ਕਿਸਾਨੀ ਦਾ ਹੁਨਰ

ਕਿਸਾਨੀ ਦਾ ਹੁਨਰ

ਸਾਡੇ ਪਿੰਡ ਦੀ ਸੱਥ ਵਿੱਚ ਚਾਰ ਚੋਬਰਾਂ ਵਿੱਚ ਗਰਮਾ-ਗਰਮੀ ਹੋ ਗਈ। ਚਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਚੋਬਰ ਨੇ ਰੱਬ ਦੇ ‘ਖ਼ਿਲਾਫ਼’ ਕੁਝ ਬੋਲ ਦਿੱਤਾ। ਦੋ ਨੂੰ ਚੰਗਾ ਨਹੀਂ ਲੱਗਿਆ। ਸ਼ਾਇਦ ਉਹਨਾਂ ਦੀ ਖੁੰਦਕ ਕਿਸੇ ਹੋਰ ਗੱਲ ਉੱਤੇ ਹੋਵੇ। ਚੌਥਾ ਚੋਬਰ ਨਿਰਪੱਖ ਰਿਹਾ। 

ਹਲਕੀ ਬਹਿਸ ਪਿੱਛੋਂ ਛੋਟੀ ਉਮਰ ਵਾਲਾ ਛੋਹਰ ਸੱਥ ਵਿੱਚੋਂ ਚਲਿਆ ਗਿਆ। ਏਨ੍ਹੇ ਨੂੰ ਗੁੱਸਾ ਹੋਣ ਵਾਲੇ ਦੋਵਾਂ ਮੁੰਡਿਆਂ ਵਿੱਚੋਂ ਇੱਕ ਦਾ ਚਾਚਾ ਸੱਥ ਵਿੱਚ ਆ ਖੜਿਆ। ਚਾਚਾ ਦੋ ਵੇਲੇ ਗੁਰਦੁਆਰੇ ਜਾਣ ਵਾਲਾ ਅੰਮ੍ਰਿਤਧਾਰੀ ਸਿੰਘ ਸੀ। ਭਤੀਜੇ ਨੇ ਚਾਚੇ ਕੋਲ ਗੁੱਸਾ ਕੱਢਿਆ ਅਤੇ ਰੱਬ ਦੇ ‘ਖ਼ਿਲਾਫ਼’ ਬੋਲਣ ਵਾਲੇ ਛੋਹਰ ਦੀ ਸ਼ਿਕਾਇਤ ਲਾਈ। ਚਾਚੇ ਨੇ ਸਪੱਸ਼ਟ ਸ਼ਬਦਾਂ ਵਿੱਚ ਫ਼ੈਸਲਾ ਸੁਣਾ ਦਿੱਤਾ, “ਉਹ ਤੂੰ ਛੱਡ ਬੀ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ …ਐਂ ਦੱਸ ਇਹਦੇ ਤੋਂ ਸੋਹਣੇ ਓੜ੍ਹੇ (ਸਿਆੜ) ਕੌਣ ਕੱਢ ਸਕਦੈ ਤੇ ਇਹਦੇ ਤੋਂ ਵੱਡਾ ਕਾਮਾ ਕੌਣ ਐਂ ਪਿੰਡ ‘ਚ?”

ਉਸ ਦਿਨ ਤੋਂ ਬਾਅਦ ਤਿੰਨੇ ਚੋਬਰਾਂ ਵਿੱਚ ਸਭ ਤੋਂ ਸਿੱਧੇ ਅਤੇ ਸੋਹਣੇ ਸਿਆੜ ਕੱਢਣ ਦਾ ਮੁਕਾਬਲਾ ਸ਼ੁਰੂ ਹੋ ਗਿਆ।

ਮੇਰਾ ਪਿਉ ਵਾਂਢੇ ਜਾਂਦਾ ਬੱਸ ਦੀ ਟਾਕੀ ਵਿੱਚੋਂ ਕਿਸੇ ਪਿੰਡ ਦੇ ਖੇਤ ਦੇਖ ਕੇ ਕਹਿ ਦਿੰਦਾ ਸੀ, “ਕਾਹਦਾ ਪਿੰਡ ਐ …ਸਿਆੜ ਤਾਂ ਸਿੱਧੇ ਨੀ ਕੱਢਣੇ ਆਉਂਦੇ …ਟੇਢੀਆਂ ਵੱਟਾਂ ਪਾਈਆਂ ਹੋਈਆਂ ਨੇ।”

ਸਾਡੇ ਪਿੰਡਾਂ ਆਲੇ ਚੋਬਰਾਂ ਦਾ ਹੁਨਰ ਅਤੇ ਚਾਅ ਕਾਨੂੰਨ ਦਾ ਬੇਰਹਿਮ ਕਾਗਜ਼ੀ-ਟੁਕੜਾ ਕਦੇ ਨਹੀਂ ਸਮਝ ਸਕਦਾ। ਉਹ ਹੁਨਰ ਜੋ ਸਦੀਆਂ ਦੀ ਮਨੁੱਖੀ ਕਿਰਤ ਨੇ ਨਿਖਾਰਿਆ ਹੈ। ਸ਼ਾਇਦ ਕਿਸੇ ਸੁਭਾਗੀ ਘੜੀ ਸਾਡੇ ਪਿੰਡ ਆਲੇ ਛੋਟੀ ਉਮਰ ਦੇ ਛੋਹਰ ਦੇ ਮਨ ਵਿੱਚ ਆਇਆ ਹੋਵੇ, “ਮੈਂ ਤਾਂ ਰੱਬ ਦੀ ਪ੍ਰਵਾਹ ਨੀ ਕਰਦਾ …ਸਰਕਾਰ ਤਾਂ ਸਾਲੀ ਚੀਜ਼ ਕੀ ਐ!”

en_GBEnglish