‘ਮਹਾਪੁਰਸ਼ੋ! ਹੁਣ ਤਾਂ ਰਹਿਮ ਕਰਕੇ ਪਾਸੇ ਹੋ ਜਾਓ!’

‘ਮਹਾਪੁਰਸ਼ੋ! ਹੁਣ ਤਾਂ ਰਹਿਮ ਕਰਕੇ ਪਾਸੇ ਹੋ ਜਾਓ!’

ਸਾਨੂੰ ਸਰਕਾਰ ਦੀ ਜ਼ਰੂਰਤ ਹੈ। ਹੁਣੇ। ਇਸੇ ਵਕਤ। ਸਰਕਾਰ ਜੋ ਸਾਡੇ ਕੋਲ ਨਹੀਂ ਹੈ। ਸਾਡੇ ਸਵਾਸ ਮੁੱਕਦੇ ਜਾ ਰਹੇ ਹਨ। ਅਸੀਂ ਮਰ ਰਹੇ ਹਾਂ। ਸਾਡੇ ਕੋਲ ਇਹ ਜਾਨਣ ਦੀ ਕੋਈ ਵਿਵਸਥਾ ਨਹੀਂ ਹੈ ਕਿ ਜੋ ਵੀ ਸਹਾਇਤਾ ਮਿਲ ਰਹੀ ਹੈ ਉਸ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ।

ਕੀ ਕੀਤਾ ਜਾ ਸਕਦਾ ਹੈ? ਹੁਣ, ਇਸ ਵਕਤ?

ਅਸੀਂ 2024 ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਮੇਰੇ ਵਰਗਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਦਿਨ ਐਸਾ ਆਵੇਗਾ ਜਦੋਂ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਫ਼ਰਿਆਦ ਕਰਨੀ ਪਵੇਗੀ। ਨਿੱਜੀ ਤੌਰ ’ਤੇ ਮੈਂ ਅਜਿਹੀ ਫ਼ਰਿਆਦ ਕਰਨ ਨਾਲੋਂ ਜੇਲ ਜਾਣਾ ਪਸੰਦ ਕਰਦੀ। ਪਰ ਅੱਜ, ਜਦੋਂ ਅਸੀਂ ਆਪਣੇ ਘਰਾਂ, ਗਲੀਆਂ, ਹਸਪਤਾਲਾਂ ’ਚ ਖੜ੍ਹੀਆਂ ਗੱਡੀਆਂ, ਵੱਡੇ ਸ਼ਹਿਰਾਂ, ਛੋਟੇ ਕਸਬਿਆਂ, ਪਿੰਡਾਂ, ਜੰਗਲਾਂ, ਖੇਤਾਂ ਵਿਚ ਮਰ ਰਹੇ ਹਾਂ – ਜਿੱਥੇ ਵੀ ਅਸੀਂ ਮਰ ਰਹੇ ਹਾਂ, ਮੈਂ ਆਪਣੇ ਸਵੈਮਾਣ ਨੂੰ ਤਿਆਗ ਕੇ ਇਕ ਆਮ ਨਾਗਰਿਕ ਦੇ ਰੂਪ ’ਚ ਕਰੋੜਾਂ ਲੋਕਾਂ ਨਾਲ ਮਿਲ ਕੇ ਕਹਿ ਰਹੀ ਹਾਂ, ਜਨਾਬ, ਕਿਰਪਾ ਕਰਕੇ, ਹੁਣ ਤਾਂ ਰਹਿਮ ਕਰੋ। ਘੱਟੋ ਘੱਟ ਹੁਣ ਤਾਂ ਪਾਸੇ ਹੋ ਜਾਓ. ਮੈਂ ਬੇਨਤੀ ਕਰਦੀ ਹਾਂ ਕਿ ਹੁਣ ਤਾਂ ਰਹਿਮ ਕਰਕੇ ਗੱਦੀ ਛੱਡ ਦਿਓ।

