ਗੁਰਿੰਦਰ ਆਜ਼ਾਦ, ਐਡੀਟਰ, ਰਾਉਂਡ ਟੇਬਲ ਇੰਡੀਆ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮਦਿਹਾੜਾ ਭਾਰਤੀ ਖਿੱਤੇ ਤੋਂ ਲੈਕੇ ਸੰਸਾਰ ਪੱਧਰ ਤੇ ਮਨਾਉਣ ਲਈ ਜਿਸ ਤਰੀਕੇ ਨਾਲ਼ ਲੋਕ ਅੱਗੇ ਆ ਰਹੇ ਨੇ, ਉਹ ਬਾਬਾ ਸਾਹਿਬ ਦੇ ਖ਼ਾਸੇ ਦੇ ਪਸਾਰੇ ਦਾ ਸਬੂਤ ਹੈ। ਇਸ ਗੱਲ ਦੀ ਛਾਂ ਹੇਠ ਉਹਨਾਂ ਲੋਕਾਂ ਦਾ ਵੱਡਾ ਯੋਗਦਾਨ ਹੈ ਜਿਹਨਾਂ ਨੂੰ ਸਦੀਆਂ ਤੋਂ ਹੀ ਇਹ ਫ਼ਰਮਾਨ ਦਿੱਤਾ ਜਾਂਦਾ ਰਿਹਾ ਹੈ ਕਿ ਉਹ ਹਾਸ਼ੀਏ ਦੀ ਜ਼ਿੰਦਗੀ ਨੂੰ ਆਪਣਾ ਮੁਕੱਦਰ ਸਮਝ ਕੇ ਜਿਉਣ ਅਤੇ ਮਨੁਸਮ੍ਰਿਤੀ ਵਾਲੇ ਗਾਡੀਰਾਹ ਤੇ ਭਾਣਾ ਮੰਨ ਕੇ ਟੁਰੇ ਜਾਣ। ਪਰ ਇਹਨਾਂ ਲਿਤਾੜਿਆਂ ਨੇ ਆਪਣੇ ਰਹਿਬਰਾਂ ਦਾ ਦੱਸਿਆ ਹੋਇਆ ਸੰਘਰਸ਼ ਕਰਨ ਦਾ ਰਾਹ ਚੁਣਿਆ। ਅੱਜ ਬਾਬਾ ਸਾਹਿਬ ਦਾ ਨਾਮ ਇਸ ਸ਼ਿੱਦਤ ਦੇ ਨਾਲ਼ ਲਿਆ ਜਾਂਦਾ ਹੈ ਤਾਂ ਉਸਦੇ ਪਿਛੇ ਲੋਕਾਂ ਦੇ ਅਣਥੱਕ ਯਤਨ ਹਨ। ਲੋਕਾਂ ਨੇ ਤੰਗੀਆਂ–ਤੁਰਸ਼ੀਆਂ ਝੱਲ ਕੇ ਪੈਸੇ ਧੇਲਾ ਜੋੜਿਆ ਅਤੇ ਬਾਬਾ ਸਾਹਿਬ ਦੀਆਂ ਕਿਤਾਬਚੀਆਂ ਆਪਣੀ ਜ਼ੁਬਾਨ ਵਿਚ ਤਰਜਮਾ ਕਰਕੇ ਛਪਵਾਈਆਂ, ਜਿਹਨਾਂ ਦੀ ਕੀਮਤ 20-25 ਪੈਸੇ ਹੁੰਦੀ ਸੀ। ਇਸ ਪੈਸੇ ਨਾਲ਼ ਘਰ ਚ ਮੁੱਕੇ ਲੂਣ ਦੀ ਥੈਲੀ ਆ ਜਾਂਦੀ ਪਰ ਇਹ ਲਿਤਾੜੇ ਹੋਏ ਲੋਕਾਂ ਦਾ ਸਿਰੜ ਸੀ ਕਿ ਉਹਨਾਂ ਨੇ ਬਾਬਾ ਸਾਹਿਬ ਨੂੰ ਵੱਡਾ ਫ਼ਲਕ ਦਵਾਇਆ ਜਿਸਦੇ ਕਿ ਉਹ ਹਕ਼ਦਾਰ ਵੀ ਹਨ। ਭਾਰਤੀ ਖਿੱਤੇ ਦੇ ਉੱਤਰੀ ਰਾਜਾਂ ਵਿਚ ਬਾਬਾ ਸਾਹਿਬ ਨੂੰ ਲੋਕਾਂ ਦੇ ਘਰੀਂ ਪੁਚਾਉਣ ਵਾਲੇ ਕਾਂਸ਼ੀ ਰਾਮ ਜੀ ਸਨ।
