ਕਿਸਾਨੀ ਮੋਰਚੇ ਦੀ ਮਨੁੱਖੀ ਕੀਮਤ

ਕਿਸਾਨੀ ਮੋਰਚੇ ਦੀ ਮਨੁੱਖੀ ਕੀਮਤ

ਹਾਲ ਹੀ ਵਿੱਚ ਮੈਨੂੰ ਇੱਕ ਟੌਕ ‘ਚ “ਕਰੋਨੀਕਲਰ ਆਫ ਦਿ ਡਿਪਾਰਟਡ” (ਚੱਲ ਵਸਿਆਂ ਦੀ ਖੈਰ ਖਵਾਹ) ਕਿਹਾ ਗਿਆ। ਮੈਂ ਇੱਕ ਆਮ ਇਨਸਾਨ ਤੋਂ ਕਿਸਾਨ ਅੰਦੋਲਨ ਸ਼ਹੀਦ ਹੋਏ ਕਿਸਾਨਾਂ ਦੀ “ਕਰੋਨੀਕਲਰ” (ਨਾਮ ਦਰਜ ਕਰਨ ਵਾਲੀ) ਕਿਵੇਂ ਬਣ ਗਈ, ਮੈਨੂੰ ਨਹੀਂ ਪਤਾ। ਇਸ ਬਲੌਗ ਤੋਂ ਪਹਿਲਾਂ ਮੈਂ ਮੌਤ ਬਾਰੇ ਗੱਲ ਨਹੀਂ ਕਰਦੀ ਸੀ ਕਿਉਂਕਿ ਉਹ ਇੱਕ ਅੰਤਿਮ ਚਿੰਨ੍ਹ ਜਿਹੀ ਜਾਪਦੀ ਸੀ ਮੈਨੂੰ, ਜੀਹਦੇ ਅੱਗੇ ਕੁਝ ਨਹੀਂ ਸੀ। 

ਮੈਨੂੰ ਨਹੀਂ ਪਤਾ ਕਿ ਉਹ ਕਿਹੜਾ ਪਲ ਸੀ ਜਦੋਂ ਇਨਸਾਨ ਦੀ ਜਾਨ ਦੇ ਨਾਲ਼ ਨਾਲ਼ ਮੈ ਮੌਤ ਦੀ ਕੀਮਤ ਬਾਰੇ ਸੋਚਣਾ ਸ਼ੁਰੂ ਕੀਤਾ। ਸ਼ਾਇਦ ਇਹ ਮੇਰੀ ਸਿੱਖ ਅਤੇ ਪੰਜਾਬੀ ਪਛਾਣ ਦਾ ਨਤੀਜਾ ਹੈ। ਜਿਓਂ ਜਿਓ ਮੈਂ ਇਨ੍ਹਾਂ ਦਾ ਇਤਿਹਾਸ ਤੇ ਫਲਸਫਾ ਸਮਝੀ ਤਿਉਂ ਤਿਉਂ ਮੈਂ ਮਨੁੱਖਤਾ ਵਾਸਤੇ ਮੌਤ ਦੀ ਕੀਮਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕੁਝ ਸਾਲ ਪਹਿਲਾਂ ਮੈਂ ਆਪਣੇ ਪਿੰਡ ਵਾਲੇ ਘਰ ‘ਚ ਆਪਣੇ ਮਹਿਰੂਮ ਦਾਦਾ ਜੀ ਦੀਆਂ ਕਿਤਾਬਾਂ ਦੇਖ ਰਹੀ ਸੀ ਤਾਂ ਮੇਰੇ ਸਾਹਮਣੇ ਕਈ ਸਾਲਾਂ ਤੋਂ ਬੰਦ ਪਿਆ ਫੋਲਡਰ ਆਇਆ ਜਿਸਤੇ ਕਾਫੀ ਧੂੜ ਜੰਮੀ ਹੋਈ ਸੀ। ਖੋਲ੍ਹਣ ਤੇ ਉਸ ਫੋਲਡਰ ਵਿੱਚੋਂ ਮੈਂ 1984-1985 ਦੇ ਅਜੀਤ ਅਤੇ ਹੋਰ ਅਖ਼ਬਾਰ ਜਿਨ੍ਹਾਂ ਵਿਚ 84 ‘ਚ ਹੋਏ ਕਤਲੇਆਮ, ਪੁਲੀਸ ਵੱਲੋਂ ਕੀਤੀ ਨਜ਼ਰਬੰਦੀ ਆਦਿ ਦੀਆਂ ਖ਼ਬਰਾਂ ਦੇ ਕੱਟ ਆਊਟ ਸਨ। ਉਨ੍ਹਾਂ ਨੂੰ ਦੇਖ ਮੈਨੂੰ ਕੁਝ ਸਮਝ ਆਇਆ ਕਿ ਮੌਤ ਇਕ ਅੰਤਿਮ ਚਿੰਨ੍ਹ ਨਹੀਂ ਬਲਕਿ ਇਕ ਕੌਮਾ ਹੈ, ਇੱਕ ਛੋਟਾ ਜਿਹਾ ਵਿਰਾਮ। ਜੇਕਰ ਉਨ੍ਹਾਂ ਮੌਤਾਂ ਬਾਰੇ ਕੋਈ ਨਾ ਲਿਖਦਾ ਤਾਂ ਇਹ ਪਾਪ ਕਦੇ ਸਾਹਮਣੇ ਨਹੀਂ ਆਉਂਦੇ ਸਨ।  ਫਿਰ ਸੀਏਏ ਵਿਰੋਧੀ ਅੰਦੋਲਨ ਅਤੇ ਕੋਵਿਡ ਵਿੱਚ ਗਈਆਂ ਜਾਨਾਂ ਦੌਰਾਨ ਸਰਕਾਰ ਦੀ ਕਰਤੂਤਾਂ ਨੇ ਮੈਨੂੰ ਝਿੰਜੋੜ ਦਿੱਤਾ। ਏਦਾਂ ਹੀ “ਸ਼ਿਕਾਗੋ ਸੈਵਨ” ਫ਼ਿਲਮ ਵਿਚ ਵੀਅਤਨਾਮ ਜੰਗ ਵਿਚ ਮਰੇ ਲੋਕਾਂ ਦਾ ਨਾਮ ਆਖ਼ਰੀ ਮੁਕੱਦਮੇ ਵਿਚ ਲੈ ਕੇ, ਫਿਲਮ ਨੇ ਮੈਨੂੰ ਮੌਤ ਨੂੰ ਦਰਜ ਕਰਨ ਦੀ ਪ੍ਰਕਿਰਿਆ ਅਤੇ ਅਹਿਮੀਅਤ ਦੀ ਪ੍ਰੇਰਨਾ ਦਿੱਤੀ। 

ਅੰਤ ਜਦੋਂ ਹਰਿਆਣੇ ਦੀ ਗਰੀਬ ਕਿਸਾਨ ਅਜੇ ਮੋਰ ਜੀ ਠੰਡ (Hypothermia) ਨਾਲ਼ ਆਪਣੀ ਟਰਾਲੀ ਦੇ ਨੀਚੇ ਸੁੱਤੇ ਮਰ ਗਏ ਸਨ। ਮੈਂ ਤਦ ਹੀ ਆਪਣਾ ਲੈਪਟਾਪ ਚੁੱਕਿਆ ਅਤੇ ਕਿਸਾਨੀ ਸੰਘਰਸ਼ ਚ ਹੋਈਆਂ ਮੌਤਾਂ ਦੀ ਲਿਸਟ ਬਨਾਉਣ ਦਾ ਫੈਸਲਾ ਲਿਆ ਅਤੇ ਹਿਊਮਨ ਕੌਸਟ ਔਫ ਫਾਰਮਰਜ ਪ੍ਰੋਟੈਸਟ ਬਲੌਗ ਬਣਾਇਆ। ਮੇਰੇ ਮਨ ਚ ਸਵਾਲ ਸੀ ਜੇਕਰ ਲੋਕ ਠੰਡ ਨਾਲ਼ ਹੀ ਮਰ ਰਹੇ ਹਨ ਤਾਂ ਆਪਾਂ ਰਾਸ਼ਟਰੀ ਤੌਰ ਤੇ ਕੀ ਤਰੱਕੀ ਕੀਤੀ ਹੈ?  ਇਹ ਪਹਿਲੀ ਮੌਤ ਨਹੀਂ ਸੀ ਜੋ ਮੈਂ ਟੀਵੀ ਨਿਊਜ਼ ‘ਚ ਸੁਣ ਰਹੀ ਸਾਂ ਜਾਂ ਅਖ਼ਬਾਰਾਂ ਵਿਚ ਇਕ ਪਾਸੇ ਦਾ ਟੁਕੜਾ, ਬਾਇ ਦਾ ਵੇ ਰੈਫਰੈਂਸ ਵਜੋਂ ਦੇਖ ਰਹੀ ਸਾਂ। ਇਹ ਦੇਖ ਕੇ ਮੇਰਾ ਖੂਨ ਖੌਲਿਆ ਅਤੇ ਬਹੁਤ ਦੁੱਖ ਵੀ ਲੱਗਿਆ। ਅਜੇ ਮੋਰ ਦੀ ਮੌਤ ਤੇ ਮੈਂ ਰੋਈ ਵੀ ਸੀ। ਉਨ੍ਹਾਂ ਦੀ ਮੌਤ ਵਾਲ਼ੇ ਦਿਨ ਮੈਂ 9 ਦਸੰਬਰ 2020 ਨੂੰ ਬਲੌਗ ਦਾ ਪਹਿਲਾ ਸੈਕਸ਼ਨ ਪਬਲਿਸ਼ ਕੀਤਾ।

