ਕੋਈ ਅਕਲ ਦਾ ਕਰੋ ਇਲਾਜ ਯਾਰੋ

ਕੋਈ ਅਕਲ ਦਾ ਕਰੋ ਇਲਾਜ ਯਾਰੋ

( ਕਿਸਾਨ ਸੰਘਰਸ਼ ਦੇ ਪ੍ਰਸੰਗ‘ ਚ)


ਜਸਪਾਲ ਸਿੰਘ ਸਿੱਧੂ,
ਸਿੱਖ ਵਿਚਾਰਵਾਨ

 ਕੋਈ ਪੌਣੇ ਦੋ ਸੌ ਸਾਲ ਪਹਿਲਾਂ (1850) ਸਾਂਝੇ ਪੰਜਾਬ ਦੇ ਦਰਦ ਦੀ ਬਾਤ ਪਾਉਂਦਿਆਂ ਕਿੱਸਾਕਾਰ ਸ਼ਾਹ ਮਹੁੰਮਦ ਕਹਿੰਦਾ ਹੈ ਕਿ ਪਹਾੜਾ ਸਿੰਘ ਦੀ ਮੁਖਬਰੀ ਕਰਕੇ ਫੇਰੂ ਸ਼ਹਿਰ ਦੀ ਜੰਗ ਵਿਚ ਪੰਜਾਬ ਵੱਲੋਂ ਲੜਦੀ ‘ਖਾਲਸਾ ਫੌਜ’ ਫਰੰਗੀਆਂ ਦੀ ਫੌਜ ਤੋਂ ਮਾਰ ਖਾ ਬੈਠੀ ਸੀ। ‘ਖਾਲਸਾ ਫੌਜ’ ਵਿਚ ਸਾਰੇ ਪੰਜਾਬ ਵਾਸੀ ਸਿੱਖ ਤੇ ਮੁਸਲਮਾਨ ਇੱਕਠੇ ਹੋਕੇ ਤੇਗਾ ਵਾਹ ਰਹੇ ਸਨ। ਸ਼ਾਹ ਮੁਹੰਮਦ ਉਸ ਸਾਂਝੀ ਬਹਾਦਰੀ ਦੇ ਦ੍ਰਿਸ਼ ਨੂੰ ਇਓਂ ਪੇਸ਼ ਕਰਦਾ ਹੈ :

ਮੇਵਾ ਸਿੰਘ ਮਾਖੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀਆਂ ਦੇ ਤੋੜ ਸੁੱਟੇ।।
ਸ਼ਾਹ ਮਹੁੰਮਦ ਸਿੰਘਾਂ ਨੇ ਗੋਰਿਆ ਦੇ ਵਾਂਗ ਲਹੂ ਨਿਚੋੜ ਸੁੱਟੇ।।

 ਇੱਥੇ “ਸਿੰਘ” ਪੰਜਾਬ ਦੀ ਸਾਂਝੀ ਰਹਿਤਲ ਦੇ ਪ੍ਰਤੀਕ ਹਨ। ਉਸ ਭਾਰੀ ਨੁਕਸਾਨ ਤੋਂ ਬਾਅਦ ਸਮੇਂ ਦੇ ਸੋਚਵਾਨ ਲੀਡਰ ਬੈਠਕੇ ਵਿਚਾਰ-ਵਟਾਂਦਰਾਂ ਕਰਦੇ ਹਨ ਕਿ ਇਕੱਲੇ ਜੋਸ਼ ਤੋਂ ਨਹੀਂ ਹੋਸ਼ (ਅਕਲ) ਤੋਂ ਵੀ ਕੰਮ ਲਈਏ।

ਪਿੱਛੇ ਬੈਠ ਸਰਦਾਰ ਗੁਰਮਤਾ ਕਰਦੇ ਕੋਈ ਅਕਲ ਦਾ ਕਰੋ ਇਲਾਜ ਯਾਰੋ।।
ਮੁੱਠੀ ਮੀਟੀ ਸੀ ਦੇਸ਼ ਪੰਜਾਬ ਦੀ ਜੀ ਏਨ੍ਹਾਂ ਖੋਲ੍ਹ ਦਿੱਤਾ ਸਾਰਾ ਪਾਜ ਯਾਰੋ।।

 ਸ਼ਾਹ ਮੁਹੰਮਦ ਦੀ ਪਾਈ ‘ਬਾਤ’ ਪੀੜ੍ਹੀ-ਦਰ-ਪੀੜ੍ਹੀ ਅੱਗੇ ਅੱਜ ਤੱਕ ਤੁਰਦੀ ਆ ਰਹੀ ਹੈ।  ‘ਅਕਲ’- ਸੋਚ-ਸਮਝ (ਹੋਸ਼) ਨਾਲ਼ ਹੀ ਲੜਾਈਆਂ ਜਿੱਤੀਆਂ ਜਾਂਦੀਆਂ ਹਨ, ਨਹੀਂ ਤਾਂ ਸਾਡੇ ਅੰਦਰਲੇ ‘ਪਹਾੜਾ ਸਿੰਘ’ ਹਮੇਸ਼ਾ ਹੀ ਆਪਣੀ ਸ਼ਰੀਕੇਬਾਜ਼ੀ ਕਰਕੇ, ਹਉਮੇ ਨਾਲ਼ ਗ੍ਰਸੇ ਹੋਣ ਕਰਕੇ ਜਾਂ ਲਾਲਚ-ਵਸ ਹੋਣ ਕਰਕੇ ਆਪਣਿਆਂ ਦਾ ਹੀ ਨੁਕਸਾਨ ਕਰਨ ਤੋਂ ਕਦੇ ਬਾਜ਼ ਨਹੀਂ ਆਉਂਦੇ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ

ਅੱਜ ਦਾ ਨਾਮਵਰ ਇਤਿਹਾਸਕਾਰ ਯੁਵਾਲ ਨੋਆ ਹਰਾਰੀ (Yuval Noah Harari) ਕਹਿੰਦਾ ਹੈ ਕਿ ਆਮ ਬਹੁ-ਗਿਣਤੀ ਮਨੁੱਖ ਹਮੇਸ਼ਾਂ ਪੁਰਾਣੀਆਂ ਬਾਤਾਂ, ਕਹਾਣੀਆਂ ਅਤੇ ਮਿੱਥਾਂ ਨੂੰ ਨਾਲ਼ ਲੈਕੇ ਹੀ ਜਿਉਂਦਾ ਅਤੇ ਉਹਨਾਂ ਮੁਤਾਬਕ ਹੀ ਉਹ ਹਰ ਭਾਵਨਾਤਮਕ ਪਲ ਵਿਚ ਅਮਲ ਕਰਦਾ ਹੈ। ਇਸੇ ਕਰਕੇ, 26 ਜਨਵਰੀ, ਗਣਤੰਤਰ ਵਿਦਸ ਦੇ ਮੌਕੇ ਉੱਤੇ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਵਡੇਰੀ ਉਮਰ ਦੇ ਸਿੱਖ ਵੀ ਵਹੀਰਾਂ ਘੱਤ ਕੇ, ਵੀਹਰ ਕੇ  ਲਾਲ ਕਿਲ੍ਹੇ ਉੱਤੇ ਝੰਡਾਂ ਝਲਾਉਣ ਚਲੇ ਗਏ। ਉਹਨਾਂ ਦੇ ਅਚੇਤ/ਸੁਚੇਤ ਮਨ ਵਿਚ (ਅਸਲੀਅਤ ਵੀ ਹੈ) ਲਾਲ ਕਿਲ੍ਹਾ ‘ਦੁਸ਼ਮਣ’ ਦੀ ਰਾਜ ਸੱਤਾ ਦਾ ਕੇਂਦਰ ਬਿੰਦੂ ਹੈ ਅਤੇ ‘ਸਟੇਟ-ਪਾਵਰ’ ਦਾ ਪ੍ਰਤੀਕ ਵੀ ਹੈ। 


Protesters at Red Fort.  Sajjad Hussain/ AFP

Protesters at Red Fort. Sajjad Hussain/ AFP

 ਸਿੱਖਾਂ ਦਾ ਇਹ ਧਾਰਮਿਕ ਪਵਿੱਤਰ ਨਿਸ਼ਾਨ ਸਾਹਿਬ ‘ਰੂਹਾਨੀਅਤ ਅਤੇ ਪ੍ਰਭੂਸੱਤਾ’ ਦਾ ਚਿੰਨ ਹੈ। ਝੂਲਦੇ ਨਿਸ਼ਾਨ ਸਾਹਿਬ ਤੋਂ ਬਗੈਰ, ਕੋਈ ਵੀ ਧਾਰਮਿਕ ਅਸਥਾਨ ਸਿੱਖਾਂ ਲਈ ਗੁਰਦੁਆਰਾ ਨਹੀਂ ਹੋ ਸਕਦਾ। ਉਹ ਅਸਥਾਨ ਡੇਰਾ ਹੋ ਸਕਦਾ ਹੈ। ‘ਖਾਲਿਸਤਾਨ’ ਦੁਨਿਆਵੀਂ ਪੱਧਰ ਤੇ ਨੇਸ਼ਨ-ਸਟੇਟ ਵਾਲੀ ਰਾਜ ਸੱਤਾ ਦੇ ਸੰਕਲਪ ਨੂੰ ਮੂਰਤੀਮਾਨ ਕਰਨ ਵਾਲਾ ਅਜੇ ਤੱਕ ਕੋਈ ਝੰਡਾ ਸਾਹਮਣੇ ਨਹੀਂ ਆਇਆ। ਵੱਡੇ ਪੱਧਰ ਉੱਤੇ ਕੇਸਰੀ ਨਿਸ਼ਾਨ ਸਾਹਿਬ ਹੀ ਸਮੁੱਚੇ ਸਿੱਖ ਫਲਸਫੇ, ਰੂਹਾਨੀਅਤ, ਸਿੱਖ ਅਜ਼ਾਦ ਹਸਤੀ ਅਤੇ ਸਿੱਖ ਦੀ ਸਿੱਧੀ ਅਕਾਲ ਪੁਰਖ ਪ੍ਰਤੀ ਵਿਸ਼ਵਾਸ/ਨਿਸ਼ਟਾ ਨੂੰ ਮੂਰਤੀਮਾਨ ਕਰਦਾ ਹੈ। ਜਿਸ ਦੇ ਸਾਹਮਣੇ ਕਿਸੇ ਖਿੱਤੇ ਉੱਤੇ ਰਾਜਸੱਤਾ/ਰਾਜਸੀ ਕਮਾਨ ਨੂੰ ਪੇਸ਼ ਕਰਨ ਵਾਲੇ ਸਾਰੇ ਦੁਨਿਆਵੀਂ ਕੌਮੀ ਝੰਡੇ ਬੌਣੇ/ਨਿਗੂਣੇ ਬਣ ਜਾਂਦੇ ਹਨ। 

 ਇਸ ਕਰਕੇ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਪਹਿਰਾ ਦੇਣਾ ਪੈਂਦਾ ਹੈ। ਨਿਸ਼ਾਨ ਸਾਹਿਬ ਚੜ੍ਹਾਉਣ ਦਾ ਮਕਸਦ ਹੁੰਦਾ ਹੈ। ਲਾਲ ਕਿਲ੍ਹੇ ਉੱਤੇ ਜਿਹੜਾ 26 ਜਨਵਰੀ (2021) ਨੂੰ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ। ਉਸ ਨੂੰ ਪੁਲਿਸ ਨੇ ਲਾਹਿਆ ਅਤੇ ਬੇਹੁਰਮਤੀ ਵੀ ਕੀਤੀ। ਭਾਜਪਾਈ ਹਾਕਮਾਂ ਨੇ ਫਿਰ ਦਿੱਲੀ ਵਿਚ ਕਈ ਥਾਂਵੀਂ ਨਿਸ਼ਾਨ ਸਾਹਿਬ ਨੂੰ ਆਪਣੇ ਗੁੰਡਿਆਂ ਤੋਂ ਅੱਗਾਂ ਲਵਾਈਆਂ ਅਤੇ ਪੈਰਾਂ ਥੱਲੇ ਕੁਚਲਣ ਦੀਆਂ ਵਾਰਦਾਤਾਂ ਵੀ ਕਰਵਾਈਆਂ ਜਿਨ੍ਹਾਂ ਦੀ ਵੀਡੀਓ ਸ਼ੋਸ਼ਲ ਮੀਡੀਏ ਉੱਤੇ ਜਾਣ-ਬੁਝ ਕੇ ਚੜ੍ਹਾਈਆਂ ਗਈਆਂ ਸਨ।

 ਦਰਅਸਲ, ਜਦੋਂ ਸਿੱਖਾਂ ਨੇ ਦਰਜਣ ਤੋਂ ਵੱਧ ਵਾਰੀ ਮੁਗ਼ਲ ਸਲਤਨਤ ਦੇ ਕੇਂਦਰ ਬਿੰਦੂ ਲਾਲ ਕਿਲ੍ਹੇ ਉੱਤੇ 1780 ਵਿਚ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਸੀ, ਤਾਂ ਉਹਨਾਂ ਨੇ “ਜਾਲਮ ਸਟੇਟ” ਦੇ ਹੰਕਾਰ/ਹੱਠ ਨੂੰ ਦਰੜ੍ਹਕੇ ਬਾਬੇ ਨਾਨਕ ਦੀ ਸਿੱਖੀ ਅਤੇ ‘ਸਰਬੱਤ ਦੇ ਭਲੇ’ ਦੇ ਝੰਡੇ ਝੁਲਾਏ ਸਨ। “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦਾ ਸੁਨੇਹਾ ਲੈ ਕੇ ਸਿੱਖ ਦਿੱਲੀ ਪਹੁੰਚੇ ਸਨ। ਦੁਨੀਆਂ ਦੀ ਹਰ ਸਟੇਟ (ਰਾਜ) ਲੋਕਾਈ ਨੂੰ ਡਰਾ ਕੇ ਜਾਂ ਉਸਦੇ ‘ਡਰ/ਸਹਿਮ’ ਉੱਤੇ ਹੀ ਉਸਰਦੀ ਹੈ। ਡਰ/ਖੌਫ਼ ਰਹਿਤ ਅਤੇ ਰੂਹਾਨੀ ਬੁਲੰਦੀ ਵਾਲੇ ਮਨੁੱਖਾਂ ਉੱਤੇ ਕੋਈ ਸਟੇਟ (ਸਰਕਾਰ) ਰਾਜ ਨਹੀਂ ਕਰ ਸਕਦੀ। ਕਿਉਂਕਿ ਅਜਿਹੇ ਲੋਕ ਸਟੇਟ ਜ਼ਬਰ ਦਾ ਮੁਕਾਬਲਾ ਕਰਦਿਆਂ ਕੁਰਬਾਨੀ  ਦੇਣ ਨੂੰ ਤਿਆਰ ਹੋ ਜਾਂਦੇ ਹਨ।

 ਬਾਅਦ ਵਿਚ, ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੱਡੀ ਸਟੇਟ (ਖਾਲਸਾ ਰਾਜ) ਖੜ੍ਹੀ ਕਰ ਲਈ ਸੀ, ਪਰ ਸਿੱਖੀ ਸਿਧਾਂਤ ਦੀ ਪੁੱਠ ਕਰਕੇ, ਉਹ ਆਪਣੇ ਹੀ ਸਮੇਂ ਦੇ ਵੱਡੀਆਂ ਸਲਤਨਤਾਂ ਅਤੇ ਛੋਟੀਆਂ ਬਾਦਸ਼ਾਹੀਆਂ ਤੋਂ ਬਿਲਕੁਲ ਵੱਖਰੀ ਸੀ। ਰਣਜੀਤ ਸਿੰਘ ‘ਤਖ਼ਤ’ ਉੱਤੇ ਨਹੀਂ ਬੈਠਾ, ਹਰਾ ਕੇ ਕਿਸੇ ਛੋਟੇ ਰਾਜੇ/ਨਵਾਬ ਨੂੰ ਕਤਲ ਨਹੀਂ ਕੀਤਾ, ਸਾਰੇ ਧਰਮਾਂ ਦੇ ਲੋਕਾਂ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਬਰਾਬਰ ਦਾ ਸਨਮਾਨ/ਸਤਿਕਾਰ ਦਿੱਤਾ। ਉਸਨੇ ਆਪਣੇ 40 ਸਾਲਾਂ ਦੇ ਰਾਜ ਵਿਚ ਕਿਸੇ ਵੀ ਚੋਰ/ਕਾਤਲ ਨੂੰ ਫਾਂਸੀ ਨਹੀਂ ਦਿੱਤੀ ਸੀ। ਪਰ ਸਿੱਖ ਸਪਿਰਿਟ ਪਿਤਾ-ਪੁਰਖੀ ਰਾਜੇ ਨੂੰ ‘ਰੱਬ ਦਾ ਦਰਜ਼ਾ’ ਨਹੀਂ ਦਿੰਦੀ। ਇਹ ਵੀ ਇੱਕ ਕਾਰਨ ਸੀ ਕਿ ਰਣਜੀਤ ਸਿੰਘ ਦਾ ਰਾਜ ਉਸ ਦੀ ਮੌਤ ਤੋਂ ਤੁਰੰਤ ਬਾਅਦ ਢਹਿ-ਢੇਰੀ ਹੋ ਗਿਆ।

 ਭਾਵੇਂ ਆਪਣੇ ਸਮੇਂ ਦੇ ਦੁਨੀਆ ਪੱਧਰ ਦੇ ਅੰਗਰੇਜ਼ੀ ਸਾਮਰਾਜ ਨੇ ਪੰਜਾਬ ਉੱਤੇ ਕਬਜ਼ਾ ਕਰਕੇ, ਸਿੱਖੀ ਸਪਿਰਿਟ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਉਹ 1910-15 ਵਿਚ ਫਿਰ ‘ਗ਼ਦਰ ਪਾਰਟੀ’ ਦੇ ਰੂਪ ਵਿਚ ਉਭਰ ਆਈ। ਗ਼ਦਰੀ ਬਾਬੇ ਫਾਂਸੀ ਚੜ੍ਹੇ, ਕਾਲੇਪਾਣੀ ਦੀਆਂ ਜੇਲ੍ਹਾਂ ਵਿਚ ਸੁੱਟੇ ਗਏ, ਪਰ ਉਹ ਪਹਿਲੇ ਬਾਗ਼ੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਦਾ ਹੋਕਾ ਦਿੱਤਾ। ਸਿੱਖਾਂ ਦੀਆਂ ਕੁਰਬਾਨੀਆਂ ਦੀ ਲੰਬੀ ਗਾਥਾ ਹੈ। 

ਹਿੰਦੂਤਵੀ ਤਾਨਾਸ਼ਾਹੀ ਰਾਜ ਅਤੇ ਨਵ-ਉਦਾਰਵਾਦੀ ਪੂੰਜੀ ਵਿਵਸਥਾ

 ਪਰ ਹੁਣ ਫਿਰ ਇੱਕ ਸਦੀ ਬਾਅਦ ਸਿੱਖਾਂ ਨੇ, ਸਿੱਖੀ, ਕਿਸਾਨੀ ਨੇ ਅੱਗੇ ਲੱਗ ਕੇ ਸਾਰੇ ਹਿੰਦੋਸਤਾਨ ਦੀ ਕਿਸਾਨੀ  ਨੂੰ ਅਗਵਾਈ ਦਿੱਤੀ ਹੈ। ਉਹ 26 ਨਵੰਬਰ (2020) ਤੋਂ  ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਘੇਰੀ ਬੈਠੇ ਹਨ। ਪੋਹ-ਮਾਘ ਦੀਆਂ ਠੰਡੀਆਂ ਰਾਤਾਂ ਦੀ ਮਾਰ ਨੂੰ ਸੜਕਾਂ ਉੱਤੇ, ਖੁੱਲ੍ਹੇ ਅਸਮਾਨ ਥੱਲੇ ਝੱਲਦੇ ਕਿਸਾਨਾਂ ਦਾ ਸੰਘਰਸ਼ ਸਿਰਫ ਨਰਿੰਦਰ ਮੋਦੀ ਦੇ ਹਿੰਦੂਤਵੀ ਤਾਨਾਸ਼ਾਹੀ ਰਾਜ ਦੇ ਵਿਰੁੱਧ ਹੀ ਨਹੀਂ ਬਲਕਿ ਦੁਨਿਆਵੀਂ ਪੱਧਰ ਉੱਤੇ ਕਾਬਜ਼ ਨਵ-ਉਦਾਰਵਾਦੀ ਪੂੰਜੀ ਵਿਵਸਥਾ ਵਿਰੁੱਧ ਸਿੱਧੀ ਟੱਕਰ ਦੇ ਰਿਹਾ ਹੈ।

