ਪਿੰਡਾਂ ਵਿਚ ਖੇਤ ਮਜਦੂਰਾਂ ਖਿਲਾਫ਼ ਪਾਸ ਹੋ ਰਹੇ ਕਾਲ਼ੇ ਕਾਨੂੰਨ

ਪਿੰਡਾਂ ਵਿਚ ਖੇਤ ਮਜਦੂਰਾਂ ਖਿਲਾਫ਼ ਪਾਸ ਹੋ ਰਹੇ ਕਾਲ਼ੇ ਕਾਨੂੰਨ

ਅਸੀਂ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ  ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ’ ਵੱਲੋਂ ਸੰਯੁਕਤ ਕਿਸਾਨ/ਮਜਦੂਰ ਮੋਰਚਾ ਦਾ ਸਮੱਰਥਨ ਕਰਦੇ ਹੋਏ ਦਿੱਲੀ ਬੈਠੇ ਹਾਂ। ਸਾਡੇ ਸਮਾਜ ਦੇ ਲੋਕਾਂ ਨੇ ਨਵਾਂ ਸਾਲ 2021 ਵੀ ‘ਨਵਾਂ ਸਾਲ ਕਿਸਾਨਾਂ ਨਾਲ਼’ ਦੇ ਨਾਂ ਨਾਲ਼ ਹਜ਼ਾਰਾਂ ਦੀ ਗਿਣਤੀ ਵਿਚ ਕੁੰਡਲੀ/ਸਿੰਘੁ ਬਾਰਡਰ ‘ਤੇ ਮਨਾਇਆ, ਇਸ ਤੋਂ ਇਲਾਵਾਂ 27 ਫਰਵਰੀ 2021 ਗੁਰੂ ਰਵੀਦਾਸ ਜੀ ਦਾ ਪ੍ਰਕਾਸ਼-ਪੁਰਬ, 14 ਅਪ੍ਰੈਲ 2021 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਅਤੇ 15 ਮਾਰਚ 2021 ਨੂੰ ਤਾਮਿਲਨਾਡੂ ਤੋਂ ਦਲਿਤ ਸਮਾਜ ਦੇ ਲੋਕਾਂ ਨੇ ਕਾਂਸ਼ੀ ਰਾਮ ਕਾਫ਼ਲਾ ਦੇ ਨਾਂ ‘ਤੇ ਸਿੰਘੁ ਬਾਰਡਰ ‘ਤੇ ਹਜ਼ਾਰਾਂ ਦੀ ਤਾਦਾਦ ਵਿਚ ਸ਼ਮੂਲੀਅਤ ਕੀਤੀ। ਦੇਸ਼-ਵਿਦੇਸ਼ ਦੀਆਂ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ‘ਤੇ ਕਿਸਾਨ ਮਜ਼ਦੂਰ ਏਕਤਾ ਦੀ ਚਰਚਾ ਸਿਖਰ ‘ਤੇ ਹੈ। ਸਾਡੀ ਜਥੇਬੰਦੀ ਬਾਬਾ ਸਾਹਿਬ ਦੀ ਵਿਚਾਰਧਾਰਾ ‘ਤੇ ਚੱਲਦੀ ਹੋਈ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਉੱਥੇ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ। ਗੈਰ ਜ਼ਿੰਮੇਵਾਰ ਸਰਕਾਰ ਦੀ ਰਹਿਨੁਮਾਈ ਹੇਠ ਜੋ ਗੈਰ ਸੰਵਿਧਾਨਕ ਮੌਜੂਦਾ ਖੇਤੀ ਕਾਨੂੰਨ ਕਿਰਤੀਆਂ ਦੇ ਹੱਕਾਂ ‘ਤੇ ਡਾਕਾ ਮਾਰਦੇ ਕਾਨੂਨਾਂ ਖਿਲਾਫ਼ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਨੂੰ ਲਾਗੂ ਕਰਦੇ ਹੋਏ ਅਸੀਂ ਪਹਿਲੇ ਦਿਨ ਤੋਂ ਹੀ ਸਾਡੇ ਸਮਾਜ ਨੂੰ ਚੇਤੰਨ ਅਤੇ ਚਿੰਤਨਸ਼ੀਲ ਬਣਾਉਣ ਲਈ ਕੁੰਡਲੀ/ਸਿੰਘੁ ਬਾਰਡਰ ‘ਤੇ ਲਗਾਤਾਰ ਲਾਇਬ੍ਰੇਰੀ ਦੀ ਸੇਵਾ ਨਿਭਾ ਰਹੇ ਹਾਂ। ਦਲਿਤ ਸਮਾਜ ਨਾਲ਼ ਸਬੰਧਿਤ ਲੋਕਾਂ ਨੇ ਸੰਯੁਕਤ ਮੋਰਚੇ ਵੱਲੋਂ ਉਲੀਕੇ ਹਰ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਵੀ ਦਲਿਤ ਸਮਾਜ ਵਿਚਲੀਆ ਵੱਖ-ਵੱਖ ਜਥੇਬੰਦੀਆਂ ਆਪਣੇ-ਆਪਣੇ ਪਿੰਡ ਦੇ ਕਿਸਾਨ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿਚ ਆਪਣੀ ਦਿਹਾੜੀ ਛੱਡ ਕੇ ਪਹਿਲ ਦੇ ਅਧਾਰ ਤੇ ਸੰਯੁਕਤ ਮੋਰਚੇ ਵਿਚ ਸ਼ਾਮਿਲ ਹੁੰਦੇ ਰਹੇ।ਇਹ ਬੇ-ਜ਼ਮੀਨੇ ਲੋਕ ਸੰਯੁਕਤ ਮੋਰਚੇ ਨੂੰ ਫ਼ਤਹਿ ਕਰਨ ਲਈ ਹਰ ਕਿਸਮ ਦਾ ਨਫ਼ਾ-ਨੁਕਸਾਨ ਝੱਲਣ ਲਈ ਤਿਆਰ ਬੈਠੇ ਹਨ।