ਮੇਰੇ ਕੋਲ ਕੋਈ ਪੱਕਾ ਨਕਸ਼ਾ ਜਾਂ ਸਕੀਮ ਨਹੀਂ ਸੀ ਕਿ ਡਾਟਾ ਕਿਵੇਂ ਤੇ ਕਿੱਥੋਂ ਲੈਣਾ ਹੈ।  ਇੱਥੇ ਮੇਰਾ ਰਿਸਰਚ ਵਿਚ ਪਿਛੋਕੜ ਕੰਮ ਆਇਆ ਅਤੇ ਮੈਂ ਹਰ ਇੱਕ ਐਂਟਰੀ ਨੂੰ ਚੰਗੀ ਤਰ੍ਹਾਂ ਸਰੋਤ ਕਰਕੇ ਪਾਉਣਾ, ਫੋਟੋਜ਼ ਦੇ ਸਕਰੀਨ ਸ਼ਾਟ ਲੈ ਕੇ ਅਟੈਚ ਕਰਨਾ, ਆਦਿ ਸ਼ੁਰੂ ਕੀਤਾ। ਸ਼ੁਰੂਆਤ ਚ ਮੈਂ ਕਾਲਕ੍ਰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਫੇਰ ਏਨੀਆਂ ਵਿਰਲੀਆਂ ਰਿਪੋਰਟਿੰਗ  ਕਰਕੇ,  ਇਹ ਕਾਇਮ ਨਾ ਰੱਖਿਆ ਜਾ ਸਕਿਆ। ਮੈਂ ਇਹ ਪ੍ਰਯੋਗ ਛੱਡ ਦਿੱਤਾ ਅਤੇ ਜਿਵੇਂ ਜਿਸ ਦਿਨ ਵੀ  ਡਾਟਾ ਮਿਲਿਆ (ਨਵਾਂ ਜਾਂ ਪੁਰਾਣਾ) ਉਹਨੂੰ ਓਦਾਂ ਹੀ ਦਰਜ ਕਰਦੀ ਗਈ। ਇਸੇ ਲਈ ਕਈ ਪੁਰਾਣੀਆਂ ਮੌਤਾਂ ਤੁਹਾਨੂੰ ਲਿਸਟ ਚ ਕਾਫ਼ੀ ਅੱਗੇ ਜਾ ਕੇ ਵੀ ਮਿਲਣਗੀਆਂ। ਕਾਲਕ੍ਰਮ ਨੂੰ ਨਾ ਬਰਕਰਾਰ ਕਰਨਾ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਇਹਨਾਂ ਮੌਤਾਂ ਨੂੰ ਚੰਗੀ ਤਰਾਂ ਰਿਪੋਰਟ ਨਹੀਂ ਕੀਤਾ ਗਿਆ।  

ਹੁਣ, ਇਹ ਗੱਲ ਕਿ ਇਸ ਲਿਸਟ ਚ ਕੌਣ ਸ਼ਾਮਲ ਹੋਊਗਾ, ਇੱਕ ਬਹੁਤ ਔਖਾ ਸਵਾਲ ਹੈ ਕਿਉਂਕਿ ਮੈਂ ਮੰਨਦੀ ਹਾਂ ਕਿ ਮੈਂ ਇਹ ਨਿਰਧਾਰਿਤ ਕਰਨ ਵਾਲੀ ਕੋਈ ਨਹੀਂ ਹਾਂ,  ਇਸੇ ਲਈ ਕਈ ਵਾਰ ਮੈਂ ਬਹੁਤ ਬੇਸਹਾਰਾ ਮਹਿਸੂਸ ਕਰਦੀ ਹਾਂ ਜਦ ਕਿਸੇ ਦਾ ਨਾਂ ਇਸ ਲਿਸਟ ਚ ਐਡ ਹੋਣ ਤੋਂ ਵਾਂਝਾ ਰਹਿ ਜਾਵੇ। ਕਿਸਾਨ ਅੰਦੋਲਨ ਦੇ ਨਾਲ਼ ਜੁੜੀਆਂ ਪਰਿਕਿਰਿਆਵਾਂ ਦੇ ਨਾਲ਼ ਤਾਅਲੁਕ ਰੱਖਦੀਆਂ ਮੌਤਾਂ  ਨੂੰ ਮੈਂ ਇਸ ਬਲੌਗ ਵਿੱਚ ਦਰਜ ਕਰਨਾ ਸ਼ੁਰੂ ਕੀਤਾ।  ਇਸ ਵਿੱਚ ਆਤਮਹੱਤਿਆਵਾਂ, ਸੜਕ ਹਾਦਸੇ, ਦਿਲ ਦਾ ਦੌਰਾ, ਕਤਲ ਅਤੇ ਠੰਢ ਅਤੇ ਹੋਰ ਕਾਰਨਾਂ ਨਾਲ਼ ਹੋਈ ਬਿਮਾਰੀਆਂ ਆਦਿ ਦੇ ਅਧਾਰ ਤੇ  ਨਾਮ ਜੋੜਦੇ ਗਏ। ਮ੍ਰਿਤਕ ਦਾ ਨਾਮ, ਲਿੰਗ, ਪਤਾ, ਮੌਤ ਦਾ ਦਿਨ, ਕਾਰਨ ਅਤੇ ਜਗ੍ਹਾ ਜੂਨੀਅਨ ਮੈਂਬਰਸ਼ਿਪ ਅਤੇ ਅਖ਼ਬਾਰ ਜਾਂ ਇੰਟਰਨੈੱਟ ਤੇ ਛਪੀ ਖ਼ਬਰ ਦਾ ਸਰੋਤ ਆਦਿ ਹਿੱਸਿਆਂ ਵਿਚ ਜਾਣਕਾਰੀ ਬਲੌਗ ਤੇ ਪਾਈ ਜਾ ਰਹੀ ਹੈ। 

ਇਹ ਲਾਈਵ ਰਿਪੋਰਟਿੰਗ ਨਹੀਂ ਬਲਕਿ ਆਰਕਾਈਵਿੰਗ ਹੈ। ਇਸ ਬਲਾਗ ਚ 24 ਨਵੰਬਰ 2020 ਤੋਂ ਲੈ ਕੇ ਹੁਣ ਤਕ 395 ਮੌਤਾਂ ਦਰਜ ਹਨ। ਜਿਸ ਵਿੱਚੋਂ 28 ਖੁਦਕੁਸ਼ੀਆਂ ਹਨ। ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਹ ਸਿਰਫ਼ ਉਹ ਖੁਦਕੁਸ਼ੀਆਂ ਹਨ ਜੀਹਦਾ ਅੰਦੋਲਨ ਨਾਲ਼ ਸਿੱਧਾ ਤਾਅਲਕ ਹੈ (ਕਦੇ ਅੰਦੋਲਨ ਗਏ ਹੋਣ, ਜਾਂ ਸੁਸਾਇਡ ਨੋਟ ਛੱਡਿਆ ਹੋਵੇ) ਜ਼ਿਕਰਯੋਗ ਗੱਲ ਇਹ ਵੀ ਹੈ ਕਿ ਮਰਨ ਵਾਲੇ ਲੋਕ ਭਾਵੇਂ ਜ਼ਿਆਦਾਤਰ ਕਿਸਾਨ ਹਨ, ਪਰ ਬਾਕੀ ਤਬਕਿਆਂ ਦੇ ਲੋਕਾਂ ਨੇ ਵੀ ਇਸ ਅੰਦੋਲਨ ਵਿਚ ਆਪਣੀ ਜਾਨ ਗਵਾਈ ਹੈ।   

ਮੈਨੂੰ ਹਰ ਮਰਨ ਵਾਲੇ ਦਾ ਨਾਮ ਅਤੇ ਸ਼ਕਲ ਯਾਦ ਹੈ। ਮੈਂ ਜਾਣ ਬੁੱਝ ਕੇ ਇਹ ਡਾਟਾ ਬਲੌਗ ਫਾਰਮ ਚ ਤਿਆਰ ਕੀਤਾ ਹੈ ਤਾਂ ਜੋ ਇਨ੍ਹਾਂ ਮੌਤਾਂ ਨੂੰ ਸਿਰਫ਼ ਸੁਥਰੇ ਐਕਸਲ ਸ਼ੀਟ ਦੇ ਬਕਸਿਆਂ ਚ ਸੀਮਿਤ ਨਾ ਕੀਤਾ ਜਾਵੇ। ਮੈਂ ਚਾਹੁੰਦੀ ਹਾਂ ਕਿ ਜਦੋਂ ਲੋਕ ਇਸ ਲੰਬੀ ਲਿਸਟ ਨੂੰ ਸਕਰੋਲ ਕਰਨ ਤਾਂ ਇਨ੍ਹਾਂ ਮੌਤਾਂ ਦਾ ਦਰਦ ਸਮਝਣ ਅਤੇ ਇਨ੍ਹਾਂ ਨੂੰ ਰੋਕਣ ਵੱਲ ਜ਼ੋਰ ਲਾਉਣ। ਇਹ ਸਾਰੀਆਂ ਮੌਤਾਂ ਪ੍ਰੈਵੈਂਟੇਬਲ (ਅਣਆਈਆਂ) ਸਨ। ਇਹ ਸਾਰੇ ਲੋਕ ਕੁਦਰਤੀ ਤੌਰ ਤੇ ਨਹੀਂ ਮਰੇ ਹਨ ਬਲਕਿ ਸਾਡੀ ਅਗਿਆਨਤਾ, ਬੁਜ਼ਦਿਲੀ ਅਤੇ ਕਰੂਰਤਾ ਕਰਕੇ ਮਾਰੇ ਗਏ ਹਨ। ਇਹ ਸਾਰੇ ਨਾਮ ਇਨਸਾਨੀ ਹੱਕਾਂ ਦੀ ਹਮਾਇਤ ਚ ਸ਼ਹੀਦ ਹੋਏ ਹਨ। ਇਹ ਬਲੌਗ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਲਈ ਬਣਾਇਆ ਗਿਆ ਹੈ ਤਾਂ ਜੋ ਨਾ ਸਿਰਫ਼ ਉਨ੍ਹਾਂ ਦੇ ਨਾਮ, ਪਰ ਇਸ ਲੜਾਈ ਦੇ ਮੁੱਖ ਮਕਸਦ ਨੂੰ ਵੀ ਯਾਦ ਰੱਖਿਆ ਜਾਵੇ। 

ਮੇਰੀ ਨਿੱਜੀ ਜ਼ਿੰਦਗੀ ‘ਤੇ ਇਸ ਕੰਮ ਦਾ ਪ੍ਰਭਾਵ ਜ਼ਰੂਰ ਪਿਆ ਹੈ ਅਤੇ ਮੈਨੂੰ ਕਈ ਵਾਰ ਆਪਣਾ ਸੈਲਫ ਡਾਇਗਨੌਸਿਸ ਕਰਨਾ ਪੈਂਦਾ ਹੈ ਤਾਂ ਜੋ ਮੈਂ ਡਿਪਰੈਸ਼ਨ ਜਾਂ ਟਰੌਮਾ ਚ ਨਾ ਚਲੀ ਜਾਵਾਂ। ਇਸ ਕਾਰਨ ਮੈਂ ਆਪਣੀਆਂ ਰੋਜ਼ ਮਰ੍ਹਾ ਦੀਆਂ ਕਿਰਿਆਵਾਂ ਨੂੰ ਨਿਤ ਕਰਦੀ ਹਾਂ ਤੇ ਬਲੌਗ ਲਈ ਹਫ਼ਤੇ ਦੇ ਦੋ ਦਿਨ ਚੁਣ ਲਏ ਹਨ। ਇਸ ਬਲੌਗ ਨੂੰ ਅਪਡੇਟ ਮੈਂ ਕਰਦੀ ਹਾਂ ਪਰ ਅਮਰ ਮੰਡੇਰ, ਹਰਿੰਦਰ ਹੈਪੀ, ਜੈ ਸਿੰਘ ਸੰਧੂ, ਸਜਨੀਤ ਮਾਂਗਟ ਅਤੇ ਅਮਨਦੀਪ ਸਿੰਘ ਸੰਧੂ ਮੈਨੂੰ ਸਮੇਂ ਸਮੇਂ ਤੇ ਡਾਟਾ ਭੇਜ ਕੇ, ਕਾਪੀ ਐਡਿਟ ਕਰਕੇ, ਫੋਟੋਆਂ ਅਤੇ ਡਾਟਾ ਦੀ ਸਾਂਭ ਸੰਭਾਲ ਕਰਕੇ ਅਰੇ ਨਾਲ਼ ਹੀ ਬਲੌਗ ਨੂੰ ਮੀਡੀਆ ਅਤੇ ਇੰਟਰਨੈੱਟ ‘ਤੇ ਸ਼ੇਅਰ ਕਰਕੇ ਹਰ ਰੋਜ਼ ਇਸ ਬਲੌਗ  ਚ ਆਪਣਾ ਯੋਗਦਾਨ ਜਨਵਰੀ ਦੇ ਅੰਤ ਤੋਂ ਪਾ ਰਹੇ ਹਾਂ। ਇਹ ਬਲੌਗ ਹੁਣ ਇਨ੍ਹਾਂ ਸਭ ਦਾ ਵੀ ਹੈ ਜਿੰਨਾ ਇਹ ਮੇਰਾ ਹੈ। ਮੈਂ ਇਨ੍ਹਾਂ ਸਭ ਦੀ ਬਹੁਤ ਸ਼ੁਕਰਗੁਜ਼ਾਰ ਹਾਂ। 

