ਸੰਗੀਤ ਤੂਰ; ਸਿੰਘੂ ਮੋਰਚਾ
26 ਸਾਲ਼ਾਂ ਦੇ ਐੱਸ ਪੀ ਮਸੀਤਾਂ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। 2017 ਵਿਚ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਿਸਾਨਾਂ ‘ਤੇ ਗੋਲੀ ਚੱਲਣ ਦੇ ਕਾਂਡ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਆਪਣੇ ਹਮਖਿਆਲੀ ਨੌਜਵਾਨਾਂ ਨਾਲ਼ ਮਿਲ ਕੇ ਇਹਨਾਂ ਨੇ ਪੰਜਾਬ ਹਰਿਆਣਾ ਰਾਜਸਥਨ ਬਾਰਡਰ ਤੇ ਪੈਂਦੇ ਇਸ ਤ੍ਰਿਵੇਣੀ ਇਲਾਕੇ ਵਿਚੋਂ ਪੰਜਾਬੀ, ਬਾਗੜੀ, ਜਾਟ, ਬਿਸ਼ਨੋਈ ਭਾਈਚਾਰੇ ਦੇ ਕਿਸਾਨਾਂ ਨੂੰ ਜੱਥੇਬੰਦ ਕਰਨਾ ਸ਼ੁਰੂ ਕੀਤਾ। ਇਹ ਕਰਨ ਵਿਚ ਉਹਨਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਦੀ ਮਦਦ ਲਈ, ਉਹਨਾਂ ਦੇ ਇਕਾਈਆਂ ਬਨਾਉਣ ਅਤੇ ਕੰਮ ਕਰਨ ਦੇ ਤਰੀਕੇ ਨੂੰ ਸਮਝਿਆ।
ਨਵੇਂ ਖੇਤੀ ਕਾਨੂੰਨ ਵਿਰੋਧੀ ਸੰਘਰਸ਼ ਵਿਚ ਬਾਕੀ ਜਥੇਬੰਦੀਆਂ ਵਾਂਗ ਇਹਨਾਂ ਦੀ ਜਥੇਬੰਦੀ ਵੀ ਜੂਨ ਤੋਂ ਹੀ ਲਾਮਬੰਦੀ ਕਰਨ ਵਿਚ ਜੁਟੀ ਹੋਈ ਸੀ। 26 ਅਕਤੂਬਰ 2020 ਨੂੰ ਸਰਸਾ ਲਾਗਲੇ ਪਿੰਡ ਨਿਵਾਸੀਆਂ ਨੂੰ ਖੂਈਆਂ ਮਲਕਾਣਾ ਟੋਲ ਪਲਾਜ਼ਾ 28 ਅਕਤੂਬਰ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਨੈਸ਼ਨਲ ਹਾਈਵੇ 9 ਸਰਸਾ ਡੱਬਵਾਲੀ ਰੋਡ ਤੇ ਪੈਂਦਾ ਇਹ ਟੋਲ ਪਲਾਜ਼ਾ 28 ਤੋਂ 30 ਅਕਤੂਬਰ ਦੌਰਾਨ ਬੰਦ ਰਿਹਾ। ਟੋਲ ਪਲਾਜ਼ਾ ਹਾਈ ਕੋਰਟ ਦੇ ਫੈਸਲੇ ਬਾਅਦ ਫਿਰ ਚੱਲ ਪਿਆ ਪਰ ਧਰਨਾ ਜਾਰੀ ਰਿਹਾ ਅਤੇ ਧਰਨਾ ਕਾਰੀਆਂ ਦੀ ਗਿਣਤੀ ਵਧਦੀ ਗਈ। 23 ਨਵੰਬਰ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਚਲੋ ਦੇ ਮੱਦੇ ਨਜ਼ਰ ਐੱਸ ਪੀ ਮਸੀਤਾਂ ਸਮੇਤ ਕਈ ਆਗੂਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਮਨਦੀਪ ਨਥਾਵਾਂ ਨੇ ਦੱਸਿਆ ਕਿ ਹਰਿਆਣਵੀ ਜਥੇਬੰਦੀਆਂ ਨਾਲ਼ ਸਾਂਝ ਕਾਰਨ ਦਿੱਲੀ ਮੋਰਚਿਆਂ ‘ਤੇ ਪੰਜਾਬ ਦੇ ਕਿਸਾਨ ਦੀਆਂ ਬਹੁਤ ਸਾਰੀਆਂ ਔਕੜਾਂ ਦਾ ਹੱਲ ਹੋਇਆ ਹੈ। 