ਮੋਰਚਾਨਾਮਾ

ਮੋਰਚਾਨਾਮਾ

ਕਿਰਤੀ ਕਿਸਾਨ ਸਿਰਜਕ ਹੁੰਦੇ ਹਨ। ਉਹ ਪੁਰਾਣੀਆਂ ਰੀਤਾਂ ਨੂੰ ਬਦਲ ਕੇ ਨਵੀਆਂ ਪਿਰਤਾਂ ਪਾ ਦਿੰਦੇ ਹਨ। ਤਿਉਹਾਰਾਂ ਦੇ ਜਸ਼ਨ ਪਰਿਵਾਰਾਂ ਨਾਲ਼ ਆਪਣੀ ਘਰੀਂ ਆਪਣੇ ਤੀਰਥਾਂ ਥਾਵਾਂ ਦੇ ਦਰਸ਼ਨਾਂ ਨਾਲ਼ ਮਨਾਏ ਜਾਂਦੇ ਹਨ। ਕਿਸਾਨ ਸੰਘਰਸ਼ ਨੂੰ ਚਲਦਿਆਂ ਛੇ ਮਹੀਨੇ ਅਤੇ ਦਿੱਲੀ ਪਹੁੰਚਿਆਂ ਚਾਰ ਮਹੀਨੇ ਹੋ ਚੁੱਕੇ ਹਨ। ਦੁਸਹਿਰਾ ਦਿਵਾਲੀ ਪੰਜਾਬ ਦੇ ਮੋਰਚਿਆਂ ਵਿਚ ਮਨਾਏ ਗਏ ਤਾਂ ਦੁਸਹਿਰੇ ਵਿਚ ਮੋਦੀ ਅਡਾਨੀ ਅੰਬਾਨੀ ਹੋਰਾਂ ਦੇ ਪੁਤਲੇ ਸਾੜੇ ਗਏ। ਗੁਰਪੁਰਬ, ਲੋਹੜੀ, ਮਾਘੀ, ਹੋਲੀ ਦਿੱਲੀ ਦੇ ਮੋਰਚਿਆਂ ਤੇ ਮਨਾਏ ਗਏ ਤਾਂ ਲੋਹੜੀ ਅਤੇ ਹੋਲੀ ਕਾਲੇ ਕਿਸਾਨ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਗਈ। ਤਿਉਹਾਰ ਘਰ ਪਰਿਵਾਰ ਨਾਲ਼ ਮਨਾਉਣ ਦੀ ਥਾਂ ਨਵੇਂ ਬਣੇ ਵੱਡੇ ਪਰਿਵਾਰ ਨਾਲ਼ ਮਨਾਏ ਗਏ। ਰੀਤਾਂ ਦੀਆਂ ਨਵੀਆਂ ਪਿਰਤਾ ਪਾ ਕੇ ਸਰਕਾਰਾਂ ਅਤੇ ਧਨਾਢਾਂ ਖਿਲਾਫ ਰੋਸ ਵੀ ਦਿਖਾਇਆ ਗਿਆ। 

