ਰਵਿੰਦਰ ਕੌਰ, ਲੇਖਕ, ‘ਬਰੈਂਡ ਨਿਊ ਨੇਸ਼ਨ’
ਕਿਰਤੀ ਕਿਸਾਨਾਂ ਨੂੰ ਅੰਦੋਲਨ ਵਿਚ ਬੈਠਿਆਂ ਪੰਜ ਮਹੀਨੇ ਹੋ ਗਏ ਹਨ। ਦਿੱਲੀ ਦੀਆਂ ਹੱਦਾਂ ਉਤੇ ਵਸੀਆਂ ਤੰਬੂਆਂ ਦੀਆਂ ਨਗਰੀਆਂ ਨੂੰ ਦੋ ਮਹੀਨੇ ਹੋ ਗਏ ਹਨ। ਸਿੰਘੂ, ਟੀਕਰੀ, ਸ਼ਾਹਜਹਾਂਪੁਰ ਖੇੜਾ, ਗ਼ਾਜ਼ੀਪੁਰ– ਜੋ ਕਿਸੇ ਸਮੇ ਦਿੱਲੀ ਦੀ ਦੇਹਲ਼ੀ ਤੇ ਵਸੇ ਕੁਝ ਪਿੰਡਾਂ ਦੇ ਨਾਮ ਸਨ – ਹੁਣ ਲੋਕ ਸੰਘਰਸ਼ ਅਤੇ ਸਾਂਝੀਵਾਲਤਾ ਦੀ ਸ਼ਬਦਾਵਲੀ ਦਾ ਅਹਿਮ ਹਿੱਸਾ ਬਣ ਗਏ ਹਨ।
ਇਹਨਾਂ ਥਾਂਵਾਂ ਦੀ ਗੱਲ ਕਰਨਾ, ਕਈ ਸੌ ਮੀਲਾਂ ਦਾ ਸਫ਼ਰ ਤੈਅ ਕਰ ਕੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਆਏ ਲੋਕਾਂ ਦੀ ਗੱਲ ਕਰਨਾ ਹੈ। ਦਿੱਲੀ ਕੂਚ ਨੂੰ ਰੋਕਣ ਵਾਸਤੇ ਚਲਾਏ ਅੱਥਰੂ ਗੈਸ ਗੋਲਿਆਂ, ਜਲ–ਤੋਪਾਂ ਅਤੇ ਪੁਲਿਸ ਬੈਰੀਕੇਡਾਂ ਦੇ ਅੜਿੱਕਿਆਂ ਨੂੰ ਸਰ ਕਰਨ ਦੀ ਗੱਲ ਕਰਨਾ ਹੈ। ਕਿਰਤੀ ਕਿਸਾਨਾਂ ਨੂੰ ਜੋ ਚੀਜ਼ ਲੈ ਕੇ ਆਈ ਅਤੇ ਏਥੇ ਰਹਿਣ ਵਿੱਚ ਸਹਾਈ ਹੈ, ਉਹ ਹੈ ਆਪਣੀ ਹੋਂਦ ਆਪਣੀ ਰੋਜ਼ੀਰੋਟੀ ਗੁਆਚਣ ਦਾ ਡਰ। ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਕੋਰੋਨਾ ਕਾਲ ਦੇ ਕਾਲੇ ਦਿਨਾਂ ਵਿੱਚ ਬਿਨਾ ਕਿਸੇ ਲੋਕ–ਤੰਤਰੀ ਬਹਿਸ ਦੇ ਮੱਲੋ–ਜੋਰੀ ਬਣਾਏ ਸਨ। ਕਿਸਾਨਾਂ ਦੀ ਇੱਛਾ ਅੱਖੋਂ ਪਰੋਖੇ ਕਰ ਦਿੱਤੀ ਗਈ, ਅਤੇ ਉਹਨਾਂ ਕੋਲ ਸੜਕਾਂ ਤੇ ਆਉਣ ਤੋਂ ਬਿਨਾ ਕੋਈ ਚਾਰਾ ਨਾ ਰਿਹਾ। ਅੰਦੋਲਨ ਦੇ ਇਹ ਨਵੇਂ ਗੜ, ਏਸ ਡਰ ਅਤੇ ਦ੍ਰਿੜਤਾ ਵਿੱਚੋਂ ਵਸੇ ਹਨ ਅਤੇ ਇਹ ਛੇਤੀ ਟੁੱਟਣ ਵਾਲੇ ਨਹੀਂ।