 ਅੱਜ ਦੇ ਨਵ-ਉਦਾਰਵਾਦੀ ਨਿਜ਼ਾਮ (Neo-liberalism) ਅੰਦਰ ਸਾਰੀ ਦੁਨੀਆਂ ਵਿਚ ਖੇਤੀ ਨੂੰ ਕੁਦਰਤ ਨਾਲ਼ੋਂ ਤੋੜ੍ਹਕੇ, ਇੰਡਸਟਰੀ/ਕਾਰਖਾਨੇ ਪੱਧਰ ਦਾ ਤਕਨਾਲੋਜੀ ਰਾਹੀਂ ਕੰਟਰੋਲ ਕੀਤਾ, ਗੈਰ-ਕੁਦਰਤੀ ਵਰਤਾਰਾ ਬਣਾ ਦਿੱਤਾ ਹੈ। ‘ਟੈਸਟ-ਟਿਊਬ’ ਬੱਚਾ ਪੈਦਾ ਕਰਨ ਦੀ ਤਰਜ਼ ਉੱਤੇ ਫਸਲਾਂ/ਸ਼ਬਜੀਆਂ/ਫਲਾਂ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਾਰੀ ਪ੍ਰਕਿਰਿਆ ਪਿੱਛੇ ਦੁਨੀਆਂ ਦੀ ਵੱਡੀ ਪੂੰਜੀ ਅਤੇ ਵੱਡੀਆਂ ਵੱਡੀਆਂ ਅੰਤਰ-ਰਾਸ਼ਟਰੀ ਕਾਰਪੋਰੇਟ ਕੰਪਨੀਆਂ ਹਨ। ਅਮਰੀਕਾ ਤੋਂ ਲੈਕੇ ਤੀਸਰੀ ਦੁਨੀਆਂ ਦੇ ਪਛੜ੍ਹੇ ਮੁਲਕਾਂ ਦੀ ਸਿਆਸਤ/ਰਾਜ ਭਾਗ ਨੂੰ ਇਹ ਵੱਡੀ ਪੂੰਜੀ (Capital) ਅਤੇ ਕਾਰਪੋਰੇਟ ਘਰਾਣੇ ਹੀ ਕੰਟਰੋਲ ਕਰਦੇ ਹਨ। ਮੁਲਕਾਂ ਦੇ ਹਾਕਮ ਵੱਡੇ ਵੱਡੇ ਦਮਗਜੇ ਮਾਰਦੇ ਹਨ ਪਰ ਅੰਦਰੂਨੀ ਸੱਚ ਇਹ ਹੈ ਕਿ ਇਨ੍ਹਾਂ ਦੀ ਬਿਲਕੁਲ ਮਰਜ਼ੀ ਨਹੀਂ ਚਲਦੀ।

 ਇਸੇ ਕਰਕੇ, ਮੋਦੀ ਨੇ ਆਲਮੀ ਵਪਾਰਕ ਸੰਸਥਾ(WTO) ਜਿਸਨੂੰ ਵੱਡੀ ਪੂੰਜੀ ਹੀ ਕੰਟਰੋਲ ਕਰਦੀ ਹੈ, ਦੇ ਦਾਬੇ ਥੱਲੇ ਤਿੰਨੇ ਖੇਤੀ ਕਾਨੂੰਨ ਪਾਰਲੀਮੈਂਟ ਵਿਚ ਪਾਸ ਕਰ ਦਿੱਤੇ ਹਨ। ਮਨਮੋਹਨ ਸਿੰਘ ਦੀ ਕਾਂਗਰਸੀ ਸਰਕਾਰ ਇਹ ਵੱਡਾ ਕਦਮ ਚੁਕਣ ਤੋਂ ਡਰਦੀ ਰਹੀ, ਪਰ ਮੋਦੀ ਸਰਕਾਰ ਨੇ ਆਪਣੀ ਤਾਨਾਸ਼ਾਹੀ ਦਾ ਜ਼ੋਰ ਦਖਾਉਂਦਿਆਂ ਇਹ ਕਾਨੂੰਨ ਬਣਾ ਦਿੱਤੇ। ਪਰ ਕਾਨੂੰਨ ਬਣਾਏ ਚੋਰੀ-ਚੋਰੀ, ਕਰੋਨਾ ਮਹਾਂਮਾਰੀ ਦੀ ਆੜ ਵਿਚ।

 ਇਹ ਕਾਨੂੰਨ ਫਸਲਾਂ ਉਗਾਉਣ ਲਈ ਵਰਤੀਆਂ ਜਾਂਦੀਆਂ ਖਾਦਾਂ ਦਵਾਈਆਂ ਅਤੇ ਖੇਤੀ ਸੰਦਾਂ ਦੀ ਮਾਰਕੀਟ ਉੱਤੇ ਅਤੇ ਫਸਲਾਂ ਦੀ ਪੈਦਾਵਾਰ ਨੂੰ ਵੇਚਣ-ਖਰੀਦਣ ਵਾਲੀਆਂ ਮੰਡੀਆਂ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਵਾ ਦੇਣਗੇ। ਹੌਲੀ ਹੌਲੀ ਕਿਸਾਨ ਆਪਣੇ ਖੇਤ ਵਿਚ ਅਦਿਖ ਪੂੰਜੀਪਤੀ ਦਾ ਕਰਿੰਦਾ/ਵਰਕਰ ਬਣ ਜਾਵੇਗਾ। ਇਹ ਵਿਆਖਿਆ, ਐਵੇਂ, ਬੀਮਾਰ ਕਲਪਨਾ ਨਹੀਂ ਬਲਕਿ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ ਵਾਪਰੀ ਕਰੂਰ ਸਚਾਈ ਹੈ। ਜਿਸ ਕਰਕੇ, ਅਮਰੀਕਾ ਵਿਚ ਇੱਕ-ਦੋ ਪ੍ਰਤੀਸ਼ਤ ਕਿਸਾਨ ਬਚੇ ਹਨ। ਬਾਕੀ ਸਾਰੇ ਅਮੀਰ ਮੁਲਕਾਂ ਵਿਚ ਵੀ ਇਹੋ ਵਰਤਾਰਾ ਵਾਪਰਿਆ।

 ਸਾਡੇ ਦੇਸ਼ ਵਿਚ ਤਾਂ ਹੋਰ ਵੀ ਵੱਡੀ ਸਮੱਸਿਆ ਹੈ। ਤਕਰੀਬਨ 60 ਪ੍ਰਤੀਸ਼ਤ ਅਬਾਦੀ ਖੇਤੀ ਉੱਤੇ ਨਿਰਭਰ ਹੈ ਅਤੇ ਪਿੰਡਾਂ ਵਿਚ ਰਹਿੰਦੀ ਹੈ। ਦੇਸ਼ ਵਿਚ ਰੁਜ਼ਗਾਰ ਪਹਿਲਾਂ ਹੀ ਖਤਮ ਹੋ ਚੁੱਕੇ ਹਨ ਅਤੇ ਤਕਨਾਲੋਜੀ ਦਾ ਵਿਕਾਸ ਰਹਿੰਦੇ-ਖੂੰਹਦੇ ਰੁਜ਼ਗਾਰਾਂ ਨੂੰ ਵੀ ਖਾ ਜਾਵੇਗਾ। ਬੇਰੁਜ਼ਗਾਰੀ ਬੰਦੇ ਨੂੰ ਮੰਗਤਾ ਬਣਾ ਦਿੰਦੀ ਹੈ, ਉਸਦਾ ਸਵੈਮਾਣ ਖੋਹ ਲੈਂਦੀ ਹੈ ਅਤੇ ਉਹ ਗਲੀਆਂ ਦਾ ਕੱਖ-ਕੰਡਾ ਬਣ ਜਾਂਦਾ। ਕਿਰਤ ਹੀ ਮਨੁੱਖ ਨੂੰ ਇਨਸਾਨ ਬਣਾਕੇ ਰੱਖਦੀ ਹੈ। ਇਸੇ ਕਰਕੇ, ਗੁਰਬਾਣੀ ਕਿਰਤ ਕਰਨ ਉੱਤੇ ਵੱਡਾ ਜ਼ੋਰ ਦਿੰਦੀ ਹੈ। ਖੇਤੀ ਖੇਤਰ/ਖੇਤੀ ਨਾਲ਼ ਸਬੰਧੀ ਕਿੱਤਿਆ ਤੋਂ ਉਜੜ੍ਹੇ ਲੋਕ ਕਿੱਥੇ ਜਾਣਗੇ ਕਿਹੜੀਆਂ ਗਲੀਆਂ ਦਾ ਕੂੜਾ ਬਣਨਗੇ। ਇਹ ਦਿਲ-ਕੰਬਾਊ ਦ੍ਰਿਸ਼ ਹੈ। ਜਿਹੜੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵਿਰਾਸਤ ਵਿਚ ਛੱਡਕੇ ਜਾ ਰਹੇ ਹਾਂ।

 ਇਸੇ ਕਰਕੇ, ਦਿੱਲੀ ਦੇ ਬਾਰਡਰਾਂ ਉੱਤੇ ਲੜ੍ਹਿਆ ਜਾ ਰਿਹਾ ਕਿਸਾਨੀ ਘੋਲ ਮਨੁੱਖਤਾ ਨੂੰ ਬਚਾਉਣ ਦਾ ਅਹਿਮ ਸੰਘਰਸ਼ ਹੈ ਇਹ ਦੁਨੀਆਂ ਦੀ ਵੱਡੀ ਅਵਾਰਾ ਪੂੰਜੀ ਅਤੇ ਜ਼ਾਲਮ ਪੂੰਜੀਪਤੀਆਂ ਵਿਰੁੱਧ ਵੱਡੀ ਮੁਹਿੰਮ ਹੋਣ ਕਰਕੇ ਹੀ ਸਾਰੀ ਦੁਨੀਆਂ ਵਿਚੋਂ ਇਸ ਨੂੰ ਵੱਡਾ ਹੁੰਗਾਰਾ ਮਿਲਿਆ। ਇਸ ਸੰਘਰਸ਼ ਦੇ ਸ਼ਾਂਤਮਈ ਹੋਣ ਤੇ, ਸਿੱਖ ਧਰਮ ਦੇ ਥੰਮ—ਸਹਿਜ, ਸਬਰ, ਸੰਤੋਖ—ਉੱਤੇ ਟਿਕਿਆ ਹੋਣ ਕਰਕੇ ਇਸ ਨੇ ਦੁਨੀਆਂ ਨੂੰ ਅਚੰਭਿਤ ਕਰ ਦਿੱਤਾ। ਸਿੱਖਾਂ ਦੀ ਲੰਗਰ ਪ੍ਰਥਾ ਅਤੇ ਸਿੱਖੀ ਸਪਿਰਿਟ ਦੇ ਅਨੇਕ ਰੂਪਾਂ ਦੇ ਰੂਪਮਾਨ ਹੋਣ ਕਰਕੇ, ਸਿੱਖੀ, ਸਿੱਖਾਂ ਦਾ ਚਿਹਰਾ-ਮੁਹਰਾ ਅਤੇ ਸਿੱਖੀ/ਪੰਜਾਬੀ ਸਭਿਆਚਾਰ ਫਿਰ ਦੁਨੀਆਂ ਪੱਧਰ ਉੱਤੇ ਨਿਖਰਕੇ ਸਾਹਮਣੇ ਆਇਆ। 

ਸਿੱਖ ਨੁਹਾਰ ਨੂੰ ਉਹਨਾਂ ਲੋਕਾਂ ਨੇ ਕਬੂਲਿਆਂ ਜਿੰਨ੍ਹਾਂ ਨੇ ਤੀਹ ਕੁ ਸਾਲ ਪਹਿਲਾਂ ਭੀੜ੍ਹਾਂ ਦੇ ਰੂਪ ਵਿਚ ਇਕੱਠੇ ਹੋਕੇ, ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ ਅਤੇ ਗੁਰਦੁਆਰਿਆ ਨੂੰ ਅੱਗਾਂ ਲਾਈਆਂ ਸਨ। ਕਿਸਾਨੀ ਸੰਘਰਸ਼ ਨੇ ਸਿੱਖਾਂ ਦੀ ਲਾਹੀ ਗਈ ‘ਪੱਗੜੀ’ ਨੂੰ ਮੁੜ੍ਹ ਉਹਨਾਂ ਦੇ ਸਿਰ ਉੱਤੇ ਸ਼ਸ਼ੋਭਤ ਕਰ ਦਿੱਤਾ। ਭਾਰਤੀਆਂ ਨੇ ਸਿੱਖੀ ਨੂੰ, ਸਿੱਖਾਂ ਨੂੰ ਬੇਹਤਰ ਮਨੁੱਖ ਹੋਣ ਦਾ ਲੋਹਾ ਮੰਨ ਲਿਆ। ਸਵੈ ਤੋਂ, ਨਿਜ ਤੋਂ ਉਠਕੇ, ਖੁਦਗਰਜ਼ੀ ਦੀਆਂ ਮਜ਼ਬੂਤ ਦੀਵਾਰਾ ਉਲੰਘਕੇ, ਦੂਜਿਆਂ ਲਈ ਅਤੇ ਵੱਡੇ ਮਨੁੱਖਵਾਦੀ ਆਸ਼ੇ ਲੜ੍ਹਨ ਦਾ ਮਾਦਾ ਰੱਖਣ ਵਾਲੀ ਸਿੱਖੀ ਨੂੰ ਦੇਸ਼ਾ-ਵਿਦੇਸ਼ਾਂ ਵਿਚ ਸਨਮਾਨ/ਸਤਿਕਾਰ ਮਿਲ ਗਿਆ। 

1984 ਦੇ ਵੱਡੇ ਦੁਖਾਂਤਾਂ ਤੋਂ ਬਾਅਦ, ਆਪਮਾਰੂ ਸਿਆਸਤ ਦੇ ਢਹੇ ਚੜ੍ਹੇ ਸਿੱਖਾਂ ਦਾ ਬੇਵਜਾ ਅਤੇ ਅਥਾਹ ਖੂਨ ਡੁਲਿਆ ਸੀ। ਹਾਕਮਾਂ ਨੇ ਸਿੱਖਾਂ ਨੂੰ ਹੀ ਮਾਰ-ਕੁੱਟਕੇ ਉਹਨਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੱਤਾ ਸੀ। ਘੋਰ ਨਿਰਾਸ਼ਾ ਵਿਚ ਡੁੱਬੇ ਸਿੱਖ ਭਾਈਚਾਰੇ ਉੱਤੇ ਦਿੱਲੀ ਦੇ ਨੁਮਾਇੰਦਿਆ ਨੇ ਵੱਖ-ਵੱਖ ਪਾਰਟੀਆਂ ਦੇ ਬਾਣੇ ਪਾ ਕੇ, ਦਿੱਲੀ ਕੇਂਦਰੀਵਾਦ ਅਤੇ ਹਿੰਦੂਤਵੀ ਏਜੰਡੇ ਮੁਤਾਬਿਕ ਵੀ ਪਿਛਲੇ ਤੀਹ ਸਾਲ ਰਾਜ ਕੀਤਾ ਅਤੇ ਅੱਜ ਵੀ ਕਰ ਰਹੇ ਹਨ। ਨਿੱਸਲ ਹੋ ਚੁੱਕੇ ਭਾਈਚਾਰੇ ਨੂੰ ਕਿਸਾਨੀ ਅੰਦੋਲਨ ਨੇ ਵੱਡਾ ਹੁਲਾਰਾ ਦਿੱਤਾ। ਉਹਨਾਂ ਦੇ ਸਵੈਮਾਣ ਅਤੇ ਸਤਿਕਾਰ ਨੂੰ ਵਧਾਇਆ ਅਤੇ ਚਾਰ ਚੰਨ ਲਾਏ।

ਸਿੱਖ ਸਨਮਾਨ ਨੂੰ ਸੱਟ

 ਅਫਸੋਸ ਹੈ 26 ਜਨਵਰੀ ਦੀਆਂ ਘਟਨਾਵਾਂ ਨੇ ਸਿੱਖ ਸਨਮਾਨ ਨੂੰ ਵੱਡੀ ਸੱਟ ਮਾਰੀ ਹੈ ਅਤੇ ਹਾਕਮਾਂ ਨੇ ਸਿੱਖਾਂ ਨਾਲ਼ ‘ਵੱਖਵਾਦੀ’ ਅੱਤਵਾਦੀ (ਟੈਰਰਿਸਟ) ਹੋਣ ਦੇ ‘ਟੈਗ’(Tag)  ਫਿਰ ਜੋੜ੍ਹਨੇ ਸ਼ੁਰੂ ਕਰ ਦਿੱਤੇ। ਇਹ ਬਹਿਸ ਦਾ ਵਿਸ਼ਾ ਹੈ ਕਿ ਸਿੱਖਾਂ ਦਾ ਕਿੰਨਾ ਕੁ ਨੁਕਸਾਨ ਹੋਇਆ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਲਾਲ ਕਿਲ੍ਹੇ ਦੀ ਘਟਨਾ ਨੇ ਦਿੱਲੀ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਵਿਚ, ਸਿੱਖਾਂ ਵਿਚ ਵੱਡੀ ਨਿਰਾਸ਼ਾ ਲਿਆਂਦੀ। 

ਗਾਜ਼ੀਪੁਰ ਬਾਰਡਰ ਦਾ ਧਰਨਾ ਤਕਰੀਬਨ ਉਖੜ੍ਹ ਹੀ ਗਿਆ ਸੀ। ਗਾਜ਼ੀਆਬਾਦ ਦੇ ਭਾਜਪਾਈ ਐਮ.ਐਲ.ਏ ਗੁੰਡੇ ਇਕੱਠੇ ਕਰਕੇ, ਪੁਲਿਸ ਦੀ ਸਿੱਧੀ/ਅਸਿੱਧੀ ਮਦਦ ਨਾਲ਼ ਗਾਜ਼ੀਪੁਰ ਧਰਨੇ ਵਿਚ ਬੈਠੇ ਸਿੱਖਾਂ ਉੱਤੇ ਹਮਲਾ ਕਰਕੇ, ਨਵੰਬਰ 1984 ਦੁਬਾਰਾ ਵਰਤਾਉਣਾ ਚਾਹੁੰਦੇ ਸਨ। ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਲੀਡਰ ਰਾਕੇਸ਼ ਟਕੈਤ ਭਾਵੁਕ ਹੋ ਗਿਆ ਜਾਂ ਫਿਰ ਗੁੰਡਿਆਂ ਅਤੇ ਪੁਲਿਸ ਦੀ ਸ਼ਾਂਤਮਈ ਬੈਠੇ ਲੋਕਾਂ ਉੱਤੇ ਹਮਲਾ ਕਰਨ ਦੀ ਜ਼ੁਅਰਤ ਨਹੀਂ ਪਈ ਅਤੇ ਉਹਨਾਂ ਦੀ ਕੋਝੀ ਸਾਜਿਸ਼ ਸ਼ੋਸ਼ਲ ਮੀਡੀਏ ਰਾਹੀਂ ਜੱਗ ਜ਼ਾਹਰ ਹੋ ਗਈ। 

 ਇਹ ਹਾਲਾਤ ਮੋੜਾ ਖਾ ਗਏ। ਗਾਜ਼ੀਪੁਰ ਦੀ ਘਟਨਾ ਨੇ ਸਗੋਂ ਮੁੜ੍ਹ ਕਿਸਾਨੀ ਸੰਘਰਸ਼ ਨੂੰ ਬਲ ਬਖਸ਼ਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਧਰਨੇ ਉੱਤੇ ਪਹੁੰਚ ਗਏ। ਖਾਪ ਪੰਚਾਇਤਾਂ ਅਤੇ ਕਿਸਾਨਾਂ ਦੇ ਇਕੱਠ ਧੜ੍ਹਾਧੜ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਹੋਣ ਲੱਗ ਪਏ। ਇਉਂ ਹੀ ਪਾਣੀਪਤ ਦੇ ਮੈਦਾਨ ਵਿਚ ਬਾਬਰ ਦੀ ਬਾਰਾਂ ਕੁ ਹਜ਼ਾਰ ਫੌਜ ਦੇ ਹੱਕ ਵਿਚ ਮੋੜਾ ਪਿਆ ਸੀ ਅਤੇ ਇੱਕ ਲੱਖ ਫੌਜ ਵਾਲਾ ਇਬਰਾਹਿਮ ਲੋਧੀ ਹਾਰ ਗਿਆ ਸੀ। ਬਾਬਰ ਨੇ ਹੀ ਦੋ ਸਦੀਆਂ ਲੰਬੀ ਤਾਕਤਵਾਰ ਮੁਗ਼ਲ ਸਲਤਨਤ ਦਾ ਮੁੱਢ ਬੰਨਿਆ ਸੀ।

 ਛੱਬੀ ਜਨਵਰੀ ਦੀਆਂ ਘਟਨਾਵਾ ਬਾਰੇ ਸਿੱਖ ਹਿਸਟਰੀ ਦੀਆਂ ਸੁਨਹਿਰੀ ਯਾਦਾਂ ਮਨ-ਮਸਤਕ ਵਿਚ ਸਮੋਈ ਫਿਰਦੇ ਸਿੱਖ ਨੌਜਵਾਨਾਂ ਤੋਂ ਸਵਾਲ ਪੁਛਣਾ ਵਾਜਬ ਨਹੀਂ। ਉਹਨਾਂ ਦੇ ਚੇਤਿਆਂ ਵਿਚ ਤਾਂ 1783 ਵਿਚ ਬਘੇਲ ਸਿੰਘ ਵੱਲੋਂ ਲਾਲ ਕਿਲ੍ਹੇ ਉੱਤੇ ਚੜ੍ਹਾਇਆ ਕੇਸਰੀ ਨਿਸ਼ਾਨ ਸਾਹਿਬ ਖੌਰੂ ਪਾ ਰਿਹਾ। ਪਰ ਵੱਡੀ ਗਿਣਤੀ ਵਿਚ ਲਾਲ ਕਿਲ੍ਹੇ ਉੱਤੇ ਪਹੁੰਚੇ ਵਡੇਰੀ ਉਮਰ ਦੇ ਵਿਚਾਰਵਾਨ ਸਿੱਖ ਹੀ ਦੱਸਣ: 

  • ਕੀ ਲਾਲ ਕਿਲ੍ਹੇ ਉੱਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝਲਾਉਣ ਨਾਲ਼ ਕਿਸਾਨ ਸੰਘਰਸ਼ ਨੂੰ ਸੱਟ ਨਹੀਂ ਵੱਜੀ? 

