ਕਿਸਾਨ ਸੰਘਰਸ਼ ਵਿੱਚ ਕਲਾ – ਸਾਂਝੀਵਾਲਤਾ ਦੀ ਇਕ ਝਾਤ

ਕਿਸਾਨ ਸੰਘਰਸ਼ ਵਿੱਚ ਕਲਾ – ਸਾਂਝੀਵਾਲਤਾ ਦੀ ਇਕ ਝਾਤ

ਆਤਿਕਾ ਸਿੰਘ

ਕੌਮੀ ਰਾਜਧਾਨੀ ਦਿੱਲੀ ਦੀਆਂ ਤਿੰਨ ਹੱਦਾਂ ਸਿੰਘੂ, ਟੀਕਰੀ ਅਤੇ ਗਾਜ਼ੀਪੁਰ; ਸਰਦ ਰੁੱਤ ਦੀ ਸ਼ੁਰੂਆਤ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਰੋਸ ਮੁਜ਼ਾਹਰੇ ਦਾ ਕੇਂਦਰ ਰਹੀਆਂ ਹਨ। ਸਮੇਂ ਦੇ ਨਾਲ਼ ਇਹ ਥਾਵਾਂ ਅਖਬਾਰਾਂ, ਚਿਤਰਕਲਾ, ਟੈਟੂ, ਪ੍ਰਿੰਟ, ਪੋਸਟਰ, ਪਰਚੇ ਆਦਿ ਦੇ ਰੂਪ ਵਿੱਚ ਹਕੂਮਤ ਵਿਰੋਧੀ ਕਲਾਤਮਕ ਸਿਰਜਣਾ ਦਾ ਕੇਂਦਰ ਬਣ ਗਈਆਂ ਹਨ। ਜ਼ਮੀਨ ਵਾਹੁਣ ਤੋਂ ਲੈ ਕੇ ਫਸਲ ਦੀ ਵਢਾਈ ਤੱਕ ਖੇਤੀਬਾੜੀ ਦਾ ਹਰ ਪਹਿਲੂ, ਉੱਚਤਮ ਕਲਾਤਮਕ ਕਿਰਿਆ ਹੈ, ਜੋ ਹਰ ਵਿਅਕਤੀ ਦੀ ਹਿੱਸੇਦਾਰੀ ਨਾਲ਼ ਬਰਾਬਰਤਾ ਵਾਲਾ ਸੁਹਜ ਸਥਾਪਿਤ ਕਰਦੀ ਹੈ। ਸਭ ਹੱਦਾਂ ਨੂੰ ਤੋੜ ਅੱਗੇ ਵਧ ਰਹੇ ਇਸ ਮੁਜ਼ਾਹਰੇ ਵਿਚ ਸਭ ਤੋਂ ਅਹਿਮ ਕਲਾ, ਰੋਜ਼ਾਨਾ ਸਮਾਜੀ ਅਤੇ ਸਿਆਸੀ ਕੰਮਾਂ ਵਿਚਕਾਰ ਕਿਸਾਨਾਂ ਵੱਲੋਂ ਖੁਦ ਹੱਥੀਂ ਬਣਾਈਆਂ ਗਈਆਂ ਵਸਤਾਂ ਹਨ। ਜਾਤ ਪਾਤ ਵਿਰੋਧੀ ਤੋਂ ਲੈ ਕੇ ਇਨਕਲਾਬੀ ਤੇ ਇਨਕਲਾਬੀ ਤੋਂ ਲੈ ਕੇ ਕਿਸਾਨ ਪੱਖੀ, ਹਰ ਤਰ੍ਹਾਂ ਦੀ ਵਿਚਾਰਧਾਰਕ ਰੰਗਤ ਵਾਲੀਆਂ ਇਹ ਰਚਨਾਵਾਂ ਟਰਾਲੀਆਂ ਅਤੇ ਟੈਂਟਾਂ ਦੇ ਬਾਹਰ ਦਿਸਦੀਆਂ ਹਨ। ਟਰੈਕਟਰਾਂ ‘ਤੇ ਲਿਖੇ ਨਾਹਰਿਆਂ ਤੋਂ ਲੈ ਕੇ ਚਾਰਟ ਪੇਪਰ ਨਾਲ਼ ਬਣੇ ਪੋਸਟਰਾਂ ਤੱਕ ਅਤੇ ਲੰਗਰਾਂ ਦੇ ਰਾਹ ਦਰਸਾਉਂਦੀਆਂ ਤਖਤੀਆਂ – ਇਨ੍ਹਾਂ ਦੀ ਗਿਣਤੀ ਬਹੁਤ ਹੈ। ਹਰ ਵਿੱਥ ਅਤੇ ਖੂੰਝੇ ਵਿੱਚ ਏਕਤਾ ਅਤੇ ਸਾਂਝ ਦਾ ਸੁਨੇਹਾ ਲੱਗਿਆ ਹੈ। ਡਾ. ਅੰਬੇਦਕਰ, ਸ਼ਹੀਦ ਭਗਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਹਸਤੀਆਂ ਦੀਆਂ ਤਸਵੀਰਾਂ ਸਮੇਂ ਅਤੇ ਇਤਿਹਾਸ ਦੀ ਹੱਦਾਂ ਨੂੰ ਪਾਰ ਕਰਦੀਆਂ ਦਿਸਦੀਆਂ ਹਨ।  

ਸਿੰਘੂ ਹੱਦ ਤੇ ਬਣੀਆਂ ਲੈਂਡਸਕੇਪ ਪੇਂਟਿੰਗਾਂ ਮੱਕੀ ਦਿਆਂ ਖੇਤਾਂ ਅਤੇ ਹੱਸਦੀਆਂ ਔਰਤਾਂ ਦੀਆਂ ਤਸਵੀਰਾਂ ਵੱਖਰੀ ਕਲਪਨਾ ਰਾਹੀਂ ਮਿੱਟੀ ਨਾਲ਼ ਮੋਹ ਨੂੰ ਦਰਸਾਉਂਦੀਆਂ ਹਨ। ਟੀਕਰੀ ਵਿਖੇ ਅਨੇਕਾਂ ਪਿੰਡਾਂ ਦੇ ਮੀਲਪੱਥਰ ਲਾਏ ਗਏ ਹਨ, ਕੋਈ ਵੀ ਦਸ ਮਿੰਟ ਦੇ ਅੰਦਰ-ਅੰਦਰ ਲਲਤੋਂ ਕਲਾਂ ਤੋਂ ਮੋਗੇ ਪਹੁੰਚ ਸਕਦਾ ਹੈ। ਲੋਕਾਈ ਕੇਂਦਰਿਤ ਕਲਾ ਦੇ ਪਵਿਤਰ ਥਾਂ ‘ਤੇ ਹਰ ਤਰ੍ਹਾਂ ਦੀਆਂ ਹੱਦਬੰਦੀਆਂ ਨੂੰ ਤੋੜਿਆਂ ਜਾ ਰਿਹਾ ਹੈ। ਕੰਧਾਂ, ਪਿੱਲਰਾਂ, ਬੈਨਰਾਂ, ਗੱਤਿਆਂ ਅਤੇ ਝੰਡਿਆਂ ਤੇ ਬਣਾਏ ਗਏ ਸਕੈੱਚ, ਤਸਵੀਰਾਂ, ਡੂਡਲ ਕਿਸਾਨੀ ਭਾਈਚਾਰੇ ਦੇ ਹੱਕੀ ਰੋਹ, ਸੱਚ ਅਤੇ ਰਚਨਾਤਮਕ ਉਤਸ਼ਾਹ ਨੂੰ ਦਰਸਾਉਂਦੀ ਹੈ। ਇਹਨਾਂ ਕਲਾਤਮਕ ਰਚਨਾਵਾਂ ਵਿਚ ਸ਼ਿੰਗਾਰਨ ਲਈ ਵਰਤੇ ਟੇਪ, ਕਾਗਜ਼ੀ ਕੱਪ ਅਤੇ ਰੱਸੀਆਂ ਇਹ ਦੱਸਦੀਆਂ ਹਨ ਕਿ ਇਹ ਵਾਤਾਵਰਨ ਨੂੰ ਨੁਕਸਾਨਦੇਹ ਪਲਾਸਟਿਕੀ ਸ਼ੈਆਂ ਨਹੀਂ ਹਨ। ਕਲਾ ਦੇ ਇਸ ਰੂਪ ਦੇ ਮੁੱਖ ਤੱਤ ਹਨ: ਇਕੱਠੇ ਕੰਮ ਕਰਨਾ ਅਤੇ ਰੋਜ਼ਮਰਾ ਦੇ ਔਜ਼ਾਰਾਂ ਅਤੇ ਵਸਤਾਂ ਦੀ ਹੁੰਨਰਮੰਦ ਵਰਤੋਂ ਕਰਨਾ। ਕਿਸਾਨਾਂ ਨਾਲ਼ ਸਰਕਾਰ ਅਤੇ ਮੀਡੀਆ ਦੇ ਵਤੀਰੇ ਕਾਰਨ ਰੋਜ਼ਾਨਾ ਉਨ੍ਹਾਂ ਦੇ ਦਿਲਾਂ ਵਿੱਚ ਭਰਨ ਵਾਲਾ ਰੋਹ ਅਤੇ ਅਨਿਸ਼ਚਿਤਤਾ ਇਹਨਾਂ ਕਿਰਤਾਂ ਦੇ ਸਿਆਸੀ ਇਸ਼ਾਰਿਆਂ ਨੂੰ ਪ੍ਰੇਰਦੀ ਹੈ। ਟੀਕਰੀ ਵਿਚ ਲਾਲ ਸਿੰਘ ਦਿਲ ਦੀ ਕਵਿਤਾ ਦੇ ਨਾਲ਼ ਹੀ, ਫਲਸਤੀਨੀ ਸ਼ਾਇਰ ਮਹਿਮੂਦ ਦਾਰਵਿਸ਼ ਦੇ ਲਫਜ਼ਾਂ ਨੂੰ ਚਿਤਰਿਆ ਗਿਆ ਹੈ। ਅਜਿਹੇ ਦੇਸ ਪ੍ਰਦੇਸ ਤੋਂ ਪਾਰ ਦੇ ਕਲਾਤਮਕ ਦਖਲ ਹੱਦਾਂ ਤੇ ਬੈਠਿਆਂ ਇਨ੍ਹਾਂ ਹਜ਼ਾਰਾਂ ਇਨਕਲਾਬੀਆਂ ਦੀ ਲਹਿਰ ਦੀ ਤਰਜ਼ਮਾਨੀ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਦਾ ਦਿਓ-ਕੱਦ ਪੁਤਲਾ ਕਿਸਾਨਾਂ ਵੱਲੋਂ ਨਜਫਗੜ੍ਹ ਦੇ ਰਾਵਣ ਬਣਾਉਣ ਵਾਲੇ ਜੈਪਾਲ ਸਿੰਘ ਨਾਲ਼ ਰਲ ਕੇ ਬਣਾਇਆ ਗਿਆ। ਇਹ ਪੁਤਲਾ ਸਾਂਝੀਵਾਲਤਾ ਦੇ ਮੁਦਈ ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਸੁਮੇਲ ਹੋ ਨਿਬੜਿਆ। ਗਾਜ਼ੀਪੁਰ ਵਿਖੇ, ਪੁਲ ਅਤੇ ਕੰਧਾਂ ਉੱਪਰ ਬਣਾਏ ਗ੍ਰਾਫਿਟੀ ਅਤੇ ਚਿਪਕਾਏ ਸਟਿੱਕਰ ਆਪਣੇ ਉੱਭਰਵੇਂ ਰੰਗਾਂ ਕਾਰਨ ਵੱਖਰੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਸੁਨੇਹਾ ਸੌਖਾ ਹੈ: ਨਾਅਰੇ ਰਚਨਾਵਾਂ ਵਿਚੋਂ ਵੰਗਾਰ ਰਹੇ ਹਨ। ਡਿਜੀਟਲ ਫਲੈਕਸਾਂ ਦਾ ਇਕ ਪਰਾਗਾ ਪ੍ਰਧਾਨ ਮੰਤਰੀ ਅਤੇ ਉਸ ਦੇ ਧਨਾਡ ਭਾਈਵਾਲਾਂ ਨੂੰ ਚਿੜੀਆਘਰ ਦੇ ਜੀਵਾਂ ਵਜੋਂ ਪੇਸ਼ ਕਰਦਾ ਹੈ। ਕਲਾ ਦੇ ਇਹ ਫਰੇਮ ਮੋਰਚੇ ਦੇ ਅੰਤ ਤੱਕ ਖਤਮ ਨਹੀਂ ਹੁੰਦੇ ਅਤੇ ਇਹ ਨਿੱਜੀਕਰਨ, ਪਰਵਾਸ ਅਤੇ ਨੁਮਾਇੰਦਗੀ ਦੇ ਵਿਸ਼ੇ ਸੂਖਮਤਾ ਨਾਲ਼ ਦਿਖਾਉਂਦੇ ਹਨ। 

ਕਲਾਤਮਕ ਆਜ਼ਾਦੀ ਦਾ ਇਹ ਮੁਜ਼ਾਹਰਾ ਅਹਿਮ ਬਣ ਜਾਂਦਾ ਹੈ ਕਿਉੰਕਿ ਕਲਾ ਦੇ ਧਨਾਢ ਖੇਤਰ ਨੇ ਨਿਮਾਣੇ ਨਿਤਾਣੇ ਲੋਕਾਂ ਨੂੰ ਆਪਣੇ ਦਾਇਰੇ ਤੋਂ ਬਾਹਰ ਰੱਖਣ ਦੀ ਹਰ ਹੋ ਸਕਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਸਮੂਹੀ ਇਜ਼ਹਾਰ ਨੂੰ ਜੁਡਿਥ ਬੱਟਲਰ ਨੇ ਨਾਬਰੀ ਦਾ ਨੱਚਦਾ ਟੱਪਦਾ ਇਕੱਠ (ਪਰਫਾੱਰਮੇਟਿਵ ਅਸੈਂਬਲੀ ਆੱਫ ਡਾਈਸੈਂਟ) ਕਿਹਾ ਹੈ, ਕਿਸਾਨ ਆਪਣੇ ਰਵਾਇਤ ਦੇ ਚੇਤੇ ਵਿਚੋਂ ‘ਲੋਕਾਈ’ ਦੀ ਤਸਵੀਰ ਨੂੰ ਚਿਤਰ ਰਹੇ ਹਨ। ਕਿਸਾਨਾਂ ਵੱਲੋਂ ਬਣਾਈ ਕਲਾ ਰਾਹੀਂ ਇਨ੍ਹਾਂ ਹੱਦਾਂ ਤੇ ਵੱਖੋ ਵੱਖ ਬਿਰਾਦਰੀਆਂ ਵਿਚ ਭਾਈਚਾਰਕ ਸਾਂਝ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨ – ਸਿੱਖ ਧਰਮ ਵਿਚਲੇ ‘ਸੰਗਤ’ ਦੇ ਫ਼ਲਸਫ਼ੇ ਦਾ ਅਮਲ ਇਥੇ ਹੋ ਰਿਹਾ ਹੈ। ਜ਼ਮੀਨ, ਹਲਵਾਹਕ ਅਤੇ ਪਰਾਲੀ ਦੇ ਚਿੰਨ੍ਹ ਬੜੀ ਅਸਾਨੀ ਨਾਲ ਕਾਵਿ-ਚਿੱਤਰਾਂ ਦੇ ਰੂਪਾਂ ਵਿੱਚ ਬਦਲ ਜਾਂਦੇ ਹਨ ਅਤੇ ਇਨ੍ਹਾਂ ਦੇ ਅਰਥ ਵੀ ਬਦਲ ਜਾਂਦੇ ਹਨ ਜਿਸ ਨਾਲ ਮੋਹਭਰੀ ਸ਼ਿੱਦਤ ਨਾਲ਼ ਬਣੀ ਕਿਰਤ ਦਾ ਰੂਪ ਧਾਰਨ ਕਰ ਲੈਂਦੇ ਹਨ। ਕਿਸਾਨ ਰੋਜ਼ਾਨਾ ਇਨ੍ਹਾਂ ਕਲਾਕਿਰਤਾਂ ਦੇ ਦੁਆਲੇ ਇਕੱਠੇ ਹੁੰਦੇ ਹਨ, ਇਹਨਾਂ ਨੂੰ ਵਾਚਦੇ, ਆਪਣੇ ਮਤਲਬ ਕਢਦੇ ਹਨ; ਅਤੇ ਕਿਰਤੀਆਂ, ਵਿਦਿਆਰਥੀਆਂ ਅਤੇ ਹੋਰ ਸਹਿਯੋਗੀਆਂ ਵਿਚ ਆਪਣੀ ਥਾਂ ਸਿਆਣਦੇ ਹਨ। ਇਹ ਕਲਾ ਜ਼ਮੀਨਾਂ ਅਤੇ ਰੋਜ਼ੀ-ਰੋਟੀ ਦੇ ਖੁੱਸ ਜਾਣ ਦੇ ਖੌਫ ਦੇ ਸਮੇਂ ਵੀ ਜਮਾਤੀ ਹਿੱਤਾਂ ਦੀ ਗੱਲ ਕਰਦੀ ਹੈ। ਕਿਸਾਨ ਮੋਰਚਿਆਂ ਵਿਚਲੀ ਕਲਾ ਜ਼ਬਰ ਜ਼ੁਲਮ ਦੇ ਵੇਲਿਆਂ ਵਿਚ ਵੀ ਸਿਰਜਣਾ ਕਰਨ ਵਾਸਤੇ ਕਿਸਾਨੀ ਦੀ ਯੋਗਤਾ ਦੀ ਤਾਕਤਵਰ ਯਾਦਗਾਰ ਹੈ।

en_GBEnglish