ਜਨਤਕ ਥਾਂਵਾਂ ਵਿੱਚ ਲੋਕਾਈ ਦਾ ਇਕੱਠ ਕਰਨਾ ਮੰਗਾਂ ਮਨਵਾਉਣ ਲਈ ਰੋਹ ਨੂੰ ਜ਼ਾਹਰ ਕਰਨ ਦਾ ਕਦੀਮੀ ਤਰੀਕਾ ਹੈ। ਇਕੱਠ ਕਰਨਾ ਗਣਤੰਤਰ ਨੂੰ ਬਣਾਉਣ ਵਾਲੇ “ਗਣ” ਦੀ ਸ਼ਨਾਖ਼ਤ ਕਰਾਉਣਾ ਹੈ। ਫ਼ੈਲਸੂਫ਼ ਹਨਾਂ ਅਰੈਂਟ ਮੁਤਾਬਕ ਇੱਕਜੁਟ ਹੋ ਕੇ ਸਾਹਮਣੇ ਅਾਉਣ, ਦੂਜਿਆਂ ਦੀ ਹੋਂਦ ਕਬੂਲਦਿਆਂ ਆਪਣੀ ਹੋਂਦ ਜ਼ਾਹਰ ਕਰਨ; ਨੂੰ ਦਿਸਣ ਦੀ, ਜ਼ਾਹਰ ਹੋਣ ਦੀ ਸਿਆਸਤ ਕਿਹਾ ਜਾਂਦਾ ਹੈ। ਤਾਂ ਫੇਰ ਸਿੰਘੂ, ਟੀਕਰੀ, ਸ਼ਾਹਜਹਾਂਪੁਰ, ਅਤੇ ਗਾਜ਼ੀਪੁਰ ਦੀ ਸੰਗਤ ਸਾਨੂੰ ਸਿਆਸਤ ਦੀਆਂ ਕਿਹੜੀਆਂ ਰਮਜ਼ਾਂ ਦੱਸ ਰਹੀ ਹੈ? ਹੁਣ ਸਾਨੂੰ ਕੀ ਦਿਸ ਰਿਹਾ ਹੈ ਜਿਹੜਾ ਆਮ ਤੌਰ ਤੇ ਅੱਖੋਂ ਪਰੋਖੇ ਰਹਿ ਜਾਂਦਾ ਹੈ? ਅਤੇ ਇਹ ਕਿਥੋਂ ਊਰਜਾ ਲੈਂਦਾ ਹੈ?
ਇਸ ਅੰਦੋਲਨਕਾਰੀ ਸੰਗਤ ਦਾ ਅਹਿਮ ਨਕਸ਼, ਸਿਰਫ਼ ਇਸ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਸਕਣ ਦਾ ਦ੍ਰਿੜ ਇਰਾਦਾ ਹੀ ਨਹੀਂ, ਬਲ ਕਿ ਮਨੁੱਖੀ ਬਿਹਤਰੀ ਵਾਲ਼ੀ ਤਰੱਕੀਪਸੰਦ ਸਿਆਸਤ ਦਾ ਮੁੱਢ ਬਨਣਾ ਹੈ। ਅੰਦੋਲਨ ਦੇ ਚਸ਼ਮਦੀਦ ਗਵਾਹ ਆਮ ਤੌਰ ਤੇ ਇਸ ਗੱਲ ਵੱਲ ਧਿਆਨ ਦਵਾਉਂਦੇ ਹਨ ਕਿ ਕਿਵੇਂ ਔਰਤ ਮਰਦ ਇਕੱਠੇ ਰੋਟੀ–ਟੁੱਕ ਅਤੇ ਸਫ਼ਾਈ ਦੇ ਕੰਮ ਸਾਂਝ ਭਿਆਲੀ ਨਾਲ਼ ਕਰ ਰਹੇ ਹਨ ਅਤੇ ਕਿਰਤ ਜਾਤੀ ਅਤੇ ਸਮਾਜੀ ਰੁਤਬਿਆਂ ਨੂੰ ਤਜ ਕੇ ਕੀਤੀ ਜਾਂਦੀ ਹੈ। ਅੰਦੋਲਨ ਜਿਨ੍ਹਾਂ ਵਿਚਾਰਾਂ ਤੋਂ ਆਪਣੀ ਬੌਧਿਕ–ਸਿਧਾਂਤਕ ਊਰਜਾ ਲੈ ਰਿਹਾ ਹੈ ਸਾਡੇ ਮਨਾਂ ਵਿੱਚ ਪਹਿਲਾਂ ਹੀ ਸਨ, ਅਤੇ ਉਹ ਵਿਚਾਰ ਇਸ ਔਖੀ ਘੜੀ ਵਿੱਚ ਸਾਡੇ ਲਈ ਨਵੇਂ ਹੋ ਗਏ ਹਨ। ਸੰਤ ਰਵੀਦਾਸ ਦੇ ਦੱਸੇ ਬੇਗਮਪੁਰੇ( ਦੁਖਾਂ ਤੋਂ ਬਗੈਰ ਸ਼ਹਿਰ) ਦਾ ਸੰਕਲਪ ਅੰਦੋਲਨ ਵਿੱਚ ਵਾਰ ਵਾਰ ਧਿਆਇਆ ਸੁਣਾਇਆ ਜਾਂਦਾ ਹੈ – ਇਕ ਨਿਆਰੇ ਸ਼ਹਿਰ ਦਾ ਸੰਕਲਪ ਜਿੱਥੇ ਕੋਈ ਭੇਦ–ਭਾਵ ਨਾਂ ਹੋਵੇ, ਕੋਈ ਮਾਲਕ ਨੌਕਰ ਨਾ ਹੋਵੇ, ਸਭ ਨੂੰ ਜੀ ਆਇਆਂ ਨੂੰ ਕਿਹਾ ਜਾਵੇ। ਸਦੀਆਂ ਪੁਰਾਣੇ ਇਹ ਵਿਚਾਰ ਅਜੋਕੇ ਸਰਮਾਏਦਾਰਾਨਾ ਨਿਜ਼ਾਮ ਵਿਰੋਧੀ ਸੰਘਰਸ਼ ਵਿੱਚ ਜੁਟੇ ਲੋਕਾਂ ਵਿੱਚ ਜੀਵੰਤ ਹਨ।
ਅੰਦੋਲਨਕਾਰੀ ਸੰਗਤ ਦੀ ਰੋਜ਼–ਮਰਾ ਦੀ ਜ਼ਿੰਦਗੀ ਗੁਰੂ ਨਾਨਕ ਦੇ ਕਿਆਸੇ ਸਰਬੱਤ ਦੇ ਭਲੇ ਵਾਲ਼ੇ ਸਮਾਜ ਦੁਆਰਾ ਚਲਦੀ ਹੈ। ਲੰਗਰ ਪ੍ਰਥਾ – ਜਿਸ ਵਿੱਚ ਹਰ ਕਿਸੇ ਨੂੰ ਇਕੱਠੇ ਲੰਗਰ ਛਕਣ ਦਾ ਸੱਦਾ ਹੈ; ਸੇਵਾ ਅਤੇ ਦਸਾਂ ਨੌਹਾਂ ਦੀ ਕਿਰਤ ਕਰਨਾ ਹੀ ਜਾਤੀ ਜਮਾਤੀ ਵੰਡਾਂ ਨੂੰ ਘਟਾਉਣ ਦਾ ਸਰਲ ਪਰ ਅਹਿਮ ਨੁਕਤਾ ਹੈ। ਇਹੋ ਇਨਕਲਾਬੀ ਜਾਹੋ ਜਲਾਲ ਹੈ ਜਿਹੜਾ ਅੰਦੋਲਨਕਾਰੀ ਸ਼ਹਿਰ ਨੂੰ ਊਰਜਾ ਦੇ ਰਿਹਾ ਹੈ। ਸ਼ਹਿਰ ਜਿਸ ਨੇ ਲਾਮਿਸਾਲ ਸਬਰ ਅਤੇ ਤਾਕਤ ਦਿਖਾਈ ਹੈ।
ਜੇ ਮੋਰਚੇ ਦੀਆਂ ਤਸਵੀਰਾਂ ਦੇਖੀਏ। ਪਹਿਲੀ ਚੀਜ਼ ਜਿਹੜੀ ਧਿਆਨ ਚ ਅਾਉਂਦੀ ਹੈ ਉਹ ਹੈ, ਹਰੇ ਅਤੇ ਪੀਲੇ ਰੰਗ ਦਾ ਦਰਿਆ, ਵਾਢੀ ਦੀ ਫਸਲ ਦੇ ਰੰਗ; ਲਾਲ਼ – ਇਨਕਲਾਬ ਦਾ ਰੰਗ ਅਤੇ ਕੇਸਰੀ – ਖਾਲਸਾਈ ਨਿਸ਼ਾਨ ਸਾਹਿਬ ਦਾ ਰੰਗ। ਇਹ ਰੰਗ ਸਿਰਫ਼ ਝੰਡਿਆਂ ਦੇ ਹੀ ਨਹੀਂ ਹਨ, ਪਰ ਲੋਕਾਂ ਦੇ ਪਹਿਰਾਵੇ ਦੇ ਵੀ ਹਨ – ਚੁੰਨੀ, ਪੱਗ, ਸਾਫ਼ਾ – ਵੱਖੋ ਵੱਖਰੇ ਤਰੀਕਿਆਂ ਸਲੀਕਿਆਂ ਨਾਲ਼ ਪਾਏ ਹੋਏ। ਮਿੱਟੀ ਨਾਲ਼ ਲੋਕਾਂ ਦੇ ਨਜਦੀਕੀ ਰਿਸ਼ਤੇ ਅਤੇ ਖੇਤੀ ਦੇ ਮੌਸਮ ਅੰਦੋਲਨਕਾਰੀਆਂ ਵਿੱਚ ਸਾਂਝ ਦਾ ਸਬੱਬ ਬਣਦੇ ਹਨ।
ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਇਸ ਅੰਦੋਲਨ ਨੂੰ ਇਕ ਸਾਂਝੇ ਮੰਚ ਤੇ ਜੋੜਦਾ ਹੈ। ਬਹੁਤ ਸਾਰੇ ਕਲਾਕਾਰਾਂ ਗਾਇਕਾਂ ਨੇ ਵੀ ਇਸ ਨਾਅਰੇ ਨੂੰ ਹੱਕਾਂ ਲਈ ਲੜਨ ਦਾ ਹੋਕਾ ਬਣਾਇਆ ਹੈ। ਇਸ ਦਾ ਸਭ ਤਾਜਾ ਨਮੂਨਾ ਸੀ ਜਦੋਂ ਟੀਕਰੀ ਦੀ ਸਟੇਜ ਤੇ ਕੰਵਰ ਗਰੇਵਾਲ਼ ਦੇ ਅਖਾੜੇ ਵਿੱਚ ਇਹ ਨਾਅਰਾ ਮੰਤਰ ਵਾਂਗੂ ਧਿਆਇਆ ਜਾਣ ਲੱਗਿਆ, ਇਕ ਅਦਿੱਖ ਮਾਲ਼ਾ ਜਿਸ ਵਿਚ ਸਾਰੇ ਲੋਕ ਪਰੋਏ ਗਏ।
ਇਸ ਸਾਂਝੀ ਪਛਾਣ ਨੂੰ ਘੜਣ ਦੀ ਕਵਾਇਦ ਨੇ ਖੇਤੀ ਅਰਥਚਾਰੇ ਦੀਆਂ ਜਾਤੀ ਅਤੇ ਜਮਾਤੀ ਵੰਡਾਂ ਨਾਲ਼ ਮੱਥਾ ਵੀ ਲਵਾਇਆ ਹੈ। ਬੇ–ਜ਼ਮੀਨੇ ਦਲਿਤ ਮਜ਼ਦੂਰ ਖੇਤੀ ਖੇਤਰ ਦੀ ਰੀੜ ਦੀ ਹੱਡੀ ਹਨ, ਪਰ ਉਹਨਾਂ ਕੋਲ ਪੰਜਾਬ ਦੀ ਸਿਰਫ਼ ਤਿੰਨ ਫੀਸਦੀ ਜ਼ਮੀਨ ਦੀ ਮਾਲਕੀ ਹੈ। ਬਹੁਤੇ ਜ਼ਿਮੀਂਦਾਰ ਛੋਟੀ ਜਾਂ ਥੋੜੀ ਜ਼ਮੀਨ ਵਾਲ਼ੇ ਹਨ ਅਤੇ ਬਹੁਤੇ ਕਰਜ਼ੇ ਹੇਠ ਹਨ, ਉਹਨਾਂ ‘ਤੇ ਜ਼ਮੀਨ ਖੁੱਸਣ ਦਾ ਖਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ। ਨਵੇਂ ਖੇਤੀ ਕਾਨੂੰਨ ਖੇਤੀ ਖੇਤਰ ਦੇ ਮੰਦਵਾੜੇ ਨੂੰ ਹੋਰ ਢਾਹ ਲਾਉਣ ਵਾਲ਼ੇ ਹਨ, ਜਿਸ ਦੇ ਖ਼ਿਲਾਫ਼ ਕਿਸਾਨ ਅਤੇ ਮਜ਼ਦੂਰ ਰਲ ਕੇ ਇਕੱਠੇ ਲੜ੍ਹਨ ਲੱਗ ਪਏ ਹਨ।