ਇਹ ਸੰਕਟ ਤੁਹਾਡਾ ਹੀ ਪੈਦਾ ਕੀਤਾ ਹੋਇਆ ਹੈ। ਇਸ ਨੂੰ ਠੀਕ ਕਰਨਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਤਾਂ ਇਸ ਨੂੰ ਬਦਤਰ ਹੀ ਬਣਾ ਸਕਦੇ ਹੋ। ਇਹ ਵਾਇਰਸ ਡਰ, ਨਫ਼ਰਤ ਅਤੇ ਅਗਿਆਨਤਾ ਨਾਲ ਭਰੇ ਵਾਤਾਵਰਣ ਵਿਚ ਵਧ-ਫੁਲ ਰਿਹਾ ਹੈ। ਇਹ ਉਦੋਂ ਹੋਰ ਫੈਲਦਾ ਹੈ ਜਦੋਂ ਤੁਸੀਂ ਬੋਲ ਸਕਣ ਵਾਲਿਆਂ ਨੂੰ ਕੁਚਲਦੇ ਹੋ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਮੁਲਕ ਵਿਚ ਮੀਡੀਆ ਉੱਪਰ ਇਸ ਤਰ੍ਹਾਂ ਪਾਬੰਦੀ ਲਗਾ ਦਿੰਦੇ ਹੋ ਕਿ ਅਸਲ ਸਚਾਈ ਸਿਰਫ਼ ਕੌਮਾਂਤਰੀ ਮੀਡੀਆ ਵਿਚ ਹੀ ਦੱਸੀ ਜਾ ਸਕਦੀ ਹੈ। ਵਾਇਰਸ ਉਦੋਂ ਫੈਲਦਾ ਹੈ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਆਪਣੇ ਕਾਰਜ ਕਾਲ ਦੌਰਾਨ ਇਕ ਵੀ ਪ੍ਰੈਸ ਕਾਨਫਰੰਸ ਨਹੀਂ ਕਰਦਾ ਅਤੇ ਜੋ ਐਨੇ ਭਿਆਨਕ ਸਮੇਂ ’ਚ ਵੀ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਨਾਕਾਬਿਲ ਹੈ।

ਜੇ ਤੁਸੀਂ ਹੁਣ ਵੀ ਗੱਦੀ ਨਹੀਂ ਤਿਆਗਦੇ, ਤਾਂ ਸਾਡੇ ’ਚੋਂ ਲੱਖਾਂ ਲੋਕ ਬਿਨਾਂ ਵਜਾ੍ਹ ਮਾਰੇ ਜਾਣਗੇ। ਸੋ, ਜਨਾਬ, ਕਿਰਪਾ ਕਰਕੇ ਹੁਣ ਪਾਸੇ ਹੋ ਜਾਓ। ਆਪਣੀ ਫ਼ਕੀਰ ਵਾਲੀ ਝੋਲਾ ਸਾਂਭ ਕੇ। ਆਪਣੀ ਇੱਜ਼ਤ ਬਚਾ ਕੇ। ਤੁਸੀਂ ਸਮਾਧੀ ਲਾ ਕੇ ਅਤੇ ਇਕਾਂਤ ਵਾਸ ਹੋ ਕੇ ਚੈਨ ਨਾਲ ਅਗਲੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਤੁਸੀਂ ਐਸੀ ਜ਼ਿੰਦਗੀ ਚਾਹੁੰਦੇ ਹੋ। ਜੇ ਇਹ ਸਮੂਹਿਕ ਮੌਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਤੁਹਾਡੇ ਲਈ ਉਹ ਵੀ ਸੰਭਵ ਨਹੀਂ ਹੋਵੇਗਾ।

ਤੁਹਾਡੀ ਪਾਰਟੀ ਵਿਚ ਬਥੇਰੇ ਲੋਕ ਹਨ ਜੋ ਤੁਹਾਡੀ ਜਗ੍ਹਾ ਲੈ ਸਕਦੇ ਹਨ। ਉਹ ਐਸੇ ਸੰਕਟ ਦੇ ਵੇਲੇ ਵਿਰੋਧੀ ਧਿਰ ਦੀ ਮੱਦਦ ਲੈਣਾ ਜਾਣਦੇ ਹਨ। ਰਾਸਟਰੀ ਸਵੈਮ ਸੇਵਕ ਸੰਘ ਦੀ ਆਗਿਆ ਨਾਲ ਤੁਹਾਡੀ ਪਾਰਟੀ ਦਾ ਐਸਾ ਕੋਈ ਵਿਅਕਤੀ ਸਰਕਾਰ ਦੀ ਅਗਵਾਈ ਕਰ ਸਕਦਾ ਹੈ ਅਤੇ ਮੌਜੂਦਾ ਸੰਕਟ ’ਤੇ ਕਾਬੂ ਪਾਉਣ ਲਈ ਕਮੇਟੀ ਦਾ ਮੁਖੀ ਬਣ ਸਕਦਾ ਹੈ।

ਰਾਜਾਂ ਦੇ ਮੁੱਖ ਮੰਤਰੀ ਆਪਣੇ ਨੁਮਾਇੰਦੇ ਚੁਣ ਸਕਦੇ ਹਨ ਤਾਂ ਜੋ ਹੋਰ ਪਾਰਟੀਆਂ ਨੂੰ ਵੀ ਲੱਗੇ ਕਿ ਉਨ੍ਹਾਂ ਦੀ ਵੀ ਇਸ ਵਿਚ ਕੋਈ ਨੁਮਾਇੰਦਗੀ ਹੈ। ਇਕ ਰਾਸ਼ਟਰੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੂੰ ਸੰਕਟ ਨਾਲ ਨਜਿੱਠਣ ਵਾਲੀ ਟੀਮ ਵਿਚ ਲਿਆ ਜਾ ਸਕਦਾ ਹੈ। ਵਿਗਿਆਨੀ, ਜਨ ਸਿਹਤ ਸਿਹਤ ਮਾਹਰ, ਡਾਕਟਰ, ਪੁਰਾਣੇ ਤਜ਼ਰਬੇਕਾਰ, ਉੱਚ ਅਧਿਕਾਰੀ ਇਸ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਸ਼ਾਇਦ ਇਹ ਤੁਹਾਡੀ ਸਮਝ ’ਚ ਨਾ ਆਵੇ, ਪਰ ਇਸੇ ਨੂੰ ਲੋਕਤੰਤਰ ਕਿਹਾ ਜਾਂਦਾ ਹੈ। ਤੁਹਾਡੀ ਸੋਚ ਹੋ ਸਕਦੀ ਹੈ, ਪਰ ਵਿਰੋਧੀ-ਧਿਰ ਦੀ ਅਣਹੋਂਦ ’ਚ ਕੋਈ ਲੋਕਤੰਤਰ ਨਹੀਂ ਹੁੰਦਾ। ਜੇ ਇੰਞ ਹੁੰਦਾ ਹੈ ਤਾਂ ਇਸ ਨੂੰ ਨਿਰੰਕੁਸ਼ਤਾ ਕਿਹਾ ਜਾਂਦਾ ਹੈ। ਇਸ ਵਾਇਰਸ ਨੂੰ ਤਾਨਾਸ਼ਾਹੀ ਪਸੰਦ ਹੈ।

ਜੇ ਤੁਸੀਂ ਹੁਣ ਐਸਾ ਨਹੀਂ ਕਰਦੇ, ਕਿਉਕਿ ਇਸ ਮਹਾਮਾਰੀ ਨੂੰ ਇਕ ਕੌਮਾਂਤਰੀ ਸਮੱਸਿਆ ਦੇ ਤੌਰ ’ਤੇ ਦੇਖਿਆ ਜਾਣ ਲੱਗਾ ਹੈ ਜੋ ਪੂਰੀ ਦੁਨੀਆ ਲਈ ਖ਼ਤਰਾ ਹੈ, ਤਾਂ ਤੁਹਾਡੀ ਨਾਲਾਇਕੀ ਹੋਰ ਮੁਲਕਾਂ ਨੂੰ ਸਾਡੇ ਮੁਲਕ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਵਾਜਬੀਅਤ ਮੁਹੱਈਆ ਕਰ ਰਹੀ ਹੈ ਤਾਂ ਕਿ ਉਹ ਸਥਿਤੀ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰਕੇ ਮਾਮਲੇ ਨੂੰ ਆਪਣੇ ਹੱਥ ਲੈ ਲੈਣ। ਜੋ ਪ੍ਰਭੂਸੱਤਾ ਅਸੀਂ ਜਾਨ-ਹੂਲਵੀਂ ਲੜਾਈ ਲੜਕੇ ਪ੍ਰਾਪਤ ਕੀਤੀ ਸੀ ਇਹ ਉਸ ਲਈ ਖ਼ਤਰਾ ਹੈ। ਇਕ ਵਾਰ ਫਿਰ ਸਾਡਾ ਮੁਲਕ ਬਸਤੀ ਬਣ ਜਾਵੇਗਾ। ਇਹ ਗੰਭੀਰ ਸੰਸਾ ਹੈ। ਇਸ ਨੂੰ ਹਰਗਿਜ਼ ਨਜ਼ਰਅੰਦਾਜ਼ ਨਾ ਕਰੋ।

ਸੋ, ਮਹਾਪੁਰਸ਼ੋ, ਰਹਿਮ ਕਰੋ। ਜਵਾਬਦੇਹੀ ਦਾ ਹੁਣ ਇਹੀ ਕੰਮ ਬਚਿਆ ਹੈ ਜੋ ਤੁਸੀਂ ਕਰ ਸਕਦੇ ਹੋ। ਤੁਸੀਂ ਸਾਡੇ ਪ੍ਰਧਾਨ ਮੰਤਰੀ ਹੋਣ ਦਾ ਨੈਤਿਕ ਅਧਿਕਾਰ ਖੋ ਚੁੱਕੇ ਹੋ।

4 ਮਈ 2021 (ਅਨੁਵਾਦ: ਬੂਟਾ ਸਿੰਘ)

pa_INPanjabi

Discover more from Trolley Times

Subscribe now to keep reading and get access to the full archive.

Continue reading