ਐਤਕੀਂ, ਦਿੱਲੀ ਦੀ ਸਰਹਦ ਤੇ ਪਿਛਲੇ ਪੰਜ ਮਹੀਨਿਆਂ ਤੋਂ ਜਰਵਾਣੀ ਸਰਕਾਰ ਨਾਲ਼ ਮੱਥਾ ਲਾਉਣ ਵਾਲੇ ਕਿਸਾਨਾਂ ਨੇ ਬਾਬਾ ਸਾਹਿਬ ਨੂੰ ਉਹਨਾਂ ਦੇ 130ਵਾਂ ਜਨਮਦਿਹਾੜੇ ਤੇ ਡੂੰਘਿਆਂ ਯਾਦ ਕੀਤਾ ਹੈ। ਇਹ ਬੜੀ ਮੁਬਾਰਕ ਗੱਲ ਹੈ। ਅੱਜ ਜਦੋਂ ਕਿ ਮੁਲਕ ਤਾਨਾਸ਼ਾਹ ਸਰਕਾਰ ਦੇ ਸ਼ਿਕੰਜੇ ਚ ਜਕੜਿਆ ਹੋਇਆ ਹੈ ਜਿਸਨੂੰ ਕਿ ਇਸ ਗੱਲ ਦਾ ਵੀ ਹੁਣ ਕੋਈ ਲਿਹਾਜ ਨਹੀਂ ਰਹਿ ਗਿਆ ਕਿ ਉਹ ਸੰਸਾਰ ਦੇ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਦਾ ਲਿਹਾਜ ਕਰਕੇ ਕੋਈ ਓਹਲਾ ਕਰ ਕੇ ਤੁਰੇ ਤਾਂ ਜੋ ਹੋਰਨਾਂ ਮੁਲਕਾਂ ਦੇ ਲੋਕ ਮਤੇ ਭਰਮ ਹੀ ਨਾ ਪਾਲ ਬੈਠਣ ਪਈ ਇਥੇ ਲੋਕਤੰਤਰ ਹੈ, ਅਜਿਹੇ ਔਖੇ ਵੇਲੇ ਬਾਬਾ ਸਾਹਿਬ ਦੇ ਬ੍ਰਾਹਮਣਵਾਦ ਖਿਲਾਫ਼ ਘੋਲ ਤੋਂ ਸਾਨੂੰ ਮੁੜ ਰੌਸ਼ਨੀ ਲੈਣ ਦੀ ਲੋੜ ਹੈ। ਨਾਲ਼ ਹੀ ਇਹ ਅਹਿਸਾਸ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਅਸਾਡੇ ਮਹਾਪੁਰਖਾਂ ਦੇ ਸੰਘਰਸ਼ਾਂ ਨੂੰ ਚੇਤੰਨ ਤੌਰ ਤੇ ਵਾਚਿਆ ਹੈ ਵੀ ਜਾਂ ਨਹੀਂ? ਜਾਂ ਅਸੀਂ ਕਿਧਰੇ ਤਿਥਾਂ ਮਨਾਉਣ ਤਕ ਤਾਂ ਨਹੀਂ ਰਹਿ ਗਏ?
