ਮਿੱਟੀ ਵਿਚ ਰਲਦਾ ਖੂਨ

ਮਿੱਟੀ ਵਿਚ ਰਲਦਾ ਖੂਨ

ਮੁਹੰਮਦ ਹਨੀਫ਼ 

ਬੀ ਬੀ ਸੀ ਵੀ-ਲੌਗ
ਲਿਖਤੀ ਰੂਪ: ਅਲੀ ਸ਼ੇਰ

ਦਿਨ ਵਿਚ ਤਿੰਨ ਵਾਰੀ ਰੋਟੀ ਖਾਂਦੇ ਹੋ ਲੇਕਿਨ ਰੋਟੀ ਖਾਂਦਿਆਂ ਕਦੀ ਇਹ ਖ਼ਿਆਲ ਆਇਆ ਕਿ ਪਈ ਜਿਸ ਕਣਕ ਦੇ ਆਟੇ ਨਾਲ਼ ਇਹ ਬਣੀ ਹੈ ਉਹ ਕਿੱਥੇ ਉੱਗੀ ਸੀ ਤੇ ਕ੍ਹਿੰਨੇ ਉਗਾਈ ਸੀ? ਚਾਹ ਦੇ ਕੱਪ ਚ ਤਿੰਨ ਚਮਚੇ ਚੀਨੀ ਪਾ ਲੈਂਦੇ ਹੋਵੋ, ਯਾ ਅੱਧਾ ਚਮਚਾ, ਕਦੀ ਇਹ ਖ਼ਿਆਲ ਆਇਆ ਹੈ ਕਿ ਸ਼ੂਗਰ ਮਿੱਲਾਂ ਦੇ ਬਾਹਰ ਗੰਨੇ ਦੀਆਂ ਟਰਾਲੀਆਂ ਭਰ ਕੇ ਕਈ ਦਿਨਾਂ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਆਲੇ ਲੋਕ ਕਿਥੋਂ ਆਏ ਨੇਂ ਤੇ ਇਨ੍ਹਾਂ ਦੀ ਮਜ਼ਦੂਰੀ ਇਨ੍ਹਾਂ ਨੂੰ ਕਦੋਂ ਮਿਲੇਗੀ? ਭਿੰਡੀ ਗੋਸ਼ਤ ਸ਼ੌਕ ਨਾਲ਼ ਖਾਂਦੇ ਹੋਵੋਗੇ, ਕਦੀ ਆਪਣਿਆਂ ਬੱਚਿਆਂ ਕੋਲੋਂ ਪੁੱਛ ਲੈਣਾ ਕਿ ਇਹ ਭਿੰਡੀ ਦਰਖ਼ਤਾਂ ਤੇ ਉੱਗਦੀ ਹੈ ਜਾਂ ਫ਼ੈਕਟਰੀ ਵਿਚ ਬਣਦੀ ਹੈ। ਦੋਵੇਂ ਪਾਸੇ ਦੇ ਪੰਜਾਬ ਦੇ ਬਾਰੇ ਸੁਣਦੇ ਆਏ ਆਂ ਕਿ ਪੂਰੇ ਪਾਕਿਸਤਾਨ ਤੇ ਹਿੰਦੁਸਤਾਨ ਲਈ ਅਨਾਜ ਤੇ ਸਬਜ਼ੀਆਂ ਅਸੀਂ ਉਗਾਂਦੇ ਆਂ। ਲੇਕਿਨ ਕਦੀ ਕੋਈ ਜਿਊਂਦਾ ਜਾਗਦਾ ਕਿਸਾਨ ਖ਼ਬਰਾਂ ਵਿੱਚ ਵੇਖਿਆ ਜੇ? ਖ਼ਬਰਾਂ ਤੇ ਛੱਡੋ ਕਿਸਾਨ ਤੇ ਟੀ-ਵੀ ਤੇ ਫ਼ਿਲਮਾਂ ਵਿਚ ਵੀ ਬਹੁਤ ਈ ਘੱਟ ਈ ਨਜ਼ਰ ਆਉਂਦੇ ਨੇ। ਜੇ ਕਿਸਾਨ ਕਦੀ ਟੀ ਵੀ ਤੇ ਨਜ਼ਰ ਆਉਂਦਾ ਹੈ ਤੇ ਖਾਦ ਦੇ ਇਸ਼ਤਿਹਾਰ ਵਿਚ। ਜਿਹਦੇ ਵਿਚ ਉਹ ਚਿੱਟੇ ਕੱਪੜੇ ਪਾ ਕੇ ਤੇ ਵੱਡੀ ਪੱਗ ਬੰਨ ਕੇ ਭੰਗੜੇ ਪਾਉਂਦਾ ਨਜ਼ਰ ਆਉਂਦਾ ਹੈ। 

 

ਦੋਵੇਂ ਪਾਸਿਆਂ ਦੇ ਕਿਸਾਨ ਅੱਜ ਕੱਲ ਸੜਕਾਂ ਤੇ ਨਿਕਲੇ ਨੇ। ਅਸੀਂ ਸ਼ਹਿਰ ਵਿਚ ਰਹਿਣ ਵਾਲਿਆਂ ਨੂੰ ਤੇ ਸੁੱਕਾ ਰਾਸ਼ਨ ਖਾਣ ਆਲਿਆਂ ਨੂੰ ਤੇ ਪਤਾ ਵੀ ਨਹੀਂ ਸੀ ਲੱਗਣਾ ਅਗਰ ਹਿੰਦੁਸਤਾਨੀ ਪੰਜਾਬ ਵਿਚ ਟਰੇਨਾਂ ਦੀ ਪਟੜੀਆਂ ਅੱਗੇ ਧਰਨੇ ਨਾ ਹੁੰਦੇ ਤੇ ਇਧਰ ਆਪਣੇ ਪੰਜਾਬ(ਪੱਛਮੀ ਪੰਜਾਬ) ਵਿਚ ਪੁਲਿਸ ਤੇਜ਼ਾਬ ਆਲ਼ਾ ਪਾਣੀ ਸੁੱਟ ਕੇ ਵਿਹਾੜੀ ਦੇ ਮਲਕ ਇਸ਼ਫ਼ਾਕ ਲੰਗੜਿਆਲ ਨੂੰ ਮਾਰ ਨਾ ਛੱਡਦੀ। ਪਤਾ ਨਹੀਂ ਮਲਕ ਸਾਹਿਬ ਨੂੰ ਕਿਸੇ ਨੇ ਸ਼ਹੀਦ ਕਿਹਾ ਹੈ ਜਾਂ ਨਹੀਂ ਲੇਕਿਨ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਜਿਹੜਾ ਬੰਦਾ ਆਪਣੇ ਘਰੋਂ ਨਿਕਲੇ ਤਾਂ ਕਿ ਆਪਣੇ ਕਿਸਾਨ ਭੈਣਾਂ ਭਰਾਵਾਂ ਦੀ ਖੱਟੀ ਵੱਟੀ ਲਈ ਨਿਆਂ ਲਿਆ ਸਕੇ ਤੇ ਉਹਨੂੰ ਪੁਲਿਸ ਮਾਰ ਛੱਡੇ ਉਹ ਸ਼ਹੀਦ ਨਹੀਂ ਹੋਇਆ ਤੇ ਫ਼ਿਰ ਕੀ ਹੋਇਆ?

 

