ਸੰਗੀਤ ਤੂਰ
ਕੰਵਰ ਗਰੇਵਾਲ, ਹਰਫ਼ ਚੀਮਾ ਤੇ ਕਨੂੰਪ੍ਰਿਆ 25 ਸਤੰਬਰ, 2020 ਦੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਘੋਲ ਵਿੱਚ ਆਪਣੀ ਜਗ੍ਹਾ ’ਤੇ ਕੁਝ ਕਰਨ ਅਤੇ ਘੋਲ ਵਿੱਚ ਆਪਣਾ ਸਹੀ ਯੋਗਦਾਨ ਲੱਭਣ ਦੇ ਯਤਨ ਕਰ ਰਹੇ ਸਨ। ਇੱਕ ਫੋਨ ਕਾਲ ਨਾਲ਼ ਇਹ ਤਿੰਨ ਜਣੇ ਸਤੰਬਰ ਦੇ ਅੰਤਲੇ ਦਿਨਾਂ ’ਚ ਇਕੱਠੇ ਹੋਏ ਤੇ ਸਾਂਝੀਆਂ ਮੀਟਿੰਗਾਂ ਕਰਨ ਲੱਗੇ। “ਲੜਾਈ ਕੀ ਹੈ,” ਮੈਨੂੰ ਇਕ ਦਿਨ ਕਨੂੰਪ੍ਰਿਆ ਨੇ ਸਮਝਾਇਆ। ਕੰਵਰ ਦੱਸਦੇ ਹਨ। ਉਹ ਛੋਟੇ ਹੁੰਦਿਆਂ ਆਪਣੇ ਬਾਪੂ ਜੀ ਲਈ ਦੁਪਹਿਰ ਦੀ ਰੋਟੀ ਤੇ ਸ਼ਾਮ ਦੀ ਚਾਹ ਲਿਜਾਂਦੇ ਹੁੰਦੇ ਸਨ। ਸਾਈਕਲ ਚਲਾਉਂਦਿਆਂ ਗਰਮ ਚਾਹ ਦਾ ਡੋਲੂ ਉਨ੍ਹਾਂ ਨੂੰ ਅੱਜ ਵੀ ਆਪਣੇ ਗੋਡੇ ਵਿੱਚ ਵੱਜਦਾ ਮਹਿਸੂਸ ਹੁੰਦਾ ਹੈ। “ਇਹ ਖੇਤ ਵੱਲ ਲੱਗੇ ਗੇੜੇ ਸਨ ਕਿ ਮੈਨੂੰ ਧਰਤੀ ਦਾ ਇੰਨਾ ਮੋਹ ਪਿਆ,” ਉਨ੍ਹਾਂ ਕਿਹਾ। ਉਨ੍ਹਾਂ ਦੇ ਬਾਪੂ ਜੀ ਪੰਜ ਕਿੱਲਿਆਂ ’ਚੋਂ ਹੋਈ ਫ਼ਸਲ ਨਾਲ ਪਰਿਵਾਰ ਪਾਲਦੇ ਰਹੇ। ਉਨ੍ਹਾਂ ਦੇ ਗੀਤਾਂ ਚੋਂ ਵੀ ਇਹ ਇਤਿਹਾਸ ਝਲਕਦਾ ਹੈ ਕਿ ਖੇਤੀ ਕਿਵੇਂ ਪਰਿਵਾਰਾਂ ਦੇ ਪਰਿਵਾਰ ਪਾਲ਼ ਰਹੀ ਹੈ। ਇਹ ਇਨ੍ਹਾਂ ਮੀਟਿੰਗਾਂ ਦਾ ਹੀ ਨਤੀਜਾ ਹੈ ਕਿ ਉਹ ਹਰਫ਼ ਚੀਮਾ ਨਾਲ ਜੁੜੇ। ਜਿੰਨਾ ਉਹ ਦੋਵੇਂ ਪੰਜਾਬ ਦੇ ਧਰਨਿਆਂ ’ਤੇ ਜਾਂਦੇ ਰਹੇ, ਓਨਾ ਉਹ ਲੋਕਾਂ ਨਾਲ ਜੁੜਦੇ ਗਏ। ਜਿੱਥੇ ਇਸ ਜੋੜ ਨੇ ਜ਼ਿੰਮੇਵਾਰੀਆਂ ਵਧਾਈਆਂ, ਉੱਥੇ ਹੀ ਇਹ ਸਮਝ ਆਇਆ ਕਿ ਜਥੇਬੰਦੀਆਂ ਦੇ ਉਲੀਕੇ ਪ੍ਰੋਗਰਾਮ ਦੇ ਨਾਲ਼ ਚੱਲ ਕੇ ਘੋਲ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਅੰਦੋਲਨ ਅਤੇ ਜਥੇਬੰਦੀਆਂ ਨਾਲ਼ ਜੁੜਨ ਦਾ ਸੁਨੇਹਾ ਦਿੱਤਾ ਜਾ ਸਕਦਾ ਹੈ।