2010 ਵਿੱਚ ਬਣੀ ਕਿਸਾਨ ਸੰਘਰਸ਼ ਕਮੇਟੀ ਵਿਚ ਮਨਦੀਪ ਸ਼ੁਰੂ ਤੋਂ ਜੁੜੇ ਹੋਏ ਹਨ ਅਤੇ ਇਸ ਜਥੇਬੰਦੀ ਨੇ ਫ਼ਤਿਹਾਬਾਦ, ਸਰਸਾ ਅਤੇ ਹਿਸਾਰ ਵਿਚ ਕਿਸਾਨਾਂ ਨੂੰ ਲਾਮਬੰਦ ਕੀਤਾ ਹੈ| ਇਨ੍ਹਾਂ ਦਾ ਜੱਥਾ ਟੀਕਰੀ ਬਾਰਡਰ ’ਤੇ ਤਾਇਨਾਤ ਹੈ।
ਇਸੇ ਤਰ੍ਹਾਂ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਂ ‘ਤੇ ਬੀਤੇ ਸਾਲ ਜਦੋਂ ਹਰਿਆਣਾ ਸਰਕਾਰ ਨੇ ਅਚਾਨਕ ਕਿਸਾਨਾਂ ਦੇ ਝੋਨਾ ਬੀਜਣ ਉਤੇ ਪਿਛਲੇ ਸਾਲ ਨਾਲੋਂ ਅੱਧੇ ਰਕਬੇ ਦੀ ਮਨਮਾਨੀ ਸ਼ਰਤ ਮੜ੍ਹ ਦਿੱਤੀ, ਤਾਂ ਕੁਲ ਹਿੰਦ ਕਿਸਾਨ ਸਭਾ, ਆਲ ਕੁਲ ਹਿੰਦ ਮਹਾਸਭਾ, ਜਾਟ ਕਿਸਾਨ ਸਭਾ, ਕੰਬੋਜ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਨੇ ਰਲ ਕੇ ਜਰਨੈਲ ਸਿੰਘ, ਰਾਮ ਚੰਦਰ ਸਹਿਨਾਲ, ਰਾਕੇਸ਼ ਕੰਬੋਜ ਤੇ ਸੁਖਵਿੰਦਰ ਸਿੰਘ ਰਤੀਆ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ “ਖੇਤੀ ਬਚਾਓ ਸੰਘਰਸ਼ ਕਮੇਟੀ” ਬਣਾਈ। ਇਸ ਕਮੇਟੀ ਦੀ ਅਗਵਾਈ ਵਿਚ ਰਤੀਆ ਤੋਂ ਫਤਹਿਬਾਦ ਤੱਕ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਸੰਘਰਸ਼ ਲੜ ਕੇ ਸਰਕਾਰ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਕਮੇਟੀ ਨੇ ਇਸ ਸਾਲ ਰਤੀਆ ਨੇੜਲੇ ਇਲਾਕਿਆਂ ਵਿਚ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਲਾਮਬੰਦੀ ਕੀਤੀ ਅਤੇ ਇਹਨਾਂ ਦੇ ਕਈ ਜਥੇ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।
