ਪੰਜਾਬ ਵਿਚ ਅਦਾਨੀ

ਪੰਜਾਬ ਵਿਚ ਅਦਾਨੀ

ਅਦਾਨੀ ਸਮੂਹ ਨੇ ਇਸ਼ਤਿਹਾਰਾਂ ਰਾਹੀਂ ਦੱਸਿਆ ਕਿ ਇਸਦੀ ਪੰਜਾਬ ਦੀ ਖੇਤੀ ਤੇ ਜ਼ਮੀਨ ਵਿੱਚ ਕੋਈ ਦਿਲਚਸਪੀ ਨਹੀਂ ਤੇ ਪਰ ਸਚਾਈ ਇਹ ਹੈ ਕਿ ਅਦਾਨੀ ਸਮੂਹ ਦੀ ਖੇਤੀ ਵਿਚ ਖੂਬ ਦਿਲਚਸਪੀ ਹੈ, ਪਰ ਪੰਜਾਬ ਵਿਚ ਇਸ ਸਮੂਹ ਨੇ ਹਾਲੇ ਖੇਤੀ ਵਿਚ ਪੈਰ ਨਹੀਂ ਰੱਖਿਆ।  

ਅਦਾਨੀ ਸਮੂਹ ਦਾ ਪੰਜਾਬ ਵਿਚ ਦਾਖ਼ਲਾ 2005 ਈ: ਵਿੱਚ ਮੋਗਾ ਵਿਖੇ ਬਣਾਏ 2 ਲੱਖ ਟਨ ਸਮਰੱਥ ਦੇ ਸਾਈਲੋ ਗੁਦਾਮਾਂ ਨਾਲ਼ ਹੋਇਆ । ਇਨ੍ਹਾਂ ਵਿਚ ਭੰਡਾਰ ਕੀਤੇ ਅਨਾਜ ਦਾ ਅਦਾਨੀ ਸਮੂਹ ਐਫ ਸੀ ਆਈ ਤੋਂ ਕਿਰਾਇਆ ਵਸੂਲ ਕਰਦਾ ਹੈ। ਇਹ ਵੱਡੀ ਗਿਣਤੀ ਵਿਚ ਅਨਾਜ ਵਪਾਰੀਆਂ, ਆੜ੍ਹਤੀਆਂ ਅਤੇ ਪੱਲੇਦਾਰਾਂ ਦੇ ਰੋਜ਼ਗਾਰ ਉੱਪਰ ਸੱਟ ਮਾਰਦਾ ਹੈ। ਕਿਸਾਨ ਦੀ ਟਰਾਲੀ ਵਿਚੋਂ ਦਾਣੇ ਨਿਕਲਣ ਤੋਂ ਲੈ ਕੇ ਬੰਗਲੌਰ ਤੇ ਚੈਨਈ ਦੇ ਫੀਲਡ ਡੀਪੋਆਂ ਤੱਕ ਪਹੁੰਚਣ ਦੌਰਾਨ ਕਿਸੇ ਵੀ ਮਜ਼ਦੂਰ ਦਾ ਹੱਥ ਨਹੀਂ ਲੱਗਦਾ। ਇਹੀ ਕਾਰਨ ਹੈ ਕਿ ਲਾਕ ਡਾਊਨ ਦੌਰਾਨ ਬਿਨ੍ਹਾਂ ਮਜ਼ਦੂਰਾਂ ਦੀ ਮਦਦ ਦੇ, 30000 ਟਨ ਅਨਾਜ ਮੋਗਾ ਤੇ ਕੈਥਲ ਦੇ ਬੇਸ ਡੀਪੂਆਂ ਤੋਂ ਆਪਣੀਆਂ ਟਰੇਨਾਂ ਰਾਹੀਂ ਅਦਾਨੀ ਦੁਆਰਾ ਦੇਸ਼ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਇਆ ਗਿਆ। 2016 ਵਿਚ ਐਫ. ਸੀ. ਆਈ. ਨੇ ਕੋਟਕਪੂਰਾ ਵਿਚ 25000 ਟਨ ਅਨਾਜ ਭੰਡਾਰ ਸਮਰੱਥਾ ਵਾਲਾ ਸਾਈਲੋ ਨਿਰਮਾਣ ਕਰਨ ਲਈ ਅਦਾਨੀ ਨਾਲ ਸਮਝੌਤਾ ਕੀਤਾ ਜਿਸ ਦੀ ਲਾਗਤ 35 ਕਰੋੜ ਸੀ।

