ਪੰਜਾਬ ਵਿੱਚ ਦਰਿਆਵਾਂ ਦੇ ਪੁਰਾਣੇ ਜਾਂ ਸਹਾਇਕ ਵਹਿਣਾਂ ਨੂੰ ਬੁੱਢਾ ਜਾਂ ਪੁਰਾਣਾ ਕਹਿਣ ਦੀ ਰਵਾਇਤ ਕਦੀਮੀ ਹੈ। ਰਾਵੀ ਦੇ ਪੁਰਾਣੇ ਵਹਿਣ ਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ। ਰੋਪੜ ਦੇ ਨੇੜਿਉਂ ਸਤਲੁਜ ਦੀ ਖਾੜੀ ਵਿੱਚੋਂ ਆਉਣ ਵਾਲੀ ਚੋਆ ਨਦੀ ਨੂੰ ਪੁਰਾਣਾ ਜਾਂ ਬੁੱਢਾ ਦਰਿਆ ਕਿਹਾ ਗਿਆ ਹੈ। ਇਹ ਵਹਿਣ ਮੂਨਕ ਦੇ ਕੋਲ ਘੱਗਰ ਵਿੱਚ ਮਿਲਦਾ ਸੀ ਪਰ ਫਿਰ ਵੱਖਰਾ ਹੋ ਕੇ ਵਗਣ ਲੱਗਦਾ ਸੀ ਅਤੇ ਘੱਗਰ ਦੇ ਬਰਾਬਰ ਵਗਦਾ ਜਾਂਦਾ ਸੀ। ਮੁਕਾਮੀ ਲੋਕਾਂ ਦਾ ਮੰਨਣਾ ਸੀ ਕਿ ਇਹ ਵਹਿਣ ਸਤਲੁਜ ਦਾ ਪੁਰਾਣਾ ਵਹਿਣ ਸੀ ਅਤੇ ਘੱਗਰ ਤੋਂ ਵੱਡਾ ਸੀ। ਅੱਗੇ ਜਾ ਕੇ ਇਹ ਦੁਬਾਰਾ ਘੱਗਰ ਨਾਲ ਮਿਲ ਜਾਂਦਾ ਸੀ। ਇਸ ਕਰਕੇ ਘੱਗਰ ਨੂੰ ਵੀ ਪੁਰਾਣਾ ਜਾਂ ਬੁੱਢਾ ਦਰਿਆ ਕਿਹਾ ਜਾਂਦਾ ਸੀ। ਖੁਮਾਣੋ-ਸੰਘੋਲ-ਖੰਨਾ ਇਲਾਕੇ ਦੀ ਲੋਕ ਰਵਾਇਤ ਮੁਤਾਬਕ ਇਸ ਇਲਾਕੇ ਵਿੱਚੋਂ ਨਿਕਲਣ ਵਾਲੇ ਕਿਸੇ ਵਹਿਣ ਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ। ਜਿਹਦੇ ਤੋਂ ਕੁਝ ਸਿੰਜਾਈ ਹੁੰਦੀ ਸੀ।

ਬੁੱਢਾ ਦਰਿਆ ਤੋਂ ਅੱਜ-ਕੱਲ੍ਹ ਸਾਡੇ ਜ਼ਿਹਨ ਵਿੱਚ ਪਲੀਤ ਪਾਣੀਆਂ ਦੇ ਨਾਲ਼ੇ ਦੀ ਤਸਵੀਰ ਉੱਘੜਦੀ ਹੈ ਜਿਹਨੂੰ ਅਸੀਂ ਬੁੱਢਾ ਨਾਲ਼ਾ ਕਹਿੰਦੇ ਹਾਂ। ਇਹ ਬੇਲੇ ਕੋਲੋਂ ਨਿਕਲ ਕੇ ਬਹਿਲੋਲਪੁਰ-ਮਾਛੀਵਾੜਾ-ਕੂਮ ਕਲਾਂ-ਲੁਧਿਆਣਾ ਹੁੰਦਾ ਹੋਇਆ ਭੂੰਦੜੀ ਕੋਲ ਪਿੰਡ ਵਲੀਪੁਰ ਲਾਗੇ ਸਤਲੁਜ ਵਿੱਚ ਮਿਲ ਜਾਂਦਾ ਹੈ। ਬੁੱਢੇ ਦਰਿਆ ਬਾਰੇ ਕਈ ਮਿੱਥਾਂ ਹਨ। ਕਿਹਾ ਜਾਂਦਾ ਹੈ ਕਿ ਇਹ ਸਤਲੁਜ ਦਾ ਪੁਰਾਣਾ ਵਹਿਣ ਸੀ। ਅਮਲ ਕਾਰ ਇਸ਼ਾਰਾ ਕਰਦਾ ਹੈ ਕਿ ਸਤਲੁਜ ਦਾ ਰੋਪੜ - ਚਮਕੌਰ ਸਾਹਿਬ - ਮਾਛੀਵਾੜਾ - ਬਹਿਲੋਲਪੁਰ - ਲੁਧਿਆਣਾ - ਧਰਮਕੋਟ - ਮੁੱਦਕੀ - ਫ਼ਰੀਦਕੋਟ - ਭਾਂਗੇਵਾਲਾ ਵਹਿਣ ਬੁੱਢੇ ਦਰਿਆ ਵਾਲਾ ਵਹਿਣ ਸੀ। ਬੇਸ਼ੱਕ ਇਸ ਧਾਰਨਾ ਉੱਤੇ ਕਈ ਸਵਾਲੀਆ ਨਿਸ਼ਾਨ ਹਨ। ਮੁਹੰਮਦ ਲਤੀਫ ਨੇ ‘ਪੰਜਾਬ ਦਾ ਇਤਿਹਾਸ (ਸੰਨ 1889)’ ਵਿੱਚ ਲਿਖਿਆ ਹੈ, “ਰੋਪੜ ਤੋਂ ਸਤਲੁਜ ਪੱਛਮ ਵੱਲ ਵਗਣਾ ਸ਼ੁਰੂ ਹੁੰਦਾ ਹੈ ਅਤੇ ਦੋ ਵਹਿਣਾਂ ਵਿੱਚ ਵੰਡਿਆ ਜਾਂਦਾ ਹੈ। ਸਤਲੁਜ ਅਤੇ ਲੁਧਿਆਣੇ ਵਿਚਕਾਰਲੇ ਨੀਵੇਂ ਰੇਤਲੇ ਇਲਾਕੇ (ਬੇਟ) ਦਾ ਨਾਲ਼ਾ (ਬੁੱਢਾ ਨਾਲ਼ਾ) ਅੱਜ ਤੋਂ ਪੰਜਾਹ ਸਾਲ ਪਹਿਲਾਂ ਦਰਿਆ ਦੀ ਤਹਿ ਹੁੰਦਾ ਸੀ। ਸਤਲੁਜ ਤਾਂ ਖ਼ਾਸ ਤੌਰ ਉੱਤੇ ਆਪਣਾ ਰਸਤਾ ਬਦਲਦਾ ਹੀ ਰਹਿੰਦਾ ਹੈ। ਪੰਜਾਬ ਦੇ ਬਹੁਤੇ ਦਰਿਆਵਾਂ ਦਾ ਸੁਭਾਅ ਇਹੀ ਹੈ ਕਿ ਉਹ ਆਪਣੇ ਪਾਣੀ ਹੇਠਲੇ ਰਸਤਿਆਂ ਨੂੰ ਮਾਰੂਥਲ ਬਣਾਉਂਦੇ ਰਹਿੰਦੇ ਹਨ। ਸਾਰੇ ਮੁਲਕ ਵਿੱਚ ਰੇਤ ਦੇ ਢਿਗਾਂ ਦੇ ਢਿਗ ਮਿਲਦੇ ਹਨ। ਜਿਹਦੇ ਤੋਂ ਇਸ਼ਾਰਾ ਮਿਲਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਇੱਥੇ ਦਰਿਆ ਵਗਦੇ ਸਨ। ਰਾਵੀ ਦਰਿਆ ਪੰਜਾਹ ਸਾਲਾਂ ਵਿੱਚ ਲਾਹੌਰ ਤੋਂ ਤਿੰਨ ਮੀਲ ਦੀ ਵਿੱਥ ਬਣਾ ਕੇ ਉੱਤਰ ਵੱਲ ਵਗਣ ਲੱਗ ਪਿਆ ਹੈ। ਸਤਲੁਜ ਨੇ ਲੁਧਿਆਣੇ ਤੋਂ ਸੱਤ ਮੀਲ ਦੀ ਵਿੱਥ ਬਣਾ ਲਈ ਹੈ।”

ਸਤਲੁਜ ਦੀ ਵਹਿਣ ਬਦਲੀ ਅਤੇ ਬੁੱਢੇ ਦਰਿਆ ਦੇ ਹੋਂਦ ਵਿੱਚ ਆਉਣ ਬਾਬਤ ਬਹੁਤੀ ਜਾਣਕਾਰੀ ਦਰਿਆ ਦੇ ਕੰਢੇ ਰਹਿਣ ਵਾਲੇ ਮੁਕਾਮੀ ਲੋਕਾਂ ਤੋਂ ਸੁਣੀਆਂ ਕਹਾਣੀਆਂ ਤੋਂ ਲਈ ਗਈ ਸੀ। ਲੁਧਿਆਣੇ ਜ਼ਿਲ੍ਹੇ ਦੀ ਸੈਟਲਮੈਂਟ ਰਪਟ, ਗਜ਼ਟੀਅਰ ਅਤੇ ਉਨੀਵੀਂ ਸਦੀ ਦੀਆਂ ਕਈ ਲਿਖਤਾਂ ਮੁਤਾਬਕ 1783 ਤੋਂ 1796 ਦੇ ਵਿਚਕਾਰ ਸਤਲੁਜ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਸਨ ਜਿਹਦੀ ਪੁਸ਼ਟੀ ਮੁਕਾਮੀ ਲੋਕਾਂ ਨੇ ਕੀਤੀ ਸੀ। 80 ਕਿਲੋਮੀਟਰ ਲੰਬਾ ਅਤੇ 8-9 ਕਿਲੋਮੀਟਰ ਚੌੜਾ ਇਲਾਕਾ ਜਿਹਨੂੰ ਹੁਣ ਬੇਟ ਕਹਿੰਦੇ ਹਨ, ਉਹ ਲੁਧਿਆਣੇ ਜ਼ਿਲ੍ਹੇ ਵਿੱਚ ਸ਼ਾਮਿਲ ਹੋ ਗਿਆ ਸੀ। ਇਹ ਪਹਿਲਾਂ ਜਲੰਧਰ-ਦੋਆਬ ਦਾ ਹਿੱਸਾ ਸੀ। ਉਸ ਵੇਲੇ ਇਹ ਮਿਸਲਦਾਰ ਤਾਰਾ ਸਿੰਘ ਗੈਬਾ ਦੇ ਕਬਜ਼ੇ ਹੇਠ ਸੀ ਜਿਹਦਾ ਮੁੱਖ ਅੱਡਾ ਰਾਹੋਂ ਸੀ।

1850 ਈਸਵੀ ਦੀ ਲਿਖਤ ‘ਸੈਰਿ-ਪੰਜਾਬ’ ਮੁਤਾਬਕ, ਵਹਿਣ ਬਦਲਣ ਕਰਕੇ ਜੋ ਨੀਵਾਣ ਪਿੱਛੇ ਬਚ ਗਈ ਉਹ ਥਾਂ ਬੁੱਢਾ ਦਰਿਆ ਵਗਣ ਲੱਗਿਆ। ਬੁੱਢੇ ਦਰਿਆ ਦੇ ਮੁਹਾਣ ਅਤੇ ਰਸਤੇ ਬਾਬਤ ਕਈ ਹਵਾਲੇ ਮਿਲਦੇ ਹਨ। ਕੋਈ ਇਹਨੂੰ ਸਤਲੁਜ ਵਿੱਚੋਂ ਨਿਕਲਣ ਵਾਲਾ ਵਹਿਣ ਕਹਿੰਦਾ ਹੈ। ਕਿਤਾਬ ‘ਸੈਰਿ-ਪੰਜਾਬ’ ਬੁੱਢੇ ਦਰਿਆ ਦੇ ਸੋਮਿਆਂ ਦੀ ਵੱਖਰੀ ਤਫ਼ਸੀਲ ਦਿੰਦੀ ਹੈ, “ਬੁੱਢੇ ਦਰਿਆ ਵਿੱਚ ਪਾਣੀ ਉਸ ਨਾਲ਼ੇ ਵਿੱਚੋਂ ਆਉਂਦਾ ਸੀ ਜੋ ਪਿੰਡ ਬੇਲਾ ਡਾਟਲ ਗਹਿੜਾ ਤੋਂ ਚਾਲੂ ਹੋ ਕੇ ਬਹਿਲੋਲਪੁਰ ਦੇ ਹੇਠਾਂ ਇਹਦੇ ਨਾਲ਼ ਮਿਲ ਜਾਂਦਾ ਸੀ।” ਬੇਲਾ ਕਸਬਾ ਚਮਕੌਰ ਸਾਹਿਬ ਦੇ ਕੋਲ ਹੈ। ਬੇਲਾ ਡਾਟਲ ਗਹਿੜਾ ਗਲਤੀ ਨਾਲ਼ ਲਿਖਿਆ ਲਗਦਾ ਹੈ। ਹੋ ਸਕਦਾ ਹੈ ਕਿ ਇਹ ਬੇਲੀ ਅਟਲਗੜ੍ਹ ਜਾਂ ਬੇਲਾ ਅਟਾਰੀ ਹੋਵੇ। ਇਹ ਦੋਵੇਂ ਪਿੰਡ ਸਤਲੁਜ ਦੇ ਕੰਢੇ ਅਤੇ ਬੇਲੇ ਦੇ ਨੇੜੇ ਹਨ। ਹੋ ਸਕਦਾ ਹੈ ਕਿ ਬੁੱਢੇ ਦਰਿਆ ਨੂੰ ਮਿਲਦਾ ਪਾਣੀ ਇਨ੍ਹਾਂ ਪਿੰਡਾਂ ਕੋਲੋਂ ਆਉਂਦਾ ਹੋਵੇ।
ਬੁੱਢੇ ਦਰਿਆ ਵਿੱਚ ਆਉਣ ਵਾਲੇ ਪਾਣੀ ਦੇ ਦੂਜੇ ਵਸੀਲੇ ਬਾਬਤ ਕਿਤਾਬ ਦੱਸਦੀ ਹੈ, “ਚਮਕੌਰ ਸਾਹਿਬ ਦੇ ਥੱਲੇ ਝੀਲ ਵਰਗੀ ਥਾਂ ਸੀ ਜਿਹਦੇ ਵਿੱਚੋਂ ਬਾਰਾਂ ਮਹੀਨੇ ਪਾਣੀ ਨਿਕਲਦਾ ਰਹਿੰਦਾ ਸੀ। ਇਸ ਝੀਲ ਦਾ ਪਾਣੀ ਵੀ ਬੁੱਢੇ ਦਰਿਆ ਵਿੱਚ ਪੈਂਦਾ ਸੀ। ਇਹ ਝੀਲ ਵਿੱਚ ਪਾਣੀ ਘੱਟ ਆਉਣ ਕਾਰਨ ਕਦੀ ਕਦੀ ਲੁਧਿਆਣੇ ਦੇ ਥੱਲੇ ਬੁੱਢਾ ਨਾਲ਼ੇ ਵਿੱਚ ਪਾਣੀ ਘਟ ਜਾਂਦਾ ਸੀ ਅਤੇ ਗੰਧਲਾ ਹੁੰਦਾ ਸੀ।”

ਪੰਜਾਬ ਦੀਆਂ ਕਈ ਛੋਟੀਆਂ ਨਦੀਆਂ ਜ਼ਮੀਨਦੋਜ਼ ਝਰਨਿਆਂ ਜਾਂ ਝੀਲਾਂ ਵਿੱਚੋਂ ਨਿਕਲਦੀਆਂ ਸਨ। ਦੁਆਬੇ ਦੀ ਮਸ਼ਹੂਰ ਨਦੀ ਕਾਲੀ ਬੇਂਈ ਧਨੋਆ ਪਿੰਡ ਕੋਲ ਜ਼ਮੀਨੀ ਪਾਣੀ ਦੇ ਝਰਨਿਆਂ ਵਿੱਚੋਂ ਨਿਕਲਦੀ ਹੈ। ਕੁਝ ਵਹਿਣ ਛੋਟੀਆਂ-ਵੱਡੀਆਂ ਝੀਲਾਂ ਵਿੱਚੋਂ ਨਿਕਲਦੇ ਸਨ ਜਾਂ ਇਨ੍ਹਾਂ ਝੀਲਾਂ ਵਿੱਚ ਸਮਾਅ ਜਾਂਦੇ ਸਨ। ਕਈ ਵਾਰ ਵਹਿਣ ਝੀਲ ਦੇ ਵਿੱਚ ਦਾiਖ਼ਲ ਹੁੰਦਾ ਸੀ ਅਤੇ ਦੁਬਾਰਾ ਨਿਕਲ ਕੇ ਅੱਗੇ ਵਗ ਤੁਰਦਾ ਸੀ। ਇਨ੍ਹਾਂ ਝੀਲਾਂ ਨੂੰ ਮੁਕਾਮੀ ਬੋਲੀ ਵਿੱਚ ਟੋਬੇ, ਛੱਪੜ ਜਾਂ ਤਲਾਬ ਆਖਿਆ ਜਾਂਦਾ ਹੈ। ਇਨ੍ਹਾਂ ਝੀਲ ਰੂਪੀ ਵਹਿਣਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਅਤੇ ਕੁਝ ਕੁ ਹੁਣ ਵੀ ਮੌਜੂਦ ਹੋਣਗੀਆਂ। ਮਾਲਵੇ ਵਿੱਚ ਅਜਿਹੀਆਂ ਕਈ ਝੀਲਾਂ ਮਸ਼ਹੂਰ ਰਹੀਆਂ ਹਨ। ਜਿਨ੍ਹਾਂ ਵਿੱਚ ਜਗਰਾਉਂ ਦੇ ਕੋਲ ਅਖਾੜਾ ਪਿੰਡ ਦੀ ਝੀਲ, ਮਲੋਟ ਝੀਲ ਅਤੇ ਫ਼ਾਜ਼ਿਲਕਾ ਦੀ ਬਾਧਾ ਝੀਲ (ਇਹ ਝੀਲ ਕੁਝ ਸਾਲ ਪਹਿਲਾਂ ਹੀ ਅਲੋਪ ਹੋਈ ਹੈ।)। ਸਤਲੁਜ ਦੀ ਦਿਸ਼ਾ ਤੋਂ ਆਉਂਦੀਆਂ ਨੈਵਾਲਾਂ ਜਾਂ ਵਹਿਣਾਂ ਦਾ ਪਾਣੀ ਵਗਦਾ ਹੋਇਆ ਇਨ੍ਹਾਂ ਝੀਲਾਂ ਵਿੱਚ ਫੈਲ ਜਾਂਦਾ ਸੀ। (‘ਨੈ’ ਦਾ ਅਰਥ ਨਦੀ, ਦਰਿਆ ਜਾਂ ਵਹਿਣ ਹੁੰਦਾ ਹੈ। ਦੱਖਣੀ ਪੰਜਾਬ ਅਤੇ ਉੱਤਰੀ ਰਾਜਸਥਾਨ ਵਿੱਚ ਨਾਲ਼ੀ ਸ਼ਬਦ ਵੀ ਵਰਤਿਆ ਜਾਂਦਾ ਹੈ। ਹਰੀਕੇ ਤੋਂ 12 ਮੀਲ ਹੇਠਾਂ ਮੁਕਾਮੀ ਲੋਕ ਸਤਲੁਜ ਅਤੇ ਬਿਆਸ ਦੀ ਸਾਂਝੀ ਧਾਰਾ ਨੂੰ ‘ਨੈ’ ਕਹਿੰਦੇ ਸਨ।)

