ਮੁਲਕ ਦਾ ਨਵਾਂ ਰੋਜ਼ਨਾਮਚਾ

ਮੁਲਕ ਦਾ ਨਵਾਂ ਰੋਜ਼ਨਾਮਚਾ

ਮੁਲਕ ਦੇ ਨਵੇਂ ਰੋਜ਼ਨਾਮਚੇ ਵਿੱਚ ਦਰਜ ਹੈ

ਮੁਲਕ ਵਿੱਚ ਕੰਧਾਂ ਅਤੇ ਵਾੜਾਂ ਦੀ ਗਿਣਤੀ

ਨਵੇਂ ਛਾਪੇ ਇਸ਼ਤਿਹਾਰਾਂ ਤੇ ਮਜਮਿਆਂ ਦੀ ਸੂਚੀ

ਧਾਰਮਿਕ ਤੇ ਜਾਤੀ ਨਾਅਰਿਆਂ ਦਾ ਨੰਬਰ

ਤੇ ਸ਼ੇਅਰ ਮਾਰਕਿਟਾਂ ਦੇ ਅਸਾਸੇ।

 

ਦਰਜ ਹੈ, ਨਿਹੱਥਾ ਕਿਵੇਂ ਕੋਹਣਾ ਹੈ?

ਬਿਨਾਂ ਖੁਨ ਵਹਾਏ ਬੰਦਾ ਮਾਰਨ ਦੇ ਦਸ ਤਰੀਕੇ

ਦਿਲੋਂ –ਦਿਮਾਗ ਨੂੰ ਖੁੰਢਾ ਕਰਨ ਦੀਆਂ ਵਿਧੀਆਂ

ਅੰਕੜ੍ਹਿਆਂ ਨੂੰ ਖੋਰਣ ਤੇ ਵੱਢਣ-ਟੁੱਕਣ ਦੇ ਗੁਰ

ਤੇ ਕਤਲ ਹੋਇਆ ਨੂੰ ਸੂਲੀ ਦੇਣ ਦੇ ਢੰਗ ।

 

ਰੋਜ਼ਨਾਮਚੇ ਵਿੱਚ ਧੜਾਂ੍ਹ ਦੀ ਗਿਣਤੀ ਹੈ, ਸਿਰ ਨਹੀਂ

ਜ਼ੁਬਾਨਾਂ ਤੋਂ ਨੋਚ ਲਈਆਂ ਨੇ ਇਸ ਨੇ ਦਲੀਲਾਂ

ਸਾਡੇ ਹੱਥਾਂ ਤੋਂ ਝਪੱਟ ਲਿਆ ਮਿੱਟੀ ਚੁੰਮਣ ਦਾ ਵੱਲ

ਤੇ ਪੈਰਾਂ ਤੋਂ ਨਵੀਆਂ ਰਾਹਾਂ ਨੂੰ ਟੋਹਣ ਦੇ ਤਰਕ

ਬੰਦੇ ਨੂੰ ਪਿੱਛਲ-ਖੁਰੀ ਤੋਰਨ ਦਾ ਕਾਇਦਾ ਹੈ ਰੋਜ਼ਨਾਮਚਾ।

 

ਨਵਾਂ ਰੋਜ਼ਨਾਮਚਾ, ਬੇ-ਇਤਿਹਾਸਾ ਤੇ ਬੇ-ਜੜ੍ਹਾਂ

ਚਮਤਕਾਰਾਂ ਤੇ ਅਜੂਬਿਆਂ ਦੀ ਜਨਮ-ਪੱਤਰੀ ਵਾਂਗ

ਵਿਗਿਆਨ ਤੇ ਕੁਦਰਤ ਨੂੰ ਇੱਕੋ-ਟੱਕ ਵੱਢਦਾ

ਨਿਆਂ ਤੇ ਸੱਚ ਦੀ ਸਲੀਬ ਦਾ ਨਵਾਂ ਇੰਤਜ਼ਾਮੀਆਂ

ਦਰਅਸਲ , ਇਹ ਰੂਹਾਂ ਦੀ ਚੋਰੀ ਦਾ ਸੰਦ ਹੈ।

 

ਇਸ  ਵਿੱਚ ਮੌਤ ਦੀ ਖਬਰ ਦੋਸ਼ੀ ਹੈ, ਮੌਤ ਨਹੀਂ

ਇਸ ਵਿੱਚ ਮੌਤ ਦੇ ਸਵਾਲ ਦੋਸ਼ੀ ਹਨ, ਮੌਤ ਨਹੀਂ

ਇਸ ਵਿੱਚ ਮੌਤ ਦੀ ਚੀਖ ਦੋਸ਼ੀ ਹੈ, ਮੌਤ ਨਹੀਂ

ਇਸ ਵਿੱਚ ਮੌਤਾਂ ਦੀ ਗਿਣਤੀ ਦੋਸ਼ੀ ਹੈ ,ਮੌਤ ਨਹੀਂ॥

ਮੁਲਕ ਦਾ ਨਵਾਂ ਰੋਜ਼ਨਾਮਚਾ ਜ਼ਿੰਦਗੀ ਦਾ ਮੁਕੰਮਲ ਮਰਸੀਆ ਹੈ।

en_GBEnglish