ਦੀਪਿੰਦਰ ਕੌਰ, ਅਤਿੰਦਰ ਪਾਂਡੇ; ਪੰਜਾਬੀ ਯੂਨੀ: ਪਟਿਆਲਾ
ਔਰਤ ਦੀ ਹੋਂਦ, ਉਸ ਦੀ ਸਮਝ (ਸਵੈ) ਪਛਾਣ ਅਤੇ ਸਮਾਜ ਵਿੱਚ ਉਸਦੀ ਥਾਂ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੀ ਹੈ। ਕਨੇਡੀਅਨ ਨਾਵਲਕਾਰ ਮਾਰਗਰੇਟ ਅੱਟਵੁੱਡ ਦੇ ਨਾਵਲ ਸਰਫੈਸਿੰਗ (surfacing) ਮੁਤਾਬਕ ਔਰਤ ਦੀ ਜੀਵਨ ਜਾਚ ਵਿਚ ਧਰਤੀ, ਕੁਦਰਤ ਅਤੇ ਦਾਰਸ਼ਨਿਕ ਰੂਪ ਵਿੱਚ ‘ਭੋਇਂ’ ਦਾ ਕਾਫ਼ੀ ਵੱਡਾ ਰੋਲ ਹੈ। ਇਸ ਨਾਵਲ ਵਿਚ ਔਰਤ ਅਜਿਹੀ ਪਾਤਰ ਹੈ ਜੋ ਸਮਾਜ ਦੀ ਮਰਦ ਪ੍ਰਧਾਨ ਢਾਂਚੇ ਦੀਆਂ ਵਖਰੇਵੇ ਭਰੀਆਂ ਹਾਲਤਾਂ ਦੀ ਸ਼ਿਕਾਰ ਹੈ। ਇਸ ਨਾਵਲ ਵਿਚ ਵੱਡਾ ਦੁਖਾਂਤ ਉਦੋਂ ਹੁੰਦਾ ਹੈ, ਜਦੋਂ ਉਸਦੇ ਪਤੀ ਦੁਆਰਾ ਉਸਦੇ ਅਣ–ਜੰਮੇ ਬੱਚੇ ਦਾ ਧੱਕੇ ਨਾਲ ਅਬਾਰਸ਼ਨ(ਗਰਭਪਾਤ) ਕਰਵਾਇਆ ਜਾਂਦਾ ਹੈ। ਇਹ ਘਟਨਾ ਉਸਤੇ ਸਦੀਵੀਂ ਛਾਪ ਛੱਡਦੀ ਹੈ ਅਤੇ ਉਹ ਆਪਣੇ ਨਾਲ਼ ਹੋਈਆਂ ਸਾਰੀਆਂ ਵਧੀਕੀਆਂ ਦਾ ਜਿੰਮੇਵਾਰ ਮਰਦ–ਪ੍ਰਧਾਨ ਸਮਾਜ ਨੂੰ ਠਹਿਰਾਉਂਦੀ ਹੋਈ ਸਿਰਫ ਕੁਦਰਤ ਨੂੰ ਹੀ ਆਪਣਾ ਮਹਿਰਮ ਸਮਝਦੀ ਹੈ। ਕੁਦਰਤ ਉਸਨੂੰ ਲਿੰਗ ਵਖਰੇਵਿਆਂ ਤੋਂ ਰਹਿਤ ਲੱਗਦੀ ਹੈ। ਉਸਨੂੰ ਨਹੀਂ ਲੱਗਦਾ ਕਿ ਇਹ ਕੁਦਰਤ ਵਿੱਚ ਕੋਈ ਦਰਜੇ ਤੇ ਤਾਕਤ ਦੇ ਆਧਾਰ ਤੇ ਵੰਡਿਆ ਹੋਇਆ ਹੈ। ਕੁਦਰਤ ਹੀ ਉਸਦੀ ਪ੍ਰੇਰਨਾ ਬਣਦੀ ਹੈ ਤੇ ਉਹ ਆਪਣਾ ਅਸਲ ਪਛਾਣ ਅਤੇ ਤਾਕਤ, ਕੁਦਰਤ ਜੋ ਧਰਤੀ ਜਾਂ ਭੋਇਂ ਵਿਚੋਂ ਸਿਆਣਦੀ ਹੈ।
