ਸ਼ਹਿਰੀ ਕੁੜੀ ਦੀ ਟੀਕਰੀ ਫੇਰੀ

ਸ਼ਹਿਰੀ ਕੁੜੀ ਦੀ ਟੀਕਰੀ ਫੇਰੀ

ਪੰਜਾਬ ਨਾਲ ਮੇਰਾ ਰਿਸ਼ਤਾ ਦੁਰਾਡਿਓਂ  ਰਿਹਾ ਹੈ, ਕਿਸੇ ਅਜਿਹੇ ਰਿਸ਼ਤੇਦਾਰ ਵਰਗਾ ਜਿਸ ਨੂੰ ਤੁਸੀਂ ਸਾਲ ਦੋ ਸਾਲਾਂ ਬਾਅਦ ਮਿਲਦੇ ਤਾਂ ਹੋ ਪਰ ਨੇੜਿਓਂ ਨਹੀਂ ਜਾਣਦੇ। ਜਦੋ ਮੈਂ ਸਾਲ ਪਹਿਲਾ ਚੰਡੀਗੜ੍ਹ ਰਹਿਣ ਆਈ ਤਾਂ ਸਿਰਫ ਟੀਵੀ ਮੀਡਿਆ ਵਿਚ ਜੋ ਦੇਖਿਆ ਉਸਤੋਂ ਹੀ ਪੰਜਾਬੀ ਕਲਚਰ ਨੂੰ ਸਮਝਦੀ ਸੀ। ਪੰਜਾਬੀ ਗੀਤਾਂ ਵਿਚ ਤਾਂ ਮੈਨੂੰ ਬੰਦੂਕਾਂ ਅਤੇ ਗੱਡੀਆਂ ਵਾਲੇ ਹੈਂਕੜ ਨਾਲ਼ ਭਰੇ ਜੱਟ ਹੀ ਦਿਸਦੇ ਸਨ। ਮੈਂ ਟੀਕਰੀ ਇਸ ਕਰਕੇ ਵੀ ਆਉਣਾ ਚਾਉਂਦੀ ਸੀ ਕਿਉਂਕਿ ਅੰਦੋਲਨ ਚਲ ਰਿਹਾ ਸੀ ਪਰ ਮੇਰਾ ਦੂਰ ਦਾ ਰਿਸ਼ਤੇਦਾਰ ਪੰਜਾਬ ਇਕੋ ਥਾਂ ਬੈਠਾ ਸੀ। 

