ਮਹਿੰਦਰ ਸਿੰਘ, ਮੋਚੀ, ਆਨੰਦਪੁਰ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ ਪਰ ਮੈਂ ਕੀਤੀ ਨਹੀਂ ਕਿਉਂਕਿ ਮੈਂ ਨੇੜੇ ਦੇ ਪਿੰਡ ਕਿਸੇ ਪਟਵਾਰੀ ਨੂੰ ਧੋਖਾਧੜੀ ਕਰਨ ਕਰਕੇ ਕੁੱਟ ਖਾਂਦੇ ਅਤੇ ਜਾਨੋਂ ਮਰਦੇ ਦੇਖਿਆ ਸੀ।

ਮੇਰੀ ਜਿੰਦਗੀ ਦਾ ਇੱਕ ਹੀ ਮੰਤਵ ਹੈ ਕਿ ਮੈ ਆਪਣੇ ਆਪ ਨੂੰ ਹਮੇਸ਼ਾਂ ਕਿਸੇ ਕਾਰਜ ਵਿੱਚ ਲਗਾਈ ਰੱਖਾਂ। ਮੈਨੂੰ ਵਿਹਲਾ ਬੈਠਿਆਂ ਥਕਾਵਟ ਹੁੰਦੀ ਹੈ, ਜੇਕਰ ਕੁਝ ਕਰਦਾ ਰਹਾਂ ਠੀਕ ਰਹਿੰਦਾ ਹਾਂ। ਚਾਲੀ ਸਾਲ ਪਹਿਲਾਂ ਇੱਕ ਹਾਦਸੇ ਸਦਕਾ ਮੇਰੇ ਗੋਡੇ ਕਮਜੋਰ ਹੋ ਗਏ ਸਨ ਅਤੇ ਹੁਣ ਮੈਥੋਂ ਬਹੁਤਾ ਕੰਮ ਨਹੀਂ ਹੁੰਦਾ ਕਿਉਂਕਿ ਮੈਂ ਜਮੀਨ ਉਪਰ ਨਹੀਂ ਬੈਠ ਸਕਦਾ। ਇਸੇ ਲਈ ਹੁਣ ਮੈਂ ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਕੱਪੜੇ ਦੀਆਂ ਟਾਕੀਆਂ ਅਤੇ ਕੇਨ ਦੇ ਟੁਕੜਿਆਂ ਨੂੰ ਵੱਟ ਚੜ੍ਹਾ ਕੇ ਰੱਸੀਆਂ ਬਣਾਉਂਦਾ ਹਾਂ ਅਤੇ ਲੋੜ ਵੰਦ ਲੋਕਾਂ ਨੂੰ ਦੇ ਦਿੰਦਾ ਹਾਂ।

ਮੈਂ ਆਯੂਰਵੇਦਿਕ ਦਵਾਈਆਂ ਵੀ ਬਣਾਉਂਦਾ ਹਾਂ। ਬਹੁਤ ਵਰ੍ਹੇ ਪਹਿਲਾਂ ਇਕ ਸ਼ਾਮ ਨੂੰ ਨੈਣਾਂ ਦੇਵੀ ਜਾਣ ਵਾਲੇ ਕੁਝ ਜੋਗੀ ਮੇਰੀ ਦੁਕਾਨ ਉਤੇ ਰੁਕੇ ਸਨ। ਹਨੇਰਾ ਹੋਣ ਵਾਲਾ ਸੀ ਤਾਂ ਮੈਂ ਉਹਨਾਂ ਨੂੰ ਆਪਣੇ ਘਰ ਰਾਤ ਕੱਟਣ ਦੀ ਪੇਸ਼ਕਸ਼ ਕੀਤੀ, ਉਹ ਸਾਰੀ ਰਾਤ ਜਾਗੇ ਅਤੇ ਮੰਤਰਾਂ ਦਾ ਜਾਪ ਕਰਦੇ ਰਹੇ ਸਨ। ਸਵੇਰ ਹੋ ਗਈ ਤਾਂ ਵੀ ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਉਨੀਦਰਾ ਨਹੀਂ ਦਿਸਿਆ ਸੀ। ਜਾਣ ਵੇਲੇ ਉਹਨਾਂ ਵਿੱਚੋ ਇੱਕ ਨੇ ਮੈਨੂੰ ਆਯੂਰਵੇਦਿਕ ਨੁਸਖਿਆਂ ਦੀ ਕਿਤਾਬ ਦਿੱਤੀ ਸੀ।

