ਕਿਸਾਨੀ ਸੰਘਰਸ਼ ਦੇ ਏਕੇ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸਵਾਲ

ਕਿਸਾਨੀ ਸੰਘਰਸ਼ ਦੇ ਏਕੇ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸਵਾਲ

ਕੰਵਲਜੀਤ ਸਿੰਘ

ਕਿਸਾਨੀ ਸੰਘਰਸ਼ ਵਿਚਲੀ ਬਹਿਸ ਦਾ ਝੁਕਾਅ, ਖਾਸਕਰ 26 ਜਨਵਰੀ ਤੋਂ ਬਾਅਦ, ਖੇਤੀ ਕਾਨੂੰਨਾਂ ਦੇ ਨਫ਼ੇ ਨੁਕਸਾਨਾਂ ਤੋਂ ਅੱਗੇ ਵੱਧ ਕੇ ਘੋਲ ਦੇ ਢੰਗ ਤਰੀਕਿਆਂ ਵੱਲ ਹੋ ਗਿਆ ਹੈ। ਇਸ ਬਹਿਸ ਵਿਚ ਕੁਝ ਧਾਰਨਾਵਾਂ ਉਭਰੀਆਂ ਹਨਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਸੰਘਰਸ਼ ਦਾ ਏਕਾ।

ਅਸੀਂ ਸਭ ਜਾਣਦੇ ਹਾਂ ਕਿ ਕਿਸਾਨਾਂ ਦੀਆਂ ਨਿੱਤ ਦੀਆਂ ਮੰਗਾਂ ਦੁਆਲੇ ਲੰਬੇ ਸਮੇਂ ਤੋਂ ਚਲੇ ਰਹੇ ਧਰਨੇ ਮੁਜਾਹਰਿਆਂ ਤੋਂ ਵੱਖਰਾ ਜੇ ਮੌਜੂਦਾ ਸੰਘਰਸ਼ ਵਿਚ ਕੁਝ ਵੇਖਣ ਨੂੰ ਮਿਲਿਆ ਹੈ ਤਾਂ ਉਸ ਵਿਚ ਸਭ ਤੋਂ ਉੱਘੜਵਾਂ ਤੱਥ ਹੈ ਨੌਜਵਾਨਾਂ ਦੀ ਲਾਮਿਸਾਲ ਸ਼ਮੂਲੀਅਤ। 26 ਜਨਵਰੀ ਨੂੰ ਇੱਕ ਵੱਡੇ ਹਿੱਸੇ ਵੱਲੋਂ ਤਹਿ ਰੂਟ ਦੀ ਬਜਾਏ ਲਾਲ ਕਿਲੇ ਵੱਲ ਚਲੇ ਜਾਣ ਅਤੇ ਉਸ ਤੋਂ ਬਾਅਦ ਹੋਈਆਂ ਘਟਨਾਵਾਂ ਬਾਰੇ ਸੰਘਰਸ਼ ਦੇ ਦੇਸ਼ਾਂਵਿਦੇਸ਼ਾਂ ਵਿਚਲੇ ਇੱਕ ਜਿਕਰਯੋਗ ਹਿਮਾਇਤੀ ਹਿੱਸੇ ਨੇਂ ਸਪਸ਼ਟ ਮਤ ਬਣਾਉਣ ਦੀ ਬਜਾਏ ਆਪਣੀ ਗੱਲ ਕੁਝ ਇਸ ਤਰਾਂ ਪੇਸ਼ ਕੀਤੀ ਹੈ ਕਿਕਿਸਾਨ ਲੀਡਰਸ਼ਿਪ ਉਂਜ ਤਾਂ ਬਹੁਤ ਸਿਆਣੀ ਹੈ ਲੇਕਿਨ ਇਸ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈਇਸ ਫਾਰਮੁਲੇਸ਼ਨ ਵਿਚ ਸੁਤੇਸਿੱਧ ਹੀ ਇਹ ਸ਼ਾਮਿਲ ਹੈ ਕਿ ਨੌਜਵਾਨਾਂ ਦੀਆਂ ਮੌਜੂਦਾ ਸੰਘਰਸ਼ ਸਬੰਧੀ ਕੋਈ ਵਿਸ਼ੇਸ਼ਭਾਵਨਾਂਵਾਂਹਨ ਜੋ ਬਾਕੀਆਂ ਦੇ ਮਨਾਂ ਵਿਚ ਨਹੀਂ ਹਨ।  ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਨੌਜਵਾਨਾਂ ਦੀਆਂ ਇਹ ਭਾਵਨਾਵਾਂ ਸੰਘਰਸ਼ ਵਿਚ ਉਤਰੇ ਬਾਕੀ ਸਭ ਹਿੱਸਿਆਂ ਦੀਆਂ ਭਾਵਨਾਵਾਂ ਨਾਲ ਟਕਰਾਵੀਆਂ ਹਨ?