ਕਿਸਾਨ ਮਜਦੂਰ ਏਕਤਾ ਨੂੰ ਭੰਗ ਕਰਨ ਲਈ ਪੰਜਾਬ ਦੇ ਕਈ ਪਿੰਡਾਂ ਦੇ ਧਨਾਢ ਮਿਲ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ, ਮੌਕੇ ਦੀ ਸਰਕਾਰ ਵਾਂਗ ਪੇਂਡੂ ਪੱਧਰ ‘ਤੇ ਕਾਲੇ ਕਾਨੂੰਨ ਪਾਸ ਕਰ ਰਹੇ ਹਨ, ਅਜਿਹੇ ਕਾਨੂੰਨਾਂ ਦੀ ਆੜ ਵਿਚ ਕੋਈ ਵੀ ਕਿਸਾਨ ਵਿਰੋਧੀ ਗੈਰ-ਸੰਵਿਧਾਨਕ ਕਾਲੇ ਕਾਨੂੰਨਾਂ ਨੂੰ ਗਲਤ ਨਹੀਂ ਕਹੇਗਾ, ਕਿੳਕਿ ਅਜਿਹੇ ਪਾਸ ਕੀਤੇ ਪੰਚਾਇਤੀ ਮਤਿਆ ਵਿਚ ਕਿਸਾਨ ਯੂਨੀਅਨ ਦੀ ਹਾਜ਼ਰੀ/ਸਹਿਮਤੀ ਦਾ ਜ਼ਿਕਰ ਵੀ ਹੈ। ਇਸ ਤਰਾਂ ਦੇ ਪਾਸ ਕੀਤੇ ਮਤਿਆ ਵਿਚ ਮਜਦੂਰੀ ਦੀ ਮਜਦੂਰੀ ਦੇ ਭਾਅ ਨਿਸਚਿਤ ਕੀਤੇ ਗਏ ਹਨ। ਜੇਕਰ ਕਿਸਾਨ ਨਿਸਚਿਤ ਕੀਤੀ ਮਜ਼ਦੂਰੀ ਤੋਂ ਵੱਧ ਮਜ਼ਦੂਰੀ ਦਿੰਦਾ ਹੈ ਤਾਂ ਉਸਨੂੰ 50,000 ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ।

