ਕਿਰਤੀ ਜਮਾਤ ਦੇ ਏਕੇ ਦੀ ਲੋੜ

ਕਿਰਤੀ ਜਮਾਤ ਦੇ ਏਕੇ ਦੀ ਲੋੜ

ਸਾਡਾ ਸਮਾਜ ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਖ ਤੋਂ ਕਈ ਵਰਗਾ ਵਿਚ ਵੰਡਿਆਂ ਹੋਇਆਂ ਹੈ। ਇੰਨਾਂ ਵਿਚ ਵੱਡਾ ਹਿੱਸਾ ਮਜ਼ਦੂਰ ਤੇ ਕਿਸਾਨ ਹਨ। ਛੋਟੇ ਕਿਸਾਨ ਤੇ ਮਜ਼ਦੂਰ ਵਿਚਕਾਰ ਇਸ ਪੱਖ ਤੋਂ ਸਮਾਨਤਾ ਹੈ ਕਿ ਦੋਨਾ ਦੀ ਕਮਾਈ ਉਨਾਂ ਦੁਆਰਾਂ ਰੋਜ਼ਮਰਾ ਦੀ ਕੀਤੀ ਜਾਂਦੀ ਕਿਰਤ ਸ਼ਕਤੀ ਤੇ ਨਿਰਭਰ ਹੈ। ਇਸ ਸਮੇਂ ਕਿਸਾਨ ਤਿੰਨ ਖੇਤੀ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਵੱਡੀ ਲੜਾਈ ਦੇ ਮੈਦਾਨ ਵਿਚ ਹਨ। ਕਿਸਾਨੀ ਸੰਘਰਸ਼ ਪੂੰਜੀਪਤੀ ਸਮਾਜ ਦੇ ਵਿਕਾਸ ਦੇ ਨਤੀਜੇ ਵਜੋਂ ਖੇਰੂੰ ਖੇਰੂੰ ਹੋਈ ਭਾਈਚਾਰਕ ਸਾਂਝ ਦੀਆ ਤੰਦਾਂ ਨੂੰ ਮੁੜ ਸੁਰਜੀਤ ਕਰਨ ਲਈ ਸਹਾਈ ਸਿੱਧ ਹੋ ਰਿਹਾ ਹੈ। ਇਹ ਇਕ ਨਵੀਂ ਕਿਸਮ ਦੀ ਚੇਤਨਾ ਲੈ ਕੇ ਆਇਆ ਹੈ। ਇੰਨਾਂ ਨਕਸ਼ਾ ਨੇ ਖੜੇ ਪਾਣੀ ਵਿਚ ਪੱਥਰ ਸੁੱਟਣ ਵਾਲਾ ਕੰਮ ਕੀਤਾ ਹੈ, ਇਸ ਉਛਾਲ ਨਾਲ਼ ਪੈਦਾ ਹੋਈਆ ਤਰੰਗਾਂ ਦਾ ਅਸਰ ਅੰਤਰਰਾਸ਼ਟਰੀ ਪੱਧਰ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। ਕਿਰਤੀ ਜਮਾਤ ਨੂੰ ਇਕ ਨਵੀਂ ਹਰਕਤ ਮਿਲੀ ਹੈ। ਇਸ ਹਰਕਤ ਦੀ ਲੰਮੇ ਸਮੇਂ ਤੋਂ ਲਗਭਗ ਅਣਹੋਂਦ ਬਣੀ ਹੋਈ ਸੀ। ਇਸ ਅੰਦੋਲਨ ਦੀਆ ਦੋ ਮੁੱਖ ਵੱਡੀਆਂ ਪ੍ਰਾਪਤੀਆਂ ਮੰਨੀਆਂ ਜਾ ਸਕਦੀਆਂ ਹਨ। ਪਹਿਲੀ, ਕਿਰਤੀ ਜਮਾਤ ਵੱਖ ਵੱਖ ਵਰਗਾ ਹਿਤਾਂ ਵਿਚਕਾਰ ਵੰਡੀ ਹੋਣ ਦੇ ਬਾਵਜੂਦ ਉੱਚੇ ਆਦਰਸ਼ਾਂ ਲਈ ਵਡੇਰੇ ਸਾਂਝੇ ਹਿਤਾਂ ਦੀ ਪਹਿਚਾਣ ਕਰਨੀ ਸਿੱਖ ਰਹੀ ਹੈ। ਦੂਜੀ, ਮੋਜ਼ੂਦਾ ਸਮਾਜ ਆਪਣੇ ਤਜਰਬੇ ਵਿਚ ਪਹਿਲੀ ਵਾਰ ਪਰਦੇ ਪਿੱਛੇ ਛੁਪੀ ਪੂੰਜੀ ਦੀ ਅਸਲ ਸ਼ਕਤੀ ਨੂੰ ਜਾਣਨ ਸਮਝਣ ਦੇ ਰਾਹ ਪਿਆਂ ਹੈ। 

ਹੁਣ ਤੱਕ ਦੇ ਅਮਲੀ ਕਾਰਜਾਂ ਨੇ ਸਾਨੂੰ ਸਿਖਾਇਆ ਹੈ ਕਿ ਜੰਗ ਜਿੱਤਣ ਲਈ ਦੁਸ਼ਮਣ ਦੀ ਸਹੀ ਪਹਿਚਾਣ ਜ਼ਰੂਰੀ ਹੈ, ਪਰ ਮਿੱਤਰਾਂ ਸਹਿਯੋਗੀਆਂ ਦੀ ਪਹਿਚਾਣ ਅਤਿ ਜ਼ਰੂਰੀ ਹੈ। ਇਸ ਕੜੀ ਵਿਚ ਕਿਸਾਨੀ ਸੰਘਰਸ਼ ਦੁਆਰਾ ਪਹਿਲਾ ਔਰਤਾਂ ਅਤੇ ਫਿਰ ਨੋਜਵਾਨਾ ਨੂੰ ਨਾਲ਼ ਲੈਣ ਦੇ ਯਤਨ ਸ਼ਲਾਘਾਯੋਗ ਹਨ। ਸਮਾਜ ਦਾ ਇਕ ਹੋਰ ਬਹੁਤ ਵੱਡਾ ਹਿੱਸਾ ਹੈ ਜਿਸ ਨੂੰ ਕਿਸਾਨੀ ਸੰਘਰਸ਼ ਨੇ ਆਪਣੇ ਝੰਡਿਆਂ, ਬੈਨਰਾਂ, ਨਾਹਰਿਆਂ ‘ਚ ਤਾਂ ਬਰਾਬਰ ਥਾਂ ਦੇ ਦਿੱਤੀ ਹੈ ਪਰ ਅਮਲੀ ਰੂਪ ਵਿਚ ਇਸ ਹਿੱਸੇ ਨੂੰ ਨਾਲ਼ ਤੋਰਨ ਵਿਚ ਹਜੇ ਪੂਰੀ ਸਫਲਤਾ ਹਾਸਿਲ ਨਹੀਂ ਹੋਈ। ਇਹ ਤਬਕਾ ਹੈ ਮਜ਼ਦੂਰ। ਕਿਸਾਨੀ ਨਾਲ਼ ਇਸ ਵਰਗ ਦਾ ਲੰਮੇ ਸਮੇਂ ਤੋਂ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ। ਖੇਤੀ ਵਿਚ ਦੋਹਾ ਦੀ ਹਿੱਸੇਦਾਰੀ ਰਹੀ ਹੈ। ਇਕ ਦੂਜੇ ਦੀ ਲੋੜ ਨੇ ਦੋਹਾਂ ਵਿਚਕਾਰ ਪਕੇਰੀ ਸਾਂਝ ਬਣਾਈ ਹੋਈ ਸੀ। ਪੂੰਜੀਪਤੀ ਵਿਕਾਸ ਦੇ ਮਸ਼ੀਨੀਕਰਨ ਨੇ ਇੰਨਾ ਵਰਗਾ ਦੇ ਪੈਦਾਵਾਰੀ ਰਿਸ਼ਤਿਆਂ ਨੂੰ ਤਬਦੀਲ ਕੀਤਾ ਹੈ। ਨਤੀਜੇ ਵਜੋਂ ਬਜ਼ਮੀਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਸੰਖਿਆ ਵਿਚ ਚੋਖਾ ਵਾਧਾ ਹੋਇਆਂ ਹੈ। ਸਾਧਨ ਵਿਹੂਣੇ ਇੰਨਾਂ ਲੋਕਾਂ ਕੋਲ ਆਪਣੇ ਖਾਲ਼ੀ ਹੱਥ ਹੀ ਉਨਾਂ ਦੇ ਮੁੱਖ ਸੰਦ ਹਨ। ਰੋਜ਼ਾਨਾ ਆਪਣੀ ਮਿਹਨਤ ਸ਼ਕਤੀ ਨੂੰ ਵੇਚ ਕੇ ਬੜੀ ਗੁਰਬਤ ਨਾਲ਼ ਬੇਰਹਿਮ ਜੀਵਨ ਹੰਡਾ ਰਿਹਾ ਹੈ। ਸਖ਼ਤ ਮਿਹਨਤਾਂ ਦੇ ਬਾਵਜੂਦ ਮਜ਼ਦੂਰ ਆਪਣੇ ਹਿੱਸੇ ਦੀ ਰੋਟੀ ਤੋਂ ਕੋਹਾਂ ਦੂਰ ਹੈ। ਆਪਣੇ ਪਰਿਵਾਰ ਦੀ ਲੋੜ ਪੂਰਤੀ ਲਈ ਸਿਰਫ ਆਪਣੀ ਮਿਹਨਤ ਸ਼ਕਤੀ ਵੇਚਣ ਤੱਕ ਸੀਮਤ ਨਹੀਂ ਬਲਕਿ ਕਈ ਵਾਰ ਉਹ ਖ਼ੁਦ ਵੀ ਵਿਕਦਾ ਹੈ। ਇਤਿਹਾਸਕ ਪ੍ਰਸੰਗ ਤੋਂ ਇਸ ਵਰਗ ਦੀ ਦਸ਼ਾ ਜਾਣਨ ਸਮਝਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਜਾਣ ਸਕਾਂਗੇ ਕਿ ਮਜ਼ਦੂਰ ਤਾਂ ਸਦੀਆਂ ਤੋਂ ਆਰਥਿਕ, ਸਮਾਜਕ, ਰਾਜਨੀਤਕ ਤੇ ਜਮਾਤੀ ਤੌਰ ਤੇ ਵਿਤਕਰੇ ਅਤੇ ਜ਼ੁਲਮ ਦਾ ਸ਼ਿਕਾਰ ਹੁੰਦਾ ਰਿਹਾ ਹੈ। ਇਨਾ ਪੀੜਾਦਾਇਕ ਪਰਿਸਥਿਤੀਆਂ ਨੇ ਉਸ ਦੇ ਮਨ ਵਿਚ ਇਕ ਅਜੀਬ ਕਿਸਮ ਦੇ ਵਿਰੋਧ ਤੇ ਬੇਵਿਸ਼ਵਾਸੀ ਦਾ ਬੀਜ ਬੀਜਿਆ ਹੈ। ਇਨਾ ਤੱਥਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਸਾਡੇ ਸਮਾਜ ਵਿਚ ਅੱਜ ਵੀ ਜ਼ਮੀਨੀ ਪੱਧਰ ‘ਤੇ ਜਗੀਰਦਾਰੀ ਸਮਾਜ ਦੀ ਬਚੀ ਰਹਿਦ ਖੂੰਦ ਗੰਦੀ ਮਾਨਸਿਕਤਾ ਇਸ ਨਫ਼ਰਤ ਤੇ ਵਿਤਕਰੇ ਦੇ ਬੀਜ ਨੂੰ ਪੁੰਗਰਨ ਲਈ ਆਪਣੇ ਜ਼ੁਲਮ ਦੀ ਖ਼ੁਰਾਕ ਮਹੁੱਈਆਂ ਕਰਵਾਉਂਦੇ ਰਹਿੰਦੇ ਹਨ।