ਹੋਲਾ ਮਹੱਲਾ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਵਿਚ ਮਨਾਇਆ ਜਾਂਦਾ ਹੈ। ਪਰ ਇਸ ਵਾਰ ਸਿੰਘੂ ਮੋਰਚੇ ਤੇ ਵੀ ਖਾਲਸਾਈ ਜਾਹੋ ਜਲਾਲ ਨਾਲ਼ ਮਨਾਇਆ ਗਿਆ। ਹਰਿਆਣੇ ਵਾਲਿਆਂ ਦੀ ਕੋੜੇ ਮਾਰ ਹੋਲੀ ਦੀ ਰਵਾਇਤ ਵੀ ਟੀਕਰੀ, ਸਿੰਘੂ, ਗਾਜ਼ੀਪੁਰ ਹੱਦਾਂ ‘ਤੇ ਦਿਸੀ। ਹਰਿਆਣਵੀ ਬੀਬੀਆਂ ਨੇ ਹਰਿਆਣਵੀ, ਪੰਜਾਬੀ ਅੰਦੋਲਨਕਾਰੀਆਂ ਸਮੇਤ ਪੁਲਿਸ ਨੂੰ ਵੀ ਕੋੜੇ ਮਾਰ ਕੇ ਜਸ਼ਨ ਮਨਾਇਆ। ਤਿਉਹਾਰਾਂ ਦਾ ਮਕਸਦ ਇਕੱਠੇ ਹੋ ਕੇ ਜਸ਼ਨ ਮਨਾਉਣ ਦਾ ਹੁੰਦਾ ਹੈ। ਸਮੇਂ ਦੀ ਸਰਕਾਰ ਅਤੇ ਪਿਛਾਂਹਖਿੱਚੂ ਸੰਘੀ ਜੁੰਡਲੀ ਨੇ ਲੋਕਾਂ ਨੂੰ ਵੰਡਣ ਦੀ ਅਣਗਿਣਤ ਚਾਲਾਂ ਚੱਲੀਆਂ ਹਨ। ਨਫਰਤ ਭਰੀਆਂ ਤਕਰੀਰਾਂ ਨਾਲ਼ ਕਦੇ ਲਵ ਜਿਹਾਦ ਦੇ ਨਾਂ ਤੇ, ਕਦੇ ਜਿਹਾਦੀ, ਖਾਲਿਸਤਾਨੀ ਅੱਤਵਾਦੀ ਦੱਸ ਕੇ, ਕਦੇ ਬੀਬੀਆਂ ਨੂੰ ਘਰੀਂ ਡੱਕ ਕੇ ਰੱਖਣ ਦੀਆਂ ਨਸੀਹਤਾਂ ਦੇ ਕੇ।  ਪਰ ਕਿਸਾਨ ਮੋਰਚੇ ਨੇ ਉਹਨਾਂ ਦੀਆਂ ਸਾਰੀਆਂ ਤਿਕੜਮਬਾਜੀਆਂ ਫੇਲ ਕਰ ਦਿੱਤੀਆਂ। ਹਰ ਸੂਬੇ, ਜਾਤ, ਧਰਮ, ਗੋਤ ਦੇ ਔਰਤ ਮਰਦ ਕਿਸਾਨ ਮੋਰਚੇ ‘ਤੇ ਆਪਣੇ ਤਿਉਹਾਰ ਮਨਾਉਣਾਂ ਆਪਣੀ ਸ਼ਾਨ ਸਮਝਦੇ ਹਨ। 

ਇਹ ਮਹੀਨਾ ਵਾਢੀ ਦਾ ਹੈ, ਫੇਰ ਵੀ ਕਿਸਾਨ ਮੋਰਚੇ ਨੇ ਅਜਿਹੇ ਪ੍ਰੋਗਰਾਮ ਉਲੀਕੇ ਹਨ ਜਿਸ ਨਾਲ਼ ਸਰਕਾਰ ਉੱਤੇ ਦਬਾਆ ਹੋਰ ਵਧ ਸਕੇ। ਮਈ ਮਹੀਨੇ ਦੇ ਪਹਿਲੇ ਅੱਧ ਵਿਚ ਸੰਸਦ ਤੱਕ ਪੈਦਲ ਮਾਰਚ ਦਾ ਪ੍ਰੋਗਰਾਮ ਇਸ ਦਬਾਅ ਨੂੰ  ਆਪਣੇ ਚਰਮ ਤੇ ਲੈ ਜਾਵੇਗਾ। ਸਰਕਾਰ ਕੋਰੋਨਾ ਵਰਗਾ ਕੋਈ ਬਹਾਨਾ ਘੜ ਕੇ ਅੰਦੋਲਨ ਰੋਕਣ ਦੀ ਕੋਸ਼ਿਸ਼ ਕਰ ਸਕਦੀ ਹੈ। ਕਿਰਤੀ ਕਿਸਾਨਾਂ ਦੇ ਰੋਹ ਤੋਂ ਸਰਕਾਰ ਸਿਰਫ ਭੱਜ ਸਕਦੀ ਹੈ ਪਰ ਬਚ ਨਹੀਂ ਸਕਦੀ। 

ਕਿਰਤੀ ਕਿਸਾਨ ਏਕਤਾ ਜਿੰਦਾਬਾਦ!

 

pa_INPanjabi

Discover more from Trolley Times

Subscribe now to keep reading and get access to the full archive.

Continue reading