ਰਿਜ਼ਰਵੇਸ਼ਨ ਵਾਲੀ ਪੰਚਾਇਤੀ ਜ਼ਮੀਨ ਦਾ ਭਾਅ ਵੀ ਇਹੋ ਪੰਚਾਇਤ ਵਿਚ ਸ਼ਾਮਿਲ ਘੜੰਮ ਚੌਧਰੀ ਹਰ ਸਾਲ ਵਧਾਉਂਦੇ ਹਨ ਜਾਂ ਫਿਰ ਰਿਜ਼ਰਵੇਸ਼ਨ ਵਾਲੀ ਪੰਚਾਇਤੀ ਜ਼ਮੀਨ ਵੀ ਉਚ ਜਾਤੀ ਨਾਲ਼ ਸਬੰਧਿਤ ਵਿਅਕਤੀ (ਜਿਸਦੇ ਕੋਲ ਆਪਣੀ ਜ਼ਮੀਨ ਵੀ ਹੈ) ਕਿਸੇ ਦਲਿਤ ਨੂੰ ਦੋ ਕੁ ਦਿਨ ਦਾ ਨਸ਼ਾ ਦੇ ਕੇ ਉਸਦੇ ਨਾਂ ‘ਤੇ ਜ਼ਮੀਨ ਲੈ ਲੈਂਦਾ ਹੈ ਅਤੇ ਦਲਿਤ ਵਰਗ ਦੇ ਲੋਕ ਫਿਰ ਤੋਂ ਰਿਜ਼ਰਵੇਸ਼ਮਨ ਵਾਲੀ ਜ਼ਮੀਨ ਪਿੰਡ ਵਿਚ ਹੋਣ ‘ਤੇ ਵੀ ਆਪਣੇ ਪਿੰਡ ਜਾਂ ਗੁਆਂਢੀ ਪਿੰਡ 18,000-20,000 ਰੁਪਏ ਪ੍ਰਤੀ ਵਿੱਘਾ ਦੇ ਦਰਮਿਆਨ ਪਸ਼ੂਆਂ ਦੇ ਹਰੇ ਚਾਰੇ ਲਈ ਜ਼ਮੀਨ ਠੇਕੇ ‘ਤੇ ਲੈਂਦੇ ਹਨ। ਪਿੰਡ ਨੌਹਰਾ, ਤਹਿਸੀ-ਨਾਭਾ, ਜਿਲ੍ਹਾ ਪਟਿਆਲਾ ਦੇ ਪਿੰਡ ਵਾਂਗੂੰ ਰਿਜ਼ਰਵੇਸ਼ਨ ਦੀ ਉਪਜਾਊ ਜ਼ਮੀਨ ਤੇ ਪੰਚਾਇਤੀ ਮਤਾ ਪਾ ਕੇ ਕੱਲਰ ਜ਼ਮੀਨ ਨਾਲ਼ ਨੰਬਰ ਬਦਲੇ ਗਏ। ਜੇਕਰ ਮਜ਼ਦੂਰ ਵਰਗ ਸਾਂਝੇ ਤੌਰ ‘ਤੇ ਮਤਾ ਪਾ ਕੇ ਰਿਜ਼ਰਵੇਸ਼ਨ ਵਾਲੀ ਜ਼ਮੀਨ ਵਾਹੁਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ।

ਮਜ਼ਦੂਰ ਹਰ ਕਿਸਮ ਦੇ ਗਿਲੇ ਸ਼ਿਕਵੇ ਮਿਟਾ ਕੇ ਉਚਿਤ ‘ਤੇ ਉੱਜਲ ਭਵਿੱਖ ਦੀ ਆਸ ਲੈ ਕੇ ਸਾਡੇ ਸਾਂਝੇ ਦੁਸ਼ਮਣ ਆਰ.ਐਸ.ਐਸ ਅਤੇ ਭਾਜਪਾ ਦੀਆਂ ਜੜ੍ਹਾਂ ਪੁੱਟਣ ਲਈ ਇਸ ਸੰਯੁਕਤ ਮੋਰਚੇ ਦਾ ਹਿੱਸਾ ਬਣਿਆ। ਸੰਸਾਰ ਪੱਧਰ ‘ਤੇ ਇਸ ਅੰਦੋਲਨ ਦੀ ਵੱਖਰਤਾ ਅਤੇ ਕਾਮਯਾਬੀ ਕਿਸਾਨ ਮਜਦੂਰ ਏਕਤਾ ਦੇ ਨਾਲ਼ ਨਾਲ਼ ਧਾਰਮਿਕ ਏਕਤਾ ਕਾਰਨ ਹੀ ਹੈ।