ਦੋ ਸਾਲ ਪਹਿਲਾਂ ਗੜੇ ਪੈਣ ਨਾਲ਼ ਅੰਬਾਲੇ ਜਿਲੇ ਦੇ 40 ਪਿੰਡਾਂ ਵਿਚ ਝੋਨੇ ਦੀ ਫਸਲ ਤਬਾਹ ਹੋ ਗਈ ਸੀ। ਇਸ ਤਬਾਹੀ ਦਾ ਮੁਆਵਜਾ ਦਵਾਉਣ ਲਈ ਕਿਸਾਨ ਯੂਨੀਅਨ ਦੇ 15-20 ਮੈਂਬਰ ਡੀ ਸੀ ਦਫਤਰ ਅੱਗੇ ਧਰਨਾ ਦੇ ਰਹੇ ਸਨ। ਬਲਜਿੰਦਰ ਸਿੰਘ ਜਿਨ੍ਹਾਂ ਦਾ ਆਪਣਾ ਪਿੰਡ ਇਸ ਮਾਰ ਹੇਠ ਸੀ, ਗੁਰਦੁਆਰਾ ਸਾਹਿਬ ਵੱਲੋਂ ਧਰਨਾਕਾਰੀਆਂ ਨੂੰ ਲੰਗਰ ਛਕਾਉਣ ਪਹੁੰਚੇ। ਪੁੱਛਣ ਤੇ ਪਤਾ ਲੱਗਿਆ ਕੇ ਧਰਨਾਕਾਰੀਆਂ ਦਾ ਆਪਣਾ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਉਹ ਇਸ ਇਲਾਕੇ ਦੇ ਕਿਸਾਨਾਂ ਲਈ ਉੱਥੇ ਬੈਠੇ ਸਨ। ਬਲਜਿੰਦਰ ਜੀ ਨੂੰ ਅਹਿਸਾਸ ਹੋਇਆ ਕਿ ਇਹ ਬੰਦੇ ਤਾਂ ਉਨ੍ਹਾਂ ਦੇ ਲਈ ਹੀ ਧਰਨਾ ਦੇ ਰਹੇ ਸਨ। ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਹੁਕਮਰਾਨ ਪਾਰਟੀਆਂ ਦਾ ਖਹਿੜਾ ਛੱਡ ਆਪਣੇ ਪਿੰਡ ਅਤੇ ਇਲਾਕੇ ਦੇ ਕਿਸਾਨਾ ਨੂੰ ਭਾ.ਕਿ.ਯੂ. ਚੜੂਨੀ ਨਾਲ਼ ਜਥੇਬੰਦ ਕਰਨ ਵਿਚ ਲਗ ਗਏ। ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਸਰਕਾਰ ਕੋਲੋਂ ਮੁਆਵਜ਼ਾ ਲੈਣ ਲਈ ਸੰਘਰਸ਼ ਵਿਢ ਲਿਆ। ਉਨ੍ਹਾਂ ਦੀ ਜਿੱਤ ਹੋਈ ਤੇ 70 ਕਰੋੜ ਰੁਪਏ ਦਾ ਕੁੱਲ ਮੁਆਵਜ਼ਾ ਕਿਸਾਨਾਂ ਨੂੰ ਦਵਾਇਆ ਗਿਆ।
25 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਸੱਦੇ ਉੱਤੇ ਹਰਿਆਣਾ ਦੀਆਂ 17 ਅਲੱਗ-ਅਲੱਗ ਜਥੇਬੰਦੀਆਂ ਵੀ ਇੱਕ ਸਾਂਝੇ ਮੋਰਚੇ ਵਿਚ ਤਬਦੀਲ ਹੋ ਗਈਆਂ, ਉੱਥੇ ਹੀ ਹਰਿਆਣਾ ਅਤੇ ਪੰਜਾਬ ਦੀਆਂ ਜੱਥੇਬੰਦੀਆਂ ਦੇ ਨੇੜਲੇ ਤਾਲਮੇਲ ਦੀ ਸ਼ੁਰੂਆਤ ਵੀ ਹੋਈ। 26-27 ਨਵੰਬਰ ਦੀ ਕੁਲ ਹਿੰਦ ਜਥੇਬੰਦੀਆਂ ਵੱਲੋਂ ਸੱਦੇ “ਦਿੱਲੀ ਚੱਲੋ” ਮਾਰਚ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬੈਰੀਕੇਡ ਅਤੇ ਹੋਰ ਅੜਿੱਕੇ ਖੜੇ ਕਰਨ ਦੀ ਤਿਆਰੀ ਪਹਿਲਾਂ ਹੀ ਕਰ ਲਈ ਸੀ। ਇਹ ਦੇਖਦਿਆਂ ਹਰਿਆਣੇ ਦੀਆਂ ਜਥੇਬੰਦੀਆਂ ਨੇ ਬੈਰੀਕੇਡ ਅਤੇ ਹੋਰ ਅੜਿੱਕੇ ਪੁੱਟਣ ਤੇ ਤੋੜਨ ਦੀਆਂ ਤਿਆਰੀਆਂ ਕਰ ਲਈਆਂ। ਪਰ 24 ਦਸੰਬਰ ਨੂੰ ਹੀ ਹਰਿਆਣਾ ਪੁਲਸ ਨੇ ਜਥੇਬੰਦੀਆਂ ਦੇ ਕਾਰਕੁਨ 302, 307 ਦੇ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰ ਕਰਨੇ ਸ਼ੁਰੂ ਕੀਤੇ। ਪਰ ਹਰਿਆਣਵੀ ਜੱਥੇਬੰਦੀਆਂ ਦੀ ਪੁਖਤਾ ਤਿਆਰੀ ਸਦਕਾ ਅਤੇ ਕਿਸਾਨਾਂ ਦੇ ਜੋਸ਼ ਸਦਕਾ ਸਭ ਔਕੜਾਂ ਨੂੰ ਪਾਰ ਕਰਦਿਆਂ ਕੁਰੂਕਸ਼ੇਤਰ, ਕਰਨਾਲ ਅਤੇ ਹੋਰ ਥਾਂਵਾ ਦੇ ਬੈਰੀਕੇਡ ਪੱਟ ਕੇ ਪੰਜਾਬੀ ਕਿਸਾਨਾਂ ਦੇ ਰਾਹ ਪੱਧਰੇ ਕੀਤੇ ਗਏ।
ਕਿਸਾਨ ਅੰਦੋਲਨ ਦੀ ਲਾਮਬੰਦੀ ਦੌਰਾਨ ਬਣੀਆਂ ਜਥੇਬੰਦਕ ਸੂਬਾ ਸਾਂਝਾਂ ਦਾ ਹੀ ਇਹ ਸਿੱਟਾ ਹੈ ਕਿ ਅੱਜ ਜਦੋਂ ਲੱਖ ਦੇ ਕਰੀਬ ਕਿਸਾਨ ਪੰਜਾਬ ਤੋਂ ਚੱਲ ਕੇ ਦਿੱਲੀ ਬੈਠੇ ਹਨ; ਰੋਟੀ, ਪਾਣੀ, ਦੁੱਧ, ਦਹੀਂ ਦੇ ਗੱਫੇ ਵਰਤਾਉਂਦੇ ਹਰਿਆਣਵੀ ਕਿਸਾਨਾਂ ਨੇ ਸਭ ਨੂੰ ਆਸਵੰਦ ਕੀਤਾ ਹੈ ਕਿ ਜੇ ਘੋਲ ਲੰਬਾ ਵੀ ਚੱਲਿਆ ਤਾਂ ਇਸ ਭਾਈ-ਭੈਣ-ਚਾਰੇ ਦੇ ਸਿਰ ਤੇ ਬੈਠੇ ਰਹਿ ਸਕਦੇ ਹਨ। ਇਸ ਸਾਂਝ ਨੇ ਪੰਜਾਬ ਹਰਿਆਣੇ ਅਤੇ ਹੋਰਨਾਂ ਸੂਬਿਆਂ ਦੇ ਲੋਕਾਂ ਵਿਚ ਮਿੱਤਰਤਾ ਦੇ ਬੀਜ ਬੋਏ ਹਨ। ਬਲਜਿੰਦਰ ਅਨੁਸਾਰ ਵੱਖ-ਵੱਖ ਵਿਚਾਰਧਾਰਾਵਾਂ ਵਿੱਚ ਸਾਂਝ ਨੇ ਹਰ ਹਾਲ ਘੋਲ ਜਿੱਤਣ ਲਈ ਕਾਇਮ ਕੀਤਾ ਹੋਇਆ ਹੈ। ਮਨਦੀਪ ਨਥਾਵਾਂ ਮੁਤਾਬਕ ਲੋਕਾਂ ਵਾਸਤੇ ਕੰਮ ਕਰਨ ਲਈ ਆਪਣੇ ਆਪ ਨੂੰ ‘ਮੈਂ’ ਤੋਂ ਪਾਸੇ ਕਰਨਾ ਜਰੂਰੀ ਹੈ ਅਤੇ ਇਹ ਸੰਘਰਸ਼ ਸਾਨੂੰ ‘ਮੈਂ’ ਤੋਂ ਅਸੀਂ ਬਣਾਉਂਦਾ ਹੈ| ਐੱਸ ਪੀ ਮਸੀਤਾਂ ਮੁਤਾਬਕ ਘੋਲ਼ ਤੋਂ ਬਾਅਦ ਖਿੱਤੇ ਦੀ ਸਿਆਸਤ ਵਿਚ ਸਿਫ਼ਤੀ ਫਰਕ ਆਉਣਾ ਤੈਅ ਹੈ। “ਲੋਕ ਤੁਰੇ ਆਪਣੀ ਅੱਗ ਕਰਕੇ ਸਨ। ਉਸ ਅੱਗ ਨਾਲ਼ ਸਾਂਝ ਪਾਉਣੀ ਬਹੁਤ ਜਰੂਰੀ ਹੈ,” ਮਸੀਤਾਂ ਜੀ ਦੱਸਦੇ ਹਨ।