ਭਾਵਨਾਵਾਂ ਦੇ ਦਰਿਆ ਤਾਂ ਪੰਜਾਬ, ਹਰਿਆਣਾ, ਯੂਪੀ, ਉਤਰਾਂਚਲ ਅਤੇ ਹੋਰਨਾਂ ਰਾਜਾਂ ਤੋਂ ਦਿੱਲੀ ਵੱਲ ਨੂੰ ਵਹਿ ਰਹੇ ਹਨ ਅਤੇ ਲੋਕਾਈ ਦਾ ਇਹ  ਸਮੁੰਦਰ ਹੈ ਜੋ ਉਨ੍ਹਾਂ ਦੇ ਚੜ੍ਹਾਅ ਅਤੇ ਉਤਰਾਅ ਨਾਲ ਹੀ ਫੈਲਦਾ ਤੇ ਸੁੰਗੜਦਾ ਹੈ। ਇਸ ਵਿਚ ਘਰਾਂ ਨੂੰ ਕੁੰਡਾ ਮਾਰ ਕੇ ਪਿੰਡੋਂ ਆਉਂਦੀ ਟਰਾਲੀ ਤੇ ਚੜ੍ਹ ਆਏ ਬਜ਼ੁਰਗ ਵੀ ਹਨ, ਮੋਟਰ ਸਾਈਕਲ ਤੇ ਸਿੰਘਣੀ ਅਤੇ ਦੋਵੇਂ ਧੀਆਂ ਨੂੰ ਬਿਠਾ ਕੇ ਚਾਰ ਸੌ ਕਿਲੋ ਮੀਟਰ ਗਾਹ ਆਏ ਨੌਜਵਾਨ ਜੋੜੇ ਵੀ ਹਨ ਅਤੇ ਇੱਕ ਟਰੈਕਟਰ ਪਿੱਛੇ ਦੋ ਦੋ ਟਰਾਲੀਆਂ ਪਾ ਕੇ ਜੌਹਰ ਦਿਖਾਉਂਦੇ ਆਏ ਗੱਭਰੂ ਵੀ ਹਨ। ਬਿਨਾਂ ਭਾਵਨਾਵਾਂ ਤੋਂ ਕੋਈ ਨਹੀਂ ਆਇਆ। ਨੌਜਵਾਨਾਂ ਦੀਆਂ ਵਿਸ਼ੇਸ਼ ਭਾਵਨਾਵਾਂ ਇਹ ਜਰੂਰ ਹਨ ਕਿ ਔਖੇ ਤੇ ਜੋਖਮ ਭਰੇ ਕੰਮ, ਜਿਵੇਂ ਰਾਤ ਦਾ ਪਹਿਰਾ, ਬੈਰੀਕੇਡ ਹਟਾਉਣ ਵਿਚ ਉਹ ਸਿਆਣੇ ਸਰੀਰਾਂ ਨਾਲੋਂ ਮੂਹਰੇ ਰਹਿੰਦੇ ਹਨ। ਰਹਿਣ ਵੀ ਕਿਓਂ ਨਾ? ਤੇ ਸੱਚ ਤਾਂ ਇਹ ਹੈ ਕਿ ਰਾਤ ਨੂੰ ਇੱਕ ਗੇੜਾ ਕਿਸੇ ਵੀ ਬਾਡਰ ਤੇ ਮਾਰ ਕੇ ਵੇਖਿਆਂ ਹੀ ਸਪਸ਼ਟ ਹੋ ਜਾਵੇਗਾ ਕਿ ਨੌਜਵਾਨਾਂ ਦੀਆਂ  ਇਨ੍ਹਾਂ ਭਾਵਨਾਂਵਾਂ ਦਾ ਭਰਪੂਰ ਪ੍ਰਗਟਾਵਾ ਹੋ ਰਿਹਾ ਹੈ। ਫਿਰ ਉਹ ਕਿਹੜੇ ਮੌਕੇ ਹਨ ਜਿਸ ਵਿਚ ਭਾਵਨਾਵਾਂ ਦਾ ਖਿਆਲ ਨਾ ਰੱਖੇ ਜਾਣ ਦੀ ਸ਼ਿਕਾਇਤ ਰਹੀ ਹੈ ? ਉਹ ਹਨ ਲੀਡਰਸ਼ਿਪ ਵੱਲੋਂ ਸੰਘਰਸ਼ ਦੇ ਐਕਸ਼ਨਾਂ ਸਬੰਧੀ ਲਏ ਜਾਂਦੇ ਫੈਸਲੇ! ਸਗੋਂ ਲੇਖਕ ਸਭ ਨੂੰ ਅਪੀਲ ਕਰਦਾ ਹੈ ਕਿ ਆਓ! ਇਨ੍ਹਾਂ ਫੈਸਲਿਆਂ ਨੂੰ ਕਿਸੇ ਵੀ ਭਾਵਨਾਂ ਤੋਂ ਅਜਾਦ, ਠੋਸ/ਵਸਤੂਗਤ ਹਾਲਤਾਂ ਦੇ ਠੋਸ ਵਿਸ਼ਲੇਸ਼ਣ ਤੇ ਟਿਕੇ ਰਹਿਣ ਦਈਏ! ਸਗੋਂ ਹੋ ਚੁੱਕੇ ਫੈਸਲਿਆਂ ਦੇ ਸਹੀ ਅਤੇ ਗ਼ਲਤ ਹੋਣ ਸਬੰਧੀ ਸਭ ਮੁਲਾਂਕਣ ਅਤੇ ਅਗਲੇ ਆਉਣ ਵਾਲੇ ਫੈਸਲਿਆਂ ਸਬੰਧੀ ਸਭ ਸੁਝਾਅ ਵੀ, ਇਸੇ ਠੋਸ ਪੈਮਾਨੇ ਤੇ ਦਈਏ। ਫੇਸਬੁੱਕ ਉਪਰਲੀ ਚਰਚਾ ਵਿਚ ਜਿਸਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਨਾਂ ਦਿੱਤਾ ਜਾ ਰਿਹਾ ਹੈ ਉਹ ਅਸਲ ਵਿੱਚ ਸੰਘਰਸ਼ ਦੇ ਇੱਕ ਨਿੱਕੇ ਹਿੱਸੇ ਵੱਲੋਂ ਤੁਰਤਫੁਰਤ, ਮੌਕਾਬੇਮੌਕਾ ਆਰਪਾਰ ਦੀ ਲੜਾਈ ਦੇ ਫੈਸਲੇ ਲੈਣ ਦੀ ਆਪਮੁਹਾਰੀ ਤੱਦੀ ਹੈ ਜਦੋਂ ਕਿ ਬਹੁਗਿਣਤੀ, ਸੰਯੁਕਤ ਕਿਸਾਨ ਆਗੂਆਂ ਵੱਲੋਂ ਤੈਅ ਢੰਗ ਤਰੀਕਿਆਂ ਨੂੰ ਵਧੇਰੇ ਕਾਰਗਾਰ ਸਮਝ ਰਹੀ ਹੈ।

