ਰਾਜ ਕੁਮਾਰ ਸ਼ਰਮਾ, ਅੰਗੀਆਂ ਬਣਾਉਣ ਵਾਲਾ, ਅੰਮ੍ਰਿਤਸਰ

ਮੇਰੇ ਪਿਤਾ ਜੀ ਦਰਜੀ ਸਨ। ਜਦ ਅਸੀਂ ਵੱਡੇ ਹੋਏ ਮੇਰਾ ਭਰਾ ਅੰਗੀਆਂ ਦੇ ਨਮੂਨੇ ਬਣਾਉਣ ਲੱਗ ਗਿਆ। ਇਸ ਲਈ ਅਸੀਂ ਖਾਸ ਅੰਗੀਆਂ ਬਨਾਉਣ ਦਾ ਹੀ ਕੰਮ ਸ਼ੁਰੂ ਕਰ ਦਿੱਤਾ। ਓਹ ਬਹੁਤ ਕਲਾਤਮਿਕ ਸੀ, ਉਸਨੂੰ ਹਰ ਮਾਪ ਸਹੀ ਪਤਾ ਹੁੰਦਾ ਅਤੇ ਹਰ ਨਮੂਨਾ ਆਰਾਮਦਾਇਕ ਵੀ ਹੁੰਦਾ ਸੀ

ਮੇਰੇ ਪਿਤਾ ਜੀ ਦਰਜੀ ਸਨ। ਜਦ ਅਸੀਂ ਵੱਡੇ ਹੋਏ ਮੇਰਾ ਭਰਾ ਅੰਗੀਆਂ ਦੇ ਨਮੂਨੇ ਬਣਾਉਣ ਲੱਗ ਗਿਆ। ਇਸ ਲਈ ਅਸੀਂ ਖਾਸ ਅੰਗੀਆਂ ਬਨਾਉਣ ਦਾ ਹੀ ਕੰਮ ਸ਼ੁਰੂ ਕਰ ਦਿੱਤਾ। ਓਹ ਬਹੁਤ ਕਲਾਤਮਿਕ ਸੀ, ਉਸਨੂੰ ਹਰ ਮਾਪ ਸਹੀ ਪਤਾ ਹੁੰਦਾ ਅਤੇ ਹਰ ਨਮੂਨਾ ਆਰਾਮਦਾਇਕ ਵੀ ਹੁੰਦਾ ਸੀ। ਉਹਨਾਂ ਸਮਿਆਂ ਵਿੱਚ ਅਸੀਂ ਇਸ ਕੰਮ ਦੇ ਮਾਹਿਰਾਂ ਵਿਚੋਂ ਇੱਕ ਸਾਂ। ਮੇਰਾ ਭਰਾ ਜਿਸ ਨੂੰ ਕਦੇ ਤਾਪ ਨਹੀਂ ਸੀ ਚੜਿਆ, ਅਚਾਨਕ ਉਸਦੀ ਕੈਂਸਰ ਨਾਲ ਮੌਤ ਹੋ ਗਈ। ਉਸ ਦਿਨ ਤੋਂ ਮੈਂ ਇਕੱਲੇ ਨੇ ਹੀ ਸਭ ਸੰਭਾਲਿਆ ਹੈ।

//ਤੁਹਾਡੇ ਬੱਚਿਆਂ ਨੇ ਇਹ ਕੰਮ ਨਹੀਂ ਸੰਭਾਲਿਆ? //

ਬੱਚੇ? ਮੇਰੀ ਇੱਕ ਧੀ ਸੀ। ਮੇਰੀ ਘਰਵਾਲੀ ਉਸਨੂੰ ਜਨਮ ਦੇਣ ਤੋਂ ਤਿੰਨ ਮਹੀਨੇ ਬਾਅਦ ਹੀ ਗੁਜਰ ਗਈ ਸੀ। ਮੈਂ ਆਪਣੀ ਧੀ ਨੂੰ ਪੜ੍ਹਾਇਆ ਲਿਖਾਇਆ ਪਰ ਓਹ ਮਨ ਮਰਜੀ ਦੀ ਮਾਲਕ ਸੀ। ਇੱਕ ਦਿਨ ਓਹ ਘਰ ਆਈ ਅਤੇ ਖੁਦ ਤੇ ਪੈਟਰੋਲ ਉਲੱਦ ਕੇ ਅੱਗ ਲਗਾ ਲਈ, ਜਾਨਲੇਵਾ ਜਖਮਾਂ ਨਾਲ ਅਠਾਰਾਂ ਦਿਨ ਹਸਪਤਾਲ ਰਹਿ ਕੇ ਓਹ ਵੀ ਗੁਜਰ ਗਈ ਸੀ। ਅਸੀਂ ਆਪਣੇ ਬੱਚਿਆਂ ਨੂੰ ਝਿੜਕ ਨਹੀਂ ਸਕਦੇ, ਓਹ ਬਹੁਤ ਕੀਮਤੀ ਹੁੰਦੇ ਹਨ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮੈਂ ਉਸਨੂੰ ਇਸ ਲਈ ਗਵਾਇਆ ਕਿਉਂਕਿ ਉਸਦਾ ਕਿਸੇ ਆਸਪਾਸ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਟੁੱਟ ਗਿਆ ਸੀ।