  • ਕੀ ਉਸ ਘਟਨਾ ਪਿੱਛੋਂ ਕਿਸਾਨ ਸੰਘਰਸ਼ ਦੀ ਅਗਵਾਈ ਪੰਜਾਬ ਅਤੇ ਸਿੱਖਾਂ ਦੇ ਹੱਥੋਂ ਖੁੱਸੀ ਨਹੀਂ? 

  • ਕੀ ਸਰਕਾਰ ਨੇ ਸਾਜਸ਼ੀ ਢੰਗ ਨਾਲ਼ ਟਰੈਕਟਰ ਪਰੇਡ ਦੇ ਕੁਝ ਹਿੱਸੇ ਨੂੰ ਲਾਲ ਕਿਲ੍ਹੇ ਵੱਲ ਮੋੜਾ ਦਿੱਤਾ? ਅਤੇ ਲਾਲ ਕਿਲ੍ਹੇ ਦੇ ਦਰਵਾਜੇ ਖੋਲਕੇ, ਪੁਲਿਸ ਬੰਦੋਬਸਤ ਦਾ ਪਰਪੰਚ ਰਚਾਕੇ, ਸਿੱਖਾਂ ਨੂੰ ਜਾਣ-ਬੁਝਕੇ ਕਿਲ੍ਹੇ ਉੱਤੇ ਚੜ੍ਹਨ ਦਾ ਮੌਕਾ ਦਿੱਤਾ ਅਤੇ ਸਿਆਸੀ ਨੁਕਤਾ-ਨਿਗਾਹ ਤੋਂ ਫੋਟੋਗ੍ਰਾਫੀ ਕੀਤੀ?

 ਮੁਕਦੀ ਗੱਲ, ਸਰਕਾਰ ਨੇ ਲਾਲ ਕਿਲ੍ਹੇ ਦੀ ਘਟਨਾ ਨੂੰ ਕਿਸਾਨੀ ਅੰਦੋਲਨ ਨੂੰ ਤੋੜ੍ਹਨ/ਕਮਜ਼ੋਰ ਕਰਨ ਅਤੇ ਸਿੱਖਾਂ ਨੂੰ ਪੁਰਾਣੇ 1980 ਵੇ ਦਿਨਾਂ ਵਾਂਗ ਬਦਨਾਮ ਕਰਨ ਲਈ ਸਿਆਸੀ ਤੌਰ ਉੱਤੇ ਵਰਤਿਆ। 

 ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ

ਇਹ ਵੱਖਰਾ ਵਿਸ਼ਾ ਹੈ ਕਿ ਕਿਸਾਨ ਅੰਦੋਲਨ ਬਚ ਗਿਆ ਜਾਂ ਹੋਰ ਮਜ਼ਬੂਤ ਹੋ ਗਿਆ। ਪਰ ਇਤਿਹਾਸ ਵਿਚੋਂ ਇਹ ਮਿਟਾਇਆ ਨਹੀਂ ਜਾ ਸਕੇਗਾ ਕਿ ਲਾਲ ਕਿਲ੍ਹੇ ਦੀ ਘਟਨਾ ਸਿੱਖਾਂ ਵੱਲੋਂ ਖੁਦ ਨੌਜਵਾਨਾਂ ਨੂੰ ਉਕਸਾਉਣ ਕਰਕੇ ਵਾਪਰੀ। ਸਿੱਖ ਵਿਚਾਰਵਾਨਾਂ ਨੇ ਵੀ ਅਕਲ ਤੋਂ ਕੰਮ ਨਹੀਂ ਲਿਆ। 

ਗੁਰਬਾਣੀ ਤਾਂ ਵਾਰ ਵਾਰ ਸਿੱਖਾਂ ਨੂੰ ਸੋਚ-ਸਮਝ ਅਤੇ ਅਕਲ ਤੋਂ ਕੰਮ ਲੈਣ ਦੀ ਪ੍ਰਰੇਣਾ ਦਿੰਦੀ ਹੈ। ਗੁਰਬਾਣੀ/ਸਿੱਖ ਗੁਰੂ ਮਨੁੱਖ ਨੂੰ ਅੰਧ-ਵਿਸ਼ਵਾਸੀ ਬਣਨ ਤੋਂ ਰੋਕਦੀ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ।। (ਪੰਨਾ 1245)

 ਸਿੱਖ ਧਰਮ ਅੰਧ ਵਿਸ਼ਵਾਸੀ ਭੀੜ੍ਹਾਂ ਦਾ ਧਰਮ ਨਹੀਂ। ਭੀੜ੍ਹ ਮਾਨਸਿਕਤਾ ਰੂਹਾਨੀਅਤ ਬਲੰਦੀ ਪ੍ਰਾਪਤ ਕਰਕੇ, ਸ਼ਹੀਦੀ ਦਾ ਜਾਮ ਨਹੀਂ ਪੀ ਸਕਦੀ। ਬਾਬੇ ਨਾਨਕ ਦਾ ਧਰਮ ‘ਸਹਿਜ, ਸਬਰ ਅਤੇ ਸੰਤੋਖ’ ਵਾਲਾ ਦਯਾ ਦਾ ਧਰਮ ਹੈ। ਜਿਸ ਵਿਚੋਂ ਖੁਦਗਰਜ਼ੀ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਉਪਜਦੀ ਹੈ। ਆਪਣੇ ‘ਅਹਿਮ’ ਨੂੰ ਤਿਆਗ ਕੇ ਦੂਜੇ ਦੀ ਸੇਵਾ ਵਿਚ ਖੜ੍ਹੇ ਹੋ ਜਾਣ ਤੋਂ ਹੀ ਰੂਹਾਨੀਅਤ ਦੇ ਸਫ਼ਰ ਦਾ ਆਗਾਜ਼ ਹੁੰਦਾ ਅਤੇ ਮਨੁੱਖ ਨਰਕ-ਸਵਰਗ ਦੇ ਬ੍ਰਾਹਮਣਵਾਦੀ ਚੱਕਰਾਂ/ਭੁਲੇਖਿਆਂ ਤੋਂ ਮੁਕਤ ਹੋ ਜਾਂਦਾ। ਇਸੇ ਹੀ ਮਾਨਸਿਕ ਅਜ਼ਾਦੀ ਦੇ ਸਿਰ ਉੱਤੇ ਸਿੱਖ ਦੁਨੀਆ ਦੇ ਹਰ ਖਿੱਤੇ ਵਿਚ, ਹਰ ਸਮਾਜ ਵਿਚ ਆਪਣੀ ਵਿਲੱਖਣ ਥਾਂ ਬਣਾਉਣ ਵਿਚ ਕਾਮਯਾਬ ਹੋ ਗਏ ਹਨ। 

ਦੁੱਖ ਇਸ ਗੱਲ ਦਾ ਕਿ ਸਮਝਦਾਰ/ਵਿਚਾਰਵਾਨ ਸਿੱਖ ਜਿਹੜੇ ਲਾਲ ਕਿਲ੍ਹੇ ਦੀ ਘਟਨਾ ਪਿੱਛੋਂ ਖੁਦ ਘਬਰਾ ਕੇ ਸਫਾਈਆਂ ਦੇਣ ਲੱਗ ਪਏ ਸਨ, ਆਪਣੇ ਅੰਦਰ ਝਾਤੀ ਮਾਰਨ ਦੀ ਬਜਾਏ, ਕਿਸਾਨ ਲੀਡਰਾਂ ਨੂੰ ਦੋਸ਼ੀ ਠਹਿਰਾਉਣ ਲੱਗ ਪਏ। ਕਿ “ਕਿਸਾਨ ਨੇਤਾ ਟਰੈਕਟਰ ਪਰੇਡ ਨੂੰ ਕੰਟਰੋਲ ਕਰਨ ਦੇ ਸਮਰੱਥ ਨਹੀ ਸਨ ਤਾਂ ਉਹਨਾਂ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਕਿਉਂ ਦਿੱਤਾ? ਕਿਸਾਨ ਲੀਡਰਾਂ ਵਿਚ ਫੁੱਟ ਹੈ, ਉਹ ਲੀਡਰਸ਼ਿਪ ਦੇ ਯੋਗ ਨਹੀ, ਕਾਮਰੇਡ ਲੀਡਰ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ” ਵਗੈਰਾ ਵਗੈਰਾ।

 ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਵਿਚੋਂ ਕੋਈ ਯੋਗ ਲੀਡਰ/ਵੱਡੀ ਲੀਡਰਸ਼ਿਪ ਕਿਉਂ ਨਹੀਂ ਉਭਰੀ ਜਿਹੜੀ ਸਿੱਖ ਨੌਜਵਾਨਾਂ ਦੀ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦੇ ਸਮਰੱਥ ਹੁੰਦੀ? 

  ਦੂਜਿਆਂ ਨੂੰ ਦੋਸ਼ੀ ਠਹਰਾਉਣ ਦੀ ਨਕਾਰਾਤਮਕ (Negative) ਪਹੁੰਚ ਛੱਡਕੇ ਸਿੱਖ ਵਿਚਾਰਵਾਨ ਖੁਦ ਆਪਣੇ ਅੰਦਰ ਝਾਤੀ ਮਾਰਨ; ਕੀ ਲਾਲ ਕਿਲ੍ਹੇ ਉੱਤੇ ਪਹੁੰਚਣ ਨਾਲ਼ ਸਿੱਖੀ/ਸਿੱਖ ਭਾਈਚਾਰੇ ਨੂੰ ਕੋਈ ਬਲ ਮਿਲਿਆ? ਜਾਂ ਸਿੱਖ ਅਕਸ ਨੂੰ ਕੋਈ ਜ਼ਰਬ ਲੱਗੀ ਹੈ? 

 ਸਿੱਖ ਭਾਈਚਾਰੇ ਵਿਚ ਬਹੁਤ ਪੜ੍ਹੇ-ਲਿਖੇ ਵਿਚਾਰਵਾਨ ਵਿਅਕਤੀ ਸਮਝਦੇ ਹਨ ਕਿ ਅੱਜ ਦੀ ਰਾਜਸੱਤਾ/ਸਿਆਸੀ ਚੜ੍ਹਤ 18ਵੀਂ ਸਦੀ ਵਾਂਗ ਨਿਰੋਲ ਹਿੱਕ ਦੇ ਜ਼ੋਰ ਨਾਲ਼, ਬਾਹੂਬਲ ਨਾਲ਼ ਤਾਂ ਤਲਵਾਰ ਵਾਹਕੇ ਹੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਅੱਜ ਕੱਲ ਸੱਚ ਅਤੇ ਝੱਠ, ਇਮਾਨਦਾਰੀ ਤੇ ਬੇਈਮਾਨੀ, ਨੈਤਿਕਤਾ ਤੇ ਅਨੈਤਿਕਤਾ, ਗਲਤ ਤੇ ਠੀਕ ਵਿਚਕਾਰ ਡੂੰਘੀਆਂ ਲਕੀਰਾਂ ਮੱਧਮ ਪੈ ਗਈਆਂ ਅਤੇ ਧੂੰਆਧਾਰ ਝੂਠੇ ਪ੍ਰਚਾਰ/ਪਰਸਾਰ ਇਨ੍ਹਾਂ ਲਕੀਰਾਂ ਨੂੰ ਮਿਟਾ ਹੀ ਦਿੰਦੇ ਹਨ ਜਿਸ ਕਰਕੇ ਜ਼ਾਲਮ ਹਾਕਮ ਆਪਣੇ ਆਪ ਨੂੰ ਦੁੱਧ ਧੋਤਾ ਪੇਸ਼ ਕਰਕੇ, ਮਜ਼ਲੂਮ ਲੋਕਾਂ ਦੇ ਰੱਖ ਵਾਲੇ/ਹਿਤੈਸ਼ੀ ਉਭਰ ਆਉਂਦੇ ਹਨ। ਅੱਜ ਦਾ ਜ਼ੋਰਾਵਰ ਆਪਣੇ ਹੱਕ ਵਿਚ ਬਿਰਤਾਂਤ ਸਿਰਜਦਾ ਆਪਣੇ ਪੱਖੀ ‘ਨੈਰੇਟਿਵ’ (Narrative) ਖੜ੍ਹਾ ਕਰਦਾ ਅਤੇ ਬੰਦਿਆਂ ਦੀਆਂ ਭੀੜ੍ਹਾਂ ਨੂੰ ਆਪਣੇ ਪਿੱਛੇ ਉਂਗਲੀ ਲਾਕੇ ਤੋਰ ਲੈਂਦਾ। ਭਾਜਪਾ ਦੀ ਜਿੱਤ ਅਤੇ ਮੋਦੀ ਵਰਤਾਰੇ ਨੂੰ ਇਹ ਸਭ ਕੁਝ ਸਪਸ਼ਟ ਕਰ ਦਿੱਤਾ। 

 ਪੰਜਾਬ ਦੇ ਦੁਖਾਂਤ ਵਿਚ ਵੀ ਇਹੋ ਕੁਝ ਵਾਪਰਿਆ ਸੀ। ਜ਼ਿਆਦਾ ਸਿੱਖ ਪੁਲਿਸ ਕਰਮੀਆਂ ਨੂੰ ਸਿੱਖਾਂ ਉੱਤੇ ਨੰਗੀ ਵਹਿਸ਼ਤ ਵਰਤਾਉਣ ਲਈ ਸ਼ਿੰਗਾਰਿਆ ਗਿਆ ਸੀ। ਰਾਜਸੱਤਾ ਮਾਣਦੇ ਸਿੱਖ ਰਾਜਨੀਤਿਕ ਆਗੂਆਂ ਨੇ ਹੀ ਉਸ ਜ਼ੁਲਮ ਦੇ ਦੌਰ ਨੂੰ ਸ਼ਰੇਆਮ ਦਫਨ ਕੀਤਾ ਸੀ। ਤਕਨਾਲੋਜੀ ਦੇ ਅਥਾਹ ਵਿਕਾਸ ਕਰਕੇ ਅਤੇ ‘ਸਟੇਟ’ ਰਿਆਸਤ ਦਾ ਇਸ ਉੱਤੇ ਕਬਜ਼ਾ ਹੋਣ ਕਰਕੇ, ਇਸ ਡਿਜ਼ੀਟਲ ਸੰਚਾਰ ਦੇ ਯੁੱਗ ਵਿਚ ਸਰਕਾਰਾਂ ਕੋਲ ਆਪਣੇ ਹੱਕ ਵਿਚ ਨੈਰੇਟਿਵ ਖੜ੍ਹਾ ਕਰਨ ਦੀ ਵੱਡੀ ਸਮਰੱਥਾ ਹੱਥ ਵਿਚ ਆ ਗਈ ਹੈ।

 ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ (ਲੋਕ) ਕੁਝ ਨਹੀਂ ਕਰ ਸਕਦੇ। ਇਹ ਵਿਵਸਥਾ ਸਾਨੂੰ ਸੋਚ-ਸਮਝ ਅਤੇ ਅਕਲ ਦੀ ਵੱਧ ਵਰਤੋਂ ਕਰਨ ਲਈ ਪ੍ਰੇਰਦੀ ਹੈ। ਇਸੇ ਕਰਕੇ, ਸ਼ਾਂਤਮਈ ਅੰਦੋਲਨ ਨੂੰ ਖੜ੍ਹਾ ਕਰਕੇ ਨੈਤਿਕ/ਇਖਲਾਕੀ ਬੁੰਦਲੀ ਪ੍ਰਾਪਤ ਕਰਕੇ ਹੀ ਰਿਆਸਤ/ਸਟੇਟ ਵੱਲੋਂ ਚਲੀਆਂ ਭੜਕਾਊ ਚਾਲਾਂ ਰਾਹੀਂ ਅੰਦੋਲਨਕਾਰੀਆਂ ਨੂੰ ਹਿੰਸਾ ਦੇ ਰਾਹ ਤੋਰਨ ਦੀਆਂ ਕੋਸ਼ਿਸ਼ਾਂ ਨੂੰ  ਲਗਾਤਾਰ ਤੋੜ੍ਹਨੀਆਂ ਪੈਂਦੀਆ। 

ਖੱਬੇ ਪੱਖੀ ਧਿਰਾਂ

ਪਿਛਲੀ 20 ਵੀ ਸਦੀ ਦੀਆਂ ਕਿਸਾਨੀ ਲਹਿਰਾਂ ਨਾਲ਼ੋਂ ਮੌਜੂਦਾ ਕਿਸਾਨੀ ਉਭਾਰ ਦਾ ਖਾਸਾ ਬਿਲਕੁਲ ਵੱਖਰਾ ਹੈ। ਕਿਸਾਨ ਕਾਰਪੋਰੇਟ ਲੁੱਟ ਵਿਰੁੱਧ ਖੁਦ ਜਥੇਬੰਦ ਹੋ ਗਏ ਹਨ। ਬਦਲੀ ਹੋਈ ਉਦਾਰਵਾਦੀ ਮੌਜੂਦਾ ਪ੍ਰਸਥਿਤੀ ਵਿਚ ਫੈਕਟਰੀ ਮਜ਼ਦੂਰ/ਮੁਲਾਜ਼ਮਾਂ ਨੂੰ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਉੱਤ ਜਥੇਬੰਦ ਕਰਕੇ, ਪੁਰਾਣੀ ਕਲਾਸੀਕਲ ਖੱਬੀ ਸਿਆਸਤ ਹੁਣ ਖੜ੍ਹੀ ਨਹੀੰ ਕੀਤੀ ਜਾ ਸਕਦੀ ਹੈ। ਵੱਡੀ ਕਿਸਾਨੀ ਅਬਾਦੀ ਕੋਲ ਇਨਕਲਾਬੀ ਜੁੱਸਾ, ਮਾਨਸਿਕਤਾ ਅਤੇ ਸੜ੍ਹਕ ਉੱਤੇ ਆਕੇ ਲੰਬਾ ਸਮਾਂ ਲੜ੍ਹਨ  ਦੀ ਸਮਰੱਥਾ ਹੈ। ਜਿਸ ਦੀ ਸਹੀ ਨਿਸ਼ਾਨਦੇਹੀ ਕਰਕੇ, ਖੱਬੀਆਂ ਪਾਰਟੀਆਂ/ਧਿਰਾਂ ਨੇ ਕਿਸਾਨਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਲੰਬੀ ਸਾਲਾਂ-ਬਧ ਪ੍ਰਕਿਰਿਆਂ ਵਿਚੋਂ, ਖੱਬੀਆਂ ਧਿਰਾਂ ਕਿਸਾਨਾਂ ਨੂੰ ਆਪਣੇ ਪਿੱਛੇ ਉਂਗਲੀ ਫੜ੍ਹਕੇ ਤੋਰਨ ਵਿਚ ਕਾਮਯਾਬ ਹੋ ਗਈਆ। ਇੱਥੋਂ ਤੱਕ ਕਿ ਅੰਮ੍ਰਿਤਧਾਰੀ ਕਿਸਾਨ/ਔਰਤਾਂ ਨੂੰ ਕਿਸਾਨ ਮੰਗਾਂ ਉੱਤੇ ਕਾਮਰੇਡ ਲੀਡਰਾਂ ਪਿੱਛੇ ਲਗ ਤੁਰਨ ਵਿਚ ਕੋਈ ਦਿੱਕਤ ਮਹਿਸੂਸ ਨਹੀਂ ਹੋਈ।