ਬਹੁਜਨ ਅੰਦੋਲਨ ਵਿਚ ਇਹ ਗੱਲ ਆਮ ਸੁਣੀ ਜਾਂਦੀ ਹੈ ਕਿ ਜੇ ਬਾਬਾ ਸਾਹਿਬ ਅੱਜ ਹੁੰਦੇ ਤਾਂ ਦੇਸ਼ਦ੍ਰੋਹ ਦੇ ਮੁੱਕਦਮੇ ਝੱਲ ਰਹੇ ਹੁੰਦੇ ਅਤੇ ਇਸ ਇਨਸਾਫ ਦੇਣ ਵਾਲੀਆਂ ਅਦਾਲਤਾਂ ਨੇ ਉਹਨਾਂ ਨੂੰ ਕਦੀ ਜਮਾਨਤ ਵੀ ਨਹੀਂ ਸੀ ਦੇਣੀ। ਅਜਿਹੇ ਮੌਕੇ ਪੜਚੋਲ ਕਰਨ ਦੀ ਲੋੜ ਹੈ ਕਿ ਅੱਜ ਇਹ ਧਰਤ ਅੰਦੋਲਨ ਕਰਨ ਦੀ ਜ਼ਮੀਨ ਵੀ ਗੁਆ ਬੈਠੀ ਹੈ। ਅਖੀਰ ਕੀ ਗੱਲ ਵਾਪਰ ਗਈ ਹੈ?
ਬਾਬਾ ਸਾਹਿਬ ਨੇ ਅੰਗਰੇਜ਼ੀ ਹੁਕੂਮਤ ਹੇਠਲੇ ਭਾਰਤ ਵਿਚ ਕਈ ਅੰਦੋਲਨ ਵਿੱਢੇ ਅਤੇ ਲਤਾੜਿਆਂ ਕਈ ਹਕ਼ ਨੂੰ ਲੈਕੇ ਵੀ ਦਿੱਤੇ ਹਨ। ਜ਼ਰਾ ਸੋਚ ਕੇ ਵੇਖੋ ਟੇਢ ਕਿਥੇ ਪੈ ਗਈ ਆਖ਼ਰ? ਓਹੀਓ ਬਾਬਾ ਸਾਹਿਬ ਜਿਹੜੇ ਅੰਗਰੇਜ਼ੀ ਹੁਕੂਮਤ ਚ ਕੰਮ ਕਰਦੇ ਹੋਏ 1942 ਤੋਂ 1946 ਤਕ ਕਈ ਸਹੂਲਤਾਂ ਖ਼ਾਸਤੌਰ ਤੇ ਕਾਮਿਆਂ ਤੇ ਔਰਤਾਂ ਲਈ ਲੈਕੇ ਆਏ, ਕੰਮ ਦੇ ਘੰਟੇ 8 ਕਰਵਾਏ, ਐਤਵਾਰ ਦੀ ਛੁੱਟੀ ਦਵਾਈ, ਔਰਤਾਂ ਲਈ ਖਾਸ ਕਾਨੂੰਨ ਪਾਸ ਕਰਵਾਏ, ਆਖ਼ਰ ਉਹਨਾਂ ਨੂੰ ਨਹਿਰੂ ਦੀ ਵਜਾਰਤ ਵਿਚ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਕਿਸ ਗੱਲੋਂ ਅਸਤੀਫਾ ਦੇਣਾ ਪੈ ਗਿਆ। ਆਖ਼ਰ ਕੀ ਆਫ਼ਤ ਆ ਗਈ ਸੀ ਕਿ ਹਿੰਦੂ ਕੋਡ ਬਿੱਲ ‘ਤੇ ਐਡਾ ਵਿਰੋਧ ਝੱਲਣਾ ਪੈ ਗਿਆ? ਆਖ਼ਰ ਕਿਸ ਗੱਲੋਂ ਓਹੀ ਔਰਤਾਂ ਇੰਡੀਆ ਗੇਟ ਤੇ ਬਾਬਾ ਸਾਹਿਬ ਦਾ ਵਿਰੋਧ ਕਰਨ ਲੱਗ ਪਈਆਂ, ਜਿਹਨਾਂ ਨੂੰ ਬਾਬਾ ਸਾਹਿਬ ਹਕ਼ ਲੈਕੇ ਦੇਣਾ ਚਾਹੁੰਦੇ ਸਨ? ਇਸ ਦੇ ਪਿਛੇ ਇਕੋ ਗੱਲ ਹੈ। ਉਹ ਇਹ ਕਿ ਭਾਰਤ ਦੀ ਸਭ ਤੋਂ ਗੰਭੀਰ ਸਮੱਸਿਆ ਜਾਤ ਦੀ ਵੰਡ ਹੈ। ਇਥੇ ਸਿਰਫ਼ ਅਮੀਰ ਗਰੀਬ ਦਾ ਮਸਲਾ ਨਹੀਂ ਹੈ।
1951 ‘ਚ ਬਾਬਾ ਸਾਹਿਬ ਨੂੰ ਅਸਤੀਫਾ ਦੇਣਾ ਪੈ ਗਿਆ ਅਤੇ ਅੱਜ ਲੋਕ ਮਹਿਸੂਸ ਕਰ ਰਹੇ ਹਨ ਕਿ ਜੇ ਬਾਬਾ ਸਾਹਿਬ ਓਹੀਓ ਗੱਲਾਂ ਜਿਹੜੀਆਂ ਓਹਨਾਂ ਨੇ ਅੰਗਰੇਜ਼ਾਂ ਦੇ ਸਮੇਂ ਕਹੀਆਂ/ਲਿਖੀਆਂ ਸਨ, ਅੱਜ ਲਿਖਦੇ ਤਾਂ ਦੇਸ਼ਧ੍ਰੋਹ ਦੇ ਮੁਕੱਦਮੇ ਉਹਨਾਂ ਦੀ ਝੋਲੀ ਚ ਪੈਂਦੇ।
ਤਸੱਵਰ ਕਰੋ ਕਿ ਬਾਬਾ ਸਾਹਿਬ ਜੇਕਰ ਅੱਜ ਮਨੁਸਮ੍ਰਿਤੀ ਨੂੰ ਫੂਕ ਰਹੇ ਹੁੰਦੇ ਤਾਂ ਕੀ ਹੋਣਾ ਸੀ? ਜੋ ਬਾਬਾ ਸਾਹਿਬ ਨੇ 25 ਦਿਸੰਬਰ 1927 ਨੂੰ ਮਹਾੜ ਵਿਚ ਕੀਤਾ ਅਤੇ ਪਾਣੀ ਲਈ ਅੰਦੋਲਨ ਕੀਤਾ, ਉਹ ਅੱਜ ਇਥੋਂ ਦੇ ਹੀ ਬ੍ਰਾਹਮਣਵਾਦੀ ਤਾਕਤਾਂ ਹੇਠਲੇ ਭਾਰਤ ਵਿਚ ਸੰਭਵ ਹੈ? ਉਸ ਵੇਲੇ ਵੀ ਵਿਰੋਧ ਕਰਨ ਵਾਲੇ ਬ੍ਰਾਹਮਣਵਾਦੀ ਲੋਕ ਸਨ। ਉਹਨਾਂ ਨੇ ਅੰਦੋਲਨ ਚ ਭਾਗ ਲੈਣ ਆਏ ਲੋਕਾਂ ਦੀ ਕੁੱਟਮਾਰ ਕੀਤੀ ਸੀ। ਅੱਜ ਕੋਈ ‘ਰਿੱਡਲਸ ਇਨ ਹਿੰਦੂਇਜ਼ਮ’ ਵਰਗਾ ਗਰੰਥ ਰਚੇ ਤਾਂ ਉਹ ਜੇਲੀਂ ਬੈਠਾ ਹੋਵੇਗਾ। ਭੀੜ ਵੱਲੋਂ ਮੋਬ–ਲਿੰਚਿਗ ਕਰਵਾ ਦਿੱਤੀ ਜਾ ਸਕਦੀ ਹੈ। ਝੂਠੇ ਮੁਕੱਦਮੇ ਚ ਉਲਝਾਇਆ/ਮੁਕਾਇਆ ਜਾ ਸਕਦਾ ਹੈ। ਬਾਬਾ ਸਾਹਿਬ ਦੇ ਰਚੇ ਸੰਵਿਧਾਨ ਦੀ ਸਹੁੰ ਚੁੱਕ ਕੇ ਕੰਮ ਕਰਨ ਵਾਲੇ ਲੋਕਤੰਤਰ ਦੇ ਥਮਲੇ ਅੱਜ ਕੁਫ਼ਰ ਤੋਲਣ ਦੀਆਂ ਮਸਾਲਾਂ ਖੜੀਆਂ ਕਰ ਰਹੇ ਹਨ। ਸੋ ਇਹ ਸੋਚਣ ਦਾ ਵੇਲਾ ਹੈ ਕਿ ਅਸੀਂ ਕਿਥੇ ਪੁੱਜ ਗਏ ਹਾਂ। ਕਿੱਥੇ ਆਣ ਖਲੋਤੇ ਹਾਂ। ਜੇ ਲਾਮ ‘ਤੇ ਸੀਗੇ ਵੀ ਤਾਂ ਗ਼ਲਤੀ ਕਿੱਥੇ ਹੋਈ? ਅਜਿਹਾ ਕਿੰਝ ਹੋ ਗਿਆ? ਆਪਣੇ ਲੀਡਰਾਂ ਦੇ ਸਿਰ ਤੇ ਭਾਂਡਾ ਭੰਨਣ ਤੋਂ ਪਹਿਲਾਂ ਇਨਸਾਨੀਅਤ ਪਸੰਦ ਲੋਕਾਂ ਨੂੰ ਇਤਿਹਾਸਿਕ ਘਟਨਾਵਾਂ ਚੋਂ ਬ੍ਰਾਹਮਣਵਾਦ ਦੇ ਗੁਨਾਹੀ ਕਿਰਦਾਰ ਨੂੰ ਜਾਨਣ–ਸਮਝਣ ਦੀ ਲੋੜ ਹੈ। ਉਹਨਾਂ ਪੈਂਤੜਿਆਂ ਨੂੰ ਸਮਝਣ ਦੀ ਲੋੜ ਹੈ ਜਿਸ ਦੇ ਵਹਿਣ ਚ ਅਸੀਂ ਵਗੇ ਚਲੇ ਗਏ। ਬਾਬਾ ਸਾਹਿਬ ਦੇ ਅੰਦੋਲਨ ਨੂੰ ਮੁੜ–ਸੁਰਜੀਤ ਕਰਨ ਵਾਲੇ ਸਾਹਿਬ ਕਾਂਸ਼ੀ ਰਾਮ ਕਹਿੰਦੇ ਹੁੰਦੇ ਸਨ, ‘ਜਿਹੋ ਜਿਹੇ ਲੋਕ ਆਪ ਹੁੰਦੇ ਨੇ ਓਹੀ ਜਿਹੇ ਹੀ ਉਹਨਾਂ ਨੂੰ ਨੇਤਾ ਮਿਲ ਜਾਂਦੇ ਹਨ।’
ਇਕ ਇਨਸਾਨ ਆਪਣੇ ਸਮਾਜ ਜਾਂ ਕੌਮ ਦੀ ਇਕ ਇਕਾਈ ਹੁੰਦਾ ਹੈ, ਇਸ ਕਰਕੇ ਸੁੱਤੀ ਜਾਂ ਅਵੇਸਲੀ ਕੌਮ ਵਿਚ ਗੁਲਾਮੀ ਦੇ ਕਾਰਨਾਂ ਦੀ ਜਿੰਮੇਵਾਰੀ ਵੀ ਆਪ ਮੁਹਾਰੇ ਵੰਡੀ ਜਾਂਦੀ ਹੈ ਅਤੇ ਸਮਾਜਿਕ ਗ਼ਲਤੀ ਦਾ ਭਾਰ ਇਕ ਇਨਸਾਨ ਕੋਲ ਪੁੱਜਦੇ ਪੁੱਜਦੇ ਹੌਲਾ ਹੋ ਜਾਂਦਾ ਹੈ। ਉਸਦਾ ਬੋਝ ਇਨਸਾਨ ਨੂੰ ਟੁੰਬਦਾ ਨਹੀਂ। ਉਹ ਆਪਣੇ ਹਿੱਸੇ ਦਾ ਪਛਤਾਵਾ ਬਹੁਤੀ ਵਾਰੀ ਕੱਲੇ ਲੀਡਰਾਂ ਦੇ ਸਿਰ ਹੀ ਭੱਥਾ ਸੁੱਟ ਕੇ ਖੁਦ ਨੂੰ ਨਿਰਦੋਸ਼ ਸਮਝ ਲੈਂਦਾ ਹੈ। ਇਸ ਤਰਾਂ ਦੇ ਵਰਤਾਰੇ ਵਾਲੇ ਸਮਾਜ ਅਖੀਰ ਨੂੰ ਆਪਣੀ ਐਸੀ ਹੋਣੀ ਨੂੰ ਪ੍ਰਾਪਤ ਹੁੰਦੇ ਨੇ ਜਿਸ ਵਿਚ ਅਸੀਂ ਫਸੇ ਹੋਏ ਹਾਂ ਅਤੇ ਉਹ ਅਜੋਕੇ ਸਮੇਂ ਦੇ ਇਮਾਨਦਾਰ ਸਮਾਜਿਕ ਕਾਮਿਆਂ ਨੂੰ ਵੀ ਗੁਆ ਬੈਠਦੇ ਹਨ। ਕਈ ਵਾਰੀ ਸਮਾਜ ਜਾਂ ਕੌਮ ਵਿਚ ਚੇਤਨਤਾ ਤਾਂ ਹੁੰਦੀ ਹੈ ਪਰ ਉਹ ਸਮੇਂ ਦੇ ਹਾਣ ਦੀ ਨਹੀਂ ਹੁੰਦੀ ਅਤੇ ਦੁਸ਼ਮਣ ਧਿਰ ਦੀਆਂ ਗੁਝੀਆਂ ਸਾਜਿਸ਼ਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੀ ਤੇ ਜਦੋਂ ਤਕ ਉਹ ਇਕ ਤਾਜ਼ੀ ਮਿਲੀ ਹਾਰ ਨੂੰ ਸਮਝਣ ਲਾਇਕ ਹੁੰਦੇ ਨੇ ਦੁਸ਼ਮਣ ਦੀ ਧਿਰ ਹੋਰ ਅਗਾਂਹ ਲੰਘ ਚੁੱਕੀ ਹੁੰਦੀ ਹੈ ਤੇ ਨਵੇਂ ਪੈਂਤੜਿਆਂ ਨਾਲ਼ ਆਪਣੇ ਹਿਤਾਂ ਲਈ ਕੰਮ ਕਰਦੀ ਹੈ ਅਤੇ ਵਿਰੋਧ ਦੀਆਂ ਸੰਭਾਵਨਾਵਾਂ ‘ਤੇ ਨੱਥ ਪਾਉਣ ਦੇ ਹੀਲੇ ਕਰ ਰਹੀ ਹੁੰਦੀ ਹੈ।