ਕਈ ਸਾਲ ਪਹਿਲਾਂ ਹਿੰਦੁਸਤਾਨ ਤੋਂ ਖ਼ਬਰਾਂ ਆਉਂਦੀਆਂ ਸਨ ਕਿ ਕਿਸਾਨ ਕਰਜ਼ਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਕਈ ਤੇ ਉਹੀ ਸਪਰੇਅ ਪੀ ਕੇ ਆਪਣੀ ਜਾਨ ਲੈ ਲੈਂਦੇ ਸਨ ਜਿਹੜੀ ਉਨ੍ਹਾਂ ਆਪਣੀਆਂ ਫ਼ਸਲਾਂ ਲਈ ਕਰਜ਼ੇ ਤੇ ਲਈ ਹੁੰਦੀ ਸੀ। ਮੈਨੂੰ ਉਦੋਂ ਵੀ ਹੈਰਤ ਹੁੰਦੀ ਸੀ ਕਿ ਕਿਸਾਨ ਤੇ ਖ਼ੁਦਕਸ਼ੀ ਕਰ ਈ ਨਹੀਂ ਸਕਦਾ। ਉਹਦੇ ਕੋਲ ਇਨ੍ਹਾਂ ਵਿਹਲ ਕਿਥੋਂ ਆ ਗਿਆ ਕਿ ਪਹਿਲਾਂ ਡਿਪਰੈੱਸ ਹੋਵੇ ਅਤੇ ਫ਼ਿਰ ਆਪਣੀ ਜਾਨ ਲਵੇ। ਲੇਕਿਨ ਸੇਠਾਂ, ਸਾਹੂਕਾਰਾਂ ਤੇ ਸਰਕਾਰ ਨੇ ਮਿਲ ਕੇ ਐਸਾ ਘੇਰਾ ਤੰਗ ਕੀਤਾ ਕਿ ਮਿੱਟੀ ਵਿਚੋਂ ਰਿਜ਼ਕ ਕੱਢਣ ਵਾਲੇ, ਮਿੱਟੀ ਦਾ ਰਿਜ਼ਕ ਬਣ ਗਏ। 

 

ਸਾਰਾ ਬਚਪਨ ਤੇ ਜਵਾਨੀ ਕਿਸਾਨ ਵੇਖੇ ਨੇ। ਦੂਸਰੇ ਕੰਮ ਧੰਦਿਆਂ ਵਿਚ ਕੋਈ ਡਾਢਾ ਤੇਜ਼ ਬਣਦਾ ਹੁੰਦਾ ਹੈ ਤੇ ਕੋਈ ਸੁਸਤ ਲੇਕਿਨ, ਰਿਜ਼ਕ ਦੀ ਕਸਮ ਹੈ, ਮੈਂ ਜ਼ਿੰਦਗੀ ਵਿਚ ਕੋਈ ਸੁਸਤ ਕਿਸਾਨ ਨਹੀਂ ਵੇਖਿਆ। ਜੇ ਫ਼ਜਰ(ਸਵੇਰ ਦੀ ਨਮਾਜ਼) ਤੋਂ ਪਹਿਲਾਂ ਪਾਣੀ ਦੀ ਵਾਰੀ ਹੈ ਤੇ ਨੀਂਦਰ ਦਾ ਕੋਈ ਚੱਕਰ ਨਹੀਂ, ਪਾਣੀ ਲੱਗੇਗਾ। ਜੇ ਸਬਜ਼ੀਆਂ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਮੰਡੀ ਤੱਕ ਪਹੁੰਚਾਉਣੀਆਂ ਨੇ ਤੇ ਸਬਜ਼ੀਆਂ ਓਥੇ ਪਹੁੰਚਣਗੀਆਂ। ਜੇ ਆਲੂਆਂ ਦੀ ਫ਼ਸਲ ਨੂੰ ਚਾਰ ਵਾਰੀ ਗੋਡੀ ਹੋਣੀ ਹੈ ਤੇ ਕੋਈ ਇਹ ਨਹੀਂ ਕਹੇਗਾ ਕਿ ਦੋ ਵਾਰੀ ਰੰਬਾ ਮਾਰ ਕੇ ਗੁਜ਼ਾਰਾ ਕਰ ਲਓ। ਏਸ ਲਈ ਜਦੋਂ ਪੂਰੇ ਪੰਜਾਬ ਵਿਚੋਂ ਕਿਸਾਨ ਇਕੱਠੇ ਹੋ ਕੇ ਜਲੂਸ ਕੱਢਣ ਲਾਹੌਰ ਅਪੜਣ ਲੱਗੇ ਤੇ ਮੈਂ ਸੋਚਿਆ ਇਹਨਾਂ ਕੋਲ ਜਲਸੇ ਜਲੂਸਾਂ ਦਾ ਟਾਇਮ ਕਿਥੋਂ ਆ ਗਿਆ ਹੈ? ਲੇਕਿਨ ਗੱਲ ਸਿੱਧੀ ਜਿਹੀ ਹੈ, ਹੈ ਤੇ ਫ਼ਾਰਸੀ ਦੀ ਲੇਕਿਨ ਪੰਜਾਬੀ ਵਿਚ ਵੀ ਸਮਝ ਆਉਂਦੀ ਹੈ: “ਤੰਗ ਆਮਦ, ਬਜੰਗ ਆਮਦ।” 