 ਦਰਅਸਲ, ਆਰਥਿਕ ਮਸਲਿਆਂ ਅਤੇ ਲੋਕਾਂ ਦੀਆਂ ਰੋਜ਼-ਮਰਾਂ ਦੀਆਂ ਮੁਸ਼ਕਲਾਂ/ਦੁਸ਼ਵਾਰੀਆਂ ਦੇ ਹੱਲ/ਨਿਵਾਰਨ ਲਈ ਲੜ੍ਹਨਾਂ ਸਿੱਖ ਲੀਡਰਾਂ ਦੇ ਲੰਬੇ ਸਮੇਂ ਤੋਂ ਏਜੰਡੇ ਉੱਤੇ ਨਹੀਂ ਰਿਹਾ। ਉਹਨਾਂ ਨੇ ਮੈਦਾਨ ਖੱਬੀਆਂ ਧਿਰਾਂ ਲਈ ਖਾਲ੍ਹੀ ਛੱਡ ਦਿੱਤਾ ਜਿਸ ਵਿਚੋਂ ਉਹ ਅੱਜ ਦੇ ਵੱਡੇ ਕਿਸਾਨੀ ਲੀਡਰ ਉਭਰ ਕੇ ਆਏ ਹਨ। ਇਹ ਸਚਾਈ ਹੈ ਕਿ ਮਾਰਕਸਵਾਦ ਅਧਾਰਤ ਸਿਆਸਤ ਸਮਾਜਕ ਚੇਤਨਤਾ ਨਿਖਾਰਦੀ ਹੈ, ਲੋਕਾਂ ਨੂੰ ਜਥੇਬੰਦ ਕਰਨ ਦੀ ਟ੍ਰੇਨਿੰਗ ਅਤੇ ਲੋਕ ਮੁੱਦਿਆਂ ਉੱਤੇ ਜੁੜਨ/ਲੜ੍ਹਨ ਦੀ ਸਮਝ ਪਰਦਾਨ ਕੀਤੀ ਹੈ। ਜਿਹੜੇ ਆਮ ਸਿੱਖ ਵਿਚਾਰਵਾਨਾਂ ਦੇ ਕਲਾਵੇ ਵਿਚ ਨਹੀਂ ਆਉਦੀ। 

ਅਮਰੀਕਾ ਦਾ ਸਿਆਹਫਾਮ ਅਕਾਦਮਿਕ ਵਿਦਵਾਨ ਕਾਰਨਲ ਵੈਸਟ (Cornel West) ਜਿਹੜਾ ਆਪਣੇ ਆਪ ਨੂੰ ਈਸਾਈ ਧਾਰਮਿਕ ਵਿਅਕਤੀ ਦਸਦਾ, ਨੇ ਕਿਹਾ ਰਿਆਸਤੀ/ਸਟੇਟ/ਧੱਕੇਸ਼ਾਹੀ ਅਤੇ ਸਮਾਜਕ/ਆਰਥਿਕ ਨਾ ਬਰਾਬਰੀ ਵਿਰੁੱਧ ਲੜ੍ਹਨ ਲਈ ਮਾਰਕਸਵਾਦ ਬੌਧਿਕ ਹਥਿਆਰ ਪ੍ਰਦਾਨ ਕਰਦਾ ਹੈ ਜਿਸ ਨਾਲ਼ ਬੇਰੁਜ਼ਗਾਰੀ, ਪੂੰਜੀਪਤੀ ਲੁੱਟ, ਭੁੱਖਮਰੀ ਅਤੇ ਸਮਾਜਿਕ ਸ਼ੋਸ਼ਣ ਵਿਰੁੱਧ ਲੰਬਾ ਸੰਘਰਸ਼ ਲੜਿਆ ਜਾ ਸਕਦਾ ਹੈ। ਸਮਾਜਿਕ ਅਤੇ ਆਰਥਿਕ ਚੇਤਨਤਾ ਨੂੰ ਵੀ ਮਾਰਕਸਵਾਦ ਪ੍ਰਚੰਡ ਕਰਦਾ ਹੈ, ਭਾਵੇ ਸੂਖਮ ਮਨੁੱਖੀ ਜਜ਼ਬਿਆਂ/ਭਾਵਨਾਵਾਂ ਜਿਵੇਂ: ਮਰਨਾ/ਜੰਮਣਾ, (Existential Issues) ਪਿਆਰ, ਨਸਲਵਾਦ ਆਦਿ ਅਤੇ ਹੋਰ ਕੁਦਰਤੀ ਰਹੱਸਾਂ ਬਾਰੇ ਇਹ ਚੁੱਪ ਹੈ। ਇਹ ਵੀ ਸੱਚ ਹੈ ਕਿ ਮਾਰਕਸਵਾਦ ‘ਧਰਮ’ ਦੀ ਜਗ੍ਹਾ ਨਹੀਂ ਲੈ ਸਕਦਾ ਅਤੇ ਰੂਹਾਨੀਅਤ ਬੁਲੰਦੀ ਇਸਦੇ ਕਲਾਵੇ ਵਿਚ ਨਹੀਂ ਆਉਂਦੀ।

 ਖੈਰ ਸਾਡੇ ਬਹੁਤੇ ਕਾਮਰੇਡ ਤਾਂ ਸਹੀ ਮਾਅਨਿਆਂ ਵਿਚ ਮਾਰਕਸਵਾਦੀ ਵੀ ਨਹੀਂ ਹੁੰਦੇ। ਉਹ ਮੈਕਾਨਕੀ ਆਰਥਕਵਾਦ (Economics) ਵਿਚ ਫਸੇ ਰਹਿੰਦੇ ਹਨ। ਇਸੇ ਕਰਕੇ ਕਿਸਾਨ ਅੰਦੋਲਨ ਦੇ ਸ਼ੁਰੂ ਵਿਚ ਸਟੇਜਾਂ ਤੋਂ ‘ਬੋਲੇ ਸੌ ਨਿਹਾਲ’ ਦੇ ਸਿੱਖ ਸਭਿਆਚਾਰਕ ‘ਬੋਲ’ ਦੇ ਵਿਰੋਧ ਵਿਚ ਵੀ ਅਵਾਜ਼ਾਂ ਉੱਠੀਆਂ। ਸਿੱਖੀ ਰਹੁ-ਰੀਤ, ਪਾਠ-ਪੂਜਾ ਅਤੇ ਤਵਾਰੀਖੀ ਸਿੱਖ ਨਾਹਰਿਆਂ ਉੱਤੇ ਵੀ ਕਿੰਤੂ-ਪਰੰਤੂ ਹੋਇਆ। ਅਸਲ ਵਿਚ, ਪੰਜਾਬ ਅਤੇ ਕਿਸਾਨੀ ਨੇ ਵੱਡੀ ਅਗਵਾਈ ਸਿੱਖੀ ਸਭਿਆਚਾਰਾਂ ਨਾਲ਼ ਜੁੜ੍ਹੇ ਹੋਣ ਕਰਕੇ ਹੀ ਦਿੱਤੀ। ਧਰਮ ਸਭਿਆਚਾਰ ਦਾ ਵੱਡਾ ਸਿਰਜਕ ਹੁੰਦਾ ਅਤੇ ਆਮ ਵਿਅਕਤੀ ਆਪਣੇ ਸਭਿਆਚਾਰ ਅਤੇ ਅਤੀਤ ਦੀਆਂ ਮਿਥਾਂ/ਕਹਾਣੀਆਂ ਦੇ ਤਸੱਵਰ ਵਿਚ ਹੀ ਜਿਉਂਦਾ ਹੈ। ਪਿੱਛੇ ਘਰੇ ਆਪਣਾ ਸਭਿਆਚਾਰ/ਵਿਰਸਾ ਛੱਡ ਕੇ ਕੋਈ ਕਿਸਾਨ ਇਕ ਵੀ ਠੰਡੀ ਰਾਤ ਵੀ ਬਾਰਡਰਾਂ ਉੱਤੇ ਨਹੀਂ ਕੱਟ ਸਕਦਾ। 

 ਕਾਮਰੇਡਾਂ ਨੂੰ ਸਮਝ ਲੈਣਾ ਚਾਹੀਦਾ ਕਿ ਛਾਂਗੇ ਅਤੇ ਪੱਤਿਆਂ-ਰਹਿਤ ਰੁੱਖ ਦੇ ਖੜ੍ਹਸੁੱਕ ਹੋ ਜਾਂਦੇ ਹਨ। ਹਰ ਮਨੁੱਖ ਆਪਣੀ ਮਨੁੱਖੀ ਸਮੂਹਾਂ ਦੀ ਪਹਿਚਾਣ/ਪਛਾਣ ਵਿਚ ਹੀ ਮੌਲ਼ਦਾ ਅਤੇ ਬੁਲੰਦੀਆਂ ਸਰ ਕਰਦਾ। ਖੈਰ, ਸਭਿਆਚਾਰਕ ਕਾਮਰੇਡ ਤੇ ਗੈਰ-ਕਾਮਰੇਡ ਵੰਨਗੀਆਂ ਦੇ ਕਿਸਾਨੀ ਲੀਡਰਾਂ ਵਿਚੋਂ ਸਾਨੂੰ ਸੰਪੂਰਨਤਾ (Perfection) ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦੇ ਦਾ ਵਿਕਾਸ ਅਮਲ ਵਿਚੋਂ ਹੀ ਹੁੰਦਾ ਅਤੇ ਬਹੁਤੀ ਵਾਰੀ ਵਿਕਾਸ ਸਮੇਂ ਦਾ ਹਾਣੀ ਨਹੀਂ ਬਣਦਾ। 

 ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਤਮਾਮ ਕਮੀਆਂ/ਕਮਜ਼ੋਰੀਆਂ ਦੇ ਬਾਵਜੂਦ ਕਿਸਾਨ ਲੀਡਰਾਂ ਦਾ ਇੰਨਾ ਵੱਡਾ ਕਿਸਾਨੀ ਉਭਾਰ ਉਠਾਉਣ ਵਿਚ ਵੱਡਾ ਯੋਗਦਾਨ ਹੈ, ਜਿਸਨੇ ਹਿੰਦੂ ਰਾਸ਼ਟਰਵਾਦੀ ਤਾਨਾਸ਼ਾਹੀ ਨਿਜ਼ਾਮ ਨੂੰ ਵਖਤ ਵਿਚ ਪਾ ਛੱਡਿਆ। ਦੁਨੀਆਂ ਦੀ ਨੀਓ-ਲਿਬਰਲ ਪੂੰਜੀਵਾਦੀ ਵਿਵਸਥਾ ਜਿਹੜੀ ਮਨੁੱਖ ਨੂੰ ਹਰ ਪੱਧਰ ਉੱਤੇ ਮਨਫੀ ਕਰਦੀ ਹੈ ਦੇ ਵਿਰੁੱਧ ਇਹ ਪਹਿਲੀ ਵੱਡੀ ਲੜ੍ਹਾਈ ਲਾਮਬੰਦ ਹੋਈ ਹੈ। ਇਸੇ ਕਰਕੇ, ਇਸ ਸੰਘਰਸ਼ ਨੂੰ ਸਾਰੀ ਦੁਨੀਆਂ ਵਿਚੋਂ ਹਮਾਇਤ ਹਾਸਲ ਹੋਈ ਹੈ। 

 ਇਹ ਵੀ ਸਚਾਈ ਹੈ ਕਿ ਜੇ ਸੰਘਰਸ਼ ਢਹਿ ਜਾਂਦਾ ਤਾਂ ਕਿਸਾਨੀ ਹਮੇਸ਼ਾ-ਹਮੇਸ਼ਾ ਲਈ ਬਰਬਾਦ ਹੋ ਜਾਵੇਗੀ। ਮੁੜ੍ਹ ਲੜ੍ਹਾਈ ਇਸ ਪੱਧਰ ਦੀ ਖੜ੍ਹੀ ਨਹੀਂ ਹੋ ਸਕੇਗੀ।

