ਸੰਜੀਵ ਕੁਮਾਰ, ਸਿਲਾਈ ਮਸ਼ੀਨ ਬਨਾਉਣ ਵਾਲਾ, ਲੱਕੜ ਬਾਜ਼ਾਰ, ਲੁਧਿਆਣਾ

ਮੰਮੀ ਸਾਡੀ ਮਰ ਗਈ ਜਦੋਂ ਅਸੀਂ ਛੋਟੀ ਉਮਰ ਦੇ ਸੀ। ਡੈਡੀ ਸਾਡੇ ਨੇ ਪਹਿਲਾਂ ਮਿਹਨਤ ਕੀਤੀ ਹੋਣੀ, ਪਰ ਮਾਤਾ ਦੇ ਗੁਜ਼ਰਨ ਤੋਂ ਬਾਅਦ ਉਹਨੇ ਬਨਾਉਣ ਦੀ ਥਾਂ ਖਰਾਬ ਹੀ ਕੀਤਾ, ਦਾਰੂ ਬਹੁਤ ਪੀਣ ਲੱਗ ਪਿਆ ਸੀ। ਵੱਡੀ ਭੈਣ ਦਾ ਵਿਆਹ ਕੀਤਾ, ਖਰਚਾ ਚਲਾਉਣ ਵਾਸਤੇ ਮਕਾਨ ਵੇਚਤਾ। ਉਹ ਵੇਚ ਕੇ ਛੋਟਾ ਮਕਾਨ ਖ਼ਰੀਦ ਲਿਆ, ਥੋੜੇ ਪੈਸਿਆਂ ‘ਚ

ਮੰਮੀ ਸਾਡੀ ਮਰ ਗਈ ਜਦੋਂ ਅਸੀਂ ਛੋਟੀ ਉਮਰ ਦੇ ਸੀ। ਡੈਡੀ ਸਾਡੇ ਨੇ ਪਹਿਲਾਂ ਮਿਹਨਤ ਕੀਤੀ ਹੋਣੀ, ਪਰ ਮਾਤਾ ਦੇ ਗੁਜ਼ਰਨ ਤੋਂ ਬਾਅਦ ਉਹਨੇ ਬਨਾਉਣ ਦੀ ਥਾਂ ਖਰਾਬ ਹੀ ਕੀਤਾ, ਦਾਰੂ ਬਹੁਤ ਪੀਣ ਲੱਗ ਪਿਆ ਸੀ। ਵੱਡੀ ਭੈਣ ਦਾ ਵਿਆਹ ਕੀਤਾ, ਖਰਚਾ ਚਲਾਉਣ ਵਾਸਤੇ ਮਕਾਨ ਵੇਚਤਾ। ਉਹ ਵੇਚ ਕੇ ਛੋਟਾ ਮਕਾਨ ਖ਼ਰੀਦ ਲਿਆ, ਥੋੜੇ ਪੈਸਿਆਂ ‘ਚ। ਉਹਦੀਆਂ ਵੀ ਪਹਿਲਾਂ ਤਾਂ ਕੰਧਾਂ ਲਾਹ ਕੇ ਵੇਚਤੀਆਂ। ਉਹ ਮਕਾਨ ਦੀ ਰਜਿਸਟਰੀ ਇਹਨੇ ਅਜੇ ਕਰਾਉਣੀ ਸੀ, ਉਹਦੇ ਲਈ ਵੀ ਪੈਸੇ ਇਹਦੇ ਕੋਲ ਹੈਨੀ ਸੀ, ਫੇਰ ਉਹ ਮਕਾਨ ਵੀ ਵੇਚਤਾ ‘ਤੇ ਅਸੀਂ ਕਿਰਾਏ ਤੇ ਆ ਗਏ। ਫੇਰ ਡੈਡੀ ਮੇਰੇ ਨੇ ਮੇਰੀ ਛੋਟੀ ਭੈਣ ਦਾ ਵਿਆਹ ਕਰਤਾ, ਫਿਲੌਰ। ਵਿਆਹ ਬਦਲੇ ਡੈਡੀ ਨੇ ਉਹਨਾਂ ਕੋਲੋਂ 5000 ਰੁਪਿਆ ਲਿਆ, ਮਤਲਬ ਮੁੱਲ ਈ ਦੇ ਤੀ। ਜੀਜਾ ਸਾਡਾ ਕਿਸਮਤ ਨਾਲ ਬਹੁਤ ਚੰਗਾ ਸੀ। ਬਾਪੂ ਹੋਣਾ ਨੇ ਪੈਸੇ ਲੈ ਕੇ ਉਹਦੀ ਦਾਰੂ-ਦੂਰੂ ਪੀਲੀ। ਘਰੇ ਹਲਾਤ ਹੋਰ ਵਿਗੜ ਗਏ, ਛੋਟੇ ਭਾਈ ਨੂੰ ਵੱਡੀ ਭੈਣ ਕੋਲ ਭੇਜਤਾ। ਮੈਂ ਤੇ ਡੈਡੀ ਇਕੱਲੇ ਰਹਿ ਗਏ।