ਅਸੀਂ ਮੋਰਚੇ ਦਾ ਧਿਆਨ ਕੁਝ ਮੁੱਦਿਆ ਇਹਨਾਂ ਮੁੱਦਿਆਂ ‘ਤੇ ਦੁਆਉਣਾ ਚਾਹੁੰਦੇ ਹਾਂ, ਜੋ ਕਿਸਾਨ ਮਜਦੁਰ ਏਕਤਾ ਦੇ ਨਾਅਰੇ ਨੂੰ ਖੋਖਲਾ ਕਰ ਰਹੇ ਹਨ। ਅਸੀਂ ਸਮੂਹ ਕਿਸਾਨ ਜਥੇਬੰਦੀਆਂ ਤੋਂ ਉਚਿਤ ਭਵਿੱਖ ਦੀ ਕਾਮਨਾ ਕਰਦੇ ਹੋਏ ਅਜਿਹੇ ਕਾਲੇ ਪੰਚਾਇਤੀ ਕਾਨੂੰਨਾ (ਮਜਦੂਰ ਦੀ ਮਜ਼ਦੂਰੀ ਨਿਸਚਿਤ ਕਰਨ ਵਾਲੇ ਪੰਚਾਇਤੀ ਮਤਿਆ) ਨੂੰ ਠੱਲ ਪਾਉਣ ਦੀ ਮੰਗ ਕਰਦੇ ਹਾਂ। ਜਿੱਥੇ ਅਸੀਂ ਸਾਝੇ ਤੌਰ ਸੁਝਵਾਨ ਆਗੂਆਂ ਦੀ ਅਗਵਾਈ ਅਧੀਨ ਕਿਸਾਨੀ ਉੱਪਰ ਥੋਪੇ ਕਾਲੇ ਕਾਨੂੰਨਾਂ ਖਿਲਾਫ਼ ਜੂਝ ਰਹੇ ਹਾਂ , ਉੱਥੇ ਹੀ ਦਲਿਤ ਭਾਈਚਾਰ ਆਪ ਸਭਨਾਂ ਸੁਝਵਾਨ ਕਿਸਾਨ ਜਥੇਬੰਦੀਆਂ ਦੇ ਆਗੂਆ ਤੋਂ ਆਪਣੇ ਹੱਕਾਂ ਦੀ ਆਸ ਲਾਈ ਬੈਠੇ ਹਨ, ਕਿੳਕਿ ਝੋਨਾ ਲਗਾਉਣ ਵਾਲੇ ਮਜਦੂਰਾਂ ਵਿਚ ਵੱਡੀ ਗਿਣਤੀ ਵਿਦਿਆਰਥੀਆ ਦੀ ਵੀ ਹੈ, ਜੋ ਆਪਣੇ ਉੱਜਲ ਭਵਿਖ ਦੀ ਆਸ ‘ਤੇ ਅਤੇ ਪਰਿਵਾਰ ਦਾ ਨਿਰਵਾਹ ਕਰਨ ਲਈ ਸੋਝੀ ਸੰਭਲਦਿਆ ਹੀ ਮਜਦੂਰੀ ਵਿਚ ਜੁੱਟ ਜਾਂਦੇ ਹਨ। ਸਾਡੀ ਜਥੇਬੰਦੀ ਇਹ ਆਸ ਕਰਦੀ ਹੈ ਕਿ ਇਹ ਨਿਸ਼ਚਿਤ ਕੀਤਾ ਜਾਵੇ ਕਿ ਦਲਿਤ/ਮਜਦੂਰਾਂ ਨਾਲ਼ ਕਿਸੇ ਵੀ ਕਿਸਮ ਦਾ ਧੱਕਾ ਨਾ ਕੀਤਾ ਜਾਵੇ, ਤਾਂ ਜੋ ਅਸੀਂ ਮਜਦੂਰ ਏਕਤਾ ਵਿਚ ਕਿਸੇ ਵੀ ਤਰਾਂ ਦੀ ਫੁੱਟ ਨਾ ਪੈਣ ਦੇਈਏ ਅਤੇ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਨੂੰ ਹੋਰ ਵੀ ਮਜਬੂਤ ਅਤੇ ਬੁਲੰਦ ਬਣਾ ਸਕੀਏ।

en_GBEnglish