ਸੋਚਣ ਦੀ ਘੜੀ ਤੇ ਪੱਕਾ ਇਮਤਿਹਾਨ

ਸੋਚਣ ਦੀ ਘੜੀ ਤੇ ਪੱਕਾ ਇਮਤਿਹਾਨ

ਕਿਸਾਨ ਅੰਦੋਲਨ ਅੰਦਰ ਪੰਜਾਬੀ ਮੀਡੀਏ ਦਾ ਰੋਲ ਬੜਾ ਸਲਾਹੁਣਯੋਗ ਰਿਹਾ ਹੈ। ਸਮਾਂ ਆਉਣ ‘ਤੇ ਅੰਦੋਲਨ ਦੇ ਇਤਿਹਾਸ ਅੰਦਰ ਮੀਡੀਏ ਦੇ ਮਹੱਤਵਪੂਨਣ ਰੋਲ ਨੂੰ ਵੀ ਪ੍ਰਭਾਸ਼ਿਤ ਕੀਤਾ ਜਾਵੇਗਾ। ਮੀਡੀਏ ਨੇ ਸਹੀ ਦਿਸ਼ਾ ਵੱਲ ਚਲਦਿਆਂ ਆਪਣੇ ਫਰਜ ਨੂੰ ਨਿਭਾ ਕੇ ਆਪਣੇ ਕੱਦ ਨੂੰ ਉੱਚਾ ਕੀਤਾ ਹੈ। ਪਰ ਮੀਡੀਏ ਅੰਦਰ ਕਾਫ਼ੀ ਦਿਨਾਂ ਤੋਂ ਕੁੱਝ ਪੱਤਰਕਾਰਾਂ ਵੱਲੋਂ ਦੋ ਤਿੰਨ ਮੁੱਦਿਆਂ ਨੂੰ ਖ਼ਾਸ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਨੇ ਮੋਰਚੇ ਨੂੰ ਪਟੜੀ ਤੋਂ ਉਤਾਰ ਦਿੱਤਾ ਸੀ ਪਰ ਰਾਕੇਸ਼ ਟਿਕੈਤ ਦੀਆਂ ਅੱਖਾਂ ਦੇ ਹੰਝੂਆਂ ਨੇ ਭਾਵੀ ਨੂੰ ਟਾਲ ਦਿੱਤਾ। ਨਹੀਂ ਤਾਂ ਲੈਣੇ ਦੀ ਥਾਂ ਦੇਣੇ ਬਣ ਜਾਣੇ ਸਨ। ਫਿਰਕੂ ਸੋਚ ਚ ਉਲਾਰ ਰਹਿਣ ਵਾਲੇ ਲੋਕ ਇਸ ਘਟਨਾ ਨੂੰ ਗਹਿਰਾਈ ਵਿੱਚ ਜਾਣ ਦੀ ਥਾਂ ਇਕੱਲੀ ਸੂਰਮਗਤੀ ਅੱਖ ਨਾਲ਼ ਹੀ ਵੇਖਦੇ ਹਨ। ਜੋ ਨੌਜਵਾਨ ਗਏ ਉਹ ਸੂਰਮੇ ਸਨ, ਪਰ ਜਿਸ ਸੋਚ ਮਗਰ ਲੱਗ ਕੇ ਗਏ ਉਹ ਸੂਰਮਿਆਂ ਵਾਲੀ ਨਹੀਂ ਸੀ। ਉਹ ਸੋਚ ਕਿਸਾਨ ਮਾਰੂ, ਕੌਮ ਮਾਰੂ ਤੇ ਧਰਮ ਮਾਰੂ ਸੀ। ਉਹ ਸੋਚ ਤਾਂ ਸਿਰਫ ਤੇ ਸਿਰਫ ਸਰਕਾਰੀ ਸੋਚ ਨੂੰ ਸਫਲ ਬਣਾਉਣ ਵਾਲੀ ਸੀ। ਖ਼ੈਰ ਮਨਾਓ ! ਭਾਣਾ ਵਰਤਣੋਂ ਟਲ ਗਿਆ। ਕਈ ਚੰਗੀਆਂ ਨੀਤਾਂ ਵਾਲੇ ਵੀ ਲਿੱਬੜ ਗਏ। ਠੀਕ ਹੈ ਗਲਤੀਆਂ ਚੰਗੀਆਂ ਨੀਤਾਂ ਵਾਲਿਆਂ ਤੋਂ ਵੀ ਹੋ ਜਾਂਦੀਆਂ ਹਨ। ਗਲਤੀਆਂ ਉਹਨਾਂ ਤੋਂ ਹੀ ਹੋਣਗੀਆਂ ਜੋ ਕੰਮ ਕਰਨਗੇ। ਜਿੰਨਾਂ ਕੁਝ ਕਰਨਾ ਨਹੀਂ ਉਹ ਕਿੱਥੋਂ ਗਲਤੀਆਂ ਕਰ ਲੈਣਗੇ? ਗਲਤੀ ਨਾਲ਼ੋਂ ਉਸ ਦੀ ਨੀਤ ਨੂੰ ਜਾਨਣਾ ਜ਼ਰੂਰੀ ਹੁੰਦਾ ਹੈ। ਜਾਣ ਕੇ ਕੀਤੀ ਗਲਤੀ, ਗਲਤੀ ਨਹੀਂ ਹੁੰਦੀ ਸ਼ਰਾਰਤ ਹੁੰਦੀ ਹੈ। ਜਾਣ ਬੁੱਝ ਕੇ ਗਲਤੀ ਕਰਨ ਵਾਲੇ ਦੀ ਨੀਅਤ ਨਹੀਂ ਬਦਨੀਤ ਹੁੰਦੀ ਹੈ। ਬਦਨੀਅਤ ਵਿੱਚ ਉਸ ਦੀ ਆਪਣੀ ਮਨਸ਼ਾ ਲੁਕੀ ਹੁੰਦੀ ਹੈ। ਸਿਆਣਪ ਸਮਝੋ ਸਾਡੇ ਲੀਡਰਾਂ ਤੇ ਲੋਕਾਂ ਦੇ ਜਿੰਨਾਂ ਗੰਦਲੇ ਹੋਏ ਵਾਤਾਵਰਣ ਨੂੰ ਛੇਤੀ ਸਾਫ਼ ਕਰ ਲਿਆ। 

ਰਹਿੰਦੀ ਕਸਰ ਲੱਖਾ ਸਿਧਾਣਾ ਨੇ ਮਹਿਰਾਜ ਦੀ ਰੈਲੀ ਵਿੱਚ ਬੋਲ ਕੇ ਕੱਢ ਦਿੱਤੀ। ਬੋਲਦਿਆਂ ਆਖਿਆ,”ਓ ਜਵਾਨੋਂ ਤੇ ਲੋਕੋ,ਕਿਸਾਨ ਮੋਰਚੇ ਦੀ ਲੜਾਈ ਸਾਡੀ ਸਭ ਦੀ ਸਾਂਝੀ ਹੈ। ਇਕੱਠੇ ਹੋਏ ਬਿਨਾਂ ਜੰਗ ਜਿੱਤੀ ਨਹੀਂ ਜਾਣੀ। ਸਮਾਂ ਇੱਕ ਦੂਜੇ ਵਿੱਚ ਨੁਕਸ ਕੱਢਣ ਦਾ ਨਹੀਂ ਰਲ ਕੇ ਹੰਭਲਾ ਮਾਰਨ ਦਾ ਹੈ। ਜਿਵੇਂ ਸਾਡੇ ਆਗੂ ਫੁਰਮਾਨ ਜਾਰੀ ਕਰਦੇ ਹਨ ਸਾਨੂੰ ਮੰਨ ਕੇ ਦਿੱਲੀ ਜਾਣਾ ਚਾਹੀਦਾ ਹੈ”। ਉਹ ਜਿੰਨਾਂ ਵੀ ਬੋਲਿਆ ਸਲਾਹੁਣਯੋਗ ਹੈ। ਇਕ ਇਕ ਸ਼ਬਦ ਦੇ ਡੂੰਘੇ ਅਰਥ ਹਨ।

ਗੱਲ ਤੋਰੀ ਸੀ ਮੀਡੀਏ ਵੱਲੋਂ ਕੁਝ ਮੁੱਦੇ ਉਭਾਰਨ ਬਾਰੇ। ਇੱਕ ਮੁੱਦੇ ਵਿੱਚ ਕੁਝ ਪੱਤਰਕਾਰ ਲੀਡਰਾਂ ਤੋਂ ਵਾਰ-ਵਾਰ ਪੁੱਛਦੇ ਹਨ ,” ਲੱਖਾਂ ਸਿਧਾਣਾ ਤੇ ਦੀਪ ਸਿੱਧੂ ਬਾਰੇ ਕੀ ਵਿਚਾਰ ਹਨ?” ਜਦ ਕਿ ਉਹਨਾਂ ਨੂੰ ਪਤਾ ਹੁੰਦਾ ਹੈ, ਲੀਡਰਾਂ ਨੇ ਕੀ ਜਵਾਬ ਦੇਣੇ ਹਨ । ਫੇਰ ਵਾਰ ਵਾਰ ਕਿਉਂ ਸਵਾਲ ਉਠਾਇਆ ਜਾਂਦਾ ਹੈ ? ਹੁਣ ਲੱਖੇ ਨੂੰ ਛੱਡ ਕੇ ਇਕੱਲੇ ਸਿੱਧੂ ਬਾਰੇ ਉਠਾਉਣਗੇ। ਹੁਣ ਸਵਾਲ ਕੀਤਾ ਜਾਂਦਾ ਹੈ,”ਲੀਡਰੋ ਦੱਸੋ ਤੁਸੀਂ ਚੋਣਾਂ ਵਿੱਚ ਬਤੌਰ ਉਮੀਦਵਾਰ ਚੋਣ ਲੜਨੀ ਹੈ ਜਾਂ ਨਹੀਂ ? ਅਜਿਹੇ ਮੌਕੇ ਇਹ ਸਵਾਲ ਬੇਲੋੜੇ ਹਨ । ਮੰਨ ਵੱਲੋਂ ਪੱਤਰਕਾਰਾਂ ਦਾ ਸਵਾਲ ਕਰਨ ਦਾ ਹੱਕ ਹੈ, ਪਰ ਮੁੜ ਮੁੜ ਕਰਨੇ ਕਈ ਸ਼ੰਕੇ ਖੜ੍ਹੇ ਕਰ ਦਿੰਦੇ ਹਨ। ਲੋਕ ਸੋਚਦੇ ਹਨ ਕੀ ਇਹ ਅਣਜਾਣ ਹਨ ਜਾਂ ਕਿਸੇ ਸ਼ਰਾਰਤ ਅਧੀਨ ਕਰਦੇ ਹਨ ? ਪੱਤਰਕਾਰਾਂ ਨੂੰ ਸੋਚਣ ਦੀ ਲੋੜ ਹੈ। ਕੀ ਅਜਿਹਾ ਕਰਨਾ ਉਹਨਾਂ ਦੇ ਬਣੇ ਅਕਸ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ ?