ਅੱਜ ਮੈਂ ਆਪਣੀ ਧੀ ਨਾਲ ਰਹਿੰਦਾ ਹਾਂ। ਮੇਰੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਉਹ ਕਿਸਮਤ ਵਾਲੇ ਹੁੰਦੇ ਹਨ ਜਿਹਨਾਂ ਦੇ ਬੱਚੇ ਵੱਡੇ ਹੋਕੇ ਮਾਪਿਆਂ ਦਾ ਸਤਿਕਾਰ ਕਰਦੇ ਹਨ। ਮੇਰਾ ਵੱਡਾ ਪੁੱਤਰ ਮੇਰੇ ਨਾਲ ਬੋਲਦਾ ਨਹੀਂ ਹੈ ਅਤੇ ਵਿਚਕਾਰ ਵਾਲਾ ਵੀ ਤਕਰੀਬਨ ਓਸੇ ਸੁਬਾਹ ਦਾ ਹੀ ਮਾਲਕ ਹੈ। ਸਭ ਤੋਂ ਛੋਟਾ ਪੁੱਤਰ ਜੋ ਮਨੋਂ ਸਭ ਤੋਂ ਨੇੜੇ ਸੀ ਇੱਕ ਵਰ੍ਹੇ ਪਹਿਲਾਂ ਗੁਜਰ ਗਿਆ ਸੀ। ਉਸਨੇ ਮੈਥੋਂ ਜੁੱਤੀਆਂ ਬਣਾਉਣ ਦਾ ਕੰਮ ਵੀ ਸਿੱਖਿਆ ਸੀ। ਬਾਅਦ ਵਿੱਚ ਉਹ ਕਾਨਟਰੈਕਟਰ ਬਣ ਗਿਆ ਸੀ ਅਤੇ ਉਸਨੇ ਦਿੱਲੀ ਆਪਣਾ ਘਰ ਵੀ ਬਣਾ ਲਿਆ ਸੀ।

ਹੁਣ ਤਾਂ ਮੈਂ ਸਵੇਰੇ ਦੋ ਵਜੇ ਉੱਠਦਾ ਹਾਂ, ਅਰਦਾਸ ਕਰਦਾ ਹਾਂ ਅਤੇ ਸਵੇਰ ਦੀ ਰੋਟੀ ਖਾਕੇ ਦੁਕਾਨ ਉਤੇ ਆ ਜਾਂਦਾ ਹਾਂ।ਸਾਰਾ ਦਿਨ ਇਥੇ ਬੈਠਕੇ ਰੱਸੀ ਵੱਟਦਾ ਹਾਂ। ਕਦੇ ਕੋਈ ਜੁਤੀ ਦਾ ਜੋੜਾ ਵਿਕ ਜਾਂਦਾ ਹੈ, ਕਦੇ ਕੋਈ ਮਿੱਤਰ ਲੰਘਦਾ ਹੋਇਆ ਅੰਦਰ ਆ ਜਾਂਦਾ ਹੈ ਅਤੇ ਅਸੀਂ ਚੰਗਿਆਂ ਵੇਲਿਆਂ ਦੀਆਂ ਗੱਲਾਂ ਕਰ ਲੈਂਦੇ ਹਾਂ।

ਮੈਂ ਤਾਂ ਇਹ ਹੀ ਸੁਨੇਹਾ ਦਿਆਂਗਾ ਕਿ ਚੰਗੇ ਬਣੋ ਅਤੇ ਹਮੇਸ਼ਾਂ ਕੋਈ ਕੰਮ ਕਰਦੇ ਰਹੋ।

Story by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading