ਮੋਰਚੇ ਵਿਚ 26 ਜਨਵਰੀ ਤੋਂ ਬਾਅਦ ਦਾ ਦੌਰ

ਮੋਰਚੇ ਵਿਚ 26 ਜਨਵਰੀ ਤੋਂ ਬਾਅਦ ਦਾ ਦੌਰ

26 ਜਨਵਰੀ ਦੀਆਂ ਘਟਨਾਵਾਂ ਖਾਸ ਤੌਰ ਤੇ ਲਾਲ ਕਿਲੇ ਦੇ ਘਮਸਾਨ ਨੇ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੂੰ ਵਾਰ ਕਰਨ ਦਾ ਮੌਕਾ ਦਿੱਤਾ। ਕਿਸਾਨ ਅਤੇ ਉਹਨਾਂ ਦੇ ਹਮਾਇਤੀ 26-27 ਜਨਵਰੀ ਨੂੰ ਨਿੰਮੋਝੂਣੇ ਹੋਏ ਬੈਠੇ ਰਹੇ। ਕਿਸਾਨ ਆਗੂ ਦੋਸ਼ ਮੜ੍ਹਣ ਵਿਚ ਅਤੇ ਬਲੀ ਦਾ ਬੱਕਰੇ ਲੱਭਣ ਵਿਚ ਉਲਝੇ ਰਹੇ। 1 ਫਰਵਰੀ ਦਾ ਪਾਰਲੀਮੈਂਟ ਮਾਰਚ ਠੰਡੇ ਬਸਤੇ ਵਿਚ ਪੈ ਗਿਆ।

ਸਰਕਾਰ ਨੇ ਅੰਦੋਲਨ ਤੋੜਨ ਲਈ ਤਕੜੇ ਵਾਰ ਕੀਤੇ। ਆਗੂਆਂ ‘ਤੇ ਕੇਸ ਪਾ ਦਿੱਤੇ ਅਤੇ ਦਿੱਲੀ ਪੁਲਿਸ ਨੇ ਬਹੁਤ ਸਾਰੇ ਅੰਦੋਲਨਕਾਰੀ ਫੜ ਲਏ। ਰਾਜਸਥਾਨ ਵਾਲੇ ਪਾਸੇ ਦੇ ਮੋਰਚੇ ਖਾਲੀ ਕਰਵਾ ਲਏ। ਹਰਿਆਣੇ ਵਿਚ ਟੌਲ ਪਲਾਜੇ ਖੁੱਲ ਗਏ। ਪਹਿਲੀ ਵਾਰ ਕਿਸਾਨ ਵਿਰੋਧੀ ਪ੍ਰਦਰਸ਼ਨ ਕਰਵਾਏ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ‘ਤੇ ਭਾਜਪਾ ਦੇ ਗੁੰਡਿਆਂ ਨੇ ਹਮਲੇ ਕੀਤੇ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ।

ਪਰ ਜਦੋਂ ਸਰਕਾਰ ਨੇ ਗਾਜ਼ੀਪੁਰ ਮੋਰਚੇ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹਮਾਇਤੀਆਂ ਨੂੰ ਗ੍ਰਿਫਤਾਰ ਕਰਕੇ ਮੋਰਚਾ ਖਤਮ ਕਰਨ ਦੀ ਸੋਚੀ, ਤਾਂ ਉਹਦੇ ਅੱਥਰੂਆਂ ਦੇ ਵਹਿਣ ਦੀਆਂ ਲਾਈਵ ਤਸਵੀਰਾਂ ਨੇ ਯੂਪੀ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਵਿਚ ਰੋਸ ਦੀ ਲਹਿਰ ਜਗਾ ਦਿੱਤੀ ਅਤੇ ਉਹ ਰਾਤੋ ਰਾਤ ਗਾਜ਼ੀਪੁਰ, ਸਿੰਘੂ ਅਤੇ ਟੀਕਰੀ ਤੇ ਪਹੁੰਚ ਗਏ। ਕਿਸਾਨ ਮੋਰਚੇ ਦੀ ਲੀਹੋਂ ਲੱਥ ਚੁੱਕੀ ਗੱਡੀ ਮੁੜ ਲੀਹੇ ਪੈ ਗਈ।