14 ਫਰਵਰੀ ਨੂੰ ਵੈਲਨਟਾਈਨ ਡੇ ਵਾਲੇ ਦਿਨ ਮੈਂ ਤੇ ਮੇਰੀ ਸਹੇਲੀ ਹਰਲੀਨ ਟੀਕਰੀ ਮੋਰਚੇਤੇ ਆਏ। ਅਸੀਂ 11 ਕੁ ਵਜੇ ਪਹੁੰਚੇ ਅਤੇ ਮੈਟਰੋ ਲਾਈਨ ਦੇ ਨਾਲ਼ ਨਾਲ਼ ਤੁਰਨਾ ਸ਼ੁਰੂ ਕਰ ਦਿੱਤਾ। ਧੁੱਪ ਨਾਲ਼ ਗਰਮੀ ਵਧਣ ਲੱਗੀ ਸੀ। ਅਸੀਂ ਕਈ ਤਰ੍ਹਾਂ ਦੇ ਤੰਬੂਆਂ, ਲੰਗਰਾਂ, ਟਰਾਲੀਆਂ, ਲਾਇਬਰੇਰੀਆਂ, ਵਾਸ਼ਿੰਗ ਮਸ਼ੀਨ ਸੇਵਾ ਦੀਆਂ ਥਾਂਵਾਂ, ਟੁਆਇਲਟਾਂ ਕੋਲ ਦੀ ਲੰਘੇ। ਫਲੈਕਸਾਂਤੇ ਪਿੰਡਾਂ ਦੇ ਨਾ, ਉਹਨਾਂ ਦੇ ਨੇੜਲੇ ਸ਼ਹਿਰਾਂ ਦੇ ਨਾਂਵਾਂ ਵਾਲੇ ਮੀਲ ਪੱਥਰ ਲੱਗੇ ਹੋਏ ਹਨ। ਜਿਵੇਂ ਪੰਜਾਬ ਦੇ ਸਾਰੇ ਪਿੰਡ ਇਸ ਸੜਕ ਤੇ ਆਪਣੀ ਹਾਜ਼ਰੀ ਲਗਵਾ ਰਹੇ ਹੋਣ।  ਬਾਕੀ ਸ਼ਹਿਰੀ ਲੋਕਾਂ ਵਾਂਗ ਮੈਨੂੰ ਵੀ ਆਪਣੀ ਸ਼ਹਿਰ ਸਮਝਣ ਵਿਚ ਔਖ ਨਹੀਂ ਆਉਂਦੀ। ਪਰ ਪੇਂਡੂ ਲੋਕਾਂ ਦੇ ਇਸ ਸ਼ਹਿਰ ਨੂੰ ਜਾਨਣ ਵਿਚ ਸਾਨੂੰ ਔਖ ਹੋ ਰਹੀ ਸੀ। ਪਾਣੀ ਕਿਵੇਂ ਵਰਤਾਇਆ ਜਾ ਰਿਹਾ ਸੀ; ਲੰਗਰ ਦਾ ਸਿਸਟਮ, ਨਹਾਉਣ, ਕੱਪੜੇ ਧੋਣ ਦੇ ਸਿਸਟਮ ਕਿਵੇਂ ਬਣੇ ਹੋਣਗੇ। ਚੀਜਾਂ ਵਰਤਾਈਆ ਜਾ ਰਹੀਆਂ ਸਨ। ਜਾਣਕਾਰੀ ਵੰਡੀ ਜਾ ਰਹੀ ਸੀ। ਸਭ ਕਿਰਿਆਵਾਂ ਇਕ ਨਿਵੇਕਲੇ ਸ਼ਹਿਰ ਦੀ ਦੱਸ ਪਾ ਰਹੀਆਂ ਸਨ। 