ਸ਼ਾਇਦ ਇਸੇ ਲਈ ਮਜ਼ਦੂਰ ਜੱਥੇਬੰਦੀਆ ਦੇ ਕਈ ਆਗੂ ਦਿੱਲੀ ਬਾਰਡਰਾ ਤੇ ਚਲ ਰਹੇ ਕਿਸਾਨੀ ਅੰਦੋਲਨ ਦੀਆ ਪ੍ਰਮੁੱਖ ਸਟੇਜਾਂ ਤੋਂ ਮੌਕਾ ਮਿਲਦੇ ਹੀ ਆਪਣੇ ਇਤਰਾਜ਼ ਦਰਜ ਕਰਵਾਉਂਦੇ ਰਹੇ ਹਨ। ਇੰਨਾਂ ਇਤਰਾਜ਼ਾਂ ਨੂੰ ਨਜ਼ਰ-ਅੰਦਾਜ਼ ਕਰਨਾ ਵੱਡੀ ਭੁੱਲ ਸਾਬਤ ਹੋ ਸਕਦੀ ਹੈ। ਸੂਝ ਦੀ ਸਪਸ਼ਟਤਾ ਤਾਂ ਕਹਿੰਦੀ ਹੈ ਕਿ ਕਿਰਤ ਦੀ ਧਿਰ ਦੇ ਵੱਖ ਵੱਖ ਵਰਗਾਂ ਦੇ ਸਭ ਗਿਲੇ ਸ਼ਿਕਵੇ ਦੂਰ ਕਰਦਿਆਂ ਸਾਂਝੇ ਦੁਸ਼ਮਣ ਖ਼ਿਲਾਫ਼ ਵਿਸ਼ਾਲ ਏਕੇ ਨੂੰ ਸਥਾਪਤ ਕੀਤਾ ਜਾਵੇ। 

ਪਰ ਕਿਰਤੀ ਲੋਕ ਤਾਂ ਕਿਰਤ ਦੇ ਹਾਮੀ ਹਨ। ਉਹ ਤਾਂ ਪੰਜਾਬ ਦੀ ਧਰਤੀ ਤੇ ਦਿੱਤੇ ਬਾਬੇ ਨਾਨਕ ਦੇ ਉਪਦੇਸ਼ ਕਿਰਤ ਕਰੋ-ਵੰਡ ਛਕੋ ਦੇ ਬੋਲਾਂ ਦੇ ਧਾਰਨੀ ਹਨ। ਪੂੰਜੀ ਦੇ ਸੰਸਾਰੀਕਰਨ ਦੇ ਉਦੇਸ਼ ਦੇ ਮੁਕਾਬਲੇ ਕਿਰਤ ਦੇ ਸੰਸਾਰ ਸਾਂਝੀਵਾਲਤਾ ਦੇ ਉਦੇਸ਼ ਦਾ ਯੁੱਧ ਹੈ। ਪੂੰਜੀ ਦੀ ਜੱਥੇਬੰਦਕ ਤਾਕਤ ਦੇ ਮੁਕਾਬਲੇ ਕਿਰਤ ਦੀ ਧਿਰ ਦੀ ਜੱਥੇਬੰਦਕ ਸ਼ਕਤੀ ਦਾ ਏਕਾ ਉਸਾਰਨ ਦੀ ਅਹਿਮ ਲੋੜ ਹੈ। “ਇਹ ਕਹਿਣਾ ਕਿ ਸਭ ਵਰਗਾਂ ਦੀ ਹੋਂਦ ਕਿਸਾਨੀ ਤੇ ਹੀ ਨਿਰਭਰ ਹੈ”।ਇਸ ਤਰਾਂ ਦੀ ਬਿਆਨਬਾਜ਼ੀ/ਭਾਸ਼ਨ /ਵਾਰਤਾਲਾਪ ਦੂਜੇ ਵਰਗਾ ਨੂੰ ਨੇੜੇ ਕਰਨ ਦੀ ਬਜਾਏ ਦੂਰ ਧੱਕਣ ਦਾ ਕੰਮ ਜ਼ਿਆਦਾ ਕਰਦੇ ਹਨ। ਬਿਨਾ ਕਿਸੇ ਸ਼ੱਕ ਦੀ ਗੁੰਜਾਇਸ਼ ਦੇ ਖੇਤੀ ਦਾ ਕੋਈ ਬਦਲ ਨਹੀਂ। ਪਰ ਮਨੁੱਖੀ ਜੀਵਨ ਦਾ ਆਧਾਰ ਕਿਸਾਨੀ ਨਹੀਂ ਬਲਕਿ ਮਨੁੱਖੀ ਕਿਰਤ ਸ਼ਕਤੀ ਹੈ। ਕੋਈ ਕਿਸਾਨ, ਮਜ਼ਦੂਰ ,ਦਸਤਕਾਰ ਜਾ ਮੁਲਾਜ਼ਮ ਆਦਿ ਹੈ ਤਾਂ ਇਹ ਸਮਾਜ ਦੀ ਕੰਮ ਵੰਡ ਦਾ ਹਿੱਸਾ ਹੈ। ਸਮਾਜ ਦੀ ਸਰਵਵਿਆਪਕ ਨੀਂਹ ਕਿਰਤ ਹੀ ਰਹੇਗੀ। ਸੰਸਾਰ ਸਰਮਾਇਆ ਜੋ ਆਪਨੇ ਆਪ ਨੂੰ ਸਰਵਸ਼ਕਤੀਮਾਨ ਸਮਝ ਬੈਠਾ ਹੈ। ਅਸਲ ਵਿਚ ਇਹ ਵੀ ਕਿਰਤ ਦੀ ਲੁੱਟ ਸਹਾਰੇ ਹੀ ਜਿਊਂਦਾ ਤੇ ਵਿਕਾਸ ਕਰਦਾ ਹੈ।

ਭਾਰਤੀ ਸਰਮਾਏਦਾਰਾਂ ਅਡਾਨੀ, ਅੰਬਾਨੀ ਖ਼ਿਲਾਫ਼ ਫ਼ਿਲਹਾਲ ਕਿਸਾਨੀ ਸੰਘਰਸ਼ ਦੀ ਲੜਾਈ ਸਮਾਜ ਦੇ ਅੱਧੇ ਹਿੱਸੇ ਦੀ ਲੜਾਈ ਹੈ। ਜ਼ਰਾ ਸੋਚੋ ਕਿਸਾਨੀ ਅੰਦੋਲਨ ਨੇ ਹੀ ਸਰਕਾਰਾਂ ਨੂੰ ਵਕਤ ਪਾਇਆ ਹੋਇਆ ਹੈ। ਜੇ ਸਮਾਜ ਦਾ ਦੂਜਾ ਵੱਡਾ ਹਿੱਸਾ ਮਜ਼ਦੂਰ (ਸੰਗਠਿਤ ਤੇ ਅਸਗਠਿਤ ਖੇਤਰ ਦਾ) ਵੀ ਆਪਣੀ ਪੂਰੀ ਤਾਕਤ ਨਾਲ਼ ਸਰਗਰਮ ਹੋ ਜਾਵੇ ਤਾਂ ਯਕੀਨਨ ਸਾਡੀਆ ਸਭ ਕਿਆਸਾਂ ਤੋਂ ਪਰਾਂ ਦੇ ਨਤੀਜੇ ਮਿਲ ਸਕਦੇ ਹਨ। ਮਜ਼ਦੂਰਾਂ ਦੀ ਲਾਮਬੰਦੀ ਲਈ ਉਹਨਾਂ ਦੀਆ ਮੰਗਾ ਹਿਤਾਂ ਦਾ ਵੀ ਧਿਆਨ ਰੱਖਣਾ ਪਵੇਗਾ। ਜਿੰਨੇ ਘਾਤਕ ਖੇਤੀ ਕਾਨੂੰਨ ਹਨ ਉਸੇ ਤਰਾਂ ਹੱਦ ਦਰਜੇ ਦੀ ਭਿਆਨਕਤਾ ਵਾਲੇ ਲੇਬਰ ਕਾਨੂੰਨ ਵੀ ਬਣੇ ਹਨ। ਇਸੇ ਤਰਾਂ ਕਾਰਪੋਰੇਟ ਸੈਕਟਰ ਦੀ ਜੁੰਡਲ਼ੀ ਫਾਇਨਸ ਕੰਪਨੀਆਂ, ਬੈਂਕਾਂ ਦੁਆਰਾ ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਨੂੰ ਕਰਜ਼ੇ ਦੇ ਮੱਕੜਜਾਲ ਵਿਚ ਫਸਾ ਕੇ ਉਨਾ ਦੇ ਖ਼ੂਨ ਦਾ ਕਤਰਾ ਕਤਰਾ ਨਿਚੋੜਿਆ ਜਾ ਰਿਹਾ ਹੈ। ਕਰਜ਼ੇ ਦੇ ਇਸ ਜਾਲ ਵਿਚ ਸਿਰਫ ਮਜ਼ਦੂਰ ਪਰਿਵਾਰ ਹੀ ਨਹੀਂ ਬਲਕਿ ਛੋਟੀ ਕਿਸਾਨੀ ਦੇ ਪਰਿਵਾਰ ਵੀ ਸ਼ਾਮਿਲ ਹਨ। ਸਰਮਾਏਦਾਰੀ ਤੇ ਉਸ ਦੀ ਹਕੂਮਤ ਸਾਡੀ ਲੁੱਟ ਕਰਦਿਆਂ ਸਾਡੇ ਨਾਲ਼ ਕਿਸੇ ਤਰਾਂ ਦਾ ਜਾਤੀ, ਧਾਰਮਿਕ, ਨਸਲੀ ਜਾ ਫ਼ਿਰਕੂਪੁਣੇ ਦਾ ਭੇਦਭਾਵ ਨਹੀਂ ਕਰਦੀ। ਇਹ ਭੇਦਭਾਵ ਤਾਂ ਉਸਨੇ ਸਾਡੇ ਲਈ ਛੱਡੇ ਹਨ, ਤਾਂ ਕਿ ਉਸ ਵਿਰੁੱਧ ਵਿਸ਼ਾਲ ਏਕਤਾ ਦਾ ਸਾਂਝਾ ਮੁਹਾਜ਼ ਨਾਂ ਬਣ ਸਕੇ। ਕਰਜ਼ੇ ਦੀ ਲਪੇਟ ਵਿਚ ਆਏ ਗਰੀਬ ਪਰਿਵਾਰਾਂ ਦੀ ਲਾਕਡਾਊਨ ਦਰਮਿਆਨ ਸਥਿਤੀ ਇਨੀ ਹੱਦ ਦਰਜੇ ਦੀ ਖ਼ਰਾਬ ਰਹੀ ਹੈ ਕਿ ਉਨਾ ਦੇ ਚੁੱਲਿਆ ਤੇ ਘਾਹ ਉੱਗਣ ਦੀ ਨੌਬਤ ਆ ਗਈ ਸੀ। ਇੰਨਾ ਗਰੀਬ ਔਰਤਾਂ ਦੇ ਕੰਪਨੀਆਂ ਨੇ ਸਥਾਨਕ ਪੱਧਰ ਤੇ 13-13 ਮੈਂਬਰਾਂ ਦੇ ਗਰੁੱਪ ਬਣਾਏ ਹੋਏ ਹਨ। ਇਹ ਗਰੁੱਪ ਖ਼ੁਦ ਵੀ ਕਰਜਾਈ ਹਨ ਤੇ ਇੰਨਾ ਦੀ ਜ਼ੁਮੇਵਾਰੀ ਵੀ ਹੈ ਕਿ ਕੰਪਨੀ ਦੇ ਪੈਸੇ ਸੂਦ ਸਮੇਤ ਕਰਜ਼ਦਾਰਾਂ ਤੋਂ ਉਗਰਾਹ ਕੇ ਦੇਣੇ ਹਨ। ਇਸ ਤੋਂ ਉੱਪਰ ਕੰਪਨੀ ਦੇ ਕਰਿੰਦੇ ਹਨ ਜੋ ਅਕਸਰ ਗਰੀਬ ਪਰਿਵਾਰਾਂ ਦੇ ਹੀ ਮੁੰਡੇ ਹਨ, ਇੰਨਾ ਦਾ ਕੰਮ ਵੀ ਕਰਜ਼ਾ ਵਸੂਲੀ ਕਰਨਾ ਹੈ। ਪਰ ਅਸਲ ਵਿਚ ਕਰਜ਼ੇ ਦੀ ਉਗਰਾਹੀ ਫ਼ਿਲਮੀ ਗੁੰਡਿਆਂ ਵਾਂਗ ਹੁੰਦੀ ਹੈ। ਸਮੇਂ ਸਿਰ ਅਦਾਇਗੀ ਨਾਂ ਹੋਣ ਤੇ ਟੀ ਵੀ, ਮੋਬਾਇਲ ਖੋਹਣ ਤੋਂ ਇਲਾਵਾ ਗੈਸ ਸਲੰਡਰ ਤੱਕ ਉਤਾਰੇ ਜਾਂਦੇ ਹਨ। ਕਿਰਤੀ ਨੂੰ ਕਿਰਤੀ ਵਿਰੁੱਧ ਹੀ ਵਰਤਿਆਂ ਜਾਂਦਾ ਹੈ। ਕੇਂਦਰ ਸਰਕਾਰ ਨੇ ਲਾਕਡਾਊਨ ਦੋਰਾਨ ਇੰਨਾ ਗ਼ਰੀਬਾਂ ਦੀ ਤਾਂ ਸਾਰ ਨਹੀਂ ਲਈ ਪਰ ਉਨਾ ਲੋਕਾਂ ਦਾ ਜਿਨਾਂ ਕੋਲ ਪੈਸਾ ਅੱਗ ਲਾਇਆ ਨਹੀਂ ਮੁੱਕਦਾ ਹੈ ਯਾਨੀ ਕਾਰਪੋਰੇਟ ਸੈਕਟਰ ਦਾ 68607 ਕਰੋੜ ਰੁਪਏ ਮੁਆਫ਼ ਕਰ ਦਿੱਤਾ ਜਾਂਦਾ ਹੈ। ਜੱਥੇਬੰਦੀਆ ਇਸ ਵਿਰੁੱਧ ਅਵਾਜ਼ ਵੀ ਉਠਾ ਰਹੀਆ ਹਨ। ਮਜ਼ਦੂਰ ਮੁਕਤੀ ਮੋਰਚਾ ਤੇ ਪ੍ਰਗਤੀਸ਼ੀਲ ਮੰਚ ਪੰਜਾਬ ਨੇ ਤਾਂ ਗਰੀਬਾ ਦੇ ਕਰਜ਼ੇ ਮੁਆਫ਼ੀ ਲਈ ਰੈਲੀਆਂ ਕਰਕੇ ਕਰਜ਼ੇ ਦੀ ਵਾਪਸੀ ਲਈ ਸਮਾਂ ਵਧਾਉਣ ਵਿਚ ਕਾਮਯਾਬੀ ਵੀ ਹਾਸਲ ਕੀਤੀ ਹੈ। ਕਰਜਾਈ ਲੋਕਾਂ ਦੀ ਇਹ ਸੰਖਿਆ ਏਡੀ ਵੱਡੀ ਹੈ ਕਿ ਪਿੰਡਾਂ ਦੇ ਪਿੰਡ ਤੇ ਸ਼ਹਿਰੀ ਬਸਤੀਆਂ ਵੀ ਇਸ ਦੀ ਚਪੇਟ ਵਿਚ ਆ ਚੁੱਕੀਆਂ ਹਨ। ਇੰਨਾ ਦੇ ਕਰਜਿਆਂ ‘ਤੇ ਵਿਆਜ ਅੰਬਰ ਵੇਲ ਵਾਂਗ ਵੱਧ ਰਿਹਾ ਹੈ। ਕਈ ਜੱਥੇਬੰਦੀਆ ਇੰਨਾ ਦੀ ਮੁਕਤੀ ਲਈ ਸਰਗਰਮ ਹਨ। ਇਸ ਤਰਾਂ ਦੇ ਹੋਰ ਵੀ ਸੰਘਰਸ਼ ਹਨ ਜੋ ਅਲੱਗ ਅਲੱਗ ਮੁਹਾਜ਼ ਤੇ ਲੜੇ ਜਾ ਰਹੇ ਹਨ। ਪਰ ਦੁਸ਼ਮਣ ਸਾਂਝਾ ਹੈ, ਇਸ ਲਈ ਇਹ ਸਹੀ ਸਮਾਂ ਹੈ ਕਿ ਹਰ ਤਰਾਂ ਦੇ ਹਉਮੇ, ਆਪਸੀ ਵੈਰ ਵਿਰੋਧ ਤੋਂ ਮੁਕਤ ਹੋ ਕੇ ਕਿਰਤੀ ਜਮਾਤ ਦੀ ਖਿੰਡੀ ਤਾਕਤ ਨੂੰ ਇਕੱਠਿਆ ਕਰਕੇ ਇਕ ਸਾਂਝੇ ਪਲੇਟਫ਼ਾਰਮ ਤੇ ਲਿਆਂਦਾ ਜਾਵੇ। ਇਸ ਲਈ ਬੜੀ ਚੌਕਸੀ ਨਾਲ਼ ਆਰਥਿਕ ਹਿਤਾਂ ਦੇ ਸੰਘਣੇ ਪ੍ਰਗਟਾਅ ਰਾਜਨੀਤਕ ਦਿਸ਼ਾ ਤਹਿਤ ਜਮਾਤੀ ਕਤਾਰਬੰਦੀ ਨੂੰ ਸਮਝਣਾ ਹੋਵੇਗਾ।

 

en_GBEnglish