ਹੁਣ ਦੇ ਦੌਰ ਦਾ ਖਾਸ ਫਰਕ ਇਹ ਹੈ ਕਿ ਪੰਜਾਬ ਵੱਲੋਂ ਅਗਵਾਈ ਜਿਸ ਪੱਧਰ ਤੇ ਪਹਿਲਾਂ ਸੀ ਹੁਣ ਉਸ ਪੱਧਰ ਤੇ ਨਹੀਂ ਰਹੀ। ਹਰਿਆਣਾ ਅਤੇ ਪੱਛਮੀ ਯੂਪੀ ਵੀ ਬਰਾਬਰ ਦੇ ਭਾਈਵਾਲ ਨੇ ਅਤੇ ਰਾਕੇਸ਼ ਟਿਕੈਤ ਲਹਿਰ ਦੇ ਅਹਿਮ ਆਗੂ ਦੇ ਰੂਪ ਵਿਚ ਉਭਰੇ ਹਨ। ਕਾਰਪੋਰੇਟ ਮੀਡੀਆ ਜਿਹੜਾ ਪਹਿਲਾਂ ਅੰਦੋਲਨ ਨੂੰ “ਸਿੱਖ ਅੰਦੋਲਨ” ਕਹਿੰਦਾ ਸੀ ਹੁਣ ਇਸਨੂੰ “ਜੱਟ ਵਿਰੋਧ” ਦੱਸ ਰਿਹਾ ਹੈ।

ਪੰਜਾਬ ਵਿਚ ਪੰਥਕ ਧਿਰਾਂ ਅਤੇ ਖੱਬੇ ਪੱਖੀ ਖੇਮੇ ਦਾ ਕੁਝ ਹਿੱਸਾ ਜੋ ਰਿੰਗ ਰੋਡ ‘ਤੇ ਜਾਣਾ ਚਾਹੁੰਦਾ ਸੀ ਨੂੰ ਪਿੱਛੇ ਹਟਣਾ ਪਿਆ। ਸੰਯੁਕਤ ਕਿਸਾਨ ਮੋਰਚੇ ਵਿਚਲੇ ਹਲੀਮੀ ਵਾਲ਼ੇ ਮੌਡਰੇਟ ਖੇਮੇ ਨੂੰ ਬਲ ਮਿਲਿਆ ਹੈ, ਪਰ ਕੁਝ ਮੁੱਲ ‘ਤਾਰਨੇ ਪਏ। ਸੈ.ਕੇ.ਐੱਮ. ਵਿਚ ਤੇੜਾਂ ਦਿਸੀਆਂ ਅਤੇ 26 ਜਨਵਰੀ ਦੇ ਮਾੜੇ ਪ੍ਰਬੰਧਾਂ ਦੀ ਆਲੋਚਨਾ ਵੀ ਹੋਈ। ਹਰਦੀਪ ਸਿੰਘ ਡਿਬਡਿਬਾ ਅਤੇ ਗਾਇਕ ਕੰਵਰ ਗਰੇਵਾਲ ਸਦਕਾ 2 ਮਹੀਨਿਆਂ ਬਾਦ ਲੱਖੇ ਸਿਧਾਣੇ ਸਮੇਤ ਪੰਥਿਕ ਧਿਰਾਂ ਦੀ ਮੋਰਚੇ ਵਿਚ ਵਾਪਸੀ ਹੋਈ ਹੈ। ਮਾਰਚ ਦੇ ਅਖੀਰ ਤੱਕ ਦੀਪ ਸਿੱਧੂ (ਜਿਸ ਨੂੰ ਹਲੇ ਵੀ ਮੋਰਚੇ ਵੱਲੋਂ ਕੋਈ ਬਾਂਹ ਨਹੀਂ ਫੜਾਈ ਜਾ ਰਹੀ) ਨੂੰ ਛੱਡ ਕੇ  26 ਜਨਵਰੀ ਨੂੰ ਫੜੇ ਸਾਰੇ ਜਾਣੇ ਜਮਾਨਤ ਤੇ ਰਿਹਾ ਹੋ ਚੁੱਕੇ ਸਨ।

ਲਹਿਰ ਹਰਿਆਣੇ, ਯੂਪੀ, ਰਾਜਸਥਾਨ ਅਤੇ ਪੰਜਾਬ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕੀਤੀਆਂ ਮਹਾਂਪੰਚਾਇਤਾਂ ਸਦਕਾ ਵਧਦੀ ਫੁਲਦੀ ਰਹੀ। ਮੁਸਲਮਾਨਾਂ, ਦਲਿਤਾਂ ਅਤੇ ਮੱਧ ਵਰਗ ਵਿਚ ਕਿਸਾਨਾਂ ਦੀ ਹਮਾਇਤ ਪ੍ਰਤੀਤ ਹੁੰਦੀ ਹੈ। ਕਿਸਾਨ ਆਗੂਆਂ ਨੇ ਬੰਗਾਲ, ਅਸਾਮ, ਤਮਿਲ ਨਾਡੂ ਅਤੇ ਕੇਰਲਾ ਵਿਚ ਭਾਜਪਾ ਦੇ ਖਿਲਾਫ ਇਕੱਠ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। 

ਕਿਸਾਨਾਂ ਨੇ ਕਾਫੀ ਸਾਰੇ ਨਵੇਂ ਪ੍ਰੋਗਰਾਮ ਜਿਵੇਂ ਚੱਕਾ ਜਾਮ, ਰੇਲ ਰੋਕੋ, ਮੋਮਬੱਤੀ ਪ੍ਰਦਰਸ਼ਨ ਆਦਿ ਕਰਕੇ ਲਹਿਰ ਨੂੰ ਵਧਾਇਆ। 27 ਫਰਵਰੀ ਦੀ ਰਵੀ ਦਾਸ ਜੈਯੰਤੀ, 8 ਮਾਰਚ ਦਾ ਔਰਤ ਦਿਵਸ, 19 ਮਾਰਚ ਦਾ ਮੁਜ਼ਾਹਰਾ ਲਹਿਰ ਯਾਦਗਾਰ ਦਿਵਸ, 23 ਮਾਰਚ ਦਾ ਭਗਤ ਸਿੰਘ ਸ਼ਹੀਦੀ ਦਿਵਸ ਅਤੇ 14 ਅਪਰੈਲ ਦੀ ਅੰਬੇਦਕਰ ਜੈਯੰਤੀ ਵਰਗੇ ਪ੍ਰੋ੍ਗਰਾਮ ਕਰਕੇ ਔਰਤਾਂ, ਨੌਜਵਾਨਾਂ ਅਤੇ ਦਲਿਤਾਂ ਨੂੰ ਨਾਲ਼ ਜੋੜਿਆ ਗਿਆ।

ਵਿਰੋਧੀ ਧਿਰ ਦੇ ਸਿਆਸਤਦਾਨ ਜਿਹੜੇ ਹੁਣ ਤੱਕ ਸਟੇਜਾਂ ‘ਤੇ ਚੜ੍ਹਨ ਨਹੀਂ ਦਿੱਤੇ ਗਏ ਸੀ ਇਸ ਦੌਰ ਵਿਚ ਮੋਰਚੇ ਵਿਚ ਹਾਜਰੀ ਲਗਾਉਣ ਲੱਗੇ। ਸੁਖਬੀਰ ਬਾਦਲ ਅਤੇ ਅਜੀਤ ਸਿੰਘ ਵਰਗੇ ਕਈ ਜਾਣਿਆਂ ਨੇ ਗਾਜ਼ੀਪੁਰ ਆਕੇ ਰਾਕੇਸ਼ ਟਿਕੈਤ ਨੂੰ ਸਨਮਾਨਿਤ ਕੀਤਾ, ਸਚਿਨ ਪਾਇਲਟ ਨੇ ਦੌਸਾ ਦੀ ਮਹਾਂਪੰਚਾਇਤ ਵਿਚ ਹਾਜਰੀ ਲਵਾਈ ਅਤੇ ਵਿਰੋਧੀ ਧਿਰ ਦੇ ਐੱਮਪੀਆਂ ਨੇ ਪਾਰਲੀਮੈਂਟ ਦੇ ਇਜਲਾਸ ਵਿਚ ਕਿਸਾਨਾਂ ਦੇ ਹੱਕ ਵਿਚ ਜੋਸ਼ੀਲੀਆਂ ਤਕਰੀਰਾਂ ਕੀਤੀਆਂ।