ਅਨਾਜ ਭੰਡਾਰਨ ਤੋਂ ਬਾਅਦ ਅਦਾਨੀ ਸਮੂਹ ਨੇ ਲੁਧਿਆਣਾ ਜ਼ਿਲ੍ਹੇ ਵਿਚ ਕੰਟੇਨਰ ਸੰਭਾਲ ਕਾਰਜਾਂ ਨੂੰ ਲੈ ਕੇ ਕਾਫ਼ੀ ਦਿਲਚਸਪੀ ਦਿਖਾਈ ਹੈ। 2019 ਵਿਚ ਅਦਾਨੀ ਸਮੂਹ ਨੇ ਸਾਹਨੇਵਾਲ ਨੇੜੇ ਕਨੇਚ ਪਿੰਡ ਵਿਚ ਇਕ ਕੰਟੇਨਰ ਡੀਪੂ ਨੂੰ ਖ਼ਰੀਦ ਕੇ ਇਸਦਾ ਨਾਮ ਅਦਾਨੀ ਲੌਜਿਸਟਿਕਸ ਸਰਵਿਸਜ਼ ਨਾਲ ਜੋੜ ਦਿੱਤਾ।  25 ਜੂਨ 2020 ਨੂੰ ਅਦਾਨੀ ਨੇ ਇਸ ਡੀਪੋ ਨੂੰ ਬੰਦ ਕਰ ਦਿੱਤਾ ਤੇ ਆਪਣੇ ਗਾਹਕਾਂ ਨੂੰ ਕਿਲ੍ਹਾ ਰਾਏਪੁਰ ਵਿਚ ਸਥਿਤ ਆਪਣੇ ਮਲਟੀ ਮਾਡਲ ਲੌਜਿਸਟਿਕਸ ਪਾਰਕ ਤੋਂ ਕੰਮ ਕਰਨ ਲਈ ਆਖਿਆ। ਇਹ ਪਾਰਕ 2017 ਵਿਚ ਬਣਾਇਆ ਗਿਆ ਸੀ। ਇਸ ਨਾਲ ਲੁਧਿਆਣਾ ਜ਼ਿਲ੍ਹਾ ਦਾ ਗੁਜਰਾਤ ਵਿਚ ਅਦਾਨੀ ਦੀ ਹੀ ਨਿੱਜੀ ਮੁੰਦਰਾ ਬੰਦਰਗਾਹ ਨਾਲ ਸਿੱਧਾ ਸੰਪਰਕ ਜੁੜਨਾ ਸੀ।

ਅਦਾਨੀ ਸਮੂਹ ਦੀ ਪੰਜਾਬ ਵਿਚ ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਵਿਚ ਕਾਫੀ ਦਿਲਚਸਪੀ ਰਹਿੰਦੀ ਹੈ। ਇਹ ਸਮੂਹ ਹਾਲੇ ਤਕ ਪੰਜਾਬ ਦੇ ਥਰਮਲ ਬਿਜਲੀ ਘਰਾਂ ਨੂੰ ਲਗਪਗ ਪੰਜ ਲੱਖ ਟਨ ਕੋਲਾ ਸਪਲਾਈ ਕਰ ਚੁੱਕਾ ਹੈ। ਜਿਸ ਤਰੀਕੇ ਨਾਲ ਅਦਾਨੀ ਸਮੂਹ ਦੀ ਥਰਮਲ ਕੋਲੇ ਦੇ ਵਿਸ਼ਵ ਬਾਜ਼ਾਰ ਵਿਚ ਸਰਦਾਰੀ ਵਧੀ ਹੈ, ਪੰਜਾਬ ਦੇ ਥਰਮਲ ਬਿਜਲੀ ਘਰਾਂ ਦੀ ਇਸ ਸਮੂਹ ਉਪਰ ਨਿਰਭਰਤਾ ਨਿਸ਼ਚੇ ਹੀ ਵਧੇਗੀ। ਇਸੇ ਸਾਲ 24 ਨਵੰਬਰ ਨੂੰ ਅਦਾਨੀ ਪਾਵਰ ਨੇ ਪੰਜਾਬ ਨੂੰ 3 ਰੁਪੲੈ 59 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 15 ਜੂਨ 2021 ਤੋਂ 30 ਅਗਸਤ 2021 ਤੱਕ ਝੋਨੇ ਦੀ ਸਿੰਚਾਈ ਲਈ 6100 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਕੰਟਰੈਕਟ ਕੀਤਾ ਹੈ।

ਸੋਲਰ ਪਾਵਰ ਵਿਚ ਵੀ ਪੰਜਾਬ ਅਦਾਨੀ ਸਮੂਹ ਉੱਪਰ ਨਿਰਭਰ ਹੈ। ਬਠਿੰਡਾ ਵਿਖੇ ਅਡਾਨੀ ਗਰੀਨ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਲਾਇਆ ਜਿਸ ਦੀ 100 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ। ਸਮਝ ਨਹੀਂ ਆਉਂਦੀ ਕਿ ਮਾਲਵੇ ਦੀ ਉਪਜਾਊ ਖੇਤੀ ਯੋਗ ਜ਼ਮੀਨ ਨੂੰ ਇਸ ਲਈ ਕਿਉਂ ਚੁਣਿਆ ਗਿਆ ਜਦਕਿ ਅਜਿਹਾ ਤਜ਼ਰਬਾ ਬੰਜਰ ਜਾਂ ਗ਼ੈਰ-ਵਾਹੀ ਯੋਗ ਜ਼ਮੀਨ ਉੱਪਰ ਕਰਨਾ ਚਾਹੀਦਾ ਹੈ। ਇਸ ਪਲਾਂਟ ਲਈ ਬਠਿੰਡਾ ਦੇ ਸਰਦਾਰਗੜ੍ਹ, ਚੁੱਘੇ, ਕਰਮਗੜ੍ਹ ਤੇ ਬੱਲੂਆਣਾ ਦੀ 641 ਏਕੜ ਖੇਤੀ ਯੋਗ ਜ਼ਮੀਨ 270 ਕਿਸਾਨਾਂ ਪਾਸੋਂ 30 ਸਾਲ ਲਈ ਠੇਕੇ ’ਤੇ ਲਈ ਗਈ। ਸਪੱਸ਼ਟ ਹੈ ਕਿ ਜਿਉਂ-ਜਿਉਂ ਪੰਜਾਬ ਵਿਚ ਆਦਾਨੀ ਸਮੂਹ ਆਪਣੇ ਕਾਰੋਬਾਰ ਦਾ ਪਸਾਰ ਕਰੇਗਾ, ਇਸਨੂੰ ਆਪਣੇ ਪੈਰ ਟਿਕਾਉਣ ਲਈ ਜ਼ਮੀਨਾਂ ਤਾਂ ਲੀਜ਼ ਉੱਪਰ ਲੈਣੀਆਂ ਹੀ ਪੈਣਗੀਆਂ।

ਜਿੰਨੀ ਚਿਰ ਪੰਜਾਬੀਆਂ ਨੂੰ ਆਪਣੀ ਲੋਕ ਵਿਰਾਸਤ ਯਾਦ ਹੈ, ਉਨੀ ਦੇਰ ਉਹ ਆਪਣੀਆਂ ਜ਼ਮੀਨਾਂ ਤੇ ਆਪਣੀ ਮਾਤ ਭੂਮੀ ਤੋਂ ਅਲੱਗ ਹੋਣ ਲਈ ਕਿਸੇ ਝਾਂਸੇ ਵਿਚ ਨਹੀਂ ਆਉਣਗੇ। ਹਿੰਦੁਸਤਾਨ ਦੇ ਲੋਕਾਂ ਨੇ ਇਤਿਹਾਸ ਵਿੱਚ ਤੱਕਿਆ ਹੈ ਕਿ ਕੰਪਨੀ ਕਿਵੇਂ ‘ਕੰਪਨੀ ਬਹਾਦਰੁ’ ਵਿਚ ਤਬਦੀਲ ਹੋ ਜਾਂਦੀ ਹੈ। ਵਰਤਮਾਨ ਕਿਸਾਨ ਅੰਦੋਲਨ ਇਸੇ ਖਤਰੇ ਵਿਰੁੱਧ ਸੰਘਰਸ਼ ਦੀ ਗਵਾਹੀ ਹੈ।

pa_INPanjabi

Discover more from Trolley Times

Subscribe now to keep reading and get access to the full archive.

Continue reading