 ਸਿੱਖ ਵਿਚਾਰਵਾਨਾਂ ਸਨਮੁੱਖ 

ਇਮਾਨਦਾਰ ਸਿੱਖ ਬੁੱਧੀਜੀਵੀਆਂ/ਵਿਚਾਰਵਾਨਾਂ ਨੂੰ ਕਦੇ ਵੀ ਗਰੀਬ ਸਿੱਖ ਕਿਸਾਨੀ ਨੂੰ ਅੱਖ-ਪਰੋਖੇ ਨਹੀਂ ਕਰਨਾ ਚਾਹੀਦੀ ਜਿਸ ਨੇ ਸਿੱਖੀ ਨੂੰ ਮਜ਼ਬੂਤ ਅਧਾਰ ਪ੍ਰਦਾਨ ਕੀਤਾ। ਛੋਟੀ ਸਿੱਖ ਕਿਸਾਨੀ ਨੂੰ ਬਚਾਉਣਾ ਹੀ ਸਿੱਖ ਫਲਸਫੇ/ਗੁਰੂ ਪਰੰਪਰਾਂ ਦੀ ਵੱਡੀ ਸੇਵਾ ਹੈ। 

 ਪਰ ਅਫਸੋਸ ਹੈ, ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਵਾਸਤੇ ਪਾਉਣ ਵਾਲੇ ਸਿੱਖ ਵਿਚਾਰਵਾਨ ਸਮੇਂ ਦੀ ਜ਼ਰੂਰਤ ਅਨੁਸਾਰ ਕਿਸਾਨੀ ਸੰਘਰਸ਼ ਨਾਲ਼ ਮੋਢੇ ਨਾਲ਼ ਮੋਢਾ ਜੋੜ੍ਹ ਕੇ ਲੜ੍ਹਨ ਵਾਲੀ ਕੋਈ ਇੱਕ ਵੀ ਸਿੱਖ ਜਥੇਬੰਦੀ ਖੜ੍ਹੀ ਨਹੀਂ ਕਰ ਸਕੇ। ਐਵੇਂ ਕਿਸਾਨੀਂ ਮੋਰਚੇ ਦੇ ਲੀਡਰਾਂ ਨੂੰ ਕੋਸਣ, ਬੁਰਾ-ਭਲਾ ਕਹਿਣ ਅਤੇ ਖਾਮੀਆਂ ਉਘਾੜਣ ਦੇ ਕਸੀਦੇ ਕੱਢਦੇ ਰਹੇ। ਮਾਨਵੀ ਅਹਿਸਾਸ ਅਤੇ ਜਥੇਬੰਦਕ ਪਹੁੰਚ ਅਤੇ ਟਰੇਨਿੰਗ ਤੋਂ ਕੋਰੇ ਕਈ “ਸਿਆਣੇ” ਸਿੱਖ ਈਰਖਾ-ਵਸ ਲੰਗੜ੍ਹੇ ਘੋੜਿਆਂ ਉੱਤੇ ਕਾਠੀਆਂ ਸਜਾਉਦੇ ਰਹੇ। ਕਈ ‘ਨਾ ਖੇਡਣਾ, ਨਾ ਖੇਡਣ ਦੇਣਾ’ ਵਾਲੀ ਸ਼ਰੀਕਪੁਣੇ ਦੀ ਭੂਮਿਕਾ ਨਿਭਾਉਂਦੇ ਰਾਜਸੱਤਾ ਦੇ ਭੁੱਖਿਆਂ ਨੂੰ ‘ਨਾਇਕ’ ਹੋਣ ਦੇ ਰੁਤਬੇ ਬਖਸ਼ਦੇ ਰਹੇ। ਅਜਿਹੀ ਖੇਡਾਂ ਵਿਚੋਂ ਕੁਝ ਨਹੀਂ ਨਿਕਲਿਆ ਕਿਉਂਕਿ “ਆਪ ਮਰੇ ਬਗੈਰ ਸੁਰਗ (ਸਵਰਗ)” ਵਿਚ ਨਹੀਂ ਜਾਇਆ ਜਾਂਦਾ। 

 ਦਰਅਸਲ ਕਿਸਾਨੀ ਮੋਰਚੇ ਦੇ ਪਿਛਲੇ ਸਤੰਬਰ-ਅਕਤੂਬਰ ਵਿਚ ਉਭਰਨ ਸਮੇਂ ਤੋ  ਹੀ ਕਈ ਪਾਤਰ ‘ਸਿੱਖੀ ਕਾਰਡ’ ਵਰਤੇ ਕੇ ਸਿਆਸੀ ਮਿਲਾਈ ਖਾਣ ਲਈ ਸਰਗਰਮ ਹੋ ਗਏ ਸਨ। ਅਜਿਹੇ ਪਾਤਰਾਂ ਦੀ ਬਾਂਹ ਫੜ੍ਹਨ ਲਈ/ਜਾਂ ਸਿੰਗਾਰਨ ਲਈ ਵਿਦੇਸ਼ੀ “ਪੰਨੂ” ਤਿਆਰ-ਬਰ-ਤਿਆਰ ਬੈਠੇ ਸਨ। ਖੁਦ ਪੰਜਾਬ ਦੇ ਸਿੱਖ ਫੈਸਲਾ ਕਰਨ ਕਿ ਵਿਦੇਸ਼ੀ “ਪੰਨੂਆਂ” ਵੱਲੋਂ ਐਲਾਨੀ “ਫਰੌਤੀ” ਉਹਨਾਂ ਦਾ ਮਾਨ-ਸਨਮਾਨ ਵਧਾਉਦੀ ਹੈ ਜਾਂ ਫਿਰ ਉਹਨਾਂ ਨੂੰ “ਭਾੜੇ ਦੇ ਸਿਪਾਹੀ” (Mercenaries) ਪੇਸ਼ ਕਰਦੀ ਹੈ। ਇਸ “ਫਰੌਤੀ ਸਿਆਸਤ” ਨੂੰ ਕਿਉਂ ਲਗਾਤਾਰ ਕਾਇਮ ਰੱਖਿਆ ਜਾ ਰਿਹਾ ਅਤੇ ਕੌਣ ਇਸ ਦੇ ਪਿੱਛੇ ਹੈ? ਆਪਣੀ ਲੜ੍ਹਾਈ ਧਰਤੀ-ਪੁੱਤਰ ਖੁਦ ਹੀ ਲੜ੍ਹਦੇ ਹੁੰਦੇ ਹਨ। ਬਾਹਰਲਿਆਂ ਦੇ ਢਹੇ ਚੜ੍ਹੇ ਪੰਜਾਬ ਨੇ ਲੰਬਾ ਸੰਤਾਪ ਹੰਢਾਇਆ। ਬਾਹਰਲੀ ਮਾਇਆ ਨੇ ਤਾਂ ‘ਤਲੀ ਉੱਤੇ ਸਿਰ ਧਰੀ’ ਫਿਰਦੇ ਯੋਧਿਆਂ ਦੀ ਧੁਰ-ਆਤਮਾ ਵਿਚ ਵੀ ਸੁਰਾਖ ਕਰ ਦਿੱਤੇ ਸਨ। ਲੋਕ  ਪੱਖੀ ਸਹੀ ਸਿਆਸਤ ਹਮੇਸ਼ਾਂ ਆਪਣੀ ਜ਼ਮੀਨ ਵਿਚੋਂ ਹੀ ਫੁੱਟਦੀ ਹੈ। ਆਪਣੇ ਹਾਲਾਤਾਂ ਨੂੰ ਹੰਢਾਉਦੇ ਲੋਕ-ਖੁਦ ਆਪ ਲੜਿਆ ਕਰਦੇ ਹਨ। ਸਿੱਖ ਗੁਰੂਆਂ ਨੇ ਇਸੇ ਧਰਤੀ ਦੇ ਲਤਾੜ੍ਹੇ ਗਏ ਅਤੇ ਸਦੀਆਂ ਤੋਂ ਗੀਦੀ ਹੋਏ ਲੋਕਾਂ ਨੂੰ ਜ਼ਾਬਰਾਂ ਵਿਰੁੱਧ ਲੜਾਇਆ ਸੀ।

 ਪ੍ਰਚਾਰ ਕਰਨ ਲਈ , ਕਿਸਾਨ ਲੀਡਰ ਭਾਵੇਂ ਮੌਜੂਦਾ ਸੰਘਰਸ਼ ਨੂੰ ਗੈਰ-ਸਿਆਸੀ ਕਹੀ ਜਾਣ ਪਰ ਹਰ ਦੇਸ਼ ਵਿਚ ਕਿਸਾਨੀ ਸੰਘਰਸ਼ ਹਮੇਸ਼ਾ ਸਿੱਧੇ/ਅਸਿੱਧੇ ਤੌਰ ਉੱਤੇ ਰਾਜਨੀਤਿਕ ਲੜ੍ਹਾਈਆਂ ਹੀ ਹੋ ਨਿਬੜ੍ਹੇ ਹਨ। ਕਿਸਾਨੀ ਸੰਘਰਸ਼ ਨੂੰ ਗੈਰ-ਰਾਜਨੀਤਿਕ ਅਤੇ ਸ਼ਾਂਤਮਈ ਰੱਖਣਾ/ ਪੇਸ਼ ਕਰਨਾ ਮੌਕੇ ਦੀ ਵੱਡੀ ਜ਼ਰੂਰਤ ਹੈ। ਲੋਕ ਅੰਦੋਲਨ ਬਣਿਆ ਅੱਜ ਦਾ ਕਿਸਾਨੀ ਘੋਲ ਪਹਿਲਿਆਂ ਦੇ ਮੁਕਾਬਲੇ ਵਿਚ ਵੱਡੀਆਂ ਸਿਆਸੀ ਤਬਦੀਲੀਆ ਦਾ ਸੂਚਕ ਹੈ। ਇਸ ਕਰਕੇ, ਸਿੱਖ ਵਿਚਾਰਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਨੂੰ ਮਜ਼ਬੂਤ ਕਰਨ ਵਿਚ ਆਪਣਾ ਰੋਲ ਨਿਭਾਉਣ ਅਤੇ ਲੋਕ-ਪੱਖੀ ਜ਼ਮਹੂਰੀਅਤ ਨੂੰ ਤਕੜ੍ਹਾ ਕਰਨ ਵਿਚ ਹਿੱਸਾ ਪਾਉਣ।

An excerpt from this article was published in the Trolley Times Edition 10

en_GBEnglish