ਦੁੱਲੇ ਅਤੇ ਲੋਹੜੀ ਦੀ ਕਹਾਣੀ

ਦੁੱਲੇ ਅਤੇ ਲੋਹੜੀ ਦੀ ਕਹਾਣੀ

ਨੈਨ ਸੁੱਖ, ‘ਧਰਤੀ ਪੰਜ ਦਰਿਆਈ’ ਵਿਚੋਂ

ਦੁੱਲੇ ਦਾ ਪਿਓ ਕੈਦ ਹੋ ਗਿਆ। ਕਾਲ ਦਾ ਵੇਲਾ, ਹਰ ਪਾਸੇ ਭੁੱਖ-ਦੁੱਖ। ਦੁੱਲਾ ਬਾਲ ਸੀ, ਆਪਣੀ ਮਾਂ ਨਾਲ ਪਿਓ ਦੀ ਮੁਲਾਕਾਤ ਲਈ ਲਾਹੌਰ ਆਇਆ। ਮਾਂ ਦੇ ਸਿਰ ਉੱਤੇ ਰੋਟੀਆਂ ਦੀ ਚੰਗੇਰ, ਜੀਹਦੀ ਉਂਗਲੀ ਦੁੱਲਾ ਫੜੀ ਫਿਰੇ। ਚੁਗ਼ੱਤਾ ਸ਼ਾਹੀ ਦੀ ਸਖ਼ਤੀ, ਬਾਗ਼ੀ ਕੈਦੀ ਨਾਲ ਮੁਲਾਕਾਤ ਮੁਹਾਲ ਹੋਈ। ਰੁਲਦਿਆਂ ਫਿਰਦਿਆਂ ਅਛੂਤਾਂ ਦੀ ਲਾਵਾਰਸ ਧੀ ਦੁੱਲੇ ਦੀ ਭੈਣ ਬਣ ਗਈ… ਅਛੂਤ ਗੱਲ ਸੁਣਾਉਂਦੇ ਰੋ ਪੈਂਦੇ… ਦੁੱਲੇ ਨੂੰ ਦੁਪਹਿਰੀਂ ਭੁੱਖ ਲੱਗੀ, ਓਹਦੀ ਮਾਂ ਓਹਨੂੰ ਦੋ ਰੋਟੀਆਂ ਦਿੱਤੀਆਂ, ਜੀਹਨਾਂ ’ਚੋਂ ਇਕ ਰੋਟੀ ਦੁੱਲੇ ਆਪ ਖਾਧੀ ਦੂਜੀ ਭੈਣ ਨੂੰ ਦੇ ਦਿੱਤੀ। ਦੁੱਲੇ ਦੀ ਮੁਸਲਮਾਨ ਰਾਜਪੂਤ ਮਾਂ ਆਖਣ ਲੱਗੀ, ‘‘ਪੁੱਤਰ ਏਹ ਲੋੜ੍ਹੀ!’’ ਸ਼ਾਮੀਂ ਦੁੱਲੇ ਨੂੰ ਭੁੱਖ ਲੱਗੀ, ਓਹਦੀ ਮਾਂ ਚੰਗੇਰ ਵੇਖੀ, ਵਿਚ ਦੋ ਰੋਟੀਆਂ, ਜੀਹਨਾਂ ’ਚੋਂ ਇਕ ਮਾਂ ਆਪ ਰੱਖੀ, ਦੂਜੀ ਪੁੱਤਰ ਨੂੰ ਫੜਾਈ। ਦੁੱਲੇ ਅੱਧੀ ਰੋਟੀ ਭੈਣ ਨੂੰ ਦਿੱਤੀ ਤੇ ਅੱਧੀ ਆਪ ਖਾ ਲਈ। ਮਾਂ ਬੋਲੀ, ‘‘ਪੁੱਤਰ ਏਹ ਲੋੜ੍ਹੀ!’’

