੇਤੀ ਹੈ, ਇਸ ਲੀਏ ਯੇ ਡਰਤਾ ਹੈ…” ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ। ਇਹ ਭਾਰਤ ਦੀ ਗਰਕੀ ਹੋਈ ਤਸਵੀਰ ਦਾ ਸੱਚ ਹੈ।
ਇੱਕ ਨਿਆਣਾ ਭੋਲਾ ਮੂੰਹ ਬਣਾਕੇ ਬੋਲਿਆ, “ਦੀਦੀ ਆਪ ਲੋਗ ਤੋ ਸੜਕ ਪੇ ਰਹਿ ਕਰ ਭੀ ਇਤਨਾ ਅੱਛਾ ਖਾਨਾ ਖਾ ਰਹੇ ਹੋ। ਹਮੇੰ ਤੋ ਘਰ ਮੇਂ ਭੀ ਨਹੀਂ ਮਿਲਤਾ…” ਮੇਰੇ ਕੋਲ ਇਸ ਸੁਵਾਲ ਦਾ ਕੋਈ ਜਵਾਬ ਨਹੀਂ ਸੀ। ਬੱਸ ਇੰਨਾਂ ਹੀ ਕਿਹਾ ਕਿ ਤੁਹਾਨੂੰ ਵੀ ਅੱਛਾ ਖਾਣਾ ਮਿਲੇ ਇਸ ਕਰਕੇ ਹੀ ਅਸੀਂ ਟਰਾਲੀਆਂ ‘ਤੇ ਚੜਕੇ ਮੋਦੀ ਨਾਲ ਲੜਨ ਆਏ ਹਾਂ। ਜਵਾਕ ਖੁਸ਼ ਹੋ ਜਾਂਦੇ ਹਨ।
ਇੱਕ ਜਵਾਕੜੀ ਨੇ ਮੂੰਹ ਜਾ ਮਸੋਸ ਕੇ ਦੱਸਿਆ ਕਿ ਲਾਕਡਾਊਨ ਚ ਉਹਨਾਂ ਦੇ ਸਾਰੇ ਚੌਲ ਖਤਮ ਹੋ ਗਏ ਸਨ।ਦੂਜੀ ਦੱਸਦੀ ਹੈ ਕਿ ਉਹ ਆਪਣੇ ਪਿੰਡ ਚਲ਼ੇ ਗਏ ਸੀ ਕਿਉਂਕਿ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸਨ। 5 ਸਾਲਾਂ ਦੀ ਪ੍ਰਿਯਾ ਦੱਸਦੀ ਹੈ ਕਿ ਉਹਦਾ ਅਧਾਰ ਕਾਰਡ ਪਿੰਡ ਹੀ ਰਹਿ ਗਿਆ। ਨਵਾਂ ਬਣਾਉਣ ਦੇ 500 ਰੁਪਏ ਮੰਗਦੇ ਹਨ ਪਰ ਓਹਨਾਂ ਕੋਲ ਐਨੇ ਪੈਸੇ ਹੈ ਨਹੀਂ ਇਸ ਕਰਕੇ ਉਸਨੂੰ ਇਸ ਸਾਲ ਸਕੂਲ ਦਾਖਲਾ ਨਹੀਂ ਮਿਲਿਆ।
ਬਿਸਲੇਰੀ ਦੀ ਬੋਤਲ ਵਿੱਚ ਦੁੱਧ ਪਾਕੇ, ਜਿਹੜਾ ਕਿ ਮੋਰਚੇ ‘ਚ ਲੱਗੇ ਲੰਗਰ ਵਿੱਚੋਂ ਪਵਾਇਆ ਸੀ, ਖੁਸ਼ਬੂ ਨਾਮ ਦੀ 8 ਸਾਲਾਂ ਦੀ ਕੁੜੀ ਆਪਣੀ ਇੱਕ ਸਾਲ ਦੀ ਭੈਣ ਦੇ ਮੂੰਹ ਨੂੰ ਲਾਉਂਦੀ ਹੋਈ ਬੋਲੀ, “ਦੀਦੀ ਅਗਰ ਸਰਦਾਰ ਲੋਗ ਚਲ਼ੇ ਗਏ ਤੋ ਸਭ ਸੂਨਾ ਹੋ ਜਾਏਗਾ।” ਗਾਉਣ ਦਾ ਸ਼ੌਂਕ ਰੱਖਦੇ ਪਵਨ ਕੁਮਾਰ ਬੋਲਿਆ, “ਦੀਦੀ, ਯੇ ਮੋਦੀ ਗਰੀਬ ਲੋਗੋਂ ਕੋ ਬੀ ਮਾਰਨਾ ਚਾਹਤਾ ਹੈ, ਇਸ ਲੀਏ ਹੱਮ ਬੀ ਇਸਕੋ ਪਸੰਦ ਨਹੀਂ ਕਰਤੇ ਔਰ ਹਮਨੇ ਬੀ ਨਾਅਰੇ ਲਗਾਨੇ ਸੀਖ ਲੀਏ ਹੈਂ।” ਇਹ ਗੱਲ ਚੱਲਦੇ ਚੱਲਦੇ ਇੱਕ ਮੁੰਡਿਆਂ ਦੀ ਟੋਲੀ ਨਾਅਰੇ ਲਾਉਂਦੀ ਲੰਘਦੀ ਹੈ ਅਤੇ ਜਵਾਕ ਜ਼ੋਰ ਦੀ ਜਵਾਬ ਦਿੰਦੇ ਹਨ, “ਮੋਦੀ ਸਰਕਾਰ, ਮੁਰਦਾਬਾਦ!” “ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ!”
ਦੋ ਕੁ ਘੰਟਿਆਂ ਬਾਅਦ ਮੈਂ ਕਿਹਾ ਕਿ ਚਲੋ ਜਵਾਕੋ ਹੁਣ ਤੁਹਾਡੀ ਛੁੱਟੀ। ਜ਼ਿੱਦ ਜਿਹੀ ਨਾਲ ਕਹਿੰਦੇ ਕਿ ਗਾਣੇ ਸੁਣਾਕੇ ਜਾਵਾਂਗੇ। ਤਿੰਨ ਕੁੜੀਆਂ ਖੜੀਆਂ ਹੋਕੇ ਗਾਉਣ ਲੱਗੀਆਂ, “ਲੇ ਮਸ਼ਾਲੇਂ ਚਲ ਪੜ੍ਹੇਂ ਹੈਂ ਲੋਗ ਮੇਰੇ ਗਾਓਂ ਕੇ, ਅਭ ਅੰਧੇਰਾ ਜੀਤ ਲੇੰਗੇ ਲੋਗ ਮੇਰੇ ਗਾਓਂ ਕੇ…।” ਮੈਨੂੰ ਸਾਡਾ ਮੋਰਚਾ ਜਿੱਤਿਆ ਨਜ਼ਰ ਆਉਣ ਲੱਗਿਆ।