ਸੈਰਿ-ਪੰਜਾਬ ਕਿਤਾਬ ਦੱਸਦੀ ਹੈ ਕਿ ਚਮਕੌਰ ਝੀਲ ਵਿੱਚ ਪਾਣੀ ਘਟਣ ਕਰਕੇ ਬੁੱਢੇ ਨਾਲ਼ੇ ਵਿੱਚ ਵੀ ਪਾਣੀ ਦੀ ਕਮੀ ਹੋ ਜਾਂਦੀ ਸੀ। ਇਹ ਝੀਲ ਲੁਧਿਆਣੇ ਸ਼ਹਿਰ ਦੇ ਲੋਕਾਂ ਲਈ ਪਾਣੀ ਦੀ ਥੁੜ੍ਹ ਦਾ ਸਬੱਬ ਬਣ ਜਾਂਦੀ ਸੀ। “ਪਾਣੀ ਦੀ ਥੁੜ੍ਹ ਕਾਰਨ ਸ਼ਹਿਰ ਅਤੇ ਛਾਉਣੀ ਦੇ ਵਸਨੀਕਾਂ ਨੂੰ ਤਕਲੀਫ ਰਹਿੰਦੀ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਰਜ ਕੈਂਪਬਲ ਨੇ ਲੋਕਾਂ ਦੀ ਸਹੂਲਤ ਲਈ ਜੁਗਤ ਬਣਾਈ ਕਿ ਸਤਲੁਜ ਵਿੱਚੋਂ ਨਹਿਰ ਕੱਢ ਕੇ ਇਹ ਨਾਲ਼ੇ (ਬੁੱਢੇ ਨਾਲ਼ੇ) ਵਿੱਚ ਸੁੱਟੀ ਜਾਵੇ। ਬਹੁਤ ਖੋਜ ਤੋਂ ਬਾਅਦ ਪਤਾ ਲੱਗਾ ਕਿ ਕੋਈ ਕਦੀਮੀ ਵਹਿਣ ਲੁਧਿਆਣੇ ਦੇ ਭਰਤਗੜ੍ਹ ਪਰਗਣੇ ਦੇ ਪਿੰਡ ਗੜ੍ਹੀ ਫ਼ਾਜ਼ਿਲ ਤੋਂ ਚਾਲੂ ਹੋ ਕੇ ਇਸ ਨਾਲ਼ੇ ਵਿੱਚ ਮਿਲਦਾ ਹੈ। ਉਸ ਨਾਲ਼ੇ ਤੋਂ ਸਤਲੁਜ ਸਿਰਫ਼ 500 ਗਜ਼ ਦੇ ਫ਼ਾਸਲੇ ਉੱਤੇ ਸੀ। ਉਸ 500 ਗਜ਼ ਵਿੱਚ ਨਹਿਰ ਖੋਦੀ ਗਈ ਅਤੇ ਨਹਿਰ ਰਾਹੀਂ ਸਤਲੁਜ ਦਾ ਪਾਣੀ ਨਾਲ਼ੇ ਵਿੱਚ ਪਾਇਆ ਗਿਆ। ਇਹਦੇ ਨਾਲ਼ ਲੁਧਿਆਣੇ ਕੋਲ ਬੁੱਢੇ ਨਾਲ਼ੇ ਵਿੱਚ ਵਾਹਵਾ ਪਾਣੀ ਹੋ ਗਿਆ ਅਤੇ ਲੋਕਾਂ ਨੂੰ ਚੰਗੀ ਸਹੂਲਤ ਹੋਈ। ਕੁਝ ਸਮੇਂ ਬਾਅਦ ਡਾਕਟਰਾਂ ਨੇ ਰਾਇ ਦਿੱਤੀ ਕਿ ਇਹਦੇ ਨਾਲ਼ ਬਿਮਾਰੀ ਫੈਲਣ ਦਾ ਡਰ ਹੈ। ਕਪਤਾਨ ਕੋਲਦਬਨੀ (ਡਿਪਟੀ ਕਮਿਸ਼ਨਰ) ਨੇ ਇਹਨੂੰ ਫਿਰ ਬੰਦ ਕਰਵਾ ਦਿੱਤਾ।”
ਉਨੀਵੀਂ ਸਦੀ ਦੀਆਂ ਲਿਖਤਾਂ ਮੁਤਾਬਕ ਮੁਕਾਮੀ ਲੋਕ ਬੁੱਢੇ ਦਰਿਆ ਦਾ ਪਾਣੀ ਪੀਣ ਲਈ ਵਰਤਦੇ ਸਨ। ਇਹ ਰੁਝਾਨ 1980ਵਿਆਂ ਤੱਕ ਜਾਰੀ ਰਿਹਾ ਹੈ। ਇਹਦਾ ਪਾਣੀ ਸਿੰਜਾਈ ਲਈ ਨਹੀਂ ਵਰਤਿਆ ਜਾਂਦਾ ਸੀ। ਲੋਕਾਂ ਦਾ ਵਹਿਮ ਸੀ ਕਿ ਇਹਦਾ ਪਾਣੀ ਸਿੰਜਾਈ ਦੇ ਕਾਬਿਲ ਨਹੀਂ ਹੈ।
*
Jatinder Mauhar is an independent filmmaker, writer and historian
Translation from Punjabi and Maps by Jasdeep Singh
Photographs by Jaskaran Singh and Tanny Kaler
ਹਵਾਲੇ:
ਸੀਐਫ਼ ਉਲਡਮ ਸੀਐਫ਼ ਉਲਡਮ, ਦਿ ਲੌਸਟ ਰਿਵਰ ਔਫ਼ ਇੰਡੀਅਨ ਡੈਜ਼ਰਟ, 1874, 1893
ਐਚਜੀ ਰੈਵਰਟੀ ਦਿ ਮਿਹਰਾਨ ਔਫ਼ ਸਿੰਧ, Journal Asiatic Society of Bengal Vol-61, 1892, pp.155-508.
ਮੁਹੰਮਦ ਲਤੀਫ਼: ਪੰਜਾਬ ਦਾ ਇਤਿਹਾਸ, ਪਹਿਲਾ ਹਿੱਸਾ Punjab Da Itihas (Pehla Hissa), 1889
ਅਮਲ ਕਾਰ ਦਾ ਖੋਜ ਪਰਚਾ
ਰਿਪੋਰਟ ਔਨ ਦਿ ਰੀਵਾਇਜ਼ਡ ਸੈਟਲਮੈਂਟ ਔਫ਼ ਦਿ ਡਿਸਟਰਿਕਟ ਲੁਧਿਆਣਾ, ਐਚ ਡੇਵਿਡਸਨ, Report on the revised settlement of the district of Ludhiana in the Cis-Sutlej- States, 1859
ਅਲੈਗਜ਼ੈਂਡਰ ਕਨਿੰਘਮ: ਦਿ ਏਂਸੀਅਟ ਜਿਉਗਰਾਫੀ The ancient geography of India, 1871
ਰਾਏ ਕਾਲੀ ਰਾਏ, ਮੁਨਸ਼ੀ ਤੁਲਸੀ ਰਾਮ: ਸੈਰਿ-ਪੰਜਾਬ,
ਫ਼ਿਰੋਜ਼ਪੁਰ ਜ਼ਿਲ੍ਹਾ ਗਜ਼ਟੀਅਰ,