ਨਰਿੰਦਰ ਭਿੰਡਰ ਨਾਲ਼ ਸੁਰਮੀਤ ਮਾਵੀ ਅਤੇ ਗੁਰਦੀਪ ਧਾਲੀਵਾਲ ਦੀ ਗੱਲਬਾਤ
25 ਦੀ ਸਵੇਰ ਨੂੰ, ਮੈਂ ਦੇਖਿਆ ਕਿ ਗੁਰਦੁਵਾਰੇ ਵਿੱਚ ਹੋਕਾ ਦਿੱਤਾ ਕਿ ਆਜੋ ਜੀਹਨੇ ਧਰਨੇ ’ਤੇ ਜਾਣਾ, ਮੁੰਡੇ ਮੋਟਰ-ਸਾਇਕਲਾਂ ’ਤੇ ਜਾ ਰਹੇ, ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਮੈਂ ਦੇਖਿਆ ਕਿ ਪਤੰਦਰ ਕਹਿ ਹੀ ਨਹੀਂ ਰਹੇ। ਅਸਲ ’ਚ ਮੈਂ 4-5 ਦਿਨਾਂ ਤੋਂ ਪਿੰਡ ਵਿੱਚ ਨਹੀਂ ਸੀ, ਉਨ੍ਹਾਂ ਨੂੰ ਲੱਗਿਆ ਹੋਣਾ ਕਿ ਘਰ ਨਹੀਂ ਹੋਣਾ ਪਰ ਮੈਂ ਰਾਤ ਤਕਰੀਬਨ ਡੇਢ ਕੁ ਵਜੇ ਘਰ ਆ ਗਿਆ ਸੀ। ਸਵੇਰੇ ਲੇਟ ਉੱਠਿਆ ਇਸ ਕਰਕੇ ਮੁੰਡਿਆਂ ਨੂੰ ਲੱਗਿਆ ਕਿ ਉਰੇ ਹੈ ਨਹੀਂ। ਫਿਰ ਮੈਂ ਵੀ ਸੋਚਿਆ ਕਿ ਬਾਅਦ ਵਿੱਚ ਨਾਲ ਰਲ ਜਾਊਂਗਾ, ਥੋੜ੍ਹਾ ਆਰਾਮ ਕਰ ਲਈਏ। ਫਿਰ ਇਉਂ ਲੱਗਿਆ ਕਿ ਨਹੀਂ ਯਰ ਸਾਡੇ ਬੰਦੇ ਜਾ ਰਹੇ ਆ, ਥਕਾਵਟ ਦਾ ਕੀ ਚੱਕਰ ਆ, ਕੁਝ ਨੀਂ ਹੁੰਦਾ ਜਾਨੇਂ ਆ ਟਰਾਲੀ ’ਚ। ਅਤੇ ਮੈਂ ਘਰੇ ਵੀ ਨੀ ਦੱਸਿਆ।
ਕਿਹੜਾ ਪਤਾ ਸੀ ਕਿ ਇੰਨਾ ਕੁਝ ਹੋ ਜਾਣਾ, ਆਹ ਵਾਟਰ ਕੈਨਨਾਂ ਨਾਲੇ ਹੋਰ ਸਾਰਾ ਕੁਝ। ਵਾਟਰ ਕੈਨਨਾਂ ਤਾਂ ਦੂਰ ਸਾਨੂੰ ਤਾਂ ਇਹ ਵੀ ਨੀ ਪਤਾ ਸੀ ਕਿ ਸਾਨੂੰ ਰੋਕਣਗੇ ਵੀ ਹਰਿਆਣੇ ਵਾਲੇ। ਅਸੀਂ ਤਾਂ ਇਸ ਗੱਲ ਲਈ ਤਿਆਰ ਹੀ ਨਹੀਂ ਸੀ ਕਿ ਸਾਡਾ ਆਵਦਾ ਸੂਬਾ, ਹਰਿਆਣਾ, ਸਾਨੂੰ ਰੋਕੂਗਾ। ਰੌਲਾ ਸਾਡਾ ਸੈਂਟਰ ਗੌਰਮਿੰਟ ਨਾਲ, ਦਿੱਲੀ ਨਾਲ, ਹਰਿਆਣਾ ਨੇ ਤਾਂ ਸਾਨੂੰ ਰੋਕਣਾ ਹੀ ਨਹੀਂ। ਖ਼ਬਰਾਂ ਤਾਂ ਪਤਾ ਸੀ ਕਿ ਖੱਟੜ ਹੈਗਾ, ਪਰ ਇਹ ਨੀ ਪਤਾ ਸੀ ਕਿ ਬੈਰੀਕੇਡ ਲਾਊਗਾ, ਇਹ ਗੱਲ ਤਾਂ ਜਮਾਂ ਈ ਦਿਮਾਗ ਵਿੱਚ ਹੈਨੀ ਸੀ। ਸਾਡਾ ਪਿੰਡ ਲਹਿਲਾਂ ਜਗੀਰ, ਮੇਨ ਰੋਡ ਇੱਕ ਕਿਲੋਮੀਟਰ ਆ, ਸਾਨੂੰ ਟਰੈਕਟਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਤੇ ਸਾਨੂੰ ਲੱਗਿਆ ਕਿ ਕਿਆ ਬਾਤ ਐ, ਰੋਡ ’ਤੇ ਝੋਟੇ ਲੰਘੇ ਜਾ ਰਹੇ ਨੇ। ਨਾਭੇ ਤੋਂ ਟਰੈਕਟਰ ਆ ਗਏ ਸੀ। ਸਾਨੂੰ ਇਉਂ ਸ਼ਰਮ ਮਹਿਸੂਸ ਹੋਈ ਕਿ ਸਾਡਾ ਪਿੰਡ ਮੋਰਚੇ ਦੇ ਨੇੜੇ ਆ ਅਤੇ ਅਸੀਂ ਇਨ੍ਹਾਂ ਨਾਲੋਂ ਪਿੱਛੇ ਆਂ, ਅਸੀਂ ਅਜੇ ਬੰਦੇ ਹੀ ਇੱਕੱਠੇ ਕਰਦੇ ਫਿਰਦੇ ਆਂ। ਫਿਰ ਜਿੰਨੇ ਕੁ ਹੋਏ ਮੈਂ ਕਿਹਾ ਚਲੋ ਤੋਰੋ ਬਾਈ, ਅਸੀਂ ਜੈਕਾਰਾ ਲਾ ਕੇ ਤੁਰ ਪਏ। ਪਰ ਜਦੋਂ ਰੋਡ ’ਤੇ ਪਹੁੰਚੇ ਤਾਂ ਕੋਈ ਟਰਾਲੀ ਹੀ ਨਾ, ਸਾਰੇ ਸਾਡੇ ਤੋਂ ਅੱਗੇ ਲੰਘ ਗਏ। 26-27 ਦੀ ਕਾਲ ਸੀ ਪਰ ਅਸੀਂ ਕੁਝ ਨਾਲ ਨੀ ਲਿਆ। ਇੱਕ-ਦੋ ਜਾਣਿਆਂ ਕੋਲ ਬੈਗ ਸੀ ਪਰ ਰਾਸ਼ਨ ਸਾਡੇ ਕੋਲ ਪੂਰਾ ਸੀ।ਸਾਨੂੰ ਇਹ ਸੀ ਕਿ ਅਸੀਂ ਆਪ ਵੀ ਖਾਣਾ ਅਤੇ ਦੂਜਿਆਂ ਨੂੰ ਵੀ ਖਵਾਉਣਾ। ਪਰ ਇਹ ਨਹੀਂ ਪਤਾ ਸੀ ਕਿ ਸਾਡੇ ਵਿੱਚੋਂ ਕੁਝ ਨੁਮਾਇੰਦਿਆਂ ਨੇ ਇੱਥੇ ਹੀ ਹਰਿਆਣਾ ਬਾਰਡਰ ‘ਤੇ ਧਰਨਾ ਲਾਉਣ ਦੀ ਸੋਚੀ ਹੋਈ ਆ।
ਅਸੀਂ ਪਿੰਡੋਂ ਚੱਲ ਪਏ, ਮੈਂ ਟਰੈਕਟਰ ਦੇ ਮੂਹਰੇ ਬੈਠਾ। ਮੈਨੂੰ ਕੋਈ ਕਹਿੰਦੇ ਕਿ “ਪੇਚਾ” ਗਾਣਾ ਲਾ। ਮੈਂ ਸੋਚਿਆ ਕਿ ਇਹ ਕਿਹੋਜਾ ਗਾਣਾ? ਤੁਸੀਂ ਕੋਈ ਵਧੀਆ ਗਾਣਾ ਲਓ, ਆਪਾਂ ਇਹੋ ਜਿਹੇ ਗਾਣੇ ਥੋੜੀ ਲਾਉਣੇ ਆ। ਮੈਂ ਬਲੂਟੂਥ ਜੋੜ ਕੇ ਗਾਣਾ ਚਲਾਇਆ, ਜਦੋਂ ਉਹ ਗਾਣਾ ਸੁਣਿਆ, ਲੱਗਿਆ ਬਈ ਗੱਲਬਾਤ ਹੈ ਪੂਰੀ। ਰਸਤੇ ਵਿੱਚ ਮੈਂ ਦੇਖ਼ਿਆ ਕਿ ਕਿੱਕਰਾਂ, ਸਫੈਦਿਆਂ ’ਤੇ ਲੋਕ ਲਾਈਟਾਂ ਲਾਈ ਜਾਂਦੇ ਸੀ। ਮੈਂ ਟਰੈਕਟਰ ਚਲਾਉਣ ਵਾਲੇ ਨੂੰ ਪੁੱਛਿਆ ਕਿ ਬਈ ਇਹ ਲਾਈਟਾਂ ਕਿਉਂ ਲਈ ਜਾਂਦੇ ਨੇ, ਇਹ ਕੀ ਚੱਕਰ ਆ? ਕਹਿੰਦਾ ਬਾਈ ਆਪਾਂ ਨੂੰ ਰੋਕਣਗੇ ਅੱਗੇ, ਆਪਾਂ ਫਿਰ ਉਰੇ ਈ ਰਹਾਂਗੇ, ਰਾਤ ਹੋਜੂਗੀ, ਚਾਨਣ ਚਾਹੀਦਾ।
ਰਾਹ ਬੰਦ ਕਰਿਆ ਹੋਇਆ। ਹੁਣ ਮੇਰੇ ਤਾਂ ਮਨ ’ਚ ਉਹ ਗੱਲਾਂ ਚਲ ਪਿਆ ਕਿ ਇਹ ਗ਼ਲਤ ਆ ਪਰ ਮੈਂ ਉਨ੍ਹਾਂ ਨੂੰ ਕਹੀਆਂ ਨੀ। ਰਹਿਣਾ ਤਾਂ ਆਪਾਂ ਹੈ ਨੀ ਉਰੇ ਰਾਤ ਨੂੰ, ਆਪਾਂ ਤਾਂ ਅੱਗੇ ਜਾਣਾ। ਸਭ ਤੋਂ ਵੱਡੀ ਗੱਲ ਜੋ ਮੈਨੂੰ ਲਾਈਟਾਂ ਨਾਲੋਂ ਵੀ ਜ਼ਿਆਦਾ ਮਹਿਸੂਸ ਹੋਈ ਕਿ ਟਰੈਕਟਰ ਰੁਕ ਗਿਆ
ਸਾਡਾ, ਅਸੀਂ ਉੱਤਰੇ ਆਂ, 50-60 ਮੁੰਡੇ ਸਾਡੇ ਕੋਲ ਆਏ। ਮੈਨੂੰ ਇਹ ਲੱਗਿਆ ਕਿ ਇਹ ਹਰਿਆਣਾ ਗੌਰਮਿੰਟ ਸਾਡੇ ਮੂੰਹ ’ਤੇ ਚਪੇੜ ਮਾਰ ਰਹੀ ਆ, ਅਸੀਂ ਚਪੇੜ ਖਾ ਕੇ ਬੈਠ ਰਹੇ ਆਂ। ਉਨ੍ਹਾਂ ਦੀ ਕੀ ਹਿੰਮਤ ਕਿ ਸਾਨੂੰ ਰੋਕ ਲੈਣ। ਇੱਕ ਚਮਚਾ ਮੋਦੀ ਮੂਹਰੇ ਆਪਣਾ ਨਾਮ ਚਮਕਾਉਣ ਦਾ ਮਾਰਾ ਸਾਨੂੰ ਰੋਕੇ ਅਤੇ ਅਸੀਂ ਬਹਿ ਜਾਂਦੇ। ਉਹਨੇ ਮੋਦੀ ਨੂੰ ਕਹਿਣਾ ਸੀ ਕਿ ਉਸਤਾਦ ਜੀ ਟੈਨਸ਼ਨ ਨੀ ਲੈਣੀ ਮੈਂ ਇਨ੍ਹਾਂ ਨੂੰ ਰੋਕ ਲਿਆ, ਟੈਨਸ਼ਨ ਨਾ ਲਓ ਮੈਂ ਬੈਠਾਂ। ਮੈਨੂੰ ਨਾ ਇਹ ਮਹਿਸੂਸ ਹੋਈ ਗਿਆ ਕਿ ਇਹ ਹੋਈ ਕੀ ਜਾਂਦਾ, ਆ ਲਾਈਟਾਂ ਲੱਗ ਰਹੀਆਂ ਨੇ, ਅੱਗੇ ਜਾਕੇ ਦੇਖੀਆਂ ਦਰੀਆਂ ਵਿਛ ਰਹੀਆਂ ਨੇ, ਮੁੰਡੇ ਵਾਪਸ ਮੁੜੀ ਜਾ ਰਹੇ ਨੇ। ਮੈ ਕਿਹਾ, “ਬਾਈ ਜੀ ਮੁੜੀ ਜਾਣੇ ਓਂ” ਕਹਿੰਦਾ ਯਾਰ, “ਅੱਗੇ ਬਜ਼ੁਰਗ ਬੈਠੇ ਨੇ, ਅੱਗੇ ਜਾਣ ਨੀ ਦੇ ਰਹੇ।”
ਅੱਗੇ ਕਾਫ਼ੀ ਜਾਣੇ ਸੀ, ਸਰਕਲ ਜਥੇਦਾਰ। ਮੁੰਡੇ ਕਹਿੰਦਾ ਕਿ ਬਾਬੇ ਕਹਿ ਰਹੇ ਨੇ ਐਥੇ ਈ ਰਹਿਣਾ। ਮੈਂ ਕਿਹਾ ਅੱਗੇ ਚੱਲ ਕੇ ਦੇਖਦੇ ਆ। ਅਸੀਂ ਜਦੋਂ ਅਗਾਹਾਂ ਗਏ, ਉਥੇ ਜਾਕੇ ਅਸੀਂ ਦੇਖਦੇ ਆਂ ਕਿ ਕੁਝ ਬਜ਼ੁਰਗ ਬੈਰੀਕੇਟ ’ਤੇ ਖੜ੍ਹੇ ਨੇ, ਮਾਈਕ ਫੜ੍ਹਿਆ ਹੋਇਆ ਉਨ੍ਹਾਂ ਨੇ। ਹਾਲਾਂਕਿ ਮੈਂ ਉਨ੍ਹਾਂ ਬਜ਼ੁਰਗਾਂ ਨੂੰ ਅੱਜ ਤੱਕ ਇੰਨੇ ਗੁੱਸੇ ਵਿੱਚ ਨਹੀਂ ਸੀ ਦੇਖਿਆ। ਮੁੰਡਿਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਹੋ ਰਹੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਦੇਖ ਲਿਆ, ਕਹਿੰਦੇ ਆ ਯਰ ਸਮਝਾ ਮੁੰਡਿਆਂ ਨੂੰ।
ਮੈਂ ਬੈਰੀਅਰ ’ਤੇ ਚੜ੍ਹ ਕੇ ਕਿਹਾ, ਕਿ ਕਿਉਂ ਹਫੜਾ-ਤਫੜੀ ਮਚਾਉਂਨੇ ਓਂ? ਕਹਿੰਦੇ ਬਾਈ ਅੱਗੇ ਜਾਣਾ, ਮੈਂ ਕਿਹਾ ਜਾਵਾਂਗੇ। ਮੈਨੂੰ ਕਹਿੰਦੇ ਕਿ ਬਾਈ ਤੂੰ ਵੀ ਇਨ੍ਹਾਂ ਦੇ ਨਾਲ ਈ ਰਲ ਗਿਆ, ਮੈਂ ਕਿਹਾ ਆਪਾਂ ਸਾਰੇ ਇਕੱਠੇ ਹੀ ਹਾਂ। ਮੈਨੂੰ ਕਹਿੰਦੇ ਕਿ ਬੈਰੀਕੇਟਾਂ ਦਾ ਕੀ ਕਰਾਂਗੇ, ਮੈ ਕਿਹਾ ਬੈਰੀਕੇਟ ਵੀ ਤੋੜਾਂਗੇ, ਇਹ ਕਿਹੜੀ ਗੱਲ ਆ, ਰਾਹ ਵੀ ਖੋਲ੍ਹਾਂਗੇ, ਟੌਹਰ ਨਾਲ ਜਾਵਾਂਗੇ। ਐਨਾ ਸੁਣਦੇ ਈ ਬਜ਼ੁਰਗਾਂ ਨੇ ਮੈਨੂੰ ਬਾਂਹ ਤੋਂ ਫੜ੍ਹ ਕੇ ਥੱਲੇ ਘਸੀੜ ਲਿਆ, ਕਹਿੰਦੇ “ਕੀ ਬੋਲੀ ਜਾਨਾਂ ਤੂੰ।” ਮੈਂ ਕਿਹਾ ਕੀ ਗੱਲ ਹੋ ਗਈ। ਕਹਿੰਦੇ ਤੂੰ ਕਹਿਨਾਂ ਕਿ ਅਸੀਂ ਬੈਰੀਕੇਟ ਤੋੜ ਦੇਣੇ, ਅਸੀਂ ਥੋਨੂੰ ਹੱਥ ਨੀ ਲਾਉਣ ਦੇਣਾ ਬੈਰੀਕੇਟਾਂ ਨੂੰ। ਮੈਂ ਕਿਹਾ ਜੀ ਸਰਕਾਰ ਵੀ ਕਹਿੰਦੀ ਆ ਕਿ ਹੱਥ ਨੀ ਲਾਉਣਾ, ਤੁਸੀਂ ਵੀ ਕਹਿਨੇ ਹੋ ਕਿ ਹੱਥ ਨੀ ਲਾਉਣਾ, ਫਿਰ ਆਪਾਂ ਦਿੱਲੀ ਕਿਵੇਂ ਜਾਵਾਂਗੇ? ਕਹਿੰਦੇ ਕੋਈ ਗੱਲ ਨੀ ਆਪਾਂ ਇੱਥੇ ਬਹਿ ਜਾਵਾਂਗੇ, ਰੋਟੀ ਬਣ ਰਹੀ ਆ ਬੈਠ ਕੇ ਪ੍ਰਸ਼ਾਦੇ ਛਕੋ। ਮੈਂ ਕਿਹਾ ਨਾ ਜੀ, ਏਦਾਂ ਤਾਂ ਨਹੀਂ ਹਲਕ ’ਚੋਂ ਬੁਰਕੀ ਲੰਘਣੀ, ਦਿੱਲੀ ਦੀ ਗੱਲ ਹੋਈ ਆ ਦਿੱਲੀ ਤਾਂ ਪਹੁੰਚਾਂਗੇ।
ਬਾਬੇ ਕਹਿੰਦੇ ਸਾਡੇ ਮੋਰਚੇ ਵਿੱਚ ਆ ਗੱਲ ਨੀ ਹੋਣੀ ਤੂੰ ਮੁੰਡਿਆਂ ਨੂੰ ਪਿੱਛੇ ਲੈ ਜਾ। ਮੈਂ ਕਿਹਾ ਜੀ ਲੈ ਜਾਨੇ ਆਂ, ਮੈਂ ਮੁੰਡਿਆਂ ਨੂੰ ਕਿਹਾ ਕਿ ਮੁੰਡਿਓ ਆ ਜਾਓ। ਔਖਾ-ਸੌਖਾ ਉਨ੍ਹਾਂ ਨੂੰ ਮੈਂ ਪਿੱਛੇ ਲੈ ਗਿਆ ਅਤੇ ਉਹ ਮੈਨੂੰ ਕਹਿੰਦੇ ਕਿ ਬਾਈ ਤੂੰ ਉਨ੍ਹਾਂ ਦੇ ਨਾਲ ਦਾ, ਤੂੰ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਿਹਾਂ। ਮੈਂ ਉੱਪਰ ਚੜ੍ਹ ਕੇ ਦੇਖਿਆ, ਉਹ 100 ਦੇ ਕਰੀਬ ਜਾਣੇ ਸੀ। ਮੈਂ ਕਿਹਾ 100 ਕੁ ਹੋਰ ਕਰ ਲਵੋ ਫੇਰ ਫ਼ਤਹਿ ਬੁਲਾਉਨੇ ਆਂ। ਜਦੋਂ ਸਾਰੇ ਇਕੱਠੇ ਹੋ ਗਏ, ਅਸੀਂ ਅੱਗੇ ਚਲੇ ਗਏ। ਬਾਬਿਆਂ ਨੇ ਮੈਨੂੰ ਬਾਂਹੋਂ ਫੜ੍ਹ ਕੇ ਕਿਹਾ ਕਿ ਬਾਈ ਤੂੰ ਸਾਡੇ ਖ਼ਿਲਾਫ਼ ਹੋ ਕੇ, ਸਾਡੇ ਤੋਂ ਬਾਗੀ ਹੋ ਕੇ ਕੰਮ ਕਰ ਰਿਹਾ। ਸਾਡਾ ਇਨ੍ਹਾਂ ਨਾਲ ਕੋਈ ਸਹਿਯੋਗ ਨਹੀਂ, ਤੇਰੇ ਨਾਲ ਕੋਈ ਸੰਬੰਧ ਨਹੀਂ। ਹੁਣ ਜੋ ਤੂੰ ਕਰੇਗਾਂ, ਕਿਸੇ ਦਾ ਨੁਕਸਾਨ ਹੋ ਗਿਆ, ਤੂੰ ਜ਼ਿਮੇਵਾਰ ਆਂ। ਮੈਂ ਮਾਈਕ ਫੜ੍ਹ ਕੇ ਕਿਹਾ ਕਿ ਇਨ੍ਹਾਂ ਦਾ ਮੇਰੇ ਨਾਲ ਕੋਈ ਲਿੰਕ ਨੀ, ਜੋ ਹੋਊਗਾ ਉਹਦੇ ਲਈ ਮੈਂ ਜ਼ਿਮੇਵਾਰ ਹੋਊਂਗਾ।
ਮੈਂ ਕਿਹਾ ਬਾਬਾ ਜੀ ਪਰੌਂਠੇ ਕਰਲੋ ਇਕੱਠੇ, ਦਰੀਆਂ ਕਰਲੋ ਇਕੱਠੀਆਂ ਆਹ ਦਿੱਲੀ ਵਾਲਾ ਰਸਤਾ ਖੁੱਲ੍ਹਣ ਲੱਗਾ। ਉਹ ਕਹਿੰਦੇ ਸਾਡੀ 40 ਸਾਲ ਉਮਰ ਲੰਘ ਗਈ, ਸਾਡੇ ਤੋਂ ਅੱਜ ਤੱਕ ਨੀ ਟੁੱਟੇ ਇਹ ਤੁਸੀਂ ਕਿੱਥੇ ਤੋੜ ਦੇਵੋਗੇ। ਆ ਮੋਰਚੇ, ਆ ਬੈਰੀਕੇਟ ਕੌਣ ਤੋੜ ਦੂ , ਤੇਰੇ ਅੱਗੇ ਸੀਮਿੰਟ ਦੇ ਪਏ ਨੇ. ਫੇਰ ਲੋਹੇ ਦੇ ਪਏ ਨੇ, ਫਿਰ ਮਿੱਟੀ ਦੀਆਂ ਦੋ ਟਰਾਲੀਆਂ ਨੇ, ਫਿਰ ਮਿੱਟੀ ਦੇ ਟਿੱਪਰ ਨੇ, ਫਿਰ ਪਾਣੀ ਦੀਆਂ ਬੁਛਾਰਾਂ ਨੇ, ਕਹਿੰਦੇ ਸੰਭਵ ਈ ਨੀ। ਤੁਸੀਂ ਹਵਾਈ ਗੱਲਾਂ ਕਰੀ ਜਾਨੇ ਓਂ। ਬਾਈ ਇਹ ਗੱਲ ਮੈਨੂੰ ਚੈਲੇਂਜਿੰਗ ਲੱਗੀ। ਮੁੰਡਿਆਂ ਦੇ ਮਨ ਵਿੱਚ ਤੈਅ ਸੀ ਕਿ ਜਾਣਾ ਤਾਂ ਦਿੱਲੀ ਆ, ਇੱਥੇ ਤਾਂ ਬਹਿਣਾ ਨੀ। ਫਿਰ ਅਸੀਂ ਪਾਇਆ ਸੰਗਲਾਂ ਨੂੰ ਹੱਥ, ਪੁਲਿਸ ਨੇ ਮੂਹਰੋਂ ਪਾਣੀ ਚਲਾ ਦਿੱਤਾ। ਇਹ ਤਾਂ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਗਿੱਲੇ ਵੀ ਹੋਵਾਂਗੇ। ਜਦੋਂ ਰੌਲਾ ਪਿਆ ਕਿ ਥੱਲੇ ਬਹਿ ਜਾਓ ਫਿਰ ਪਾਣੀ ਨੀ ਪੈਣਾ, ਥੱਲੇ ਦੇਖਿਆ ਤਾਂ ਪਾਣੀ ਹੀ ਪਾਣੀ ਹੋ ਗਿਆ, ਟਰਾਲੀਆਂ ’ਤੇ ਪਾਣੀ ਪੈ ਗਿਆ, ਤਰਪਾਲਾਂ ਪਾਟ ਗਈਆਂ। ਸਭ ਦੇ ਕੱਪੜੇ ਭਿੱਜ ਗਏ, ਸਭ ਦੇ ਫੋਨ ਭਿੱਜ ਗਏ। ਪਰ ਗੁੱਸਾ ਉਦੋਂ ਆਇਆ ਜਦੋਂ ਪਾਣੀ ਵੱਜਣ ਨਾਲ ਇੱਕ ਬਾਬਾ ਗਿਰ ਗਿਆ, ਉਹਦੀ ਪੱਗ ਗਿਰ ਗਈ। ਮੈਂ ਸੋਚਿਆ, ‘ਯਰ ਐਂ ਤਾਂ ਸਾਡੀਆਂ ਪੱਗਾਂ ਈ ਗਿਰਦੀਆਂ ਰਹਿਣਗੀਆਂ? ਸਾਡੀਆਂ 47 ’ਚ ਪੱਗਾਂ ਗਿਰੀਆਂ, ਸਾਡੀਆਂ 84 ’ਚ ਪੱਗਾਂ ਗਿਰੀਆਂ, ਆ ਇਹਨਾਂ ਨੇ ਫੇਰ ਗੇਰ ਦਿੱਤੀ। ਫੇਰ ਨੀ ਦਿਖਿਆ ਕੁਝ ਉਸ ਤੋਂ ਬਾਅਦ ਤਾਂ ਮੈਨੂੰ ਇਹ ਵੀ ਨੀ ਪਤਾ ਕਿ ਮੈਂ ਬੈਰੀਕੇਟ ਕਦੋਂ ਟੱਪਿਆ। ਮੇਰੇ ਮੂਹਰੇ ਭਾਵੇਂ ਕੋਈ ਪੁਲਸ ਵਾਲਾ ਵੀ ਹੁੰਦਾ ਮੈਂ ਵਗਾਹ ਕੇ ਪਰ੍ਹੇ ਮਾਰਨਾ ਸੀ, ਇੰਨੀ ਅੱਗ ਲੱਗ ਗਈ ਸੀ ਉਦੋਂ।
ਮੈਂ ਬੈਰੀਕੇਟ ਉੱਪਰ ਚੜ੍ਹ ਕੇ ਪੁਲਸ ਵਾਲਿਆਂ ਨੂੰ ਕਿਹਾ ਕਿ ਪਾਣੀ ਬੰਦ ਕਰ ਦਿਓ, ਉਹ ਥੱਲੋਂ ਮੇਰੇ ਡੰਡੇ ਮਾਰ ਰਹੇ ਨੇ, ਕਹਿੰਦੇ ਪਾਣੀ ਤਾਂ ਨੀਂ ਬੰਦ ਹੋਣਾ। ਦੋ ਕੈਨਨ ਸੀ, ਇੱਕ ਚੱਲ ਰਹੀ ਸੀ ਦੂਜੀ ਬੰਦ, ਜਦੋਂ ਮੈਂ ਛਾਲ ਮਾਰਨ ਲੱਗਾ ਉਨ੍ਹਾਂ ਨੇ ਦੂਜੀ ਵੀ ਚਲਾ ਦਿੱਤੀ। ਉਹ ਮੇਰੇ ਪੱਟ ‘ਤੇ ਵੱਜੀ ਜੀਹਦੇ ਨਾਲ ਮੈਂ ਜਾਲੀ ’ਤੇ ਗਿਰ ਗਿਆ, ਮੇਰਾ ਪੱਟ ਸੁੱਜ ਗਿਆ ‘ਤੇ ਕੱਪੜੇ ਫਟ ਗਏ। ਨੀਲ ਤਾਂ ਹੁਣ ਤੱਕ ਨੇ। ਫਿਰ ਜਦੋਂ ਮੈਂ ਵਾਟਰ ਕੈਨਨ ਦਾ ਮੂੰਹ ਮੋੜਿਆ, ਮੁੰਡਿਆਂ ਵਿੱਚ ਜੋਸ਼ ਆ ਗਿਆ ਤੇ 5 ਮਿੰਟ ਦੇ ਵਿੱਚ-ਵਿੱਚ ਹੀ ਮੋਰਚਾ ਪੱਟਤਾ। ਬੈਰੀਕੇਟ ਤਾਂ ਉਹਨਾਂ ਨੇ ਟਰੈਕਟਰ ਬੈਕ ਕਰਕੇ, ਡਰਾਅ ਬਾਰ ਦੇ ਵਿੱਚ ਸੰਗਲਾਂ ਪਾ ਕੇ ਘੜੀਸ ਕੇ ਪਾਸੇ ਕਰਤੇ, ਪੁਲ ਕੰਬਣ ਲਾਤਾ, ਸਾਨੂੰ ਡਰ ਵੀ ਲੱਗਦਾ ਸੀ ਕਿਉਂਕਿ ਉਹ ਪੁਲ ਦੀ 25 ਸਾਲ ਤੋਂ ਮਿਆਦ ਖ਼ਤਮ ਆ। ਸਰਕਾਰ ਤਾਂ ਵੈਸੇ ਹੀ ਮਾਰਨ ਨੂੰ ਫਿਰਦੀ ਆ, ਓਦਣ ਬਹਾਨੇ ਨਾਲ ਆਪ ਹੀ ਛੇਤੀ ਤੁਰ ਜਾਣਾ ਸੀ। ਬਸ ਫਿਰ ਲਾ ਲਈ ਹਰਿਆਣਾ ਪੁਲਸ ਮੂਹਰੇ-ਮੂਹਰੇ, ਰੇਤੇ ਵਾਲੇ ਟਿੱਪਰ, ਟਰਾਲੀਆਂ ਵੀ ਟਰੈਕਟਰਾਂ ਪਿੱਛੇ ਪਾ ਕੇ ਪਾਸੇ ਕਰਤੇ, ਟਿੱਪਰਾਂ ਨੂੰ ਸਵਰਾਜ਼ ਟਰੈਕਟਰ ਵਾਲੀ ਚਾਬੀ ਲਾ ਕੇ ਸਟਾਰਟ ਕਰ ਲਿਆ।
ਜਦੋਂ ਅਸੀਂ ਪੁਲਸ ਮੂਹਰੇ ਭਜਾਈ ਤਾਂ ਸਾਨੂੰ ਆਏਂ ਲੱਗਿਆ ਜਿਵੇਂ ਅਸੀਂ ਪੁਲਸ ਨੂੰ ਨੀਂ ਖੱਟੜ ਨੂੰ ਭਜਾ ਰਹੇ ਆਂ। ਟਿੱਪਰ ਉੱਤੇ 100 ਮੁੰਡਾ ਬੈਠਾ ਹੋਊਗਾ, ਜੈਕਾਰੇ ਮਾਰਦੇ ਜਾਣ ਦਿੱਲੀ ਨੂੰ। ਅਸੀਂ ਉਹ ਛੇ ਕਿਲੋਮੀਟਰ ’ਤੇ ਜਾਕੇ ਰੋਕੇ ਉਹ। ਫੇਰ ਬੱਸ ਰਾਹ ਖੁੱਲ ਗਏ ‘ਤੇ ਸਾਰਿਆਂ ਨੇ ਦਿੱਲੀ ਨੂੰ ਚਾਲੇ ਪਾਤੇ। ਮੈਂ ਮੁੜ ਆਇਆ ਸੀ ਛੇਤੀ, ਮੇਰੇ ਪੱਟ ਬਹੁਤ ਸੁੱਜ ਗਏ ਸੀ। ਓਸ ਰਾਤ ਭਾਵੇਂ ਸਾਡੇ ਨਾਲ ਆਗੂ ਨਾਰਾਜ਼ ਹੋਏ ਪਰ ਅਗਲੇ ਦਿਨ ਉਹਨਾਂ ਨੇ ਮੈਨੂੰ ਹਸਪਤਾਲ ਵਿੱਚ ਫੋਨ ਕਰ ਕੇ ਮੇਰਾ ਧੰਨਵਾਦ ਵੀ ਕੀਤਾ। ਜਿਹੜਾ ਆਪਾਂ ਅੱਜ ਦਿਲੀ ਬੈਠੇ ਆਂ, ਮੈਂ ਮੰਨਦਾਂ ਇਹਦੇ ਵਿੱਚ ਆਗੂਆਂ ਦੇ ਨਾਲ ਨਾਲ ਜਵਾਨੀ ਦਾ ਵੀ ਬਹੁਤ ਵੱਡਾ ਜੋਗਦਾਨ ਆ, ਬਹੁਤਾ ਤਾਂ ਇਹਦੇ ਵਿੱਚੋਂ ਕੁਦਰਤ ਈ ਕਰਵਾ ਰਹੀ ਆ। ਹੁਣ ਪਹੁੰਚੇ ਆਂ ਤਾਂ ਜਿੱਤ ਕੇ ਈ ਮੁੜਾਂਗੇ।