ਉਸਤੋਂ ਬਾਅਦ ਨਾ ਤਾਂ ਕੋਈ ਸਮਝਾਉਣ ਵਾਲਾ, ਨਾ ਕੋਈ ਦੇਖਣ ਵਾਲਾ। ਨਾ ਰੋਟੀ ਆਵੇ, ਨਾ ਕੁਝ ਪਤਾ ਲੱਗੇ, ਮੈਂ ਤਾਂ ਤਿੰਨ ਦਿਨ ਭੁੱਖਾ ਵੀ ਰਿਹਾ। ਰੋਟੀ ਬਨਾਉਣੀ ਨਾ ਆਵੇ, ਛੋਟਾ ਸੀ ਮੈਂ, ਅੱਠ ਕੁ ਸਾਲ ਦਾ ਸੀ। ਮੈਂ ਘਰੇ ਬੈਠਾ ਰੋਵਾਂ, ਡੈਡੀ ਮੇਰਾ ਦਾਰੂ ਪੀ ਕੇ ਕਿਤੇ ਡਿੱਗਿਆ ਹੋਇਆ ਸੀ। ਜਦੋਂ ਗੁਆਂਢੀਆਂ ਨੇ ਦੇਖਿਆ ਤਾਂ ਉਹਨਾਂ ਨੇ ਮੈਨੂੰ ਰੋਟੀ ਖਵਾਈ। ਓਥੇ ਵੀ ਹੌਲੀ-ਹੌਲੀ ਕਿਰਾਇਆ ਸਿਰ ਚੜ ਗਿਆ, ਉਹਨਾਂ ਨੇ ਸਾਡਾ ਸਾਮਾਨ ਰੱਖ ਲਿਆ ‘ਤੇ ਸਾਨੂੰ ਬਾਹਰ ਕੱਢਤਾ। ਉਸਤੋਂ ਬਾਅਦ ਤਾਂ ਕੁਝ ਵੀ ਨੀ ਰਿਹਾ ਸਾਡੇ ਕੋਲ, ਸੜਕ ਤੇ ਰਹੇ ਅਸੀਂ ਜਾ ਕੇ। ਨਾ ਮਾਮੇ, ਨਾ ਮਾਸੀਆਂ, ਨਾ ਤਾਈਆਂ, ਨਾ ਚਾਚੀਆਂ, ਕਿਸੇ ਨੇ ਨਹੀਂ ਪੁੱਛਿਆ।

ਉਮਰ ਕੱਟਦੀ ਰਹੀ, ਡੈਡੀ ਨਾਲ਼ ਮਸ਼ੀਨਾਂ ਦੀਆਂ ਲੱਠਾਂ ਪਾਉਣੀਆਂ ਦੁਪਹਿਰ ਤੱਕ। ਦੁਪਹਿਰ ਨੂੰ ਡੈਡੀ ਨੇ ਕਹਿਣਾ ਡੰਡੀ ਸੁਆਮੀ ਜਾ ਕੇ ਮੰਗਤਿਆਂ ‘ਚ ਬਹਿ ਕੇ ਰੋਟੀ ਖਾ ਕੇ ਆ। ਮੈਂ ਰੋਟੀ ਖਾ ਕੇ ਵਾਪਿਸ ਆਉਣਾ, ਤੇ ਫੇਰ ਸਾਰਾ ਦਿਨ ਕੰਮ ਕਰਨਾ ਉਥੇ ਜਾ ਕੇ। ਰਾਤ ਨੂੰ ਜੇ ਰੋਟੀ ਖਵਾਤੀ ਠੀਕ ਆ ਨਹੀਂ ਐਦਾਂ ਈ ਸੌਂ ਜਾਣਾ। ਡੈਡੀ ਨੇ ਜਿੰਨੇ ਕਮਾਉਣੇ ਸਾਰੇ ਦਾਰੂ ‘ਤੇ ਲਾ ਦੇਣੇ, ਸਾਨੂੰ ਤਾਂ ਕੁਝ ਦਿੰਦੇ ਨਹੀਂ ਸੀ।

ਮੈਂ ਅੱਠ ਸਾਲ ਦਾ ਸੀ ਜਦੋਂ ਮਸ਼ੀਨਾਂ ਦਾ ਕੰਮ ਸਿੱਖਦਾ ਸੀ। ਕੰਮ ਕਰਦੇ ਕਰਦੇ ਵੱਡੇ ਹੋ ਗਏ, 10 ਕੁ ਸਾਲ ਮੈਂ ਡੈਡੀ ਨਾਲ ਕੰਮ ਕੀਤਾ। 15-16 ਸਾਲ ਦਾ ਹੋ ਗਿਆ। ਡੈਡੀ ਨਾਲੋਂ ਅੱਡ ਹੋ ਕੇ ਮੈਂ ਬਾਜ਼ਾਰ ਲੱਗ ਗਿਆ ਕੰਮ ਤੇ। ਇੱਕ ਰਾਤ ਮੈਂ ਸੁੱਤਾ ਪਿਆ ਸੀ ‘ਤੇ ਛੋਟੇ ਦੀ ਰੋਣ ਦੀ ਆਵਾਜ਼ ਆਉਣ ਲੱਗ ਪਈ। ਜਦੋਂ ਮੈਂ ਜਾ ਕੇ ਦੇਖ਼ਿਆ ਤਾਂ ਭਰਾ ਦੇ ਹੱਥ ‘ਚੋਂ ਪਾਣੀ ਵਾਂਗੂੰ ਖੂਨ ਵਗ ਰਿਹਾ ਸੀ। ਡੈਡੀ ਨੇ ਉਹਦੇ ਇੱਟ ਮਾਰੀ ਸੀ। ਉਸ ਦਿਨ ਅਸੀਂ ਪਹਿਲੀ ਵਾਰੀ ਡੈਡੀ ਨੂੰ ਕੁੱਟਿਆ। ਮੈਂ ਕਿਹਾ ‘ਤੂੰ ਸਾਡਾ ਸਭ ਕੁਝ ਖ਼ਤਮ ਕਰਤਾ, ਸਾਨੂੰ ਸਭ ਨੂੰ ਐਨਾ ਮਾਰਿਆ, ਤੂੰ ਤਾਂ ਸੁਧਰਦਾ ਈ ਨੀ ਹੈਗਾ।”

ਉਸਤੋਂ ਬਾਅਦ ਅਸੀਂ ਦੋਨਾਂ ਭਰਾਵਾਂ ਨੇ ਇੱਕ ਦਰੀ, ਤੇ ਇੱਕ ਖੇਸੀ ਚੱਕੀ ਤੇ ਉਹਦੇ ਨਾਲੋਂ ਅਲੱਗ ਹੋਗੇ। ਮੈਂ ਕਿਹਾ ਡੈਡੀ ਅਸੀਂ ਆਪਣੀ ਕਮਾਵਾਂਗੇ ਖਾਵਾਂਗੇ, ਤੂੰ ਆਪਣਾ ਦੇਖ। ਫੇਰ ਅਸੀਂ 300 ਰੁਪਏ ਤੇ ਚੰਦਨ ਨਗਰ ‘ਚ ਕਮਰਾ ਕਿਰਾਏ ਤੇ ਲਿਆ। ਦੋਨੇ ਭਰਾਵਾਂ ਨੇ ਰਲ ਕੇ ਖ਼ਰਚਾ ਚਲਾਇਆ ਫੇਰ। ਉਹ ਮਸ਼ੀਨਾਂ ਦੇ ਸਪੇਅਰ ਪਾਰਟ ਵਾਲੀ ਦੁਕਾਨ ‘ਤੇ ਲੱਗ ਗਿਆ ਸੀ ‘ਤੇ ਮੈਂ ਮਸ਼ੀਨਾਂ ਬਨਾਉਣ ਵਾਲੇ ਕਾਰਖਾਨੇ ‘ਚ। ਅਸੀਂ ਮਿਲ ਕੇ 2500 ਕੁ ਕਮਾ ਲੈਂਦੇ ਸੀ। ਸਾਡੀਆਂ ਭੈਣਾਂ ਨੇ ਵੀ ਬਹੁਤ ਮਦਦ ਕੀਤੀ। ਅੱਡ ਹੋਣ ਤੋਂ ਬਾਅਦ ਡੈਡੀ ਸਾਡੀਆਂ ਮਿੰਨਤਾਂ ਕਰਨ ਲੱਗ ਪਿਆ, ਪੁੱਤ ਨੂੰ ਤਾਂ ਤਰਸ ਆਉਣਾ ਈ ਆ ਹੁਣ। ਛੋਟਾ ਭਰਾ ਫੇਰ ਵੱਡੀ ਭੈਣ ਕੋਲ ਚਲਾ ਗਿਆ ‘ਤੇ ਮੈਂ ਡੈਡੀ ਨਾਲ਼ ਫੇਰ ਇਕੱਲਾ।

ਜਦੋਂ ਵੱਡੇ ਹੋਏ ਤਾਂ ਲੜਾਈਆਂ ‘ਚ ਬਹੁਤ ਪਏ, ਕਮਾ ਕੇ ਯਾਰ ਦੋਸਤਾਂ ਨੂੰ ਖਵਾ ਦੇਣੇ, ਜੋੜਿਆ ਕੁਝ ਨੀ। ਕੋਈ ਹੈਨੀ ਸੀ ਸਮਝਾਉਣ ਵਾਲਾ। ਸਾਰਾ ਦਿਨ ਖੇਡੀ ਜਾਣਾ, ਬਚਪਨ ‘ਚ ਤਾਂ ਕਦੇ ਖੇਡੇ ਈ ਨੀ। ਮੈਂ ਤਾਂ ਹੁਣ ਵੀ ਖੇਡਣ ਜਾਨਾਂ। ਭਰਾ ਡਰਾਈਵਰੀ ਦਾ ਕੰਮ ਕਰਦਾ ਸੀ, ਉਹਨੇ ਵਾਪਿਸ ਆ ਕੇ ਘਰ ਲੈ ਲਿਆ। 50 ਗਜ਼ ਪਲਾਟ ਮੇਰੇ ਨਾਂ ਲਾਤੀ, 98 ‘ਚ ਮੇਰਾ ਵਿਆਹ ਕਰਵਾਤਾ। ਜਦੋਂ ਬੱਚੇ ਹੋ ਗਏ ਤਾਂ ਕੰਮ ਵਧਾ ਦਿੱਤਾ ਮੈਂ।