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਇਕ ਜ਼ਰੀਆ ਬਲਾਗ ਹੈ ਜਿੱਥੇ ਕੁਝ ਨੂੰ ਛੱਡ ਕੇ ਸਾਰੇ ਸ਼ਹੀਦਾਂ ਦੇ ਜ਼ਿਲ੍ਹਿਆਂ ਅਤੇ ਰਾਜ ਦਾ ਨਾਮ ਲਿਖਿਆ ਹੋਇਆ ਹੈ। ਜੇਕਰ ਇਹ ਸ਼ਹੀਦ ਤੁਹਾਡੇ ਇਲਾਕੇ ਦੇ ਪਿੰਡ ਤੋਂ ਹਨ ਤਾਂ ਇਨ੍ਹਾਂ ਦੇ ਘਰ ਸਿੱਧਾ ਜਾ ਕੇ ਸੇਵਾ ਹੋ ਸਕਦੀ ਹੈ। ਦੂਜਾ ਤਰੀਕਾ ਐਸ ਕੇ ਐਮ ਨੂੰ ਸੰਪਰਕ ਕਰਨ ਦਾ ਹੈ ਜੋ ਹਰਿੰਦਰ ਹੈਪੀ ਰਾਹੀਂ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ NGO ਨੂੰ ਡੋਨੇਸ਼ਨ ਕਰਨਾ ਚਾਹੁੰਦੇ ਹੋ ਤਾਂ ਵਲੰਟੀਅਰ ਕਰਨਾ ਚਾਹੁੰਦੇ ਹੋ ਤਾਂ ਆਤਮ ਪ੍ਰਗਾਸ ਨਾਮਕ ਇਕ NGO ਦੀ ਵੈੱਬਸਾਈਟ ਹੈ ਜੋ ਪੀ ਏ ਯੂ ਦੇ ਵਿਗਿਆਨਿਕ ਚਲਾ ਰਹੇ ਹਨ। ਉਨ੍ਹਾਂ ਦਾ ਉਪਰਾਲਾ ਪੈਸੇ ਦੀ ਸੇਵਾ ਦੇ ਨਾਲ਼ ਨਾਲ਼ ਪਰਿਵਾਰਾਂ ਦੀ ਆਰਥਿਕ, ਮਨੋਵਿਗਿਆਨਕ ਸਥਿਤੀ ‘ਤੇ ਵੀ ਘਰ ਘਰ ਜਾ ਕੇ ਕੰਮ ਕਰਨਾ ਹੈ। ਇਸ ਤੋਂ ਇਲਾਵਾ ਹੇਮਕੁੰਟ ਫਾਊਂਡੇਸ਼ਨ ਅਤੇ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਤਾਂ ਹੈ ਹੀ ਹਨ ਜਿਨ੍ਹਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ। 

en_GBEnglish