ਬਦੇਸ਼ਾਂ ਵਿੱਚ ਬੈਠੇ ਭਰਾ ਬੜੀ ਉਤਸੁਕਤਾ ਨਾਲ਼ ਬਣੀਆਂ ਵੀਡੀਓਜ ਨੂੰ ਵੇਖਦੇ ਹਨ । ਬੁਲਾਰਿਆਂ ਵਿੱਚ ਕੋਈ ਕੋਈ ਅਜਿਹਾ ਵੀ ਬੋਲ ਜਾਂਦਾ ਹੈ ਜੋ ਸਟੇਜ ਤੋਂ ਧਰਮ ਬਨਾਮ ਕਮਿਊਨਿਸਟ ਵਿਚਾਰਧਾਰਾ ਨੂੰ ਇਕ ਦੂਜੀ ਦੀਆ ਵਿਰੋਧੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਲੋਕਾਂ ਦੀ ਸੋਚ ਚੰਗੀ ਨਹੀਂ ਹੁੰਦੀ। ਇਹਨਾਂ ਦਾ ਕੰਮ ਸਿਰਫ ਆਪਣਾ ਵਿਖਾਵਾ ਕਰਨਾ ਹੁੰਦਾ ਹੈ ਜਾਂ ਚਲਦੇ ਕੰਮ ਵਿੱਚ ਅੜਿੱਕਾ ਡਾਉਣਾ। ਇਹਨਾਂ ਦਾ ਕੰਮ ਕੁਝ ਕਰਕੇ ਵਿਖਾਉਣਾ ਨਹੀਂ ਹੁੰਦਾ ਸਿਰਫ ਬੋਲਣਾ ਹੁੰਦਾ ਹੈ ਜਾਂ ਅੱਗ ਲਾਉਣਾ । 

ਮੈਂ ਇਕ ਉਦਾਹਰਣ ਦੇ ਕੇ ਉਹਨਾਂ ਲੋਕਾਂ ਨੂੰ ਚੁੱਪ ਰਹਿਣ ਦੀ ਬੇਨਤੀ ਕਰਾਂਗਾ ਜੋ ਸਿੱਖ ਬਨਾਮ ਕਮਿਊਨਿਸਟ ਮਸਲੇ ਖੜੇ ਕਰਦੇ ਹਨ ਜਦਕਿ ਮਸਲਾ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਹੈ। 1984 ਦੇ ਕਾਲੇ ਦੌਰ ਤੋਂ ਪਹਿਲਾਂ ਦੇ ਰਾਜਨੀਤਕ ਲੋਕ ਜਾਣਦੇ ਹਨ ਕਿ ਜਥੇਦਾਰ ਹਰਦਿੱਤ ਸਿੰਘ ਭੱਠਲ ਕੌਣ ਸੀ? ਜਿੰਨਾਂ ਨੂੰ ਪਤਾ ਨਹੀਂ ਮੈਂ ਉਹਨਾਂ ਲਈ ਸੰਕੇਤਕ ਗੱਲ ਕਰਾਂਗਾ। ਜਥੇਦਾਰ ਹਰਦਿੱਤ ਸਿੰਘ ਭੱਠਲ ਇਕ ਨਾਮਵਰ ਕਮਿਊਨਿਸਟ ਸਨ ਜੋ ਸਾਰੀ ਉਮਰ ਅਮ੍ਰਿਤਧਾਰੀ ਰਹੇ। ਉਮਰ ਭਰ ਸਵੇਰੇ ਇਸ਼ਨਾਨ ਤੋਂ ਬਾਅਦ ਪਾਠ ਕਰਨਾ ਕਦੇ ਭੁੱਲੇ ਨਹੀਂ ਸੀ। ਇਹ ਤਿੰਨ ਦਫ਼ਾ ਧਨੌਲਾ (ਸੰਗਰੂਰ ) ਵਿਧਾਨ ਸਭਾ ਦੀ ਸੀਟ ਤੋਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਐਮ ਐਲ ਏ ਬਣਦੇ ਰਹੇ। ਸਾਰੀ ਉਮਰ ਲੋਕਾਂ ਦੇ ਲੇਖੇ ਲਾ ਕੇ ਦੁਨੀਆਂ ਤੋਂ ਗਏ। ਪਹਿਲਾਂ ਇਹਨਾਂ ਨੇ ਪਰਜਾ ਮੰਡਲ ਵਿੱਚ ਕੰਮ ਕੀਤਾ ਫੇਰ ਲਾਲ ਕਮਿਊਨਿਸਟ ਪਾਰਟੀ( ਕਾ: ਤੇਜਾਂ ਸਿੰਘ ਵਾਲੀ ) ਜਿਸ ਨੇ ਪੈਪਸੂ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕ ਬਣਾਇਆ ਸੀ, ਉਸ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਮਾਰਕਸਵਾਦੀ ਕਮਿਊਨਿਸਟ ਪਾਰਟੀ ਵਿੱਚ ਕੰਮ ਕਰਦੇ ਰਹੇ। ਜੀਵਨ ਵਿੱਚ ਅਨੇਕਾਂ ਵਾਰ ਅੰਡਰਗਰਾਉਂਡ ਵੀ ਰਹੇ। ਅੰਡਰਗਰਾਉਂਡ ਸਮੇਂ ਜਦ ਕਿਸੇ ਪਿੰਡ ਉਹਨਾਂ ਦੇ ਆਉਣ ਦਾ ਪਤਾ ਲੱਗਦਾ ਤਾਂ ਪੁਲਸ ਪਿੰਡ ਸੁਭਾ ਚਾਰ ਵਜੇ ਗਲੀਆਂ ਵਿੱਚ ਘੁੰਮਣ ਲੱਗ ਜਾਂਦੀ ਸੀ। ਇਹ ਵੇਖਣ ਲਈ ਕਿ ਕਿਸ ਦੇ ਘਰ ਨਲਕਾ ਚਲਦਾ ਹੈ ਜਾਂ ਖੂਹੀ ‘ਤੇ ਡੋਲ ਖੜਕਦਾ ਹੈ। ਪੁਲਸ ਨੂੰ ਪਤਾ ਸੀ ਕਿ ਚਾਰ ਵਜੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਦਾ ਹੈ। ਇਹ ਪੁਲਸ ਦੀ ਪੱਕੀ ਨਿਸ਼ਾਨੀ ਸੀ। ਅਣਜਾਣ ਸੱਜਣ ਇਹ ਵੀ ਨਾਂ ਸਮਝਣ ਕਿ ਉਹ ਪਾਰਟੀ ਵਿੱਚ ਇਕੱਲਾ ਹੀ ਅਜਿਹਾ ਆਦਮੀ ਸੀ। ਉਸ ਦੇ ਨਾਲ਼ ਦੇ ਹੋਰ ਸਾਥੀ ਕਾ: ਜੰਗੀਰ ਸਿੰਘ ਕੌਲਛੇੜੀ, ਕਾ: ਪ੍ਰਤਾਪ ਸਿੰਘ ਧਨੌਲਾ ਅਤੇ ਕਾ: ਪੰਡਿਤ ਵਿੱਦਿਆ ਦੇਵ ਸਨ। ਇਹ ਸਾਰੇ ਅਮ੍ਰਿਤਤਧਾਰੀ ਸਨ। ਇਹ ਸਾਰੀ ਉਮਰ ਪਾਰਟੀ ਮੈਂਬਰ ਰਹੇ ਤੇ ਅਮ੍ਰਿਤ ਵੀ। ਪੰਡਿਤ ਵਿੱਦਿਆ ਦੇਵ ਨੇ ਇਹਨੀਂ ਦਾ ਸਾਥੀ ਰਹਿ ਕੇ ਹੀ ਅਮ੍ਰਿਤ ਕੀਤਾ ਸੀ ਜਿਸ ਦਾ ਪਿੰਡ ਸੀ ਸੰਗਰੂਰ ਜ਼ਿਲ੍ਹੇ ਦਾ ਪ੍ਰਸਿੱਧ ਪਿੰਡ ਲੌਂਗੋਵਾਲ ।

