ਕਿਸਾਨ ਅੰਦੋਲਨ ਦੇ ਨਾਇਕ

ਕਿਸਾਨ ਅੰਦੋਲਨ ਦੇ ਨਾਇਕ

ਇਸੇ ਕਿਸਾਨ ਅੰਦੋਲਨ ਵਿਚ ਅਜਿਹੇ ਅਨੇਕ ਨਾਇਕ ਬੈਠੇ ਹਨ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਹ ਅੰਦੋਲਨ ਦੇ ਨੀਂਹ ਦੇ ਪੱਥਰ ਹੁੰਦੇ, ਜਿਨ੍ਹਾਂ ਉੱਤੇ ਮਜ਼ਬੂਤ ਇਮਾਰਤਾਂ ਉਸਰਦੀਆਂ ਹਨ, ਪਰ ਜ਼ਮੀਨ ਵਿਚ ਰਹਿ ਕੇ ਵੀ ਸਾਰੀ ਇਮਾਰਤ ਦਾ ਭਾਰ ਸਹਿਣ ਦੇ ਬਾਵਜੂਦ ਉਹ ਉਫ਼ ਤਕ ਨਹੀਂ ਕਰਦੇ। ਅਜਿਹੇ ਲੋਕਾਂ ਦੀ ਛੁਪੇ ਰਹਿਣ ਦੀ ਚਾਹ ਹੀ ਉਨ੍ਹਾਂ ਦੀ ਖ਼ੂਬਸੂੂਰਤੀ ਹੁੰਦੀ ਹੈ।

ਬਰਨਾਲ਼ਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੀ 80 ਸਾਲਾਂ ਨੂੰ ਢੁੱਕੀ ਬੇਬੇ ਹਰਭਜਨ ਕੌਰ ਆਪਣੀ ਇਸੇ ਪਿੰਡ ਦੀ ਸਾਥਣ ਰਮਿੰਦਰ ਕੌਰ ਨਾਲ਼ ਟਿੱਕਰੀ ਹੱਦ ਉੱਤੇ ਪਹੁੰਚੀ। ਫ਼ੈਸਲਾ ਕਰਕੇ ਆਈ ਕਿ ਜਿੱਤ ਤੋਂ ਬਿਨਾਂ ਵਾਪਸ ਮੁੜਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਤਿੰਨ ਪੁੱਤਰਾਂ ਅਤੇ ਇਕ ਧੀਅ ਦੀ ਮਾਂ। ਆਰਥਿਕ ਤੌਰ ਉੱਤੇ ਖੁਸ਼ਹਾਲ ਪਰਿਵਾਰ। ਵੱਡਾ ਬੇਟਾ ਕੈਨੇਡਾ ਦਾ ਨਿਵਾਸੀ ਹੈ। ਹਰਭਜਨ ਕੌਰ ਦੋ ਵਾਰ ਕੈਨੇਡਾ ਵੀ ਦੇਖ ਚੁੱਕੀ ਹੈ। ਬੱਚਿਆਂ ਕੋਲ 15-15 ਕਿੱਲੇ ਜ਼ਮੀਨ ਹੈ। ਵਿਦੇਸ਼ੋਂ ਪੋਤਰਾ ਫੋਨ ਕਰਦਾ ਹੈ ਕਿ ਮਾਤਾ ਤੁਹਾਡੀ ਹਾਜ਼ਰੀ ਲੱਗ ਗਈ, ਹੁਣ ਪਿੰਡ ਚਲੀ ਜਾਹ। ਬੇਬੇ ਦਾ ਇਕ ਜਵਾਬ ਹੁੰਦਾ ਹੈ, ‘ਜਿਸ ਨੇ ਮਿਲਣਾ ਹੈ, ਇਸ ਨਵੇਂ ਬਣਾਏ ਪਿੰਡ ਵਿਚ ਹੀ ਮਿਲ ਜਾਵੇ।’ ਜ਼ਿਆਦਾ ਦਬਾਅ ਪੈਣ ਉੱਤੇ ਪੋਤਰੇ ਦੀ ਲੋਹੜੀ ਮੌਕੇ ਇਕ ਵਾਰ ਪਿੰਡ ਚਲੀ ਗਈ। ਕੁਝ ਦਿਨਾਂ ਵਾਸਤੇ ਘਰਵਾਲਿਆਂ ਨੇ ਡੱਕਣ ਦੀ ਕੋਸ਼ਿਸ਼ ਕੀਤੀ, ਪਰ ਬੇਬੇ ਦਸ ਹਜ਼ਾਰ ਰੁਪਏ ਦੇ ਭਾਂਡੇ ਅਤੇ ਹੋਰ ਵਸਤਾਂ ਲੈ ਕੇ ਪਰਤ ਆਈ। ਹਰਭਜਨ ਕੌਰ ਨੇ ਕਿਹਾ, ‘ਸਭ ਦੇ ਸਿਰ ਪਲੋਸ ਕੇ ਆਈ ਹਾਂ। ਅੰਦੋਲਨ ਜਿੱਤ ਗਿਆ ਤਾਂ ਸਨਮਾਨ ਕਰ ਦੇਣਾ, ਨਹੀਂ ਤਾਂ ਅਰਥੀ ਨੂੰ ਕੰਧਾ ਦੇ ਦੇਣਾ। ਜ਼ਿੰਦਗੀ ਵਿਚ ਬੇਹੱਦ ਮਿਹਨਤ ਕੀਤੀ ਹੈ। ਖੁਸ਼ਹਾਲ ਤੇ ਭਰਿਆ ਵਿਹੜਾ ਛੱਡ ਕੇ ਮੱਛਰ, ਠੰਢ ਅਤੇ ਅਤਿ ਦੀ ਗਰਮੀ ਵਿਚ ਰਹਿਣਾ ਸ਼ੌਕ ਨਹੀਂ ਹੈ, ਪਰ ਇਹ ਹੁਣ ਇੱਜ਼ਤ ਦਾ ਸੁਆਲ ਹੈ।’

en_GBEnglish