ਕਿਸੇ ਨੂੰ ਕੁਝ ਦਾਨ ਕਰਨ ਨੂੰ ਲੋਹੜੀ ਕਹਿੰਦੇ। ਲਹੌਰ ਵਿਚ ਜਿੱਥੇ ਦੁੱਲਾ ਤੇ ਅਖੌਤੀ ਅਛੂਤ ਕੁੜੀ ਭੈਣ ਭਰਾ ਬਣੇ, ਓਸ ਥਾਂ ਦਾਰਾ ਸ਼ਿਕੋਹ ਦੀ ਸੂਬੇਦਾਰੀ ਵਿਚ ਤਕੀਆ ਵਾਲਮੀਕੀਆਂ ਬਣਿਆ, ਜੀਹਦੇ ਵਿਚ ਇਕ ਅਖਾੜਾ ਧੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੂ ਤੇ ਸਿੱਖ ਰਈਸ ਦੇ ਪੁੱਤਰ ਨੂੰ ਕੁਸ਼ਤੀ ਵਿਚ ਹਰਾਉਂਦਾ ਓਹਨੂੰ ਵਾਲਮੀਕੀ, ਦੁੱਲਾ ਕਹਿੰਦੇ। ਪੋਹ ਦੀ ਤੀਹ ਜਿਹੜੇ ਦਿਨ ਦੁੱਲੇ ਆਪਣੀ ਅਛੂਤ ਭੈਣ ਰੋਟੀ ਖਵਾਈ, ਓਹ ਲੋਹੜੀ ਦਾ ਤਿਉਹਾਰ ਬਣਿਆ। ਲੋਹੜੀ ਰਾਤ ਨੂੰ ਮੰਗ ਕੇ ਮਨਾਉਂਦੇ। ਜਿਹੜਾ ਲਹੌਰੋਂ ਨਿਕਲ ਕੇ ਮਾਝੇ ਤੇ ਦੁਆਬੇ ਤਾਈਂ ਪਸਰ ਗਿਆ। ਕਦੀ ਏਹ ਨਿਰਾ ਵਾਲਮੀਕੀ ਦਿਹਾੜਾ, ਮਗਰੋਂ ਇਹਦੇ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਰਲ ਗਏ, ਪਹਿਲੇ ਕੁੜੀਆਂ ਚਿੜੀਆਂ ’ਕੱਲੀਆਂ ਹੁੰਦੀਆਂ ਸਨ, ਮਗਰੋਂ ਉਨ੍ਹਾਂ ਦੇ ਹਾਣੀ ਮੁੰਡੇ ਵੀ ਰਲ ਗਏ। ਪੋਹ ਦੀ ਪੰਦਰਾਂ ਤੋਂ ਲੰਮੀਆਂ ਸੀਤ ਰਾਤਾਂ ਵਿਚ ਲੋੜ੍ਹੀ ਭਖੀ ਰਹਿੰਦੀ। ਨਾਚ, ਗਾਣਾ, ਹਾਸਾ, ਰਾਸ, ਬਹਿਰੂਪ ਤੇ ਠੱਗੀ, ਮੰਗਣ ਲਈ ਸਭ ਚਲਦਾ ਤੇ ਗਾਹਲਾਂ ਦਾ ਗੁੜ ਸਵਾਦੀ ਹੋਵੇ। ਗਾਉਣ ਅਛੂਤਾਂ ਦੇ ਈ ਰਹੇ। 