ਹੁਣ ਆਪਣਾ ਸਵਾਲ ਉਠਾਉਣ ਵਾਲੇ ਆਪਣੇ ਸਵਾਲ ਦਾ ਉਤਰ ਉਹਨਾਂ ਪੁਰਖਿਆਂ ਦੇ ਕੰਮਾਂ ਵਿੱਚੋਂ ਲੱਭ ਲੈਣ। ਸੱਚ ਹੈ ਕਿ ਮੋਰਚੇ ਵਿੱਚ ਲੜਨ ਵਾਲਾ ਜੋਸ਼ ਜਜ਼ਬਾ ਜਨੂੰਨ ਸਭ ਸਿੱਖੀ ਹੈ। ਮੋਰਚੇ ਅੰਦਰ ਸਿੱਖ ਫ਼ਲਸਫ਼ੇ ਦੀ ਰੂਹ ਬੋਲਦੀ ਹੈ। ਸਿੱਖ ਧਰਮ ਮਨੁੱਖਤਾ ਦਾ ਸਾਂਝਾ ਧਰਮ ਹੈ। ਇਸ ਨੂੰ ਸੀਮਤ ਰੱਖਣ ਵਾਲੇ ਲੋਕ ਅਗਿਆਨੀ ਹਨ। ਗੁਰੂ ਸਾਹਿਬਾਨ ਨੇ ਇਸ ਦੀ ਨੀਂਹ ਜ਼ੁਲਮ ਦੇ ਵਿਰੁੱਧ ਰੱਖੀ ਸੀ। ਉਹਨਾਂ ਜ਼ੁਲਮ ਵਿਰੁੱਧ ਲੜਨ ਵਾਲੇ ਲੋਕਾਂ ਦਾ ਸਾਂਝਾ ਮੰਚ ਬਣਾਇਆ ਸੀ। ਮੋਰਚੇ ਅੰਦਰ ਸਭ ਨਿਮਾਣੇ ਤੇ ਨਿਤਾਣੇ ਲੋਕ ਹੀ ਆਏ ਹਨ। ਇਹ ਤਾਂ ਭਾਈ ਲਾਲੋਆਂ ਦੀ ਫੌਜ ਹੈ। ਸਭ ਕਿਰਤੀ ਹਨ। ਇਸ ਤਰਾਂ ਹੀ ਇਕ ਮਸਲਾ ਨੌਜਵਾਨਾ ਤੇ ਲੀਡਰਾਂ ਦਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਇਹਨਾਂ ਗੱਲਾਂ ਬਾਰੇ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਮੋਰਚਾ ਜਿੱਤਣ ਨਾਲ਼ ਹੀ ਸਾਡੀ ਕਿਸਾਨੀ ਬਚੇਗੀ। ਜੇ ਕਿਸਾਨੀ ਬਚੇਗੀ ਤਾਂ ਸਾਡੀ ਨਿਸ਼ਾਨੀ ਬਚੇਗੀ।

 ਮੋਰਚਾ ਹਰ ਇਮਤਿਹਾਨ ਵਿੱਚੋਂ ਪਾਸ ਹੁੰਦਾ ਆਇਆ ਹੈ। ਸੰਸਦ ਵੱਲ ਮਾਰਚ ਕਿਸਾਨਾਂ ਦਾ ਵੱਡਾ ਇਮਤਿਹਾਨ ਹੈ। ਇਸ ਇਮਤਿਹਾਨ ਵਿੱਚੋਂ ਪਾਸ ਹੋਇਆਂ ਮੋਰਚਾ ਕਦੇ ਫੇਲ ਹੋ ਹੀ ਨਹੀਂ ਸਕਦਾ। ਉਸ ਦਿਨ ਹਰ ਕਿਸਾਨ ਦਾ ਫਰਜ ਬਣਦਾ ਹੈ ਕਿ ਉਹ ਆਗੂਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਇਹ ਪਾਲਣਾਂ ਹੀ ਉਹਨਾਂ ਦੀ ਜਿੱਤ ਦੀ ਕੁੰਜੀ ਹੈ।

          

en_GBEnglish