ਗਰਮੀ ਦੇ ਮੌਸਮ ਨੇ ਦਿੱਲੀ ਮੋਰਚਿਆਂ ‘ਤੇ ਮੀਂਹ ਹਨੇਰੀਆਂ, ਗਰਮੀ, ਮੱਛਰ, ਮੱਖੀਆਂ ਵਰਗੀਆਂ ਨਵੀਆਂ ਚੁਣੌਤੀਆਂ ਖੜੀਆਂ ਕੀਤੀਆਂ। ਪਰ ਮੋਰਚਾ ਕਿਸਾਨ ਅਤੇ ਸਮਾਜਸੇਵੀ ਜੱਥੇਬੰਦੀਆਂ ਦੀ ਮਦਦ ਨਾਲ਼ ਪੱਕੇ ਪ੍ਰਬੰਧ ਕਰਕੇ, ਬਾਂਸ ਦੇ ਹਵਾਦਾਰ ਢਾਂਚੇ ਬਣਾ ਕੇ, ਪੱਖੇ, ਕੂਲਰ ਅਤੇ ਏਸੀ ਲਾ ਕੇ ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲ ਰਿਹਾ ਹੈ ਅਤੇ ਸਰਕਾਰ ਖਿਲਾਫ਼ ਜੰਗ ਜਾਰੀ ਹੈ। ਸਥਾਨਿਕ ਭਾਈਚਾਰੇ ਦੀ ਮਦਦ, ਅਤੇ ਪੰਜਾਬ, ਹਰਿਆਣੇ ਦੇ ਪਿੰਡਾਂ ਤੋਂ ਰਸਦ ਅਤੇ ਵਾਰੀ ਸਿਰ ਅੰਦੋਲਨਕਾਰੀਆਂ ਦਾ ਆਉਣਾ ਜਾਰੀ ਹੈ। 

ਪੰਜਾਬ ਅਤੇ ਹਰਿਆਣੇ ਵਿਚ ਭਾਜਪਾ ਆਗੂਆਂ ਖਿਲਾਫ਼ ਰੋਹ ਅਤੇ ਮੁਜਾਹਰੇ ਘਟ ਨਹੀਂ ਰਹੇ। ਭਾਜਪਾ ਆਗੂਆਂ ਨੂੰ ਘੇਰਿਆ ਜਾ ਰਿਹਾ, ਕਈ ਵਾਰੀ ਗੱਲ ਮਾਰਕੁੱਟ ਤੱਕ ਵੀ ਵਧ ਜਾਂਦੀ ਹੈ। ਟੌਲ ਪਲਾਜ਼ੇ ਮੁਫਤ ਹਨ ਅਤੇ ਸਰਕਾਰ ਖਿਲਾਫ਼ ਧਰਨਿਆਂ ਦੀ ਬਹੁਤਾਤ ਹੈ। ਕਿਸਾਨ ਜੱਦੋ ਜਹਿਦ ਦੇ ਵਧਦੇ ਘੇਰੇ ਦਾ ਅੰਦਾਜਾ ਥਾਂ ਥਾਂ ਤੇ ਹੋ ਰਹੀਆਂ ਮਹਾਪੰਚਾਇਤਾਂ ਅਤੇ ਰੈਲੀਆਂ ਤੋਂ ਹੋ ਜਾਂਦਾ ਹੈ। 