“ਮੈਂ ਕਿਸਾਨੀ ਸੰਘਰਸ਼ ਭਾਗ ਲੈਂਦਿਆਂ ਇਹ ਮਹਿਸੂਸ ਕੀਤਾ ਹੈ ਕਿ ਜਿਵੇਂ ਮੈਂ ਮੁੜ ਆਪਣੀ ਜੀਵਨ–ਜਾਚ ਵਿੱਚ ਵਾਪਿਸ ਪਰਤ ਆਈ ਹੋਵਾਂ, ਜਿੱਥੇ ਸੰਘਰਸ਼ੀ ਅਖਾੜਿਆਂ ਵਿੱਚ ਸਾਂਝੀਵਾਲਤਾ ਦਾ ਅਹਿਸਾਸ ਹੁੰਦਾ ਹੈ, ਆਪਸੀ ਭਾਈਚਾਰੇ ਦੀਆਂ ਤੰਦਾਂ ਮੁੜ ਜੁੜ ਰਹੀਆਂ ਹਨ ਅਤੇ ਇੱਕ ਦੂਜੇ ਦੇ ਦੁੱਖ–ਸੁੱਖ, ਜੋ ਅਕਸਰ ਅਸੀ ਇਕੱਲੀਆਂ–ਇਕਹਿਰੀਆਂ ਬੈਠੀਆਂ ਸੋਚ ਰਹੀਆਂ ਸੀ ਅਤੇ ਪ੍ਰੇਸ਼ਾਨ ਹੁੰਦੀਆਂ ਸੀ, ਹੁਣ ਸੰਘਰਸ਼ ਵਿੱਚ ਬੈਠਿਆਂ ਮੈਨੂੰ ਇਹ ਲੱਗਿਆ ਕਿ ਸਾਡੇ ਸਾਰਿਆਂ ਦੇ ਦੁੱਖ ਸਾਂਝੇ ਹਨ, ਤਕਲੀਫਾਂ ਸਾਡੀਆਂ ਤੇ ਮਸਲੇ ਇੱਕੋ ਜਿਹੇ ਹਨ। ਮੁਕਤੀ ਦਾ ਰਾਹ ਵੀ ਇੱਕ ਜਿਹਾ ਹੈ ਜਿਹੜਾ ਸਿਰਫ ਤੇ ਸਿਰਫ ਇੱਕਜੁੱਟ ਹੋ ਕੇ ਇਕੱਠੇ ਸੰਘਰਸ਼ ਰਾਹੀਂ ਹੀ ਹਾਸਿਲ ਕੀਤਾ ਜਾ ਸਕਦਾ ਹੈ। ਮੈਨੂੰ ਕਦੇ ਵੀ ਹੁਣ ਕਿਸੇ ਕਿਸਮ ਦੇ ਵਿਤਕਰੇ, ਦਾਬੇ ਅਤੇ ਸਰਕਾਰੀ ਤੰਤਰ ਤੋਂ ਡਰ ਨਹੀਂ ਲੱਗਦਾ ਜੋ ਅਕਸਰ ਇਸ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ ਲੱਗਦਾ ਸੀ।” ਇਹ ਸਤਰਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ਸ਼ੀਲ ਔਰਤ ਜਸਵੀਰ ਕੌਰ ਦੀਆਂ ਹਨ ਜੋ ਪਹਿਲੇ ਦਿਨ ਤੋਂ ਹੀ ਵੱਖ–ਵੱਖ ਥਾਵਾਂ ਤੇ ਧਰਨਿਆਂ ਵਿੱਚ ਜਾਂਦੀ, ਇੱਥੋਂ ਤੱਕ ਕਿ ਦਿੱਲੀ ਦੇ ਧਰਨੇ ਵਿੱਚ ਵੀ ਤਿੰਨ ਹਫ਼ਤਿਆਂ ਤੋਂ ਵੱਧ ਹਾਜ਼ਰੀ ਲਗਵਾ ਚੁੱਕੀ ਹੈ ਅਤੇ ਜਿੰਨ੍ਹਾਂ ਔਰਤਾਂ ਦੇ ਪਤੀ ਬੇਤਹਾਸ਼ੇ ਕਰਜੇ ਦੇ ਬੋਝ ਹੇਠ ਦੱਬ ਕੇ ਆਤਮ–ਹੱਤਿਆ ਕਰ ਗਏ ਸੀ, ਉਹਨਾਂ ਔਰਤਾਂ ਨੂੰ ਇਕੱਤਰ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਲਿਜਾਉਣ ਵਿੱਚ ਵੀ ਜਸਵੀਰ ਕੌਰ ਨੇ ਕੋਈ ਕਸਰ ਨਹੀਂ ਛੱਡੀ। ਅਜਿਹੀਆਂ ਜਸਵੀਰ ਕੌਰ ਵਰਗੀਆਂ ਦਰਜਨਾਂ ਹੀ ਨਹੀਂ, ਬਲਕਿ ਸੈਂਕੜੇ ਔਰਤਾਂ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਹੁਣ ਇੱਕ ਪੁਰਾਤਨ ਪਰਿਵਾਰਕ ਪਰੰਪਰਾਵਾਂ ਤੋਂ ਪਾਰ ਔਰਤ ਮੁੱਕਤੀ ਨਾਲ਼ ਵਾਹ–ਵਾਸਤਾ ਹੋ ਗਈਆਂ ਹਨ।
ਇਹਨਾਂ ਸੰਘਰਸ਼ੀ ਔਰਤਾਂ ਦੇ ਅੰਗ–ਸੰਗ ਵਿਚਰਦੇ ਕਲੇਰਾ ਜੈਟਕਿਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਿਸਨੇ ਔਰਤਾਂ ਦੀ ਮੁਕਤੀ ਲਈ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਇਆ, ਜਿਸ ਦੇ ਨਾਮ ਨਾਲ਼ ਹੀ 8 ਮਾਰਚ ਦਾ ਦਿਨ ਔਰਤ ਮੁਕਤੀ ਦੇ ਦਿਨ ਦੇ ਤੌਰ ਤੇ ਜੁੜਿਆ ਹੋਇਆ ਹੈ। ਕਲੇਰਾ ਜੈਟਕਿਨ ਤੇ ਆਪਣੀਆਂ ਲਿਖ਼ਤਾਂ ਵਿੱਚ ਲਿਖਿਆ ਕਿ ਲੜਨ ਵਾਲੇ ਲੋਕਾਂ ਨੂੰ ਇਹ ਮਹਿਸੂਸ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨਾਲ਼ ਕਾਰਖਾਨਿਆਂ, ਖੇਤਾਂ ਅਤੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵੀ ਬਰਾਬਰ ਦਾ ਯੋਗਦਾਨ ਪਾਉਂਦੀਆਂ ਹਨ। ਉਹਨਾਂ ਨੂੰ ਸੰਘਰਸ਼ਾਂ ਦਾ ਹਿੱਸਾ ਬਣਾਉਣ ਨਾਲ਼ ਲੋਕ ਮੁਕਤੀ ਦੀ ਜੰਗ ਛੇਤੀ ਜਿੱਤੀ ਜਾ ਸਕਦੀ ਹੈ। ਇਹ ਇਤਿਹਾਸ ਨੇ ਵੀ ਸਿੱਧ ਕੀਤਾ ਕਿ ਉਹ ਸ਼ਾਨਦਾਰ ਜੰਗ ਦੀਆਂ ਲੜਾਕੂ ਹੁੰਦੀਆਂ ਹਨ। ਜੈਟਕਿਨ ਦੀਆਂ ਇਹ ਲਾਈਨਾਂ ਸੰਘਰਸ਼ਾਂ ਵਿਚ ਨਾਮਵਾਰ ਨਾਮ ਬਣ ਚੁੱਕੇ ਮਾਤਾ ਮਹਿੰਦਰ ਕੌਰ ਦੇ ਉੱਪਰ ਪੂਰੀ ਤਰ੍ਹਾਂ ਢੁੱਕਦੀਆਂ ਹਨ ਜਿਸ ਨੇ ਬੇਬਾਕ ਹੋ ਕੇ ਇਹ ਚੁਣੌਤੀ ਦਿੱਤੀ ਸੀ ਕਿ ਅਸੀਂ ਪੈਸੇ–ਟਕੇ ਲਈ ਸੰਘਰਸ਼ ਵਿਚ ਨਹੀਂ ਉਤਰੀ ਹੋਈਆਂ, ਆਪਣੀ ਅਣਖ ਅਤੇ ਗੈਰਤ ਨੂੰ ਬਚਾਉਣ, ਬਰਕਰਾਰ ਰੱਖਣ ਅਤੇ ਆਪਣੀ ਰੋਜੀ ਰੋਟੀ ਜੋ ਖੇਤੀਬਾੜੀ ਉੱਪਰ ਨਿਰਭਰ ਹੈ, ਉਸਦੀ ਰਾਖੀ ਲਈ ਸੰਘਰਸ਼ ਵਿੱਚ ਆਈਆਂ ਹਾਂ।
ਇਸ ਤੋਂ ਵੀ ਅਗਾਂਹ ਵਧਦਿਆਂ ਵਾਤਾਵਰਣ ਦੇ ਖੇਤਰ ਵਿੱਚ ਨਾਮਵਰ 22 ਸਾਲਾਂ ਦਿਸ਼ਾ ਰਵੀ ਨੇ ਵੀ ਹਕੂਮਤੀ ਬੰਦਸ਼ਾਂ ਅਤੇ ਚੁਣੌਤੀਆਂ ਨੂੰ ਪਰੇ ਵਗਾਹ ਮਾਰਦਿਆਂ ਇਹ ਸ਼ਬਦ ਕਹੇ ਸੀ, “ਜੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬੋਲਣ ਕਰਕੇ ਹੀ ਮੈਨੂੰ ਹਕੂਮਤੀ ਜਬਰ ਦਾ ਸਾਹਮਣਾ ਕਰਨਾ ਪੈਣਾ ਹੈ ਤਾਂ ਮੈਂ ਅਜੋਕੀ ਦੂਸ਼ਤ ਜਮਹੂਰੀਅਤ ਦੇ ਨਾਂ ਤੇ ਫੈਲੀ ਤਾਨਾਸ਼ਾਹੀ ਕਿਸਮ ਸਥਿਤੀ ਵਿੱਚ ਵਿਚਰਨ ਨਾਲੋਂ ਜੇਲ ਵਿੱਚ ਰਹਿਣਾ ਪਸੰਦ ਕਰਾਂਗੀ।” ਕਈ ਵਾਰੀ ਇਤਿਹਾਸ ਦੇ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਬੇਬਾਕ ਹੋ ਕੇ ਕਿਸੇ ਕਾਨੂੰਨ ਦੇ ਪੈਮਾਨਿਆਂ ਤੋਂ ਪਾਰ ਜਾ ਕੇ ਦਿਸ਼ਾ ਰਵੀ ਦੇ ਸੰਬੰਧ ਵਿੱਚ ਅਦਾਲਤ ਨੂੰ ਇਹ ਫੈਸਲਾ ਦੇਣਾ ਪੈਂਦਾ ਹੈ ਕਿ ਵਿਰੋਧ, ਆਜ਼ਾਦ ਵਿਚਾਰ ਅਤੇ ਕਿਸੇ ਪੀੜ੍ਹਤ ਧਿਰ ਦੇ ਪੱਖ ਵਿੱਚ ਖੜੇ ਹੋਣਾ ਕੋਈ ਗੁਨਾਹ ਨਹੀਂ ਹੈ। ਇਹ ਮੁੱਲਵਾਨ ਵਿਚਾਰ ਤਦ ਹੀ ਆ ਸਕੇ ਜਦੋਂ ਦਿਸ਼ਾ ਰਵੀ ਨੇ ਹਰੇਕ ਕਿਸਮ ਦੀ ਚੁਣੌਤੀ ਨੂੰ ਕਬੂਲਿਆ ਅਤੇ ਆਪਣੇ ਆਜ਼ਾਦ ਖਿਆਲਾਂ ਨੂੰ ਬੇਬਾਕੀ ਨਾਲ ਰੱਖਿਆ ਕਿਉਂਕਿ ਉਹ ਕੌਮਾਂਤਰੀ ਪੱਧਰ ਤੇ 15 ਸਾਲਾਂ ਦੀ ਬੇਬਾਕ ਵਾਤਾਵਰਣ ਕਾਰਕੁਨ ਗ੍ਰੇਟਾ ਬਰਨਬਰਗ ਤੋਂ ਵੀ ਪ੍ਰੇਰਿਤ ਸੀ ਜਿਸਨੇ ਕੌਮਾਂਤਰੀ ਪੱਧਰ ਤੇ ਕਿਸਾਨੀ ਸੰਘਰਸ਼ ਲਈ ਆਪਣੀ ਆਵਾਜ਼ ਉਠਾਈ।
ਇਸੇ ਲੜੀ ਵਿੱਚ ਸਦੀਆਂ ਤੋਂ ਸਮਾਜ ਵਿੱਚ ਨਿਤਾਣੇ ਵਰਗ ਨਾਲ਼ ਸੰਬੰਧਤ ਨੌਦੀਪ ਕੌਰ ਜੋ ਫੈਕਟਰੀਆਂ ਵਿੱਚ ਕੰਮ–ਕਾਜ ਕਰਦੀ–ਕਰਦੀ, ਕਿਸਾਨ ਅੰਦੋਲਨ ਤੋਂ ਹੌਸਲਾ ਲੈ ਕੇ ਮਜ਼ਦੂਰਾਂ ਨੂੰ ਜ੍ਰਾਗਿਤ ਕਰਦੀ ਹੋਈ ਹਕੂਮਤੀ ਜਬਰ ਦੀ ਸ਼ਿਕਾਰ ਹੋਈ। ਕੌਮੀ ਤੇ ਕੌਮਾਂਤਰੀ ਪੱਧਰ ਤੇ ਜਿਸ ਕਿਸਮ ਨਾਲ਼ ਨੌਦੀਪ ਕੌਰ ਦੇ ਹੱਕ ਵਿੱਚ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਅਤੇ ਅਦਾਲਤਾਂ ਤੋਂ ਲੈ ਕੇ ਦੇਸ਼ ਦੇ ਸਭ ਤੋਂ ਵੱਡੇ ਸਦਨ, ਪਾਰਲੀਮੈਂਟ ਵਿੱਚ ਆਵਾਜ ਉੱਠੀ ਕਿ ਅਸੀਂ ਕਿਸ ਕਿਸਮ ਦੀ ਜਮਹੂਰੀਅਤ ਵਿੱਚ ਸਾਹ ਲੈ ਰਹੇ ਹਾਂ, ਜਦੋਂ ਅਵਾਜਾਂ ਅਤੇ ਕਿਸਾਨੀ ਸੰਘਰਸ਼ਾਂ ਦੇ ਅਖਾੜਿਆਂ ਵਿੱਚ ਦਰਜ਼ ਹੋ ਚੁੱਕੀ ਨੌਦੀਪ ਜਦੋਂ ਜੇਲ ‘ਚੋਂ ਬਾਹਰ ਆਉਂਦੀ ਹੈ ਤਾਂ ਮੁੜ ਸਿੰਘੂ ਬਾਰਡਰ ਦੇ ਸੰਘਰਸ਼ੀ ਅਖਾੜੇ ਵਿੱਚ ਆਵਾਜ਼ ਬੁਲੰਦ ਕਰਦੀ ਹੈ, “ਮੈਂ ਹੁਣ ਸਰਕਾਰੀ ਜਬਰ ਨੂੰ ਅਤੇ ਹਰੇਕ ਕਿਸਮ ਦੀ ਪੀੜਾਂ ਨੂੰ ਆਪਣੇ ਕੋਮਲ ਮਨ ਅਤੇ ਪਿੰਡੇ ਉਪਰ ਹੰਢਾ ਲਿਆ ਹੈ, ਮੈਂ ਹੁਣ ਫੌਲਾਦੀ ਸੰਘਰਸ਼ੀਲ ਜੀਵਨ–ਜਾਚ ਵਾਲੀ ਬਣ ਗਈ ਹਾਂ, ਮੈਂ ਪਹਿਲਾਂ ਨਾਲੋਂ ਵੀ ਤਾਕਤ ਨਾਲ਼ ਉਸ ਸਮੇਂ ਤੱਕ ਲੜਾਂਗੀ ਜਦ ਤੱਕ ਆਰਥਿਕ, ਸਮਾਜਿਕ, ਲਿੰਗਿਕ ਅਤੇ ਜਾਤੀ ਵਿਤਕਰਿਆਂ ਨੂੰ ਖ਼ਤਮ ਨਹੀਂ ਕੀਤਾ ਜਾਂਦਾ।” ਇਸ ਤੋਂ ਵੀ ਵਧ ਕੇ ਉਸ ਨੇ ਕਿਹਾ ਕਿ ਜਿਸ ਕਿਸਮ ਨਾਲ਼ ਮੇਰੇ ਨਾਲ਼ ਦੇ ਸਾਥੀ ਸ਼ਿਵ ਕੁਮਾਰ ਨੂੰ ਜੇਲ ਵਿੱਚ ਫੜ੍ਹ ਕੇ ਅੰਦਰ ਰੱਖਿਆ ਗਿਆ ਹੈ ਉਸਦੀਆਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ ਗਈਆਂ ਹਨ, ਉਸਨੂੰ ਰਿਹਾਅ ਕਰਵਾਉਣ ਦੀ ਵੀ ਮੈਂ ਮੰਗ ਕਰਦੀ ਹਾਂ ਤਾਂ ਜੋ ਇਹ ਸਾਰੇ ਸੰਘਰਸ਼ੀ ਲੋਕ ਜੇਲ੍ਹਾਂ ਵਿੱਚ ਬਾਹਰ ਆ ਕੇ ਮੁੜ ਸੰਘਰਸ਼ੀ ਅਖਾੜਿਆਂ ਦਾ ਹਿੱਸਾ ਬਣਨ।
