ਐ ਜਰਨੈਲ, ਤੇਰਾ ਟੈਂਕ ਬਹੁਤ ਤਾਕਤਵਰ ਹੈ
ਇਹ ਜੰਗਲ਼ ਪੱਧਰੇ ਕਰ ਸਕਦੈ
ਸੌਆਂ ਬੰਦੇ ਫੇਹ ਸਕਦੈ
ਪਰ ਇਹਦੇ ਵਿੱਚ ਇੱਕ ਨੁਕਸ ਹੈ:
ਇਹਨੂੰ ਚਲਾਉਣ ਵਾਸਤੇ ਡਰਾਈਵਰ ਚਾਹੀਦਾ ਹੈ।
ਐ ਜਰਨੈਲ, ਤੇਰਾ ਲੜਾਕਾ ਜਹਾਜ਼ ਬਹੁਤ ਤਾਕਤਵਰ ਹੈ
ਇਹ ਤੂਫ਼ਾਨਾਂ ਤੋਂ ਵੀ ਤੇਜ਼ ਚਲਦੈ
ਹਾਥੀ ਤੋਂ ਵੱਧ ਸਮਾਨ ਢੋ ਸਕਦੈ
ਪਰ ਇਹਦੇ ਵਿੱਚ ਇਕ ਨੁਕਸ ਹੈ:
ਇਹਨੂੰ ਚੱਲਦਾ ਰੱਖਣ ਵਾਸਤੇ ਮਕੈਨਿਕ ਚਾਹੀਦਾ ਹੈ
ਐ ਜਰਨੈਲ, ਬੰਦਾ ਬਹੁਤ ਕੰਮ ਦਾ ਹੁੰਦੈ
ਉੱਡ ਵੀ ਸਕਦੈ, ਉਡਾ ਵੀ ਸਕਦੈ
ਮਰ ਵੀ ਸਕਦੈ, ਮਾਰ ਵੀ ਸਕਦੈ
ਪਰ ਇਹਦੇ ਵਿੱਚ ਇਕ ਨੁਕਸ ਹੈ:
ਇਹ ਸੋਚ ਵੀ ਸਕਦਾ ਹੈ