ਮੈਂ ਇਹ ਕੰਮ 50 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਘਰਦੇ ਕੁਝ ਦਸਤਕਾਰੀ ਦਾ ਕੰਮ ਕਰਦੇ ਸੀ ਪਰ ਵਪਾਰ ਕੁਝ ਖਾਸ ਨਹੀਂ ਸੀ ਤੇ ਕੰਮ ਮਸਾਂ ਹੀ ਤੁਰਦਾ ਸੀ। ਉਹਨਾਂ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਅਤੇ ਪੜ੍ਹਦੇ ਹੋਏ ਹੀ ਘੜੀਸਾਜ਼ੀ ਵਿੱਚ ਮੇਰੀ ਦਿਲਚਸਪੀ ਹੋਈ। ਮੈਂ ਇੱਥੇ ਪਟਿਆਲਾ ਵਿੱਚ ਹੀ ਵਰਮਾ ਵੌਚ ਕੰਪਨੀ ਵਿਖੇ ਇਹ ਕੰਮ ਸਿੱਖਿਆ ਅਤੇ ਫਿਰ ਆਪਣੀ ਦੁਕਾਨ ਕਰ ਲਈ। ਪਹਿਲਾਂ ਬਹੁਤ ਕੰਮ ਹੁੰਦਾ ਸੀ। ਸਾਨੂੰ ਸੋਚਣਾ ਪੈਂਦਾ ਸੀ ਕਿ ਦੁਕਾਨ ਤੋਂ ਬਾਹਰ ਕੱਦ ਜਾਈਏ। ਮੇਰੇ ਥੱਲੇ 3 ਬੰਦੇ ਕੰਮ ਕਰਦੇ ਸੀ ਤੇ ਫਿਰ ਵੀ ਕੋਈ ਵਿਹਲ ਨਹੀਂ ਸੀ। ਪਰ ਹੁਣ ਤਾਂ ਮੈਂ ਬੱਸ ਆਪਣੀ ਸੰਤੁਸ਼ਟੀ ਲਈ ਇੱਥੇ ਬੈਠਦਾਂ, ਮੈਂ ਇੱਥੇ ਪੈਸੇ ਕਮਾਉਣ ਲਈ ਨਹੀਂ ਆਉਂਦਾ। ਅਸਲ ਵਿੱਚ ਕੋਈ ਕੰਮ ਨਹੀਂ ਹੈ, ਘਰੇ ਬੈਠਦਿਆਂ ਮਨ ਉਦਾਸ ਹੁੰਦਾ ਹੈ। ਘਰੇ ਕੋਈ ਦਿੱਕਤ ਨਹੀਂ ਹੈ ਬੱਸ ਇੱਥੇ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜਾਂ ਕਦੇ ਕੋਈ ਪੁਰਾਣਾ ਮਿੱਤਰ ਆ ਜਾਂਦਾ ਹੈ। ਜਿਵੇਂ ਅੱਜ ਤੁਸੀਂ ਆ ਗਏ। ਹੁਣ ਮੋਬਾਈਲ ਫੋਨ ਉੱਤੇ ਵੀ ਟਾਈਮ ਆ ਗਿਆ ਹੈ, ਬਾਕੀ ਸਾਰੇ ਘੜੀਸਾਜ਼ਾਂ ਨੇ ਇਹ ਕੰਮ ਛੱਡ ਦਿੱਤਾ ਹੈ ਅਤੇ ਹੋਰ ਕੰਮ ਸ਼ੁਰੂ ਕਰ ਲਏ ਹਨ।
ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਈ, ਕੋਈ ਕੰਮ ਸਿੱਖਣ ਵਿੱਚ ਉਹਨਾਂ ਦੀ ਮਦਦ ਕੀਤੀ ਕਿਉਂਕਿ ਪੜ੍ਹਾਈ ਵਾਂਗੂੰ ਕੋਈ ਤੁਹਾਡਾ ਹੁਨਰ ਅਤੇ ਸਿਰਜਣਾਤਮਕਤਾ ਨਹੀਂ ਖੋਹ ਸਕਦਾ। ਉਹਨਾਂ ਨੇ ਇੱਕ ਮਕੈਨਿਕ ਕੋਲੋਂ ਕੰਮ ਸਿੱਖਿਆ। ਇੱਕ ਫਰਿੱਜ ਮਕੈਨਿਕ ਹੈ ਤੇ ਦੂਜਾ ਵਿਆਹਾਂ ਸ਼ਾਦੀਆਂ ਲਈ ਕਾਰਡ ਬਣਾਉਂਦਾ ਹੈ। ਉਹ ਖੁਸ਼ ਹਨ ਤੇ ਮੇਰਾ ਖ਼ਿਆਲ ਰੱਖਦੇ ਹਨ, ਇਹਦੇ ਤੋਂ ਵਧੀਆ ਕੀ ਹੋ ਸਕਦਾ ਹੈ? ਮੇਰੀ ਉਮਰ ਨਹੀਂ ਹੈ ਕੰਮ ਕਰਨ ਦੀ, ਮੈਂ ਆਪਣੀ ਮਰਜ਼ੀ ਨਾਲ ਇੱਥੇ ਬੈਠਦਾ ਹਾਂ। ਮੈਂ ਦਿਲ ਦਾ ਮਰੀਜ਼ ਹਾਂ ਅਤੇ ਮੇਰੀ ਕੁਝ ਵਾਰ ਸਰਜਰੀ ਹੋ ਚੁੱਕੀ ਹੈ ਪਰ ਮੇਰੇ ਕੋਲ ਜੋ ਕੁਝ ਵੀ ਹੈ, ਮੈਂ ਖੁਸ਼ ਹਾਂ ਕਿਉਂਕਿ ਸਭ ਰੱਬ ਦੇ ਹੱਥ ਵਿੱਚ ਹੈ। ਮੈਂ ਤਾਂ ਬੱਸ ਇੱਥੇ ਆਪਣਾ ਕੰਮ ਕਰ ਰਿਹਾ ਹਾਂ।
ਜਿਵੇਂ ਗੁਰਬਾਣੀ ਵਿੱਚ ਕਬੀਰ ਜੀ ਨੇ ਲਿਖਿਆ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।
ਹਾਥ ਪਾਉ ਕਰ ਕਾਮੁ ਚੀਤ ਨਿਰੰਜਨ ਨਾਲਿ।
ਮੈਂ ਅਾਪਣੇ ਅਾਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੇ ਮਾਤਾ ਪਿਤਾ ਨੇ ਮੇਰਾ ਗੀਤਾ ਅਤੇ ਗੁਰਬਾਣੀ ਦੋਨਾਂ ਨਾਲ ਤਅਾਰੁਫ਼ ਕਰਵਾਇਆ। ਇਹ ਦੋਨੋਂ ਗ੍ਰੰਥ ਮੇਰੀ ਜਿੰਦਗੀ ਦਾ ਬਹੁਤ ਵੱਡਾ ਪ੍ਰੇਰਨਾ ਸਰੋਤ ਰਹੇ ਹਨ। ਪਰਮਾਤਮਾ ਨੂੰ ਹੇਮਸ਼ਾ ਯਾਦ ਰੱਖੋ ਕਿਉਂਕਿ ਉਹ ਹਮੇਸ਼ਾ ਤੁਹਾਡੇ ਨਾਲ ਹੈ ਅਤੇ ਹੱਥਾਂ-ਪੈਰਾਂ ਨਾਲ ਉਸ ਵੱਲੋਂ ਦਿੱਤਾ ਕੰਮ ਕਰਦੇ ਰਹੋ ਅਤੇ ਮੌਜ਼ਾਂ ਲੁੱਟੀ ਜਾਓ।
Story by: Satdeep Gill