“ਕੰਵਰ ਬਾਈ ਜੀ ਮਿਊਜ਼ਿਕ ਕੰਪੋਜ਼ ਕਰਦੇ ਨੇ ਤੇ ਮੈਂ ਗੀਤ ਲਿਖਦਾ ਹਾਂ।” ਹਰਫ਼ ਨੇ ਦੱਸਿਆ, ਉਨ੍ਹਾਂ ਮੁਤਾਬਕ “ਲੋਕਾਂ ਲਈ” ਤੇ “ਲੋਕਾਂ ਦਾ” ਗਾਉਣ ਲਈ “ਲੋਕਾਂ ਨੂੰ” ਜਾਨਣਾ ਜ਼ਰੂਰੀ ਹੈ। ਕਿਸਾਨੀ ਦੇ ਘੋਲ ਨੇ ਉਨ੍ਹਾਂ ਨੂੰ ਅਸਲ ’ਚ ਲੋਕਾਂ ਨਾਲ ਜੋੜਿਆ ਤੇ ਇਹੀ ਕਾਰਨ ਰਿਹਾ ਕਿ ਉਹ ਲੋਕ-ਪੱਖੀ ਗੀਤ, ਜੋ ਕਿ ਜਵਾਨੀ ਨੂੰ ਵੀ ਘੋਲ ਦਾ ਹਿੱਸਾ ਬਣਾ ਸਕਣ, ਲਿਖਣ ਵਿੱਚ ਕਾਮਯਾਬ ਹੋਏ। “ਕਨੂੰ ਨਾਲ਼ ਸਾਂਝ ਨੇ ਮੈਨੂੰ ਬਹੁਤ ਕੁਝ ਸਿਖਾਇਆ,” ਹਰਫ਼ ਦੱਸਦੇ ਹਨ| ਉਹ 2017 ਵਿਚ ਕਨੂੰਪ੍ਰਿਆ ਲਈ ਕੰਪੇਨ ਕਰਨ PU ਵੀ ਗਏ ਸੀ। ਕਹਿੰਦੇ ਹਨ ਕਿ ਕਨੂੰਪ੍ਰਿਆ ਨੂੰ ਤਰਤੀਬ ਨਾਲ ਗੱਲਾਂ ਕਰਨੀਆਂ, ਲੋਕਾਂ ਨਾਲ਼ ਜੁੜਨਾ ਤੇ ਸੰਘਰਸ਼ ਕਰਨਾ ਆਉਂਦਾ ਸੀ। ਇਹ ਕਲਾ ਉਨ੍ਹਾਂ ਲਈ ਆਪ ਸਿੱਖਣੀ ਜ਼ਰੂਰੀ ਸੀ। “ਆਪ ਨਾਲ਼ ਸਾਨੂੰ ਲੜਦਾ ਆਉਂਦਾ ਸੀ ਪਰ ਸਿਸਟਮ ਦਾ ਲੜਨਾ ਕਨੂੰਪ੍ਰਿਆ ਤੋਂ ਸਿੱਖਿਆ,” ਕੰਵਰ ਕਹਿੰਦੇ ਨੇ।
ਕਨੂੰਪ੍ਰਿਆ ਕਹਿੰਦੇ ਹਨ ਕਿ ਇਨਕਲਾਬ ਉੱਥੋਂ ਆਉਂਦਾ ਹੈ ਜਿੱਥੋਂ ਅਸੀਂ ਉਮੀਦ ਨਹੀਂ ਕਰਦੇ। ਕੰਵਰ ਅਤੇ ਹਰਫ਼ ਨਾਲ਼ ਰਾਬਤਾ ਇੱਕ ਅਚਨਚੇਤ ਕਦਮ ਸੀ, ਪਰ ਇਸ ਸਹਿਯੋਗ ਦੇ ਸਿਰ ’ਤੇ ਹੀ ਉਹ ਇਹ ਬਿਰਤਾਂਤ ਸਿਰਜ ਸਕੇ ਹਨ। ਜਿੱਥੇ ਕਿ ਨੌਜਵਾਨਾ ਨੂੰ ਤਰਤੀਬਬੱਧ ਸੰਘਰਸ਼ ਨਾਲ ਜੋੜਿਆ ਜਾ ਸਕੇ। ਕਨੂੰਪ੍ਰਿਆ ਇਸ ਇਕਜੁੱਟ ਹੰਭਲੇ ਨੂੰ ਸਹਾਇਕ ਕੰਮ ਦੱਸਦੇ ਹਨ। ਜਥੇਬੰਦ ਲੋਕਾਂ ਨੂੰ, ਜਥੇਬੰਦ ਹੋ ਕੇ ਸਹਾਇਤਾ ਕਰਨਾ। ਇਹ ਜ਼ਰੂਰੀ ਹੈ ਕਿ ਸਭ ਨੂੰ ਸੰਘਰਸ਼ ’ਚ ਆਪਣੀ ਜਗ੍ਹਾ ਪਤਾ ਹੋਵੇ। “ਸਾਡੀ ਜਗ੍ਹਾ ਸਹਾਇਕ ਹੋਣਾ ਹੈ, ਕੰਵਰ ਤੇ ਹਰਫ਼ ਨੂੰ ਇਹ ਪਤਾ ਸੀ।” ਉਨ੍ਹਾਂ ਨੂੰ ਹਰਿਆਣਾ ’ਚੋਂ 25 ਸਤੰਬਰ ਤੋਂ ਪਹਿਲਾਂ ਹੋਏ ਕਿਸਾਨਾਂ ਦੀ ਕੁੱਟਮਾਰ ਨੇ ਅੰਦਰੋਂ ਝੰਜੋੜਿਆ। “ਸ਼ਾਇਦ ਲਾਲਾ ਲਾਜਪਤ ਰਾਏ ਤੇ ਹੋਏ ਪੁਲੀਸ ਲਾਠੀਚਾਰਜ ਨੇ ਸ਼ਹੀਦ ਭਗਤ ਸਿੰਘ ਨੂੰ ਵੀ ਇਵੇਂ ਹੀ ਝੰਜੋੜਿਆ ਹੋਵੇਗਾ,” ਕਨੂੰਪ੍ਰਿਆ ਦੱਸਦੇ ਹਨ। ਸਾਡੀ ਜਵਾਨੀ ਸਾਡੇ ਬਜ਼ੁਰਗਾਂ ਨੇ ਝੰਜੋੜੀ ਹੈ ਪਰ ਸਹੀ ਦਿਸ਼ਾ ਜਥੇਬੰਦ ਦਿਸ਼ਾ ਦੀ ਵੀ ਓਨੀ ਹੀ ਲੋੜ ਰਹਿੰਦੀ ਹੈ ਤਾਂ ਕਿ ਸੰਘਰਸ਼ ਦਾ ਰਾਹ ਪੱਧਰਾ ਰਹੇ।
ਕਨੂੰਪ੍ਰਿਆ ਅਨੁਸਾਰ ਪਹਿਲਾਂ ਮੀਟਿੰਗਾਂ ਵਿਚ ਇਹ ਤੈਅ ਕਰਨਾ ਔਖਾ ਸੀ ਕਿ ਉਹ ਕਰ ਕੀ ਸਕਦੇ ਹਨ। ਕਿਹੜਾ ਐਸਾ ਯੋਗਦਾਨ ਹੈ ਜੋ ਸੰਘਰਸ਼ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਵੇ ਤੇ ਸੰਘਰਸ਼ ਨੂੰ ਲੀਹ ਤੇ ਰੱਖੇ। ਉਨ੍ਹਾਂ ਨੇ ਡਾਇਰੀ ਵਿੱਚ ਹਰ ਨਾਮ ਨਾਲ਼ ਉਹਨਾਂ ਧਰਨਿਆਂ ਦੀ ਗਿਣਤੀ ਲਿਖੀ ਜਿੰਨਾਂ ਵਿਚ ਉਹ ਸ਼ਾਮਿਲ ਹੋਏ। ਉਸ ਮੀਟਿੰਗ ਤੋਂ ਬਾਅਦ ਇਹ ਇਕੱਠੇ 50 ਤੋਂ ਵੱਧ ਧਰਨਿਆਂ ਵਿਚ ਹਾਜਰੀ ਲਵਾ ਚੁੱਕੇ ਸਨ। ਇਸ ਨਾਲ਼ ਹੌਸਲਾ ਵਧਿਆ। ਪ੍ਰੋਟੈਸਟ, ਆਨਲਾਈਨ ਕੰਪੇਨ, ਕਿਸਾਨ ਆਗੂਆਂ ਨਾਲ ਤਾਲਮੇਲ ਅਤੇ ਹੋਰ ਪ੍ਰੋਗਰਾਮ ਉਲੀਕੇ ਗਏ ਅਤੇ ਹਫ਼ਤਾਵਾਰੀ ਰਿਪੋਟਿੰਗ ਹੋਣ ਲੱਗੀ।
“ਐਲਾਨ” ਗੀਤ ਕੰਵਰ ਜੀ ਨੇ ਕੱਢਿਆ। ਹਰਫ਼ ਜਿਨ੍ਹਾਂ ਨੇ ਕਿ ਨਾਨਕ ਸਿੰਘ ਤੋਂ ਲੈ ਕੇ ਨੀਤਸ਼ੇ ਅਤੇ ਸੰਤ ਰਾਮ ਉਦਾਸੀ ਤੋਂ ਲੈਕੇ ਟਾਲਸਟਾਏ ਪੜ੍ਹਿਆ ਹੋਇਆ ਹੈ, ਇਸ ਗੱਲ ਤੇ ਖੁਸ਼ ਹਨ ਕਿ ਕੰਵਰ ਅਤੇ ਕਨੂੰਪ੍ਰਿਆ ਦੇ ਮਿਲੇ ਸਾਥ ਸਦਕਾ ਉਹ ਗਾਇਕੀ ਵਿੱਚ ਆਪਣੇ ਗੇਅਰ ਚੇਂਜ ਕਰ ਸਕੇ। ਉਹ ਆਪਣੇ ਆਪ ਅਤੇ ਸੁਸਾਇਟੀ ਵਿਚ ਆਏ ਬਦਲਾਅ ਨੂੰ ਇੱਕ ਪ੍ਰਾਪਤੀ ਵਜੋਂ ਦੇਖਦੇ ਹਨ। ਕਨੂੰਪ੍ਰਿਆ ਕਹਿੰਦੇ ਹਨ ਕਿ ਸੰਘਰਸ਼ ਜਿੱਤ ਲੈਣ ਤੋਂ ਬਾਅਦ ਬਾਕੀ ਮਸਲਿਆਂ ਨੂੰ ਨਜਿੱਠਣ ਦੀ ‘ਡਿਸਟ੍ਰੈਸ’(ਉਦਾਸੀ/ਭਾਰ) ਹਲੇ ‘ਪੈਂਡਿਗ’(ਬਾਕੀ) ਹੈ। ਬੇਰੁਜ਼ਗਾਰੀ, ਫ਼ੀਸ ਵਿੱਚ ਵਾਧੇ ਵਰਗੀਆਂ ਮੁਸ਼ਕਿਲਾਂ ਇਸ ਸੰਘਰਸ਼ ਤੋਂ ਬਾਅਦ ਵੀ ਰਹਿਣ ਗੀਆਂ, ਪਰ ਇਹ ਗੱਲ ਪੱਕੀ ਹੈ ਕਿ ਨੌਜਵਾਨਾਂ ਵਿਚ ਆਸ ਬੱਝੀ ਹੈ। ਉਹ ਸੰਘਰਸ਼ ਦੇ ਝੰਡੇ ਸੁੱਟਣ ਵਾਲੇ ਨਹੀਂ ਹਨ। ਜਿੱਥੇ ਯੂਨੀਵਰਸਿਟੀ ਵਿਚੋਂ ਪੜ੍ਹਾਈ ਪ੍ਰਾਪਤ ਕਰਨ ਦੇ ਬਾਅਦ ਵੀ ਸਾਥੀ ਨਿੱਖੜ ਗਏ ਸਨ, ਅੱਜ ਸੰਘਰਸ਼ ’ਚ ਉਹ ਮੁੜ ਇਕਜੁੱਟ ਹੋਏ ਹਨ ਤੇ ਨਵੀਆਂ ਬਣੀਆਂ ਸਾਂਝਾਂ ਨਾਲ ਦਸੰਬਰ ਦੀ ਯੱਖ਼ ਠੰਡ ਚ ਸੰਘਰਸ਼ ਦਾ ਨਿੱਘ ਮਾਣ ਰਹੇ ਹਨ। ਕੰਵਰ ਅਨੁਸਾਰ ਸਾਡੇ ਬਜ਼ੁਰਗ ਜੋ ਕਿ 50-50 ਸਾਲਾਂ ਤੋਂ ਲਾਮਬੰਦੀ ਤੇ ਘੋਲਾਂ ਨਾਲ ਜੁੜੇ ਹਨ, ਨਾਲ਼ ਜੁੜਨਾ ਅਤੇ ਸਬਰ ਨਾਲ਼ ਘੋਲ ਲੜਨ ਦੀ ਕਲਾ ਸਿੱਖ ਲੈਣਾ, ਅੱਜ ਦੇ ਸੰਘਰਸ਼ ਵਿੱਚ ਜਵਾਨੀ ਦਾ ਵੱਡਾ ਯੋਗਦਾਨ ਸਿੱਧ ਹੋਵੇਗਾ। “ਇਸ ਮੋੜ ਤੇ ਸੰਘਰਸ਼ ਸਾਧੂਆਂ ਵਰਗੀ ਬਿਰਤੀ ਮੰਗਦਾ ਹੈ, ਸਾਡਾ ਸਬਰ ਤੇ ਏਕਾ ਕਾਇਮ ਚਾਹੀਦਾ ਹੈ।” ਕੰਵਰ ਕਹਿੰਦੇ ਹਨ।