ਜਿਵੇਂ ਕਿਸੇ ਸ਼ਹਿਰ ਵਿੱਚ ਹੁੰਦਾ ਹੈ। ਇਕ ਪਾਸੇ ਹੋ ਰਹੀਆਂ ਗੱਲਾਂ ਬਾਤਾਂ ਦੂਜੇ ਪਾਸਿਓਂ ਨਾਲ਼ੋਂ ਵੱਖਰੀਆਂ ਸਨ। ਸਾਰੇ ਨੇੜੇ ਨੇੜੇ ਵਿਚਰ ਰਹੇ ਸਨ, ਪਰ ਆਪਣੇ ਆਪਣੇ ਸੰਸਾਰਾਂ ਵਿਚ। ਪੜ੍ਹੇ ਲਿਖੇ ਮੁੰਡੇ ਕੁੜੀਆਂ ਅਤੇ ਸ਼ਹਿਰੀ ਨੌਜਵਾਨ ਲਾਇਬਰੇਰੀਆਂ ਦੇ ਨੇਡ਼ੇ ਬੈਠੇ ਸਨ ਅਤੇ ਉਨ੍ਹਾਂ ਦੇ ਵਿਚਰਨ ਵਿੱਚ ਸੰਜੀਦਗੀ ਸੀ। ਅੰਦੋਲਨਕਾਰੀਆਂ ਦੇ ਜਥੇ ਜੋਸ਼  ਵਿਚ ਨਾਅਰੇ ਲਾਉਂਦੇ ਲੰਘਦੇ। ਪੁਲਿਸ ਵਾਲੇ ਆਪਣੇ ਟੈਂਟ ਵਿੱਚ ਬੈਠੇ ਸਨ ਅਤੇ ਸਭ ਪਾਸੇ ਨਿਗਾਹ ਰੱਖ ਰਹੇ ਸਨ। ਟਰੱਕ ਦੀ ਬਾਰੀ ਵਿਚੋਂ ਇਕ ਔਰਤ ਨੇ ਸਾਡੇ ਵੱਲ ਤੱਕਿਆ ਅਤੇ ਮੁਸਕਰਾਉਣ ਲੱਗੀ। ਨੇੜਲੀ ਜੁੱਤੀਆਂ ਦੀ ਫੈਕਟਰੀ ਜੋ ਅੰਦੋਲਨ ਕਰਕੇ ਬੰਦ ਸੀ ਦਾ ਕਾਮਾ ਸੜ੍ਹਕ ਕਿਨਾਰੇ ਦੁਕਾਨ ਲਾਈ ਬੈਠਾ ਸੀ ਅਤੇ ਕਿਸਾਨਾਂ ਨੂੰ ਜੁੱਤੀਆਂ ਵੇਚ ਰਿਹਾ ਸੀ। ਕਈ ਜਣੇ ਖਾਣ ਪੀਣ ਦਾ ਸਾਮਾਨ, ਚਾਰਜਰ, ਬੈਟਰੀਆ, ਕਿਤਾਬਾਂ, ਗੁਬਾਰੇ ਵੇਚ ਰਹੇ ਸਨ। ਗੀਤ ਸੁਣਾਉਂਦੇ ਟਰੈਕਟਰਾਂ ਤੇ ਚੜ੍ਹੇ ਮੁੰਡੇ ਮੇਨ ਸਟੇਜ ਤੋਂ ਅੰਦੋਲਨ ਦੀਆਂ ਦੂਜੀਆਂ ਥਾਵਾਂ ਵਿਚਕਾਰ ਧਮਕ ਪਾਉਂਦੇ ਲੰਘਦੇ। ਕੁਝ ਟੈਂਟਾਂ ਵਿੱਚ ਬਾਬੇ ਮੰਜਿਆਂ ਤੇ ਬੈਠੇ ਸਨ, ਕੋਈ ਹੁੱਕਾ ਪੀ ਰਹੇ ਸਨ, ਤਾਸ਼ ਖੇਡ ਰਹੇ ਸਨ ਜਾਂ ਸੌਂ ਰਹੇ ਸਨ। 

ਅਸੀਂ ਹੌਲੀ ਹੌਲੀ ਤੁਰ ਰਹੇ ਸਾਂ ਤਾਂ ਕੇ ਹਰ ਇਕ ਚੀਜ਼ ਨੂੰ, ਘਟਨਾ ਨੂੰ ਚੇਤੇ ਦੀ ਚੰਗੇਰ ਵਿਚ ਸਹੇਜ ਸਕੀਏ। ਅਚਾਨਕ ਅਸੀਂ ਬਾਰਡਰ ਤੇ ਲੱਗੇ ਬੈਰੀਕੇਡ ਕੋਲ ਪਹੁੰਚ ਗਏ, ਜਿੱਥੇ ਲੱਗੀ ਮੇਨ ਸਟੇਜ ਉਪਰ ਇਕ ਕਸ਼ਮੀਰੀ ਬੁਲਾਰਾ ਲੋਕਾਂ ਨੂੰ ਸੰਘਰਸ਼ ਦੀ ਅਹਿਮੀਅਤ ਬਾਰੇ ਦੱਸ ਰਿਹਾ ਸੀ। ਸਟੇਜ ਦੇ ਨੇੜੇ ਬੈਠੇ ਆਦਮੀ ਔਰਤ ਹਰੇਕ ਲਫ਼ਜ਼ ਧਿਆਨ ਨਾਲ਼ ਸੁਣ ਰਹੇ ਸਨ। ਅਸੀਂ ਵਾਪਿਸ ਸੜਕ ਦੇ ਦੂਸਰੇ ਪਾਸੇ ਵੱਲ ਦੀ ਮੁੜੇ। ਤੁਰ ਤੁਰ ਕੇ ਥੱਕ ਵੀ ਗਏ ਸਾਂ, ਪਰ ਕਿਸੇ ਨਾਲ਼ ਗੱਲ ਵੀ ਨਹੀਂ ਕੀਤੀ ਸੀ। ਅਸੀਂ ਨਾ ਪੱਤਰਕਾਰ ਜਾਂ ਖੋਜਕਾਰ, ਨਾ ਵਲੰਟੀਅਰ, ਅਤੇ ਨਾ ਹੀ ਖੇਤੀਬਾੜੀ ਜਾ ਖੇਤੀ ਕਾਨੂੰਨਾਂ ਦੇ ਬਹੁਤੇ ਜਾਣਕਾਰ ਸਾਂ। ਇੱਕ ਅੰਕਲ ਜੀ ਨੇ ਚਾਹ ਆਫਰ ਕੀਤੀ, ਅਸੀਂ ਉਹਨਾਂ ਦੀ ਟਰਾਲੀ ਕੋਲ ਬੈਠ ਗਏ। ਉਹ ਸਾਨੂੰ ਬਿਠਾ ਕੇ ਜੋ ਪਹਿਲਾਂ ਪੜ੍ਹ ਰਹੇ ਸੀ, ਉਸ ਵਿਚ ਫੇਰ ਮਗਨ ਹੋ ਗਏ। 