ਕੰਮ ਕਰਦੇ-ਕਰਦੇ ਜਦੋਂ ਜਾਣਕਾਰੀ ਜਿਆਦਾ ਹੋ ਗਈ ਤਾਂ ਆਪਣਾ ਕੰਮ ਖ਼ੋਲ ਲਿਆ ਮੈਂ। ਕਾਫ਼ੀ ਅੱਛਾ ਮਿਸਤਰੀ ਬਣ ਗਿਆ। ਆਹ ਜਿੰਨੇ ਬੰਦੇ ਲੱਗੇ ਆ, ਸਾਰੇ ਮੇਰੇ ਚੇਲੇ ਈ ਆ। ਉਸਤੋਂ ਬਾਅਦ ਬਾਜ਼ਾਰ ‘ਚ ਮਸ਼ੀਨਾਂ ਬਣਾਉਣੀਆਂ ਸ਼ੁਰੂ ਕਰਤੀਆਂ। ਹੌਲੀ ਹੌਲੀ ਮੈਂ ਆਪਣੀ ਮਸ਼ੀਨ ਬਣਾਤੀ, ਬਾਹਰ ਦੇਣ ਚਲੇ ਗਏ ਕਿਸੇ ਨੂੰ, ਉਥੇ ਜਦ ਦਿੱਤੀ ਤਾਂ ਮੇਰੀ ਮਸ਼ੀਨ ਪਾਸ ਹੋ ਗਈ। ਮੈਂਨੂੰ ਆਡਰ ਮਿਲਣੇ ਸ਼ੁਰੂ ਹੋ ਗਏ, ਰਾਜਸਥਾਨ, ਐੱਮ.ਪੀ, ਮਹਾਰਾਸ਼ਟਰ ਤੋਂ ਆਰਡਰ ਆਉਣ ਲੱਗ ਪਏ। ਮੈਂ ਸੰਜੀਵ ਇੰਡਸਟਰੀ ਫਰਮ ਸ਼ੁਰੂ ਕਰ ਲਈ। ਰੈਲਿਕ, ਜੂਪੀਟਰ ਅਤੇ ਬਾਲਕ, ਇਹ ਤਿੰਨ ਨਾਵਾਂ ਦੀਆਂ ਮਸ਼ੀਨਾਂ ਮੈਂ ਤਿਆਰ ਕਰਦਾਂ। 2011 ‘ਚ ਮੈਂ ਇਹ ਨਾਂ ਰਜਿਸ਼ਟਰ ਕਰਵਾਏ

ਹੌਲੀ-ਹੌਲੀ ਆਪਾਂ ਉਪਰ ਉੱਠਣਾ ਸ਼ੁਰੂ ਹੋ ਗਏ। ਬੱਚੇ ਮੇਰੇ ਪੜ੍ਹਦੇ ਆ, ਮੇਰਾ ਅਨਪੜ ਹੋਣ ਕਰਕੇ ਬਹੁਤ ਨੁਕਸਾਨ ਹੋਇਆ, ਬਹੁਤ ਲੋਕਾਂ ਨੇ ਪੈਸੇ ਦੱਬੇ। ਮੈਂਨੂੰ ਤਾਂ ਬੱਸ ਆਪਣਾ ਨਾਮ ਪਾਉਣਾ ਆਉਂਦਾ, ਉਹ ਵੀ ਹਿੰਦੀ ‘ਚ। ਹੁਣ ਮੁੰਡਾ ਵੱਡਾ ਹੋ ਗਿਆ ਤਾਂ ਉਹ ਨਾਲ ਸਾਰਾ ਸਾਹਬ ਕਿਤਾਬ ਦੇਖਦਾ ਤੇ ਏਸੇ ਕੰਮ ਨੂੰ ਅੱਗੇ ਵਧਾਉਣ ਚਾਹੁੰਦਾ। ਅਸੀਂ ਦੋਨਾਂ ਭਰਾਵਾਂ ਨੇ ਕਦੇ ਨਸ਼ਾ ਨਹੀਂ ਕੀਤਾ। ਮੇਰੀ ਖੁਸ਼ਕਿਸਮਤੀ ਆ ਕਿ ਮੈਂਨੂੰ ਦੋਸਤ ਬਹੁਤ ਵਧੀਆ ਮਿਲੇ ਆ।

Story and Photographs by: Gurdeep Dhaliwal

English Text: Jasdeep Singh

pa_INPunjabi