ਸਰਕਾਰ ਹਲੇ ਵੀ ਅੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਕਿਸਾਨਾਂ ਨੂੰ “ਅੰਦੋਲਨਜੀਵੀ” ਕਹਿ ਕੇ ਤਾਅਨਾ ਮਾਰਿਆ। ਦਿੱਲੀ ਦੁਆਲੇ ਮੋਰਚਿਆਂ ‘ਤੇ ਕੰਕਰੀਟ ਦੇ ਬੈਰੀਕੇਡ ਉਸਾਰੇ ਗਏ, ਕੰਡਿਆਲੀ ਤਾਰ ਲਾਈ ਗਈ ਅਤੇ ਮੇਖਾਂ ਗੱਡੀਆਂ ਗਈਆਂ। ਪਾਣੀ, ਬਿਜਲੀ, ਅਤੇ ਇੰਟਰਨੈੱਟ ਬੰਦ ਕੀਤੇ ਗਏ। ਨਾਮੀ ਪਤਰਕਾਰ ਗ੍ਰਿਫਤਾਰ ਕੀਤੇ ਗਏ ਅਤੇ ਇਕ ਡਿਜੀਟਲ ਮੀਡੀਆ ਅਦਾਰੇ ਤੇ ਇਨਕਮ ਟੈਕਸ ਵਾਲਿਆਂ ਨੇ ਛਾਪੇ ਮਾਰੇ, ਨਾਮੀ ਕਿਸਾਨ ਹਮਾਇਤੀਆਂ ਦੇ ਟਵਿਟਰ ਖਾਤੇ ਮੁਅੱਤਲ ਕੀਤੇ ਗਏ। 

ਸਰਕਾਰ ਦੇ ਕਿਸਾਨ ਜੱਦੋ ਜਹਿਦ ਖਿਲਾਫ਼ ਅਜਿਹੇ ਵਤੀਰੇ ਦੀ ਕੌਮਾਂਤਰੀ ਹਸਤੀਆਂ ਰਿਹਾਨਾ, ਗ੍ਰੇਟਾ ਥਰਨਬਰਗ, ਮਿਆ ਖਲੀਫਾ, ਮੀਨਾ ਹੈਰਿਸ ਨੇ ਨਿਖੇਧੀ ਕੀਤੀ ਅਤੇ ਕਿਸਾਨ ਅੰਦੋਲਨ ਨੂੰ ਕੌਮਾਂਤਰੀ ਪੱਧਰ ਤੇ ਮੁੜ ਉਭਾਰਿਆ। ਕੌਮਾਂਤਰੀ ਹਾਅ ਦੇ ਨਾਅਰੇ ਨੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ। 

ਗੱਲਬਾਤ ਹਲੇ ਵੀ ਰੁਕੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ, ਉਹਦੀ ਵਜ਼ਾਰਤ ਅਤੇ ਮੀਡੀਆ ਨੇ ਆਪਣਾ ਧਿਆਨ 5 ਸੂਬਿਆਂ ਦੀਆਂ ਚੋਣਾਂ ਵੱਲ ਮੋੜ ਲਿਆ। ਕਰੋਨਾ ਦੀ ਦੂਜੀ ਲਹਿਰ ਦੇ ਕਹਿਰਾਨਾ ਰੂਪ ਅਖਤਿਆਰ ਕਰਨ ਦੇ ਬਾਵਜੂਦ ਕਿਸਾਨ ਡਟੇ ਹੋਏ ਹਨ। 

ਕਿਸਾਨ ਅੰਦੋਲਨ ਜੋ ਇਤਿਹਾਸ ਵਿਚ ਸਭ ਤੋਂ ਵੱਡਾ ਹੈ ਹਲੇ ਵੀ ਵਧ ਫੁੱਲ ਰਿਹਾ ਹੈ ਅਤੇ ਇਹਦੇ ਪਿਛਾਂਹ ਹਟਣ ਦਾ ਕੋਈ ਸੰਕੇਤ ਨਹੀਂ ਲੱਭ ਰਿਹਾ। ਇਹ ਨਰਿੰਦਰ ਮੋਦੀ ਦੀ ਸਰਕਾਰ ਅਤੇ ਇਹਦੇ ਕਾਰਪੋਰੇਟ ਹਮਾਇਤੀਆਂ ਲਈ ਚਿੰਤਾ ਦਾ ਚਿੰਨ ਹੈ।  

 

en_GBEnglish