 

ਜੇ ਪੂਰੇ ਹਿੰਦੁਸਤਾਨ ਦਾ ਢਿੱਡ ਭਰ ਕੇ ਕਿਸਾਨ ਭੁੱਖਾ ਸੌਏਂਗਾ ਤੇ ਮਾਲ ਰੋਡ ਤੇ ਪਹੁੰਚ ਕੇ ਨਾਅਰੇ ਮਾਰੇਗਾ ਈ। ਮੋਦੀ ਸਰਕਾਰ ਨੂੰ ਕਿਸਾਨ ਆਪ ਨਿੱਬੜ ਲੈਣਗੇ ਲੇਕਿਨ ਇਥੇ ਸਾਡੀ ਸਰਕਾਰ ਵਿੱਚ ਵੱਡੇ ਵੱਡੇ ਜ਼ਿਮੀਂਦਾਰ ਬੈਠੇ ਹਨ। ਮੈਨੂੰ ਯਕੀਨ ਹੈ ਕਿ (ਇਮਰਾਨ) ਖ਼ਾਨ ਸਾਹਿਬ ਨੇ ਜ਼ਿੰਦਗੀ ਵਿਚ ਨਾ ਸਬਜ਼ੀ ਉਗਾਈ ਹੋਣੀ ਹੈ ਨਾ ਖ਼ਰੀਦੀ ਹੋਣੀ ਹੈ। ਲੇਕਿਨ ਉਹ ਆਪਣੇ ਇਨ੍ਹਾਂ ਭਰਾਵਾਂ ਕੋਲੋਂ ਏਨਾ ਈ ਪੁੱਛ ਲੈਣ ਕਿ ਸਬਜ਼ੀ ਦੀ ਟੋਕਰੀ ਜਿਹੜੀ ਓਕਾੜੇ ਵਿਚ ਦੋ ਰੁਪਏ ਦੀ ਵਿਕਦੀ ਹੈ ਉਹ ਇਸਲਾਮਾਬਾਦ ਪਹੁੰਚਦਿਆਂ ਪਹੁੰਚਦਿਆਂ ਸੱਠ ਰੁਪਏ ਕਿਵੇਂ ਹੋ ਜਾਂਦੀ ਹੈ? ਤੇ ਜਿਹਨਾਂ ਨੂੰ ਏਸ ਮੌਸਮ ਵਿਚ ਕਣਕ ਲਾਉਣ ਲਈ ਹਲ ਚਲਾਣੇ ਚਾਹੀਦੇ ਸਨ ਉਹ ਮਾਲ ਰੋਡ ਤੇ ਨਾਅਰੇ ਕਿਉਂ ਲਾ ਰਹੇ ਹਨ, ਤੇ ਮਰਦੇ ਕਿਉਂ ਪਏ ਹਨ? ਬਾਕੀ ਬਚੇ ਸਾਡੇ ਵਰਗੇ ਸ਼ਹਿਰੀ ਬਾਬੂ, ਸੁੱਕਾ ਰਾਸ਼ਨ ਖਾਣ ਵਾਲੇ, ਉਨ੍ਹਾਂ ਨੂੰ ਚਾਹੀਦਾ ਹੈ ਕਿ ਅਗਲੀ ਵਾਰੀ ਆਲੂ ਦੇ ਚਿਪਸ ਖਾਣ ਲੱਗਣ ਤੇ ਇਹ ਯਾਦ ਕਰ ਲੈਣ ਕਿ ਆਲੂ ਉਗਾਉਣ ਵਾਲੇ ਪਹਿਲੇ ਮਿੱਟੀ ਵਿੱਚ ਅਪਣਾ ਪਸੀਨਾ ਪਾਉਂਦੇ ਸਨ, ਹੁਣ ਏਸ ਮਿੱਟੀ ਵਿੱਚ ਉਨ੍ਹਾਂ ਦਾ ਖ਼ੂਨ ਵੀ ਰਲਣ ਲੱਗਾ ਜੇ!

en_GBEnglish

Discover more from Trolley Times

Subscribe now to keep reading and get access to the full archive.

Continue reading