ਮੈਟਰੋ ਲਾਈਨ ਸੜਕ ਨੂੰ ਦੋ ਹਿੱਸਿਆਂ ਵਿੱਚ ਵੰਡਦੀ  ਹੈ, ਵਿਚਾਲੇ ਮੈਟਰੋ ਲਾਈਨ ਦੇ ਥਮਲੇ ਹਨ ਜਿਹੜੇ ਰੀੜ੍ਹ ਦੀ ਹੱਡੀ ਵਾਂਗ ਟੈਂਟਾਂ ਨੂੰ ਸਪੋਰਟ ਕਰਦੇ ਹਨ। ਥੱਲੇ ਡਿਵਾਈਡਰ ਤੇ ਲੱਗੀ ਜਾਲੀ ਨਾਲ਼ ਸਮਾਨ ਅਤੇ ਚੀਜ਼ਾਂ ਸਾਂਭ ਕੇ ਰੱਖੀਆਂ ਜਾਂਦੀਆਂ ਹਨ। ਜਾਲੀ ਤੋਂ ਤਿੰਨ ਕੁ ਮੀਟਰ ਦੀ ਵਿੱਥ ਤੇ ਟਰਾਲੀਆਂ ਖੜ੍ਹੀਆਂ ਹਨ ਅਤੇ ਜਾਲੀ ਅਤੇ ਟਰਾਲੀ ਵਿਚ ਤਰਪਾਲ ਪਾ ਕੇ ਟੈਂਟ ਬਣ ਜਾਂਦਾ ਹੈ। ਅੰਕਲ ਨੇ ਕਿਹਾ ਕਿ ਟੀਕਰੀਤੇ ਹੁਣ ਇਹੀ ਉਸ ਦਾ ਘਰ ਹੈ ਅਤੇ ਰਾਤ ਨੂੰ 20 ਜਾਣੇ ਇੱਥੇ ਸੌਂ ਸਕਦੇ ਹਨ। ਅਸੀਂ ਚਾਹ ਦੀ ਉਡੀਕ ਵਿਚ ਪਲਾਸਟਿਕ ਦੇ ਸਟੂਲਾਂ ਤੇ ਬੈਠੇ ਸਾਂ। ਟਰੈਕਟਰ ਟਰਾਲੀਆਂ ਤੇ ਟੈਂਟ ਵਿਚਕਾਰ ਇੱਕ ਵੱਡੀ ਟੈਂਕੀ ਸੀ।  ਜਿਸ ਨਾਲ ਟੂਟੀਆਂ ਲੱਗੀਆਂ ਹੋਈਆਂ ਸਨ। ਨੇੜੇ ਸਾਬਣਦਾਨੀ ਅਤੇ ਬਾਲਟੀਆਂ ਪਈਆ ਸਨ। ਸਵੇਰੇ ਸ਼ਾਮ ਇਕ ਟੈਂਕਰ ਇਸ ਟੈਂਕੀ ਨੂੰ ਭਰ ਜਾਂਦਾ ਸੀ। 