ਭੋਲੇ ਲੋਕ ਬਾਜ਼ਾਰਵਾਦ ਵੱਲੋਂ ਖੜੀ ਕੀਤੀ ਦੁਨੀਆਦਾਰੀ ਨੂੰ ਸੁਭਾਵਕ ਜ਼ਿੰਦਗੀ ਦਾ ਹਿੱਸਾ ਤੇ ਤਰੱਕੀ ਮੰਨ ਲੈਂਦੇ ਹਨ ਤੇ ਦੁਸ਼ਮਣ ਦੀਆਂ ਚਾਲਾਂ ਚ ਫਸਣ ਲਾਇਕ ਹੋ ਜਾਂਦੇ ਹਨ। ਖ਼ਲਕਤ ਵੇਖਣਾ ਨਹੀਂ ਚਾਹੁੰਦੀ ਕਿ ਬਾਜ਼ਾਰ ਅਖੀਰ ਕਿਸ ਦੇ ਕੰਟਰੋਲ ਚ ਹੈ। ਦੁਸ਼ਮਣ ਧਿਰਾਂ ਜਾਂ ਸਰਕਾਰਾਂ ਇਸ ਤਰਾਂ ਦੇ ਬਿਰਤਾਂਤ ਸਿਰਜਦੀਆਂ ਹਨ ਕਿ ਬਹੁਤੀ ਵਾਰੀ ਲੋਕੀਂ ਵੀ ਉਸਨੂੰ ਇਲਾਹੀ ਹੁਕਮ ਦੀ ਤਰਾਂ ਪ੍ਰਵਾਨ ਕਰ ਲੈਂਦੇ ਨੇ ਅਤੇ ਆਪਣੇ ਹੀ ਸਮਾਜ ਦੀਆਂ ਆਉਣ ਵਾਲੀਆਂ ਪੀੜੀਆਂ ਦੇ ਰਾਹੀਂ ਕੰਡੇ ਬੀਜ ਦਿੰਦੇ ਨੇ।
ਬਾਬਾ ਸਾਹਿਬ ਅਤੇ ਹੋਰ ਵੀ ਜੁਝਾਰੂ ਯੋਧੇ ਜਾਤ–ਪ੍ਰਣਾਲੀ ਨੂੰ ਚੁਣੌਤੀਆਂ ਦਿੰਦੇ ਹੋਏ ਦੁਸ਼ਮਣ ਨਾਲ਼ ਤਰਕ ਕਰਦੇ ਆਏ ਹਨ। ਹੁਣ ਗੱਲ ਤਰਕ ਤੋਂ ਵੀ ਅੱਗੇ ਚਲੀ ਗਈ ਹੈ। ਸਰਕਾਰਾਂ ਤਰਕ ਸੁਨਣ ਅਤੇ ਸੁਆਲ ਜੁਆਬ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਇਤਿਹਾਸ ਚ ਬੜੇ ਦਿਲਚਸਪ ਤੇ ਚਾਨਣਾ ਕਰਨ ਵਾਲੇ ਤੱਥ ਪਏ ਹਨ। ਪੰਜਾਬ ਦੇ ਲੋਕ ਉਹਨਾਂ ਨੂੰ ਜਾਨਣ ਸਮਝਣ ਲਈ ਤੁਰ ਪਏ ਹਨ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ‘ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਉਹ ਇਤਿਹਾਸ ਨਹੀਂ ਬਣਾ ਸਕਦੀ।’ ਸਾਡੇ ਇਤਿਹਾਸ ਵਿਚ ਬਿਪਰਵਾਦੀਆਂ ਨੇ ਬ੍ਰਾਹਮਣਵਾਦੀ ਕੂੜ ਘੋਲ ਦਿੱਤਾ ਹੈ ਅਤੇ ਸੱਚ ਦਾ ਨਿਤਾਰੇ ਦਾ ਕੰਮ ਸਾਡੇ ਹੀ ਸਿਰਾਂ ‘ਤੇ ਹੈ।