ਸੁੰਦਰੀ ਤੇ ਮੁੰਦਰੀ ਸੋਹਣੀਆਂ ਮਨਮੋਹਣੀਆਂ ਦੋ ਭੈਣਾਂ ਰੂੜੇ ਡੂਮ ਦੀਆਂ ਧੀਆਂ ਭੱਟੀਆਂ ਦੀ ਜੂਹੇ ਜਿੱਥੇ ਵੀ ਮੇਲਾ ਲੱਗੇ, ਇਹ ਓਥੇ ਆਪਣਾ ਪਿੜ ਭਖਾਵਣ। ਕਿਲਾ ਸ਼ੇਖੁਪੁਰੇ ਦੇ ਕੋਤਵਾਲ ਤਾਈਂ ਉਨ੍ਹਾਂ ਦੀ ਧੁੰਮ ਅੱਪੜੀ। ਰੂੜੇ ਨੂੰ ਦਾਰੋਗੇ ਸਾਈ ਫੜਾਈ ਜਿਹੜਾ ਅੱਗੋਂ ਇਨਕਾਰੀ। ਓਹ ਮੇਲੇ ਵਿਚ ਵੀ ਗਾਉਂਦੇ ਤੇ ਬੂਹਾ ਬੂਹਾ ਵੀ ਫਿਰਦੇ ਪਰ ਕਿਲੇ ਕੋਲੋਂ ਉਨ੍ਹਾਂ ਨੂੰ ਡਰ ਆਵੇ। ਸੁੰਦਰੀ ਤੇ ਮੁੰਦਰੀ ਜੋੜੀਆਂ, ਜੰਮਦਿਆਂ ਦੀ ਮਾਂ ਮਰ ਗਈ, ਚਾਚੀ ਪਾਲਿਆ।  ਕੋਤਵਾਲ ਦਾ ਹੁਕਮ ਨਾ ਚਲਿਆ ਤੇ ਦਰੋਗੇ ਧੱਕੇ ਜ਼ੋਰੀਂ ਸੁੰਦਰੀ ਤੇ ਮੁੰਦਰੀ ਨੂੰ ਚੁਕਵਾ ਲਿਆ, ਜਿਨ੍ਹਾਂ ਨੂੰ ਬਚਾਂਦਿਆਂ ਉਨ੍ਹਾਂ ਦਾ ਚਾਚਾ ਸਮੰਦਾ ਫੱਟੜ ਹੋ ਗਿਆ। ਦੁੱਲੇ ਤਾਈਂ ਡੂੰਮਾਂ ਦੀ ਫ਼ਰਿਆਦ ਗਈ, ਜਿਹੜਾ ਬੇਵਾਰਸਾਂ ਦਾ ਸਾਈਂ ਬਣਿਆ, ਜਿਨ੍ਹਾਂ ਦੀਆਂ ਧੀਆਂ ਸਲਾਮਤ ਪਰਤਾਈਆਂ, ਓਹ ਕਿਓਂ ਨਾ ਦੁੱਲੇ ਦੇ ਵਾਰੀ ਜਾਵਨ, ਜਿਨ੍ਹਾਂ ਗਾਓਣ ਜੋੜੇ:

ਸੁੰਦਰੀਏ-ਮੁੰਦਰੀਏ ਨਾ ਰੋ     ਹੋ….ਹੋ….ਹੋ…

ਸਾਰੇ ਸੀਰੀ ਕੁੜੀਆਂ ਮੁੰਡੇ ਦੋ ਧਿਰਾਂ ਵਿਚ ਵੰਡੇ ਜਾਵਣ, ਇਕ ਧਿਰ ਬੋਲ ਗਾਏ ਤੇ ਦੂਜੀ ਧਿਰ ‘ਹੋ’ ਅਲਾਏ:

ਤੇਰਾ ਕੌਣ ਪਿਆਰਾ… ਹੋ

ਦੁੱਲਾ ਭੱਟੀ ਵਾਲਾ… ਹੋ

ਦੁੱਲੇ ਧੀ ਵਿਆਹੀ… ਹੋ

ਸੇਰ ਸ਼ੱਕਰ ਪਾਈ… ਹੋ

ਕੁੜੀ ਤੇ ਲਾਲ ਫਟਾਕਾ… ਹੋ

ਕੁੜੀ ਦਾ ਸਾਲੂ ਪਾਟਾ… ਹੋ

ਸਾਲੂ ਕੌਣ ਸਵਾਏ… ਹੋ

ਚਾਚਾ ਨਵਾਂ ਰੰਗਾਏ… ਹੋ

ਚਾਚੀ ਚੂਰੀ ਕੁੱਟੀ… ਹੋ

ਜ਼ਿਮੀਂਦਾਰ ਨੇ ਲੁੱਟੀ… ਹੋ

ਤੇ ਆ ਗਿਆ ਸ਼ਪਾਹੀ… ਹੋ

ਇਕ ਭੋਰਾ ਰਹਿ ਗਿਆ

ਓਹ ਸ਼ਪਾਹੀ ਲੈ ਗਿਆ

ਸ਼ਪਾਹੀ ਨੂੰ ਮਾਰੀ ਇੱਟ

ਰੋ ਤੇ ਭਾਵੇਂ ਪਿੱਟ

ਸਾਨੂੰ ਦੇ ਤੂੰ ਲੋੜ੍ਹੀ

ਤੇ ਤੇਰੀ ਜੀਵੇ ਜੋੜੀ।

en_GBEnglish