ਦੂਜਾ ਪ੍ਰਮੁੱਖ ਨੁਕਤਾ ਹੈ ਸੰਘਰਸ਼ਸ਼ੀਲ ਤਾਕਤਾਂ ਦੇ ਏਕੇ ਦਾ ਸਵਾਲ। ਸੱਚ ਤਾਂ ਇਹ ਹੈ ਕਿ ਲੋਕਾਈ ਦੇ ਵਿਸ਼ਾਲ ਏਕੇ ਦੇ ਸਦਕਾ ਹੀ ਇਹ ਸੰਘਰਸ਼ ਮਹੀਨਿਆਂ ਬਧੀ ਟਿਕਿਆ ਹੋਇਆ ਹੈ ਅਤੇ ਸਾਲਾਂ ਬਧੀ ਚੱਲਣ ਦਾ ਦਮ ਰੱਖਦਾ ਹੈ। ਲੇਕਿਨ ਫਿਰ ਵੀ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕਿਸਾਨ ਲੀਡਰਸ਼ਿਪ ਨੂੰਹੋਰਨਾਂਹਿੱਸਿਆਂ ਨੂੰ ਵੀ ਨਾਲ ਲੈ ਕੇ, ਉਨ੍ਹਾਂ ਨਾਲ ਏਕਾ ਕਰ ਕੇ ਚਲਣਾ ਚਾਹੀਦਾ ਹੈ। ਉਪਰਲੇ ਨੁਕਤੇ ਵਾਂਗ ਇਹ ਸਵਾਲ ਵੀ ਉਨ੍ਹਾਂ ਲੋਕਾਂ ਵੱਲੋਂ ਉਠਾਇਆ ਜਾ ਰਿਹਾ ਹੈ ਜੋ ਇੱਕ ਪਾਸੇ ਕਿਸਾਨ ਲੀਡਰਸ਼ਿਪ ਵੱਲੋਂ 26 ਜਨਵਰੀ ਨੂੰ ਪਰੇਡ ਲਈ ਲਏ ਗਏ ਪੰਜ ਰੂਟਾਂ ਤੇ ਪੁਰਅਮਨ ਪਰੇਡ ਕਰਨ ਦੇ ਫੈਸਲੇ ਨੂੰ ਵੀ ਸਹੀ ਮੰਨਦੇ ਹਨ ਅਤੇ ਦੂਜੇ ਪਾਸੇ ਕੁਝ ਵਿਅਕਤੀਆਂ ਵੱਲੋਂ ਲਾਲ ਕਿਲੇ ਵੱਲ ਕੀਤੇ ਕੂਚ ਨੂੰ ਵੀਚੱਲ ਕੋਈ ਗੱਲ ਨੀਕਹਿ ਕੇ ਛੱਡ ਦੇਣਾ ਚਾਹੁੰਦੇ ਹਨ। ਇਨ੍ਹਾਂ ਸੁਹਿਰਦ ਸਮਰਥਕਾਂ ਨੂੰ ਜੇਕਰ ਇੱਕ ਸਵਾਲ ਕੀਤਾ ਜਾਵੇ ਕਿ ਏਕਾ ਕਿਨ੍ਹਾਂ ਦਰਮਿਆਨ? ਜਵਾਬ ਹੋਵੇਗਾ ਦੀਪ, ਲੱਖਾ ਅਤੇ ਪੰਧੇਰ ਆਦਿ ਨਾਲ ਸੰਯੁਕਤ ਮੋਰਚੇ ਦਾ ਏਕਾ। ਹਾਲਾਂਕਿ ਇਸ ਮਸਲੇ ਤੇਤਲਖ਼ ਤੋਂ ਲੈ ਕੇ ਸੁਹਿਰਦਸਭ ਤਰ੍ਹਾਂ ਦੀਆਂ ਰਾਅਵਾਂ ਹਨ ਲੇਕਿਨ ਇਸ ਦਾ ਸਭ ਤੋਂ ਵੱਧ ਪ੍ਰਮਾਣਿਤ ਰੂਪ ਇਸ ਦਲੀਲ ਵਿਚ ਹੈ ਕਿ ਜਦੋਂ ਨਿਸ਼ਾਨਾ ਇੱਕ ਹੈ ਤਾਂ ਏਕਾ ਬਣਨਾ ਹੀ ਚਾਹੀਦਾ ਹੈ ਲੇਕਿਨ ਰਸਤੇ ਦੋ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ।