ਅਸੀਂ ਬੈਠੇ ਆਲਾ ਦੁਆਲਾ ਦੇਖ ਰਹੇ ਸਾਂ ਕਿ ਲੰਬਾ ਉੱਚਾ ਤਕੜਾ ਕੁੰਢੀਆਂ ਮੁੱਛਾਂ ਵਾਲਾ ਨੌਜਵਾਨ ਟੈਂਟ ਵਿਚ ਆਇਆ। ਉਸ ਕੋਲ ਫੜੀ ਟ੍ਰੇਅ ਵਿਚ ਦੋ ਸਟੀਲ ਦੇ ਕੱਪ ਰੱਖੇ ਹੋਏ ਸਨ। ਉਸਨੇ ਨੀਵਾਂ ਹੋ ਕੇ ਸਾਨੂੰ ਚਾਹ ਪਰੋਸੀ।  ਅਸੀਂ ਸ਼ਰਮਸ਼ਾਰ ਜਿਹੇ ਹੋਏ, ਸਾਨੂੰਬੰਦੂਕਾਂ ਵਾਲੇ ਜੱਟਤੋਂ ਐਨੇ ਮਾਣ ਇੱਜ਼ਤ ਦੀ ਤਵੱਕੋ ਨਹੀਂ ਸੀ। ਨਾਲ਼ ਹੀ ਉਸ ਵਰਗਾ ਹੀ ਇੱਕ ਜਣਾ ਹੋਰ ਬਿਸਕੁਟਾਂ ਦਾ ਪੈਕਟ ਲੈ ਕੇ ਆਇਆ। ਤਿੰਨ ਕੁ ਜਣੇ ਹੋਰ ਗਏ ਅਤੇ ਸਾਡੇ ਤੋਂ ਥੋੜ੍ਹੀ ਦੂਰੀ ਤੇ ਖੜ੍ਹ ਗਏ। ਸਾਨੂੰ ਮਹਿਸੂਸ ਹੋਇਆ ਅਸੀਂ ਰਾਣੀਆਂ ਵਾਂਗ ਚਾਹ ਪੀ ਕੇ ਆਪਣੇ ਘਰੀਂ ਪਰਤ ਜਾਵਾਂਗੀਆਂ ਅਤੇ ਇਹ ਇਸ ਸੜਕਤੇ ਕੈਂਪਾਂ ਵਿੱਚ ਡਟੇ ਰਹਿਣਗੇ। ਅੰਕਲ ਨੇ ਦੱਸਿਆ ਕੇ ਇਹ ਸਾਰੇ ਮੁੰਡੇ ਉਸ ਦੇ ਹੀ ਪੁੱਤ ਭਤੀਜੇ ਹਨ ਅਤੇ ਜਦੋਂ ਦਾ ਉਹ ਏਥੇ ਆਇਆ ਹੈ ਉਸ ਨੂੰ ਪਿੰਡ ਵਾਪਸ ਜਾਣ ਦੀ ਲੋੜ ਨਹੀਂ ਪਈ। ਇਹ ਮੁੰਡੇ ਜਾ ਆਉਂਦੇ ਹਨ। ਮੁੰਡੇ ਨੇ ਦੱਸਿਆ ਆਉਣ ਵਾਲੇ ਜ਼ਿਆਦਾ ਹਨ ਅਤੇ ਏਥੋਂ ਜਾਣ ਵਾਲੇ ਘੱਟ। 

ਅਸੀਂ ਉਨ੍ਹਾਂ ਦੀ ਦਿਨ ਚਰਿਆ ਬਾਰੇ ਪੁੱਛਿਆ ਅਤੇ ਚੰਗੀ ਚਾਹ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾਹੋਰ ਕੁਝ ਤਾਂ ਭਾਵੇਂ ਨਾ ਸਿੱਖਿਆ ਹੋਵੇ ਪਰ ਇੱਥੇ ਰਹਿ ਕੇ ਚੰਗੀ ਚਾਹ ਅਤੇ ਗੋਲ ਰੋਟੀਆਂ ਬਣਾਉਣੀਆਂ ਗਈਆਂ।ਉਨ੍ਹਾਂ ਨੇ ਸਾਨੂੰ ਰਾਤ ਦੀ ਰੋਟੀ ਖੁਆਉਣ ਦਾ ਨਿਆਉਤਾ ਦਿੱਤਾ ਅਤੇ ਕਿਹਾ ਕਿ ਸਾਡੀਆਂ ਰੋਟੀਆਂ ਟੈਸਟ ਕਰ ਲਿਓ। ਅਸੀਂ ਸਾਰੇ ਹੱਸ ਪਏ। ਅਸੀਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਥੋਂ ਤੁਰ ਪਏ।  ਮੁੜਦਿਆਂ ਹੋਇਆਂ ਅਸੀਂ ਦੇਖਿਆ ਕਿੰਨੇ ਜਣੇ ਆਪੋ ਆਪਣੀਆ ਟਰਾਲੀਆਂ ਟੈਂਟਾਂ  ਵਿੱਚ ਸਬਜ਼ੀਆਂ ਘੱਟ ਰਹੇ ਸਨ। ਕਈ ਵਾਰ ਦੂਰੋਂ ਲੱਗਦੇ ਜਿਵੇਂ ਤਾਸ਼ ਖੇਡ ਰਹੇ ਹੋਣਪਰ ਨੇੜਿਓਂ  ਪਤਾ ਲੱਗਦਾ ਕਿਸੇ ਨਾ ਕਿਸੇ ਕੰਮ ਵਿਚ ਲੱਗੇ ਹੋਏ ਸਨ। ਇਸ ਤਰ੍ਹਾਂ ਸੜਕ ਤੇ ਆਪਣੀ ਜ਼ਿੰਦਗੀ ਜਿਊਣੀ ਸੌਖੀ ਨਹੀਂ ਅਤੇ ਕਿੰਨੇ ਮਹੀਨਿਆਂ ਤੋਂ ਉਹ ਇਹੋ ਕਰ ਰਹੇ ਹਨ। 

ਮੇਰੇ ਵਾਸਤੇ ਸਾਡੇ ਸਾਹਮਣੇ ਅਣਕਿਆਸਿਆ ਘਟ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਜੋ ਕੁਝ ਇਥੇ ਇਨ੍ਹਾਂ ਮੁੰਡਿਆਂ ਨੇ ਸਿੱਖਿਆ, ਉਹ ਵਾਪਿਸ ਪਿੰਡ ਵੀ ਲੈ ਕੇ ਜਾਣ ਗੇ, ਆਪਣੀਆਂ ਮਾਵਾਂ, ਭੈਣਾਂ, ਵਹੁਟੀਆਂ ਨਾਲ਼ ਇਸੇ ਤਰ੍ਹਾਂ ਪੇਸ਼ ਆਉਣਗੇ ਅਤੇ ਅਤੇ ਇਸੇ ਤਰ੍ਹਾਂ ਖੁਵਾਉਣ ਪਿਆਉਣ ਗੇ। ਪਰ ਅੰਦੋਲਨ ਨੇ ਜਿਸ ਤਰ੍ਹਾਂ ਸਾਨੂੰ ਭਲੇ ਪਾਸੇ ਵੱਲ ਬਦਲਿਆ ਹੈ, ਆਸ ਔਰਤ ਮਰਦ ਦੀ ਬਰਾਬਰੀ ਵਾਲੇ ਇਕ ਚੰਗੇ ਸਮਾਜ ਦੀ ਹੀ ਬੱਝਦੀ ਹੈ।

en_GBEnglish

Discover more from Trolley Times

Subscribe now to keep reading and get access to the full archive.

Continue reading