ਉਪਰੋਕਤ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾ ਗਈਆਂ ਸੰਘਰਸ਼ਸ਼ੀਲ ਔਰਤਾਂ ਦੇ ਨਾਲ–ਨਾਲ ਇਹਨਾਂ ਦੀ ਲਾਈਨ ਬੜੀ ਲੰਬੀ ਹੈ, ਜਿਹਨਾਂ ਵਿੱਚ ਉਹ ਤਮਾਮ ਔਰਤਾਂ ਸ਼ਾਮਿਲ ਹਨ ਜਿਹਨਾਂ ਨੂੰ ਜਾਪਦਾ ਹੈ ਕਿ ਇਹ ਸੰਘਰਸ਼ ਉਹਨਾਂ ਦੀ ਜੀਵਨ–ਸ਼ੈਲੀ ਨੂੰ ਬਚਾਉਣ ਦੇ ਨਾਲ਼–ਨਾਲ਼ ਦੁੱਖਾਂ ਤਕਲੀਫ਼ਾਂ ਅਤੇ ਵਿਤਕਰਿਆਂ ਤੋਂ ਨਜ਼ਾਕਤ ਦਬਾਉਣ ਦਾ ਸੰਘਰਸ਼ ਵੀ ਹੈ। ਕੌਮਾਂਤਰੀ ਔਰਤ ਦਿਵਸ ਭਲਾਂ ਹੀ 08 ਮਾਰਚ, 1857 ਨੂੰ ਅਮੇਰੀਕਾ ਦੇ ਨਿਊਯਾਰਕ ਤੋਂ ਉਹਨਾਂ ਔਰਤਾਂ ਨੇ ਸ਼ੁਰੂ ਕੀਤਾ ਸੀ, ਜਿਹੜੀਆਂ 12-12 ਘੰਟੇ ਬਹੁਤ ਘੱਟ ਤਨਖ਼ਾਹ ਤੇ ਧਾਗਾ ਫੈਕਟਰੀਆਂ ਵਿਚ ਮਿਹਨਤ ਕਰਕੇ ਜੀਵਨ ਬਸਰ ਕਰ ਰਹੀਆਂ ਸਨ। ਉਹਨਾਂ ਨੇ ਆਰਥਿਕ ਤੇ ਸਮਾਜਿਕ ਲੁੱਟ ਦੇ ਖਿਲਾਫ ਵੱਡਾ ਮੁਜ਼ਾਹਰਾ ਕੱਢਿਆ, ਜਿਸ ਨੂੰ ਹਕੂਮਤ ਨੇ ਬੁਰੀ ਤਰ੍ਹਾ ਕੁਚਲ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਜੇਲਾਂ ਦਾ ਮੂੰਹ ਦੇਖਣਾ ਪਿਆ। ਇਤਿਹਾਸ ਦੀ ਇਹ ਘਟਨਾ ਨੂੰ 50 ਸਾਲ ਬਾਅਦ ਅਗਾਂਹ ਵਧਾਉਦਿਆਂ ਕਲੇਰਾ ਜੈਟਕਿਨ ਨੇ ਇਸ ਦਿਨ ਨੂੰ ਕੌਮਾਂਤਰੀ ਪੱਧਰ ਮਿਹਨਤਕਸ਼ ਔਰਤ ਦਿਵਸ ਦੇ ਤੌਰ ਤੇ ਮਨਾਉਣ ਦੀ ਪਹਿਲ ਕੀਤੀ। ਫਿਰ ਇਹ ਪਹਿਲਕਦਮੀ ਦੁਨੀਆਂ ਦੇ ਹਰੇਕ ਕੋਨੇ ਵਿੱਚ ਸੰਘਰਸ਼ਸ਼ੀਲ ਔਰਤਾਂ ਦੀ ਲਹਿਰ ਦਾ ਹਿੱਸਾ ਬਣ ਗਈ। ਹੁਣ ਜਦੋਂ ਕਿਸਾਨੀ ਅੰਦੋਲਨ ਨੇ ਦੁਨੀਆਂ ਭਰ ਵਿੱਚ, ਵਿਸ਼ੇਸ਼ ਕਰਕੇ ਭਾਰਤ (ਪੰਜਾਬ) ਵਿੱਚ ਇਹ ਦਿਖਾ ਦਿੱਤਾ ਹੈ ਕਿ ਔਰਤਾਂ ਜਦੋਂ ਸੰਘਰਸ਼ੀ ਅਖਾੜਿਆਂ ਦਾ ਹਿੱਸਾ ਬਣਦੀਆਂ ਹਨ ਤਾਂ ਉਹਨਾਂ ਸੰਘਰਸ਼ਾ ਦੀ ਰੂਪ–ਰੇਖਾ ਅਤੇ ਚਿੰਨ੍ਹ ਚੱਕਰ ਤਬਦੀਲ ਹੋ ਜਾਂਦੇ ਹਨ। ਅਸੀ ਜਿੰਨੇ ਵਾਰੀ ਵੀ ਪੰਜਾਬ ਦੇ ਸੰਘਰਸ਼ੀ ਮੋਰਚਿਆਂ ਤੋਂ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਵਿੱਚ ਵਿਚਰੀਆਂ ਤਾਂ ਸਾਨੂੰ ਇਹ ਮਹਿਸੂਸ ਹੋਇਆ ਹੈ ਕਿ ਜਿਸ ਕਿਸਮ ਦੀਆਂ ਕਦਰਾਂ–ਕੀਮਤਾਂ, ਕਾਰ–ਵਿਹਾਰ, ਗੀਤਾ–ਸੰਗੀਤਾ ਦੀ ਬੋਲ–ਬਾਣੀ, ਸਲੀਕੇ ਵਿੱਚ ਰਹਿਣ ਦੀ ਜਾਂਚ ਅਤੇ ਆਪਸੀ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਮਿਲੀ ਅਤੇ ਜਾਪੀ ਹੈ। ਉਸ ਤੋਂ ਇੰਝ ਜਾਪਿਆ ਕਿ ਜਦ ਤੱਕ ਕਿਸੇ ਵੀ ਸੰਘਰਸ਼ ਵਿਚ ਕੰਮ ਕਾਰੀ ਔਰਤਾਂ ਤੋਂ ਲੈ ਕੇ ਕਾਲਜਾਂ–ਯੂਨੀਵਰਸਿਟੀਆਂ ਤੱਕ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਹਿੱਸੇਦਾਰ ਨਹੀਂ ਬਣਾਇਆ ਜਾਂਦਾ, ਉਸ ਸਮੇਂ ਤੱਕ ਸੰਘਰਸ਼ਾਂ ਵਿੱਚੋਂ ਤਬਦੀਲੀ ਦੀ ਰੂਹ ਖਾਰਿਜ਼ ਰਹੇਗੀ ਅਤੇ ਸੰਘਰਸ਼ ਵੀ ਅੱਧਵਾਟੇ ਹੀ ਹੋਣਗੇ, ਇਸ ਕਰਕੇ ਅਜੋਕਾ ਕਿਸਾਨ ਅੰਦੋਲਨ ਔਰਤ ਮੁਕਤੀ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੂਰੀ ਤਰ੍ਹਾਂ ਜੁੜ ਚੁੱਕਾ ਹੈ। ਮਹੀਨਿਆਂ ਤੋਂ ਸੰਘਰਸ਼ਾਂ ਵਿੱਚ ਕੁੱਦੀਆਂ ਔਰਤਾਂ ਨੇ ਆਪਣੇ ਆਪ ਨੂੰ ਤਾਂ ਵਿਚਾਰਨ ਸੋਚਣ ਅਤੇ ਸਮਝਾ ਦੇ ਤੌਰ ਤੇ ਉੱਚਾ ਕੀਤਾ ਹੈ ਬਲਕਿ ਸਮਾਜ ਦੀ ਤੋਰ–ਬਦਲ ਵੀ ਯੋਗਦਾਨ ਪਾਇਆ ਹੈ।