ਮੇਰੀ ਘਰਵਾਲੀ ਮੇਰੀ ਧੀ ਤੋਂ ਪਹਿਲਾਂ ਵੀ ਗਰਭਵਤੀ ਸੀ, ਓਹ ਬੱਚਾ ਲੜਕਾ ਸੀ। ਜਣੇਪੇ ਵਾਲੇ ਦਿਨ ਅਸੀਂ ਹਸਪਤਾਲ ਗਏ, ਨਰਸ ਨੇ ਕਿਹਾ ਕੇ ਬੱਚਾ ਗਰਭ ਦੇ ਅੰਦਰ ਹੀ ਗੁਜਰ ਗਿਆ ਸੀ। ਅਸੀਂ ਦੇਖਣ ਦੀ ਮੰਗ ਕੀਤੀ ਤਾਂ ਉਸਨੇ ਨਾਂਹ ਕਰ ਦਿੱਤੀ, ਕਾਰਨ ਦਿਤਾ ਕਿ ਭਰੂਣ ਨੂੰ ਟੁਕੜੇ ਕਰਕੇ ਬਾਹਰ ਕੱਢਣਾ ਪਿਆ ਸੀ। ਮੈਨੂੰ ਇਸ ਗੱਲ ਦਾ ਭਰੋਸਾ ਨਹੀਂ ਹੈ। ਮੈਨੂੰ ਇਸ ਗੱਲ ਦਾ ਵੀ ਯਕੀਨ ਹੈ ਕਿ ਓਹਨੇ ਮੇਰਾ ਪੁੱਤਰ ਕਿਸੇ ਨੂੰ ਵੇਚ ਦਿੱਤਾ ਸੀ। ਓਹ ਹੁਣ 35-36 ਸਾਲ ਦਾ ਹੋ ਗਿਆ ਹੋਣਾ ਹੈ 'ਤੇ ਮੇਰੇ ਆਸਪਾਸ ਘੁੰਮਦਾ ਹੋਏਗਾ।

ਮੈਂ ਇਸ ਕੰਮ ਨੂੰ ਦਿਲ ਲਾਕੇ ਕੀਤਾ ਸੀ 'ਤੇ ਪੈਸਿਆਂ ਨਾਲ ਨੇੜੇ ਦੀ ਜਮੀਨ ਦਾ ਇੱਕ ਟੁਕੜਾ ਵੀ ਖਰੀਦਿਆ ਸੀ। ਓਹਨਾ ਦਿਨਾ ਵਿੱਚ ਮੈਂ ਆਪਣੇ ਛੋਟੇ ਭਰਾ ਨਾਲ ਸਾਡੇ ਪੁਸ਼ਤੈਨੀ ਘਰ ਵਿੱਚ ਰਹਿੰਦਾ ਸੀ। ਫੇਰ ਮੈਂ ਕੰਮ ਕਰਨਾ ਅਤੇ ਘਰ ਤੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਤਾਂ ਲੋਕਾਂ ਦੇ ਨਜਰੀਂ ਪੈਣੋ ਵੀ ਘਟ ਗਿਆ ਸੀ। ਮੇਰੇ ਭਾਈ ਨੇ ਮੈਨੂੰ ਮਰਿਆ ਕਰਾਰ ਕਰਕੇ ਮੇਰੀ ਜਮੀਨ ਵੇਚ ਦਿੱਤੀ, ਮੈਂ ਅੱਜ ਵੀ ਕੇਸ ਲੜ ਰਿਹਾ ਹਾਂ। ਕੇਸ ਮੇਰੇ ਪੱਖ ਵਿੱਚ ਹੈ, ਅਗਲੀ ਤਰੀਕ ਜੂਨ ਵਿੱਚ ਹੈ।

//ਅੱਜ-ਕੱਲ੍ਹ ਕੰਮ ਕਿਵੇਂ ਚੱਲ ਰਿਹਾ?//

ਜੇ ਕੰਮ ਨੰੂ ਦੇਖੀਏ ਤਾਂ ਮੇਰੇ ਪੁਰਾਣੇ ਗਾਹਕ ਅੱਜ ਵੀ ਮੇਰੇ ਕੋਲ ਆਉਂਦੇ ਹਨ। ਉਹਨਾਂ ਨੂੰ ਮੇਰੇ ਤੋਂ ਇਲਾਵਾ ਕੋਈ ਸੰਤੁਸ਼ਟ ਨਹੀਂ ਕਰ ਸਕਦਾ। ਭਾਵੇਂ ਉਹ ਦੂਰ-ਦੁਰਾਡੇ ਵੱਡੇ ਵੱਡੇ ਸ਼ਹਿਰਾਂ ‘ਚ ਜਾ ਵੱਸ ਗਏ ਹਨ ਪਰ ਉਹ ਅੱਜ ਵੀ ਮੈਨੂੰ ਫ਼ੋਨ ਲਾ ਕੇ 5-10 ਅੰਗੀਆਂ ਦਾ ਿੲਕੱਠਾ ਆਰਡਰ ਦਿੰਦੇ ਹਨ। ਪਰ ਹੁਣ ਮੈਂ ਕੰਮ ਕਾਫ਼ੀ ਘਟਾ ਦਿੱਤਾ ਹੈ। ਕੰਮ ਅਜੇ ਵੀ ਬਹੁਤ ਆਉਂਦਾ ਹੈ ਪਰ ਹੁਣ ਮੈਨੂੰ ਜ਼ਿੰਦਗੀ ਤੋਂ ਇੱਕ ਥਕਾਵਟ ਜਿਹੀ ਹੋ ਗਈ ਹੈ।

Story by: Gurdeep Dhaliwal

pa_INPunjabi