ਦੋ ਰਾਹ ਕੀ ਹਨ? ਸਾਂਝੇ ਮੋਰਚੇ ਦੀ ਭਾਰੂ ਸਮਝਦਾਰੀ ਦਾ ਇਹ ਮੰਨਣਾ ਹੈ ਕਿ ਹੁਣ ਤੱਕ ਦੇ ਸੰਘਰਸ਼ ਨੇ ਵਿਖਾ ਦਿੱਤਾ ਹੈ ਕਿ ਘੋਲ ਦੇ ਜਾਬਤਾਬੱਧ ਹੋਣ, ਲੋਕਾਈ ਦੀ ਵਿਸ਼ਾਲ ਭਾਗੀਦਾਰੀ ਹੋਣ ਅਤੇ ਲੋਕ ਰਾਇ ਦੇ ਕਦਮ ਦਰ ਕਦਮ ਵਧਣ, ਸਮਰਥਕ ਘੇਰੇ ਦੇ ਵਿਸ਼ਾਲ ਦਰ ਵਿਸ਼ਾਲ ਹੁੰਦੇ ਚਲੇ ਜਾਣ ਦੇ ਬੁਨਿਆਦੀ ਅਧਾਰ ਕੀ ਹਨ। ਇਹ ਹਨ ਇਸ ਘੋਲ ਦਾ ਪੁਰਅਮਨ ਹੋਣਾ ਅਤੇ ਲੰਬਾ ਅਤੇ ਲਮਕਵਾਂ ਹੋਣਾ। ਸੋ ਇਹ ਸਮਝਦੇ ਹਨ ਕਿ ਸੰਘਰਸ਼ ਨੂੰ ਇਸੇ ਤਰਾਂ ਟਿਕਾਈ ਰੱਖਣਾ ਅਤੇ ਓਦੋਂ ਤੱਕ ਟਿਕਾਈ ਰੱਖਣਾ ਜਦੋਂ ਤੱਕ ਵਧਦਾ ਸਮਰਥਨ ਅਤੇ ਮੋਦੀ ਸਰਕਾਰ ਦੀ ਦੇਸ਼ਵਿਦੇਸ਼ ਵਿਚ ਵੱਧਦੀ ਅਲਾਇਹਦਗੀ ਉਸ ਨੂੰਕ਼ਾਨੂਨ  ਵਾਪਿਸ ਲੈ ਲੈਣ ਲਈ ਮਜਬੂਰ ਨਹੀਂ ਕਰ ਦਿੰਦੇ।

ਦੂਜੇ ਰਾਹ ਦੀ ਵਕਾਲਤ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਇਥੇ ਬੈਠੇ ਰਹਿਣ ਨਾਲ ਕੀ ਹੋਵੇਗਾ? ਹੁਣ ਤੱਕ ਮਿਲ ਚੁੱਕਿਆ ਜਨ ਸਮਰਥਨ ਇਸ ਗੱਲ ਲਈ ਕਾਫੀ ਹੈ ਕਿ ਹੁਣ ਕੋਈ ਵਿਸ਼ੇਸ਼ ਮੌਕਾ ਚੁਣ ਕੇ ਆਰਪਾਰ ਦਾ ਹੱਲਾ ਬੋਲਿਆ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਹੱਲੇ ਦੇ ਦਬਾਅ ਹੇਠ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ। 26 ਜਨਵਰੀ ਉਨ੍ਹਾਂ ਨੂੰ ਅਜਿਹਾ ਹੀ ਇੱਕ ਮੌਕਾਜਾਪਦਾ ਸੀ। ਦੂਜੇ ਪਾਸੇ ਲੋਕਾਈ ਵੱਲੋਂ ਮਿਲ ਰਹੇ ਸਮਰਥਨ ਦੇ ਕਾਰਨਾਂ ਨੂੰ ਇਨ੍ਹਾਂ ਦਾ ਬਹੁਤਾ ਹਿੱਸਾਅਕਾਲ ਪੁਰਖ ਨੇ ਕਲਾ ਵਰਤਾਈਦੇ ਸਰਵਪ੍ਰਮਾਣਿਤ ਲਕਬ ਵਿਚ ਸਮੇਟ ਕੇ ਹੀ ਤਸੱਲੀ ਕਰਵਾਉਣਾ ਠੀਕ ਸਮਝਦਾ ਹੈ।

ਇਹ ਦੋ ਰਾਹ ਅਜਿਹੇ ਹਨ ਕਿ ਕੋਈ ਵੀ ਮੋਰਚਾ ਇੱਕੋ ਸਮੇਂ ਦੋਹਾਂ ਤੇ ਨਹੀਂ ਚੱਲ ਸਕਦਾ। ਇਨ੍ਹਾਂ ਦੋ ਰਾਹਾਂ ਤੇ ਅਮਲ ਕਰਨ ਵਾਲੇ ਦੋ ਹਿੱਸੇ ਹਮੇਸ਼ਾ ਰਹਿਣਗੇ। ਇਸ ਲਈ, ਮੌਜੂਦਾ ਸੰਘਰਸ਼ ਵਿਚਏਕਾਕੋਈ ਮਕਾਨਕੀ ਏਕਾ ਨਹੀਂ ਸਗੋਂ ਪੂਰੇ ਵਿਵੇਕ ਨਾਲ ਸੰਘਰਸ਼ ਦੇ ਢੰਗ ਤਰੀਕਿਆਂ ਦੀ ਚੋਣ ਅਤੇ ਅਮਲ ਦਾ ਮੁਲਾਂਕਣ ਕਰਨ ਨਾਲ ਹੋਵੇਗਾ। ਸਗੋਂ ਮਕਾਨਕੀ ਏਕਾ ਸਾਨੂੰ ਕਿਥੇ ਪਹੁੰਚਾ ਸਕਦਾ ਹੈ, ਇਹ 26 ਤਰੀਕ ਤੋਂ ਪਹਿਲੀ ਸ਼ਾਮ ਇੱਕ ਗੁੱਟ ਵੱਲੋਂ ਸਟੇਜ ਤੇ ਕਬਜਾ ਅਤੇ ਫਿਰ ਅਗਲੇ ਦਿਨ ਹੋਈਆਂ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਰਹੇਗਾ। ਜਰਾ ਸੋਚ ਕੇ ਦੇਖੋ ਅਗਰ ਲਾਲ ਕਿਲੇ ਵੱਲ ਜਾਣ ਦੀ ਕੋਸ਼ਿਸ਼ ਸਾਂਝੇ ਮੋਰਚੇ ਦੇ ਪ੍ਰੋਗਰਾਮ ਵਾਲੇ ਦਿਨ ਦੀ ਬਜਾਏ ਕਿਸੇ ਹੋਰ ਦਿਨ ਸੁਤੰਤਰ ਰੂਪ ਵਿਚ ਕੀਤੀ ਗਈ ਹੁੰਦੀ ਤਾਂ ਕੀ ਸਾਰੇ ਘੋਲ ਨੂੰ ਫਿਰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਜੋ 26 ਤੋਂ ਬਾਅਦ ਕੁਝ ਦਿਨਾਂ ਲਈ ਕਰਨਾ ਪਿਆ ਸੀ? ਸ਼ਾਇਦ ਨਹੀਂ। ਮੌਜੂਦਾ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਵਧੇਰੇ ਤੋਂ ਵਧੇਰੇ ਲੋਕਾਈ ਦਾ ਪੁਰਅਮਨ, ਜਾਬਤਾਬੱਧ ਲੰਬੀ ਲੜਾਈ ਲਈ ਲੋੜੀਂਦਾ ਠਰੰਮਾ, ਦ੍ਰਿੜਤਾ ਅਤੇ ਦਲੇਰੀ ਹਿਰਦਿਆਂ ਵਿਚ ਲੈਕੇ ਮੋਰਚਿਆਂ ਤੇ ਟਿਕੇ ਰਹਿਣਾ ਹੀ ਅੱਜ ਦਾ ਸਹੀ ਪੈਂਤੜਾ ਹੈ। ਇਸ ਤੇ ਚਲਦਿਆਂ ਅਸੀਂ ਹੁਣ ਤੱਕ ਅੱਗੇ ਵਧੇ ਹਾਂ ਅਤੇ ਜਿੱਤ ਵੀ ਯਕੀਨਨ ਸਾਡੀ ਹੋਵੇਗੀ, ਸਰਕਾਰ ਨੂੰ ਝੁਕਣਾ ਹੀ ਪਵੇਗਾ।