ਖੇਤੀ ਕਾਨੂੰਨਾਂ ਖ਼ਿਲਾਫ਼ ਇਸ ਸੰਘਰਸ਼ ਨੇ ਜਾਤ–ਪਾਤ ਦੀਆਂ ਵੰਡਾਂ ਖ਼ਿਲਾਫ਼ ਲੜਾਈ ਵਿੱਢਣ ਦੀ ਨਵੀਂ ਉਮੀਦ ਪੈਂਦਾ ਕੀਤੀ ਹੈ। ਇਕ ਰਾਹ ਹੈ ਕਿ ਖੇਤੀ ਕਾਨੂੰਨਾ ਖ਼ਿਲਾਫ਼ ਸੰਘਰਸ਼ ਦੇ ਨਾਲ਼ ਨਾਲ਼ ਕਿਰਤ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਨੂੰ ਵੀ ਜੋੜ ਲਿਆ ਜਾਵੇ। ਕਿਰਤ ਕਾਨੂੰਨ ਵੀ ਖੇਤੀ ਕਾਨੂੰਨਾਂ ਵਾਂਗ ਪਾਰਲੀਮੈਂਟ ਵਿੱਚ ਮੱਲੋ–ਜ਼ੋਰੀ ਮਨਜ਼ੂਰ ਕਰਵਾਏ ਗਏ ਅਤੇ ਦਲਿਤ ਬਹੁਜਨ ਕਾਮਿਆਂ ਨੂੰ ਨੁਕਸਾਨ ਪਹੁੰਚਾਉਣ ਵਾਲ਼ੇ ਹਨ। ਨਵੇਂ ਕਿਰਤ ਕਾਨੂੰਨ ਕਾਮਿਆਂ ਨੂੰ ਪੁੱਗਵੀਂ ਦਿਹਾੜੀ, ਕੰਮ ਦੇ ਘੰਟੇ, ਅਤੇ ਯੂਨੀਅਨ ਬਨਾਉਣ ਦੇ ਹੱਕ ਨੂੰ ਪਤਲਾ ਪਾਉਣ ਵਾਲ਼ੇ ਹਨ। ਕਾਮਿਆਂ ਦੇ ਹੱਕਾਂ ਦੀ ਰਾਖੀ ਵੱਡੇ ਸੰਘਰਸ਼ ਦਾ ਹਿੱਸਾ ਹੋਣਾ ਚਾਹੀਦੀ ਹੈ।
ਲਹਿਰ ਪੰਜਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ, ਕਈ ਪੁੱਛਦੇ ਹਨ: ਅੰਦੋਲਨਕਾਰੀ ਹੋਰ ਕਿੰਨਾ ਚਿਰ ਧਰਨੇ ਵਿੱਚ ਜੁਟੇ ਰਹਿਣਗੇ? ਇਸ ਸਵਾਲ ਦਾ ਹਰ ਵਾਰੀ ਇਹੋ ਜਵਾਬ ਹੁੰਦਾ ਹੈ, “ਜਿੰਨਾ ਚਿਰ ਕਾਲ਼ੇ ਕਾਨੂੰਨ ਰੱਦ ਨਹੀਂ ਹੁੰਦੇ।” ਕਿੰਨੀਆਂ ਬੇਨਤੀਜਾ ਬੈਠਕਾਂ ਦੇ ਨਤੀਜੇ ਨੇ ਇਹ ਦਰਸਾਇਆ ਹੈ ਕਿ ਉੱਥੇ ਡਟੇ ਰਹਿਣ ਦੀ ਹਿੰਮਤ ਅਤੇ ਸਬਰ ਹੀ ਅੰਦੋਲਨਕਾਰੀਆਂ ਦੀ ਇੱਕੋ ਇਕ ਤਾਕਤ ਹੈ। ਅੰਦੋਲਨਕਾਰੀ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਹਨ। ਟਵਿਟਰ ਦਾ ਇਕ ਹਾਲੀਆ ਹੈਸ਼ਟੈਗ ਹੈ: #NoRepealNoReturn (ਰੱਦ ਕਰਾਏ ਬਿਨਾਂ ਮੁੜਾਂਗੇ ਨਹੀਂ)