6 ਮਾਰਚ ਨੂੰ ਕਿਸਾਨ ਮੋਰਚੇ ਦੇ 100 ਦਿਨ ਹੋ ਗਏ। ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸਵਾ ਸੌ ਕਿਲੋਮੀਟਰ ਲੰਮੇ ਕੁੰਡਲੀ-ਮਾਨੇਸਰ-ਪਲਵਲ ਦੇ ਬਹੁਤੇ ਹਿੱਸੇ ਨੂੰ ਜਾਮ ਕਰਕੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ। ਜਨਵਰੀ ਤੋਂ ਬਾਅਦ ਕਿਸਾਨ ਮੋਰਚੇ ਤੋਂ ਅੱਖਾਂ ਮੀਚੀ ਬੈਠੇ ਕੌਮੀ ਮੀਡੀਏ ਨੂੰ ਅਤੇ ਕਾਰ ਪ੍ਰਸਤ ਸ਼ਹਿਰੀਆਂ ਨੂੰ ਵੀ ਪਤਾ ਲੱਗਿਆ ਕਿ ਨੌਜਵਾਨਾਂ ਕਿਸਾਨਾਂ ਦਾ ਇਕੱਠ ਅਤੇ ਰੋਹ ਕਾਇਮ ਦਾਇਮ ਹੈ ਅਤੇ ਭਾਜਪਾ ਸਰਕਾਰ ਕੋਲ ਇਸਦਾ ਹੱਲ ਕੀਤੇ ਬਗੈਰ ਕੋਈ ਚਾਰਾ ਨਹੀਂ ਹੈ।
8 ਮਾਰਚ ਦੇ ਔਰਤ ਦਿਵਸ ਨੂੰ ਪੰਜਾਬ ਹਰਿਆਣੇ ਤੋਂ ਵੱਡੀ ਗਿਣਤੀ ਚ ਪਹੁੰਚੇ ਔਰਤਾਂ ਦੇ ਜੱਥਿਆਂ ਦੀ ਧਮਕ ਤਾਂ ਕੌਮਾਂਤਰੀ ਪੱਧਰ ਤੱਕ ਗਈ। ਕਿਸਾਨ ਮੋਰਚੇ ਹਰੀਆਂ ਪੀਲੀਆਂ ਚੁੰਨੀਆਂ ਦੇ ਸਮੁੰਦਰ ਵਿਚ ਤਬਦੀਲ ਹੋ ਗਏ। ਚੱਲ ਰਹੇ ਸੰਘਰਸ਼ ਵਿਚ ਔਰਤਾਂ ਦਾ ਪ੍ਰਤੱਖ ਹਿੱਸੇਦਾਰੀ ਸਾਡਾ ਸਭ ਤੋਂ ਵੱਡਾ ਹਾਸਿਲ ਹੈ।
ਕਿਸਾਨ ਮੋਰਚੇ ਦੇ ਆਗੂ ਬੰਗਾਲ ਵਿਚ ਜਾ ਕੇ “ਭਾਜਪਾ ਨੂੰ ਵੋਟ ਨਹੀਂ” ਮੁਹਿੰਮ ਦਾ ਹਿੱਸਾ ਬਣ ਰਹੇ ਹਨ ਅਤੇ ਕਾਲੇ ਕਾਨੂੰਨਾ ਬਾਰੇ, ਕਿਸਾਨੀ ਸੰਘਰਸ਼ ਬਾਰੇ ਜਾਣਕਾਰੀ ਦੇ ਰਹੇ ਹਨ। ਮੋਰਚੇ ਦੇ ਹਮਾਇਤੀਆਂ ਨੂੰ ਸਰਕਾਰ ਦੇ ਡਰਾਵੇ ਓਵੇਂ ਹੀ ਜਾਰੀ ਹਨ। ਮੋਰਚੇ ਦੀ ਹਮਾਇਤ ਵਿਚ ਖੁੱਲ ਕੇ ਬੋਲਣ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਤੇ ਸਵਾਲ ਕਰਨ ਵਾਲੇ ਸਿਆਸਤਦਾਨ ਸੁਖਪਾਲ ਸਿੰਘ ਖਹਿਰਾ ਤੇ ਮਾਰੇ ਛਾਪੇ ਸਰਕਾਰ ਦੀ ਘੁਰਕੀਆਂ ਦੀ ਲੜੀ ਦਾ ਹੀ ਇਕ ਹਿੱਸਾ ਹਨ। ਲੋਕ ਰੋਹ ਪਹਿਲਾਂ ਨਾਲੋਂ ਜਿਆਦਾ ਤਿੱਖਾ ਹੋਇਆ ਹੈ ਅਤੇ ਏਸ ਮਹੀਨੇ ਵਿਚ ਉਲੀਕੇ ਪ੍ਰੋਗਰਾਮ ਦਸਦੇ ਹਨ ਕੇ ਭਾਜਪਾ ਸਰਕਾਰ ਜਿਆਦਾ ਸਮਾਂ ਦੜ ਵੱਟ ਕੇ ਨਹੀਂ ਰਹਿ ਸਕੇਗੀ।