ਵੱਖਰੇ ਰਾਹ ਦੀ ਮੁੱਦਈ ਧਿਰ ਕਿਸਾਨੀ ਸੰਘਰਸ਼ ਦੀ ਵੱਖਰੀ ਪਰਿਭਾਸ਼ਾ ਵੀ ਪੇਸ਼ ਕਰਦੀ ਹੈ। ਉਹ ਮੌਜੂਦਾ ਸੰਘਰਸ਼ ਨੂੰਹੋਂਦਦੇ ਸੰਘਰਸ਼ ਵਜੋਂ ਪੇਸ਼ ਕਰਦੀ ਹੈ. ਪੰਜਾਬ ਦੀ ਜਾਂ ਸਿਖਾਂ ਦੀ ਹੋਂਦ ਨੂੰ ਖਤਰੇ ਵਿਚ ਦੱਸ ਕੇ ਇਹ ਧਿਰ ਮੌਜੂਦਾ ਸੰਘਰਸ਼ ਨੂੰ ਪਹਿਲਾਂ ਤੋਂ ਅਣਸੁਲਝੇ ਪਏ ਦੇਸ਼ ਅੰਦਰਲੇ ਕੌਮੀਅਤਾਂ ਅਤੇ ਘੱਟ ਗਿਣਤੀਆਂ ਸਬੰਧੀ ਸਿਆਸੀ ਸਵਾਲ ਦੇ ਦੁਆਲੇ ਹੀ ਸੀਮਿਤ ਕਰ ਦੇਣਾ ਚਾਹੁੰਦੀ ਹੈ. ਦੂਜੇ ਪਾਸੇ ਸੰਯੁਕਤ ਕਿਸਾਨ ਲੀਡਰਸ਼ਿਪ ਇਸ ਸੰਘਰਸ਼ ਨੂੰ ਕਾਰਪੋਰੇਟ ਪ੍ਰਸਤ ਸਰਕਾਰ ਵੱਲੋਂ ਸੰਸਾਰ ਪੱਧਰ ਦੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ, ਖੇਤੀ ਖੇਤਰ ਦੇ ਦਰਵਾਜੇ ਮੁਨਾਫ਼ੇਖੋਰੀ ਲਈ ਖੋਹਲ ਦੇਣ ਦੇ ਖਿਲਾਫ ਉੱਠੇ ਲੋਕ ਸੰਘਰਸ਼ ਵਜੋਂ ਵੇਖਦੀ ਹੈ। ਇਹ ਫੈਡਰਲ ਢਾਂਚੇ ਦੇ ਉਲੰਘਣਤੇ ਮੋਦੀ ਸਰਕਾਰ ਦੀ ਕ਼ਾਨੂਨ ਸਾਜੀ ਦੇ ਇੱਕ ਉੱਘੜਵੇਂ ਪਹਿਲੂ ਵਜੋਂ ਉਂਗਲ ਧਰਦੀ ਹੈ। ਸੋ ਕੁਝ ਵਿਅਕਤੀਆਂ ਜਾਂ ਧਿਰਾਂ ਨਾਲ ਮਕਾਨਕੀ ਅਤੇ ਸਤਹੀ ਏਕਾ ਨਹੀਂ ਸਗੋਂ ਗ਼ਲਤ ਜਾਂ ਅਧੂਰੀਆਂ ਸਮਝਦਾਰੀਆਂ ਅਤੇ ਰਾਹਾਂ ਦਾ ਨਿਖੇੜਾ ਅਤੇ ਲੋਕਾਈ ਦਾ ਵਿਸ਼ਾਲ ਏਕਾ ਹੀ ਅੱਗੇ ਵਧਣ ਦਾ ਰਾਸਤਾ ਹੈ।

pa_INPanjabi

Discover more from Trolley Times

Subscribe now to keep reading and get access to the full archive.

Continue reading