ਸੋਚਦਾ ਪੰਜਾਬ

ਸੋਚਦਾ ਪੰਜਾਬ

ਹਰਮਨਜੀਤ ਸਿੰਘ

ਕਦੇ-ਕਦੇ ਇਉਂ ਲੱਗਦੈ ਕਿ ਸਾਰੀ ਦੁਨੀਆ ਦਾ ਜ਼ੋਰ ਦੇਸ ਪੰਜਾਬ ਨੂੰ ਸਾਜਣ ਤੇ ਹੀ ਲੱਗਿਆ ਰਿਹਾ; ਬਲਕਿ ‘ਹੁਣ’ ਵੀ ਲੱਗਿਆ ਹੋਇਆ । ਜਿਵੇਂ ਸਾਰਾ ਜੱਗ ਆਪਣੇ ਕੰਮ-ਕਾਜ ਭੁਲਾ ਕੇ ਪੰਜਾਬ ਨੂੰ ਹੀ ਘੜ-ਤਰਾਸ਼ ਰਿਹੈ । ‘ਪੰਜਾਬ’ ਸ਼ਬਦ ਜਿਵੇਂ ‘ਸ਼ਹਾਦਤ’ ਦਾ ਸਮਾਨਅਰਥੀ ਹੀ ਬਣ ਗਿਆ । ਆਪਣੀ ਜਾਚੇ ਦੁਨੀਆ ਪੰਜਾਬ ਨੂੰ ਭੰਨਦੀ-ਤੋੜਦੀ ਰਹੀ ਪਰ ਜਰਵਾਣਿਆਂ ਨੂੰ ਪਤਾ ਨਹੀਂ ਸੀ ਕਿ ਅਸਲੀਅਤ ਵਿੱਚ ਸਮੇਂ ਦੀ ਹਿੱਕ ਉੱਤੇ ਕੁਝ ਡੂੰਘਾ ਉੱਕਰਿਆ ਜਾ ਰਿਹੈ ਅਤੇ ਇਸੇ ਭੰਨ-ਤੋੜ ਵਿੱਚੋਂ ਇੱਕ ਸ਼ਾਹ-ਫ਼ਕੀਰ ਪੰਜਾਬ ਨਾਲ਼ੋ-ਨਾਲ਼ ਖੜ੍ਹਾ ਹੋ ਰਿਹੈ । ਪੰਜਾਬ ਦੀ ਕੰਗਰੋੜ ’ਤੇ ਸੱਟ ਮਾਰਨ ਤੁਰੀਆਂ ਵਹੀਰਾਂ ਪੰਜਾਬ ਦੀ ਅਤੋੜ ਤਾਸੀਰ ਨੂੰ ਹੀ ਸਿਰਜਦੀਆਂ ਗਈਆਂ । ਕੋਹੇਨੂਰ ਹੀਰਾ ਭਾਵੇਂ ਉਹ ਆਪਣੇ ਸਿਰ ‘ਤੇ ਜੜ ਕੇ ਲੈ ਗਏ ਪਰ ਕੋਹੇਨੂਰ ਤੋਂ ਵੀ ਮਹਿੰਗੀ ਉਹਦੀ ਲਿਸ਼ਕ ਸਾਡੀਆਂ ਅੱਖਾਂ ਵਿੱਚ ਹੀ ਛੱਡ ਗਏ ।

 ਪੰਜਾਬ ਹੈ ਕੀ ? ਨਾ ਸਿਰਫ਼ ਦਰਿਆ, ਨਾ ਪਹਾੜ, ਨਾ ਮੈਦਾਨ । ਨਾ ਕਵਿਤਾ, ਨਾ ਗੀਤ, ਨਾ ਕੋਈ ਕਹਾਣੀ । ਚਾਲਾਂ ਚੱਲਦੇ ਡਰਪੋਕ ਦਿਮਾਗਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬੀਆਂ ਲਈ ਪੰਜਾਬ ਦਰਿਆ ਸਿੰਧ ਤੋਂ ਜਮਨਾ ਪਾਰ ਦੀ ਭੂਗੋਲਿਕ ਧਰਤ ਹੀ ਨਹੀਂ, ਸਗੋਂ ਪੰਜਾਬੀਆਂ ਨੂੰ ਉਹਨਾਂ ਦੇ ਕੁੜਤੇ ਚ ਪਿਆ ਸਾਦਾ ਤੇ ਆਪ-ਮੁਹਾਰਾ ਜਿਹਾ ਵੱਟ ਵੀ ਪੰਜਾਬ ਹੀ ਲੱਗਦੈ । ਫੁੱਟ ਰਹੇ ਪੱਤਿਆਂ ਤੇ ਲਮਕਦੀਆਂ ਵੇਲਾਂ ‘ਚੋਂ ਸਾਨੂੰ ਪੰਜਾਬ ਹੀ ਦਿਸਦੈ । ਬਾਬੇ ਫ਼ਰੀਦ ਦੀ ਖ਼ਾਨਗਾਹ ’ਚ ਉੱਬਲਦੇ ਡੇਲਿਆਂ ’ਚੋਂ ਅਸੀਂ ਪੰਜਾਬ ਨੂੰ ਹੀ ਟੋਲਦੇ ਰਹੇ । ਭਾਈ ਕਨ੍ਹਈਏ ਦੀ ਮਸ਼ਕ ‘ਚੋਂ ਚਿਉਂਦੇ ਪਾਣੀਆਂ ਤੋਂ ਬਾਬੇ ਦੀਪ ਸਿੰਘ ਦੇ ਖੰਡੇ ‘ਚੋਂ ਸਿੰਮਦੀ ਅੱਗ ਤੀਕਰ ਪੰਜਾਬ ਤੋਂ ਸਿਵਾ ਹੋਰ ਹੈ ਵੀ ਕੀ ? ਸਾਡੇ ਭਾਅ ਦੀ ਤਾਂ ਚੌਲਾਂ ਦਾ ਉਹ ਦਾਣਾ ਵੀ ਪੰਜਾਬ ਹੀ ਹੈ ਜਿਹੜਾ ਜੋਗੀ ਹੋਇਆ ਪੂਰਨ ਲੂਣਾ ਦੀ ਤਲੀ ‘ਤੇ ਧਰਦੈ । ਦੱਸੋ ਕੀ ਕਰੀਏ ? 

 ਮੁੱਕਦੀ ਗੱਲ ਪੰਜਾਬ, ਧਰਤੀ ਤੋਂ ਲੈ ਕੇ ਅਦਿੱਖ ਅਸਮਾਨਾਂ ਤੱਕ ਫੈਲੀ ਨਿੱਤਰੇ ਲਹੂ ਦੀ ਟਕਸਾਲ ਹੈ । ਪਰ ਹਾਂ, ਸਾਡੇ ਮੱਥਿਆਂ ‘ਚ ਸਾਡੇ ਆਪੋ-ਆਪਣੇ ਤਰੀਕੇ ਸਿਰਜਿਆ-ਸਾਜਿਆ ਪੰਜਾਬ ਦਾ ਇੱਕ ਵਿਅਕਤੀਗਤ ਮਤਲਬ ਜ਼ਰੂਰ ਲਿਸ਼ਕਦਾ ਹੋਵੇ ਅਤੇ ਇਹ ਸਾਰੇ ਮਤਲਬ ਤੇ ਅਰਥ ਕਿਸੇ ਨਾ ਕਿਸੇ ਜ਼ਰੀਏ ਜੁੜਦੇ ਰਹਿਣ ਅਤੇ ਆਪਸ ਵਿੱਚ ਸਹਿਜ-ਮਤੇ ਸਮਾਉਂਦੇ ਰਹਿਣ । ਇਹੀ ਸਾਂਝਾ ਅਰਥ ਉੱਡਦੀ ਧੂੜ ਦੇ ਬੇਅੰਤ ਕਣਾਂ ਵਿੱਚੋਂ ਇੱਕ ਨਾ ਇੱਕ ਦਿਨ ਆਪਣੀ ਪ੍ਰਕਾਸ਼ਮਈ ਮਹਿਮਾ ਸੰਗ ਪ੍ਰਗਟ ਹੋ ਜਾਂਦਾ ਹੈ ।

 ਨਿਰੋਲ ਸ਼ਾਬਦਿਕ ਹੁਲਾਰਿਆਂ ਅਤੇ ਕੱਚੇ ਜਜ਼ਬਾਤ ‘ਚੋਂ ਬਾਹਰ ਝਾਕ ਕੇ, ਪੰਜਾਬ ਦਾ ਕੋਈ ਮੌਲਿਕ ਮਾਇਨਾ ਸਾਡੇ ਹੱਡ-ਮਾਸ ਦਾ ਕੇਂਦਰ ਬਣੇ । ਗੰਭੀਰਤਾ ਅਤੇ ਸੁਹਿਰਦਤਾ ਸਾਡੇ ਲਹੂ ਦਾ ਹੀ ਕੋਈ ਰੂਪ ਹੋ ਜਾਣ । ਕਿਉਂ ਜੋ ਹੱਸਦੇ-ਗਾਉਂਦੇ, ਖੇਡਦੇ, ਕੌਡੀਆਂ ਪਾਉਂਦੇ ਪੰਜਾਬ ਦੇ ਨਾਲ-ਨਾਲ ਸਾਨੂੰ ‘ਸੋਚਦਾ ਪੰਜਾਬ’ ਵੀ ਤਾਂ ਚਾਹੀਦੈ । ਰੱਬ ਰਾਖਾ ।

 ਅਕਾਲ ਪੁਰਖ ਸਹਾਈ ਹੋਵੇ।

en_GBEnglish